ਅਧਿਆਪਨ ਦਾ ਕਿੱਤਾ ਬੜਾ ਪਵਿਤਰ ਹੈ, ਪ੍ਰੰਤੂ ਜੇਕਰ ਅਧਿਆਪਕ ਗੁਰਮਤਿ ਦੇ ਰੰਗ ਵਿੱਚ ਰੰਗਿਆ ਹੋਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਜਿਹੜਾ ਅਧਿਆਪਕ ਮੁਲਤਾਨ ਜ਼ਿਲ੍ਹੇ ਦਾ ਜੰਮਪਲ ਤੇ ਸੋਢੀ ਵੰੰਸ਼ ਦਾ ਵਾਰਸ ਹੋਵੇ ਤਾਂ ਉਸ ਦੇ ਵਿਅਕਤਿਤਵ ਨੂੰ ਚਾਰ ਚੰਨ ਲੱਗ ਜਾਂਦੇ ਹਨ। ਵਿਦਿਆਰਥੀਆਂ ਨੂੰ ਆਪਣਾ ਸਰਮਾਇਆ ਸਮਝਦਾ ਹੋਇਆ, ਉਨ੍ਹਾਂ ਨੂੰ ਗੁਰਮਤਿ ਦੇ ਰੰਗ ਵਿੱਚ ਰੰਗਕੇ ਪੜ੍ਹਾਈ ਕਰਨ ਲਈ ਪ੍ਰੇਰਦਾ ਹੋਵੇ ਤਾਂ ਕੁਦਰਤੀ ਹੈ ਕਿ ਵਿਦਿਆਰਥੀ ਦੇਸ਼ ਤੇ ਕੌਮ ਲਈ ਮਰ ਮਿਟਣ ਵਾਲੇ ਦੇਸ਼ ਭਗਤ ਬਣਨਗੇ। ਅਜਿਹਾ ਹੀ ਇਕ ਅਧਿਆਪਕ ਗਿਆਨੀ ਸੋਢੀ ਨਿਰੰਜਨ ਸਿੰਘ ਸੀ, ਜਿਸ ਦੇ ਵਿਦਿਆਰਥੀ ਸਮਾਜ ਦੇ ਵੱਖ-ਵੱਖ ਸ਼ੋਹਬਿਆਂ ਵਿੱਚ ਆਪਣੀ ਲਿਆਕਤ ਦਾ ਪ੍ਰਗਟਾਵਾ ਕਰਦੇ ਹੋਏ, ਆਪਣੀ ਸਫਲਤਾ ਦਾ ਸਿਹਰਾ ਆਪਣੇ ਗੁਰੂ ਦੇਵ ਸੋਢੀ ਨਿਰੰਜਨ ਸਿੰਘ ਨੂੰ ਦਿੰਦੇ ਨਹੀਂ ਥੱਕਦੇ। ਉਨ੍ਹਾਂ ਦੇ ਸਵਰਗਵਾਸ ਹੋਣ ਦੇ 51 ਸਾਲ ਬੀਤ ਜਾਣ ਦੇ ਬਾਅਦ ਵੀ ਗਿਆਨੀ ਸੋਢੀ ਨਿਰੰਜਨ ਸਿੰਘ ਦੀ ਵਿਦਵਤਾ ਤੇ ਸਿਆਣਪ ਦੇ ਝੰਡੇ ਝੂਲ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀਆਂ ਦੇ ਚਹੇਤਾ ਹੋਣ ਦਾ ਸਬੂਤ ਇਥੋਂ ਮਿਲਦਾ ਹੈ ਕਿ ਪੰਜਾਬੀ ਵਿਦਵਾਨ ਲੇਖਕ ਵਰਿਆਮ ਸਿੰਘ ਸੰਧੂ ਉਨ੍ਹਾਂ ਦੀ ਕਾਬਲੀਅਤ ਦਾ ਜ਼ਿਕਰ ਕਰਦਾ ਹੋਇਆ ਭਾਵਕ ਹੋ ਜਾਂਦਾ ਹੈ। ਸਕੂਲ ਪੱਧਰ ਦੇ ਪੰਜਾਬੀ ਅਧਿਆਪਕ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਪ੍ਰੰਤੂ ਗਿਆਨੀ ਸੋਢੀ ਨਿਰੰਜਨ ਸਿੰਘ ਦਾ ਪੰਜਾਬੀ ਪੜ੍ਹਾਉਣ ਦੇ ਢੰਗ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਕਿ ਉਹ ਉਸ ਸਮੇਂ ਸ਼ਬਦ ਜੋੜ ਦਾ ਖਾਸ ਧਿਆਨ ਰੱਖਦੇ ਸਨ, ਜਦੋਂ ਕਿ ਅਜੋਕੇ ਕਾਲਜਾਂ ਅਤੇ ਯੂਨੀਵਰਸਿਟੀ ਦੇ ਕੁਝ ਵਿਦਵਾਨਾ ਨੂੰ ਖੁਦ ਵੀ ਸ਼ਬਦ ਜੋੜਾਂ ਦੀ ਸਹੀ ਜਾਣਕਾਰੀ ਨਹੀਂ ਹੈ। ਉਹ ਗੁਰਬਾਣੀ ਦੇ ਗਿਆਤਾ ਸਨ। ਬਹੁਤੀ ਗੁਰਬਾਣੀ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸੀ। ਗਿਆਨੀ ਸੋਢੀ ਨਿਰੰਜਨ ਸਿੰਘ ਸਾਹਿਤ ਪ੍ਰੇਮੀ ਸਨ, ਉਨ੍ਹਾਂ ਦੀ ਵਿਰਾਸਤ ਅਰਥਾਤ ਉਨ੍ਹਾਂ ਦੇ ਪਿਤਾ ਸੋਢੀ ਫ਼ਕੀਰ ਦਾਸ ਸਾਹਿਤ ਦੇ ਪਾਠਕ ਸਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਪੰਜਾਬੀ ਦਾ ਸਾਹਿਤ ਪੜ੍ਹਨ ਦੀ ਪ੍ਰੇਰਨਾ ਮਿਲੀ। ਗਿਆਨੀ ਨਿਰੰਜਨ ਸਿੰਘ ਅੱਖਰੀ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਸਫ਼ਲ ਜ਼ਿੰਦਗੀ ਬਸਰ ਕਰਨ ਦੇ ਗੁਰ ਦੱਸਦੇ ਸਨ। ਉਹ ਸਮਝਦੇ ਸਨ, ਅੱਖਰੀ ਪੜ੍ਹਾਈ ਨੌਕਰੀਆਂ ਪ੍ਰਾਪਤ ਕਰਨ ਲਈ ਤਾਂ ਲਾਹੇਬੰਦ ਹੁੰਦੀ ਹੈ ਪ੍ਰੰਤੂ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੁੰਦੀ ਹੈ। ਗਿਆਨੀ ਨਿਰੰਜਨ ਸਿੰਘ ਦੀ ਵੇਸ਼ਭੂਸ਼ਾ ਇਕ ਫ਼ਕੀਰ ਯੋਗੀ ਦੀ ਹੋਣ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਅਤਿਤਵ ਵਿੱਚੋਂ ਅਲਾਹੀ ਅਧਿਆਤਮਿਕ ਵਿਦਵਤਾ ਦਾ ਖ਼ਜਾਨਾ ਵਿਖਾਈ ਦਿੰਦਾ ਸੀ। ਦੁੱਧ ਵਰਗਾ ਚਿੱਟਾ ਪਹਿਰਾਵਾ ਅਤੇ ਜੋਗੀਆ ਰੰਗ ਦੀ ਗੋਲਦਾਰ ਦਸਤਾਰ ਗਿਆਨੀ ਨਿਰੰਜਨ ਸਿੰਘ ਦੇ ਇੱਕ ਧਾਰਮਿਕ ਬੁੱਧੀਮਾਨ ਵਿਅਤਿਤਵ ਦਾ ਪ੍ਰਗਟਾਵਾ ਕਰਦੀ ਸੀ। ਪੜ੍ਹਾਈ ਕਰਨ ਲਈ ਲਗਾਤਾਰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਹੋਏ, ਉਹ ਅਜਿਹੀਆਂ ਉਦਾਹਰਨਾ ਦਿੰਦੇ ਸਨ, ਜਿਹੜੀਆਂ ਵਿਦਿਆਰਥੀਆਂ ਦੇ ਦਿਲ ਅਤੇ ਦਿਮਾਗ਼ ਵਿੱਚ ਬੈਠ ਜਾਂਦੀਆਂ ਸਨ। ਉਨ੍ਹਾਂ ਦੀਆਂ ਉਦਾਹਰਨਾਂ ਦ੍ਰਿਸ਼ਟਾਂਤਿਕ ਸੀਨ ਪੈਦਾ ਕਰ ਦਿੰਦੀਆਂ ਸਨ। ਉਹ ਵਿਦਿਆਰਥੀਆਂ ਨੂੰ ਅਨੁਸ਼ਾਸਤ ਜੀਵਨ ਬਸਰ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰਵਾ ਦਿੰਦੇ ਸਨ ਕਿਉਂਕਿ ਕਿਸੇ ਖੇਤਰ ਵਿੱਚ ਸਫਲਤਾ ਲਈ ਕਿਸੇ ਕਾਇਦੇ ਕਾਨੂੰਨ ਨਾਲ ਵਿਚਰਣਾ ਜ਼ਰੂਰੀ ਹੁੰਦਾ ਹੈ। ਬੱਚੇ ਆਮ ਤੌਰ ‘ਤੇ ਕਿਸੇ ਕਿਸਮ ਦੇ ਉਪਦੇਸ਼ ਲੈਣ ਤੋਂ ਇਨਕਾਰੀ ਹੁੰਦੇ ਹਨ ਪ੍ਰੰਤੂ ਸੋਢੀ ਨਿਰੰਜਨ ਸਿੰਘ ਗੁਰਬਾਣੀ ਦੀਆਂ ਤੁਕਾਂ ਦੀਆਂ ਉਦਾਹਰਣਾ ਦੇ ਕੇ ਬੱਚਿਆਂ ਨੂੰ ਉਪਦੇਸ਼ ਦਿੰਦੇ ਸਨ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿਥ ਕੇ ਉਸ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰਨ ਦੀ ਸਲਾਹ ਦਿੰਦੇ ਸਨ। ਜਿਹੜੇ ਵਿਦਿਆਰਥੀ ਉਚਾ ਨਿਸ਼ਾਨਾ ਨਹੀਂ ਮਿਥਦੇ ਸਨ, ਉਨ੍ਹਾਂ ਨੂੰ ਵੱਡੇ ਨਿਸ਼ਾਨੇ ਨਿਸਚਤ ਕਰਨ ਦੀ ਵਿਅੰਗ ਨਾਲ ਸਲਾਹ ਦੇਣ ਸਮੇਂ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਨਾ ਹੋ ਜਾਵੇ। ਉਹ ਗੁਰਮੁੱਖ ਵਿਅਕਤੀ ਸਨ। ਉਨ੍ਹਾਂ ਦੀ ਲਿਖਾਈ ਬਹੁਤ ਖੁਸ਼ਕਤ ਸੀ। ਉਹ ਸਕੂਲ ਦੀਆਂ ਕੰਧਾਂ ‘ਤੇ ਕਲਾਤਮਿਕ ਢੰਗ ਨਾਲ ਗੁਰਬਾਣੀ ਦੀਆਂ ਤੁੱਕਾਂ ਮੋਟੇ ਚਾਰਟਾਂ ‘ਤੇ ਲਿਖਕੇ ਟੰਗ ਦਿੰਦੇ ਸਨ ਤਾਂ ਜੋ ਵਿਦਿਆਰਥੀ ਸਿੱਖੀ ਸੋਚ ਨਾਲ ਜੁੜੇ ਰਹਿਣ ਅਤੇ ਸਦਾਚਾਰ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦਿੰਦੇ ਰਹਿਣ। ਉਨ੍ਹਾਂ ਦੀ ਦੂਰ ਅੰਦੇਸ਼ੀ ਦਾ ਪਤਾ ਲਗਦਾ ਹੈ, ਜਦੋਂ ਅੱਜ ਕਲ੍ਹ ਉਸੇ ਤਰਜ ‘ਤੇ ਸਕੂਲਾਂ ਵਿੱਚ ਇਹ ਤੁਕਾਂ ਲਿਖੀਆਂ ਜਾਂਦੀਆਂ ਹਨ। ਗਿਆਨੀ ਨਿਰੰਜਨ ਸਿੰਘ ਦੀ ਸਰੀਰਕ ਸਿਖਿਆ ਦੀ ਨਸੀਅਤ ਵੀ ਕਮਾਲ ਦੀ ਹੁੰਦੀ ਸੀ। ਉਹ ਵਿਦਿਆਰਥੀਆਂ ਨੂੰ ਉਸ ਸਮੇਂ ਸਰੀਰਕ ਕਸਰਤਾਂ ਦੇ ਨਾਲ ਸੈਰ ਕਰਨ ਦੀ ਤਾਕੀਦ ਵੀ ਕਰਦੇ ਸਨ। ਉਹ ਕੁਦਰਤ ਦੇ ਕਾਦਰ ਦੇ ਪ੍ਰਸੰਸਕ ਸਨ, ਇਸ ਲਈ ਵਿਦਿਆਰਥੀਆਂ ਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਕੁਦਰਤ ਦੀਆਂ ਰਹਿਮਤਾਂ ਦਾ ਲਾਭ ਉਠਾਉਣ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ਗੁਰਬਾਣੀ ਅਤੇ ਗੁਰਮਤਿ ਦੇ ਪ੍ਰੇਮੀ ਹੋਣ ਕਰਕੇ ਦਸਾਂ ਨਹੁੰਾਂ ਦੀ ਕਿਰਤ ਕਰਨ ਨੂੰ ਸੁਭਾਗ ਸਮਝਦੇ ਸਨ। ਉਹ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਪਰਿਵਾਰਿਕ ਕੰਮ ਕਰਨ ਲਈ ਵੀ ਉਤਸ਼ਾਹਤ ਕਰਦੇ ਸਨ ਤਾਂ ਜੋ ਬੱਚਿਆਂ ਵਿੱਚ ਕਿਰਤ ਕਰਨ ਦੀ ਰੁਚੀ ਪੈਦਾ ਹੋ ਸਕੇ। ਉਹ ਇਹ ਵੀ ਸਮਝਾਉਂਦੇ ਸਨ ਕਿ ਕਿਰਤ ਕਰਨ ਵਾਲਾ ਵਿਅਕਤੀ ਕਦੀਂ ਵੀ ਅਸਫਲ ਨਹੀਂ ਹੁੰਦਾ। ਕਿਰਤ ਕਰੋ ਤੇ ਵੰਡ ਛੱਕੋ ਦੇ ਸਿਧਾਂਤ ਤੇ ਪਹਿਰਾ ਦੇਣ ਵਿੱਚ ਖ਼ੁਸ਼ੀ ਮਹਿਸੂਸ ਕਰਦੇ ਸਨ, ਜਿਸ ਕਰਕੇ ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਕਿਰਤ ਦੀ ਪ੍ਰਵਿਰਤੀ ‘ਤੇ ਪਹਿਰਾ ਦੇ ਰਹੇ ਹਨ। ਛੁੱਟੀਆਂ ਵਿੱਚ ਉਹ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਤਰਨਤਾਰਨ ਸਾਹਿਬ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਸਰ ਲੈ ਕੇ ਜਾਂਦੇ, ਓਥੇ ਦੁਰਗਿਆਨਾ ਮੰਦਰ ਅਤੇ ਜਲਿ੍ਹਆਂ ਵਾਲਾ ਬਾਗ ਜ਼ਰੂਰ ਲੈ ਕੇ ਜਾਂਦੇ ਸਨ ਤਾਂ ਜੋ ਬੱਚਿਆਂ ਵਿੱਚ ਧਾਰਮਿਕ ਸਦਭਾਵਨਾ ਤੇ ਦੇਸ਼ ਭਗਤੀ ਦੀ ਜੋਤੀ ਪ੍ਰਜਵਲਿਤ ਹੋ ਸਕੇ। ਉਹ ਸਾਰੇ ਧਰਮਾ ਦਾ ਇੱਕੋ ਜਿਹਾ ਸਤਿਕਾਰ ਕਰਦੇ ਸਨ। ਉਨ੍ਹਾਂ ਵਿੱਚ ਇੱਕ ਸੱਚੀ ਸੁੱਚੀ ਰੂਹ ਦਾ ਵਾਸਾ ਸੀ। ਉਹ ਸਮਾਜ ਦੇ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜੇ ਹੋਏ ਸਨ, ਉਹ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਸਮਾਜ ਨੂੰ ਵੀ ਪੜ੍ਹਾਉਂਦੇ ਸਨ। ਗਿਆਨੀ ਜੀ ਦੀ ਸ਼ਖ਼ਸੀਅਤ ਬਹੁ-ਰੰਗੀ ਸੀ। ਵਿਦਿਆਰਥੀਆਂ ਨੂੰ ਪਿਆਰ ਅਤੇ ਡਾਂਟ ਦੋਵੇਂ ਬਰਾਬਰ ਕਰਦੇ ਸਨ। ਉਨ੍ਹਾਂ ਦੇ ਸ਼ਬਦਾਂ ਵਿੱਚ ਗੁਰਮੁੱਖਾਂ ਵਾਲਾ ਸਹਿਜ ਤੇ ਸੁਹਜ ਅਤੇ ਖਾਸ ਮੌਕਿਆਂ ‘ਤੇ ਭਾਸ਼ਾ ਦਾ ਰੰਗ ਵੀ ਮਾਨਣ ਯੋਗ ਹੁੰਦਾ ਸੀ। ਬੱਚਿਆਂ ਨੂੰ ਝਿੜਕਦੇ ਸਮੇਂ ਅਜੀਬ ਰੰਗੀਨੀ ਅਤੇ ਹਾਸ ਵਿਅੰਗ ਹੁੰਦਾ ਸੀ। ਉਨ੍ਹਾਂ ਦਾ ਸਾਰਾ ਜੀਵਨ ਜਿਥੇ ਗੁਰਮੁਖ ਰੁਚੀਆਂ ਵਾਲਾ ਸੀ, ਓਥੇ ਨਿਰੰਤਰ ਸੰਘਰਸ਼ ਦਾ ਪ੍ਰਤੀਕ ਵੀ ਸੀ।
ਸੋਢੀ ਨਿਰੰਜਣ ਸਿੰਘ ਦਾ ਜਨਮ 11 ਨਵੰਬਰ 1904 ਈ ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਲਤਾਨ ਦੀ ਲੋਧਰਾਂ ਤਹਿਸੀਲ ਦੇ ਪਿੰਡ ਗੋਗੜਾ ਵਿੱਚ ਪਿਤਾ ਸੋਢੀ ਫ਼ਕੀਰ ਦਾਸ ਅਤੇ ਮਾਤਾ ਪ੍ਰਸਿੰਨੀ ਦੇਵੀ ਦੀ ਕੁੱਖੋਂ ਹੋਇਆ ਸੀ। ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹ ਰਿਹਾ ਸੀ, ਉਦੋਂ ਉਸ ਦੇ ਪਿਤਾ ਸਵਰਗਵਾਸ ਹੋ ਗਏ। ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ਾਂ ਨੂੰ ਪਹਿਲੇ ਸੰਸਾਰ ਯੁਧ ਲਈ ਸਿਪਾਹੀਆਂ ਦੀ ਭਰਤੀ ਦੀ ਲੋੜ ਸੀ। ਪੁਲਿਸ ਇੰਸਪੈਕਟਰ ਅਨੂਪ ਸਿੰਘ ਪਿੰਡ ਵਿੱਚ ਭਰਤੀ ਕਰਨ ਲਈ ਪੁੱਜੇ। ਮਾਤਾ ਨੇ ਵੱਡਾ ਲੜਕਾ ਅਮਰੀਕ ਸਿੰਘ ਖੇਤਾਂ ਵਿੱਚ ਲੁਕੋ ਦਿੱਤਾ ਤੇ ਕਿਹਾ ਮੇਰਾ ਤਾਂ ਇਕੋ ਛੋਟਾ ਬੇਟਾ ਹੈ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਬੇਟਾ ਪੜ੍ਹਨਾ ਚਾਹੁੰਦਾ ਹੈ। ਰਹਿਮ ਦਿਲ ਪੁਲਿਸ ਇੰਸਪੈਕਟਰ ਨਿਰੰਜਨ ਸਿੰਘ ਨੂੰ ਆਪਣੇ ਨਾਲ ਤਰਨਤਾਰਨ ਨੇੜੇ ਖੱਬੇ ਰਾਜਪੂਤਾਂ ਲੈ ਆਇਆ। ਉਸ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਨਿਰੰਜਨ ਸਿੰਘ ਨੂੰ ਤਰਨਤਾਰਨ ਗੁਰਮਤਿ ਵਿਦਿਆਲੇ ਵਿੱਚ ਦਾਖ਼ਲ ਕਰਵਾਕੇ ਪੜ੍ਹਾਇਆ। ਫਿਰ ਉਨ੍ਹਾਂ ਨੇ 1926-27 ਵਿੱਚ ਗਿਆਨੀ ਅਤੇ ਓ ਟੀ ਪਾਸ ਕਰਨ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਅਤੇ ਸਾਰਾ ਖ਼ਰਚਾ ਆਪ ਕਰਦੇ ਰਹੇ। ਓ ਟੀ ਉਨ੍ਹਾਂ ਦਿਨਾਂ ਵਿੱਚ ਅਧਿਆਪਕ ਸਿਖਿਆ ਨੂੰ ਕਿਹਾ ਜਾਂਦਾ ਸੀ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਉਨ੍ਹਾਂ ਪ੍ਰਿੰਸੀਪਲ ਮਨਮੋਹਨ ਸਿੰਘ ਐਮ.ਏ., ਪ੍ਰੋ.ਤੇਜਾ ਸਿੰਘ, ਪ੍ਰੋ.ਨਿਰੰਜਣ ਸਿੰਘ ਐਮ.ਐਸ.