ਕਬੂਤਰੋਂ ਅੱਖਾਂ ਨਾ ਮੀਟੋ, ਸਾਮਰਾਜ ਨੇ ਸੱਪ ਛੱਡ ਦਿੱਤੇ ਹਨ
ਇਸ ਨਿਬੰਧ ਦੀ ਸ਼ੁਰੂਆਤ ਇੱਥੋਂ ਹੀ ਹੋ ਸਕਦੀ ਹੈ, ਕਬੂਤਰ ਕੌਣ ਹਨ? ਸੱਪ ਕੌਣ ਹਨ? ਭਾਰਤੀ ਸੰਸਕ੍ਰਿਤੀ, ਸੱਭਿਆਚਾਰ ਨੂੰ ਪਿਆਰ ਕਰਨ ਵਾਲੇ, ਸਾਡੀਆਂ ਸਰਕਾਰਾਂ ਦੇ ਨੀਤੀ ਘਾੜੇ, ਭਾਰਤ ਦੀ ਧਰਤੀ ਉੱਪਰ ਜਨਮੇ ਧਰਮਾਂ ਦੇ ਪੈਰੋਕਾਰ ਅਤੇ ਕਲਮਕਾਰ ਜਿਹੜੇ ਲੋਕਾਂ ਨੂੰ ਨਿਗਰ ਸੇਧ ਦੇਣ ਦੀ ਸਹਿਤੀ ਭਰਦੇ ਹਨ, ਸਾਰੇ ਭੋਲੇ-ਭਾਲੇ ਕਬੂਤਰ ਹਨ।
ਹੁਣ ਆ ਜਾਵੋ, ਸੱਪ ਕੌਣ ਹਨ ? ਜੇ ਮੈਂ ਤੁਹਾਨੂੰ ਪੁੱਛਾਂ ਤਾਂ ਤੁਸੀਂ ਦੱਸਣ ਵਿੱਚ ਅਸਮਰੱਥ ਹੋਵੋਂਗੇ, ਕਿਉਂਕਿ ਤੁਸੀਂ ਕੇਵਲ ਵਰਤਮਾਨ ਬਾਰੇ ਸੋਚਦੇ ਹੋ, ਭਵਿੱਖ ਬਾਰੇ ਸੋਚਣਾ ਤੁਹਾਡੇ ਸੁਭਾਅ ਵਿੱਚ ਹੀ ਨਹੀਂ ਹੈ, ਤੁਸੀਂ ਬਹੁਤ ਛੇਤੀ ਸਿਆਸਤ ਵਿੱਚ ਫਸ ਜਾਂਦੇ ਹੋ, ਫੇਰ ਸਿਆਸਤ ਲਈ ਲੋੜੀਂਦਾ ਮਹੌਲ ਸਿਰਜਦੇ ਹੋ। ਸਿਆਸਤ ਤੋਂ ਪ੍ਰੇਰਿਤ ਹੋ ਕੇ ਤੁਸੀਂ ਮਨੀਪੁਰ ਦਾ ਰੌਲਾ ਪਾਉਂਦੇ ਹੋ, ਪਰ ਮਨੀਪੁਰ ਦੀ ਸਮੱਸਿਆ ਦੀ ਜੜ ਬਾਰੇ ਜਾਨਣ ਦੀ ਕੋਸ਼ਿਸ਼ ਨਹੀਂ ਕਰੋਂਗੇ, ਕਿਉਂਕਿ ਇਸ ਨਾਲ਼ ਉਹ ਸਿਆਸਤ ਖ਼ਤਮ ਹੁੰਦੀ ਹੈ, ਜਿਸ ਵਿੱਚ ਤੁਸੀਂ ਫਸ ਚੁੱਕੇ ਹੋ। ਜੇ ਤੁਸੀਂ ਇੰਜ ਹੀ ਅੱਖਾਂ ਮੀਟੀ ਰੱਖੋਂਗੇ, ਤਾਂ ਪੰਜਾਬ ਨੂੰ ਮਨੀਪੁਰ ਬਣਦੇ ਨੂੰ ਕੋਈ ਨਹੀਂ ਰੋਕ ਸਕੇਗਾ। ਨਹੀਂ ਹਾਲੇ ਵੀ ਤੁਹਾਨੂੰ ਸੱਪਾਂ ਦਾ ਅਹਿਸਾਸ ਨਹੀਂ ਹੋਇਆ ਹੋਵੇਗਾ। ਜਰਾ ਮਨੀਪੁਰ ਦੇ ਮਸਲੇ ਦੀ ਘੋਖ ਪੜਤਾਲ ਕਰੋ, ਫੇਰ ਤੁਹਾਨੂੰ ਆਪਣਾ ