- ਘੋੜਸਵਾਰੀ, ਰੋਇੰਗ ਤੇ ਟੇਬਲ ਟੈਨਿਸ ਚ ਮਿਲ਼ੀਆਂ ਹਾਰਾਂ
ਪੈਰਿਸ ਓਲੰਪਿਕ ਖੇਡਾਂ ਵਿੱਚ ਅੱਜ ਨਿਸ਼ਾਨੇਬਾਜ਼ੀ ਦੇ ਪੁਰਸ਼ਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਭਾਰਤ ਦੇ ਸਵਪਿਨਲ ਕੁਸਾਲੇ ਨੇ 590 ਸਕੋਰ ਨਾਲ ਸੱਤਵਾਂ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ।ਉਹ ਹੁਣ ਕੱਲ੍ਹ 1 ਅਗਸਤ ਨੂੰ ਦੁਪਹਿਰ 1 ਵਜੇ ਫ਼ਾਈਨਲ ਹੋਵੇਗਾ। ਇਸੇ ਈਵੈਂਟ ਵਿੱਚ ਭਾਰਤ ਦਾ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ 589 ਸਕੋਰ ਨਾਲ 11ਵੇਂ ਸਥਾਨ ਉੱਤੇ ਰਹਿਣ ਕਰਕੇ ਫ਼ਾਈਨਲ ਵਿੱਚ ਪੁੱਜਣ ਤੋਂ ਖੁੰਝ ਗਿਆ।
ਨਿਸ਼ਾਨੇਬਾਜ਼ੀ ਦੇ ਮਹਿਲਾ ਟਰੈਪ ਮੁਕਾਬਲੇ ਵਿੱਚ ਭਾਰਤ ਦੀ ਰਾਜੇਸ਼ਵਰੀ ਕੁਮਾਰੀ ਤੇ ਸ਼੍ਰੇਅਸ਼ੀ ਸਿੰਘ 113-113 ਸਕੋਰ ਨਾਲ ਕ੍ਰਮਵਾਰ 22ਵੇਂ ਤੇ 23ਵੇਂ ਨੰਬਰ ਉੱਤੇ ਰਹਿਣ ਕਾਰਨ ਫ਼ਾਈਨਲ ਲਈ ਕੁਆਲੀਫਾਈ ਨਹੀਂ ਹੋ ਸਕੀਆਂ। ਪੁਰਸ਼ ਟਰੈਪ ਵਿੱਚ ਪ੍ਰਿਥਵੀਰਾਜ ਵੀ 118 ਸਕੋਰ ਨਾਲ 21ਵੇਂ ਸਥਾਨ ਉੱਤੇ ਰਹਿਣ ਕਾਰਨ ਫ਼ਾਈਨਲ ਲਈ ਕੁਆਲੀਫਾਈ ਨਹੀਂ ਹੋ ਸਕਿਆ।
ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਵਿੱਚ ਲਕਸ਼ੇ ਸੇਨ ਨੇ ਵਿਸ਼ਵ ਦੇ ਤਿੰਨ ਰੈਂਕ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਦੋ ਸਿੱਧੀਆਂ ਗੇਮਾਂ ਵਿੱਚ 21-18 ਤੇ 21-12 ਨਾਲ ਹਰਾ ਕੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ। ਲਕਸ਼ੇ ਪਹਿਲੀ ਗੇਮ ਵਿੱਚ ਇੱਕ ਮੌਕੇ 0-6 ਨਾਲ ਪਛੜ ਰਿਹਾ, ਫੇਰ ਜ਼ਬਰਦਸਤ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ।
ਮਹਿਲਾ ਸਿੰਗਲਜ਼ ਵਿੱਚ ਗਰੁੱਪ ਐਮ ਵਿੱਚ ਭਾਰਤ ਦੀ ਪੀਵੀ ਸਿੰਧੂ ਨੇ ਇਸਟੋਨੀਆ ਦੀ ਕ੍ਰਿਸਟਿਨ ਕੁਬਾ ਨੂੰ ਦੋ ਆਸਾਨ ਸਿੱਧੀਆਂ ਗੇਮਾਂ ਵਿੱਚ 21-5 ਤੇ 21-10 ਦੇ ਇਕਪਾਸੜ ਮੁਕਾਬਲੇ ਵਿੱਚ ਹਰਾ ਕੇ ਪੂਲ ਵਿੱਚ ਸਿਖਰਲਾ ਸਥਾਨ ਹਾਸਲ ਕਰਕੇ ਰਾਊਂਡ 16 ਵਿੱਚ ਪੁੱਜੀ ਜਿੱਥੇ ਉਹ 1 ਅਗਸਤ ਨੂੰ ਚੀਨ ਦੀ ਬਿੰਗਜਿਓ ਨਾਲ ਖੇਡੇਗੀ।
ਮਹਿਲਾ ਮੁੱਕੇਬਾਜ਼ੀ ਵਿੱਚ ਟੋਕੀਓ ਓਲੰਪਿਕਸ ਮੈਡਲਿਸਟ ਮੁੱਕੇਬਾਜ਼ ਲਵਲੀਨਾ ਬੋਰਗੇਨ ਨੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਨਾਰਵੇ ਦੀ ਸੁਨੀਵਾ ਹੋਟਸਟਡ ਨੂੰ ਹਰਾ ਕੇ ਪੈਰਿਸ ਓਲੰਪਿਕ ਖੇਡਾਂ ਦੇ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ ਜਿੱਥੇ ਉਹ 4 ਅਗਸਤ ਨੂੰ ਸਾਬਕਾ ਵਿਸ਼ਵ ਚੈਂਪੀਅਨ ਅਤੇ ਟੋਕੀਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਲੀ ਕਿਆਨ ਨਾਲ ਖੇਡੇਗੀ। ਉਹ ਮੈਡਲ ਤੋਂ ਇਕ ਜਿੱਤ ਦੂਰ ਹੈ।
ਮਹਿਲਾ ਤੀਰਅੰਦਾਜ਼ੀ ਦੇ ਵਿਅਕਤੀਗਤ ਵਰਗ ਵਿੱਚ ਭਾਰਤ ਦੀ ਦੀਪਿਕਾ ਕੁਮਾਰੀ ਨੇ ਰਾਊਂਡ 32 ਵਿੱਚ ਹਾਲੈਂਡ ਦੀ ਕਿਊਂਟੀ ਰੋਫੀਨ ਨੂੰ 6-2 ਨਾਲ ਹਰਾ ਕੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ।
ਰੋਇੰਗ ਵਿੱਚ ਭਾਰਤ ਦੇ ਬਲਰਾਜ ਪਨਵਾੜ ਨੇ ਪੁਰਸ਼ ਸਿੰਗਲਜ਼ ਸਕੱਲਜ਼ ਵਿੱਚ 7.04.97 ਦਾ ਸਮਾਂ ਕੱਢ ਕੇ ਛੇਵਾਂ ਸਥਾਨ ਹਾਸਲ ਕੀਤਾ ਅਤੇ ਹੁਣ ਉਹ ਮੈਡਲ ਦੌੜ ਵਿੱਚੋਂ ਬਾਹਰ ਹੈ ਪਰ ਕਲਾਸੀਫਿਕੇਸ਼ਨ ਲਈ ਮੈਡਲ ਰਹਿਤ ਫ਼ਾਈਨਲ ਖੇਡੇਗਾ।
ਘੋੜਸਵਾਰੀ ਵਿੱਚ ਡਰੈਸਜਜ਼ ਵਿੱਚ ਭਾਰਤ ਦਾ ਅਨੁਸ਼ ਅਗਰਵਾਲਾ ਵਿਅਕਤੀਗਤ ਗਰੈਂਡ ਪ੍ਰੀਕਸ ਵਿੱਚ 66.444 ਸਕੋਰ ਨਾਲ ਨੌਵੇਂ ਸਥਾਨ ਉੱਤੇ ਰਿਹਾ ਅਤੇ ਅਗਲੇ ਰਾਊਂਡ ਵਿੱਚ ਨਾ ਪਹੁੰਚ ਸਕਿਆ।
ਟੇਬਲ ਟੈਨਿਸ ਵਿੱਚ ਮਨਿਕਾ ਬੱਤਰਾ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਜਪਾਨ ਦੀ ਮੀਓ ਹੀਰਾਨੋ ਤੋਂ 1-4 ਨਾਲ ਹਾਰ ਕੇ ਬਾਹਰ ਹੋ ਗਈ। ਭਾਰਤ ਦੀ ਇਕ ਹੋਰ ਖਿਡਾਰਨ ਸਿਰੀਜਾ ਅਕੂਲਾ ਭਲਕੇ 1 ਅਗਸਤ ਨੂੰ ਆਪਣਾ ਪ੍ਰੀ ਕੁਆਰਟਰ ਫ਼ਾਈਨਲ ਮੁਕਾਬਲਾ ਖੇਡੇਗੀ।
-
ਨਵਦੀਪ ਸਿੰਘ ਗਿੱਲ ,ਖੇਡ ਮਾਹਰ, ਖੇਡ ਲੇਖਕ
hhh
111111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.