ਸੀ. ਅਤੇ ਬਿਸ਼ਨ ਸਿੰਘ ਵਰਗੇ ਵਿਦਵਾਨਾਂ ਤੋਂ ਸਿਖਿਆ ਹਾਸਲ ਕੀਤੀ, ਜਿਸ ਕਰਕੇ ਉਨ੍ਹਾਂ ਦੇ ਵਿਅਤਿਤਵ ਵਿੱਚ ਨਿਖ਼ਾਰ ਆਇਆ। ਸਾਂਝੇ ਪੰਜਾਬ ਦੇ ਪਹਿਲਾਂ ਗੁਜਰਾਂਵਾਲਾ ਦੇ ਕਿਸੇ ਸਕੂਲ ਵਿੱਚ ਪੜ੍ਹਾਉਂਦੇ ਰਹੇ। ਫਿਰ ਉਸ ਦੀ ਚੋਣ ਪੰਜਾਬੀ ਅਧਿਆਪਕ ਦੀ ਹੋ ਗਈ, ਪਹਿਲਾਂ ਨੌਸ਼ਹਿਰਾ ਪੰਨੂਆਂ, ਝਬਾਲ (1933), ਲੋਪੋਕੇ (1942), ਅਟਾਰੀ (1947) ਤੇ ਆਖਰੀ ਸਟੇਸ਼ਨ ਪਿੰਡ ਸੁਰ ਸਿੰਘ ਵਿਖੇ ਸੇਵਾ ਕਰਦੇ ਰਹੇ। ਉਹ 11 ਨਵੰਬਰ 1959 ਨੂੰ ਨੌਕਰੀ ਵਿੱਚੋਂ ਸੇਵਾ ਮੁਕਤ ਹੋਏ ਸਨ। ਗਿਆਨੀ ਨਿਰੰਜਨ ਸਿੰਘ ਦਾ ਵਿਆਹ 1931 ਵਿੱਚ ਬੀਬੀ ਰਾਮ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਤਿੰਨ ਧੀਆਂ ਚਰਨਜੀਤ ਕੌਰ, ਗੁਰਵੰਤਜੀਤ ਕੌਰ, ਗੁਰਦੀਪ ਕੌਰ ਅਤੇ ਚਾਰ ਪੁੱਤਰਾਂ ਸਵਰਨ ਸਿੰਘ ਸੋਢੀ ਸੇਵਾ ਮੁਕਤ ਕਾਲਜ ਪ੍ਰਿੰਸੀਪਲ, ਗੁਰਚਰਨ ਸਿੰਘ ਸੋਢੀ ਸੇਵਾ ਮੁਕਤ ਜਾਇੰਟ ਡਾਇਰੈਕਟਰ ਲੋਕ ਸੰਪਰਕ ਪੰਜਾਬ, ਕ੍ਰਿਸ਼ਨ ਕ੍ਰਿਪਾਲ ਸਿੰਘ ਸੋਢੀ, ਸੇਵਾ ਮੁਕਤ ਇੰਜਿਨੀਅਰ ਅਤੇ ਮਰਹੂਮ ਰਵਿੰਦਰਪਾਲ ਸਿੰਘ ਸੋਢੀ, ਪੁਲਸ ਇੰਸਪੈਕਟਰ ਨੇ ਜਨਮ ਲਿਆ। ਗਿਆਨੀ ਨਿਰੰਜਨ ਸਿੰਘ ਨੇ ਸਾਰੇ ਬੱਚਿਆਂ ਨੂੰ ਉਚ ਤੇ ਬਿਹਤਰੀਨ ਵਿਦਿਆ ਦਿਵਾਈ, ਜਿਸ ਕਰਕੇ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਉਚ ਅਹੁਦਿਆਂ ‘ਤੇ ਬਿਰਾਜਮਾਨ ਰਿਹਾ। ਮੁਲਤਾਨ ਵਾਲੇ ਘਰ ਦੇ ਬਦਲੇ ਮਿਲੇ ਕਲੇਮ ਨਾਲ ਉਨ੍ਹਾਂ ਨੇ ਫਿਲੌਰ ਸਰਕਾਰੀ ਬੋਲੀ ਦੇ ਕੇ ਮਕਾਨ ਖ੍ਰੀਦ ਲਿਆ ਸੀ। ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਫਿਲੌਰ ਵਿਖੇ ਹੀ ਰਹੇ।
25 ਜੂਨ 1963 ਨੂੰ ਉਹ ਸਵਰਗਵਾਸ ਹੋ ਗਏ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.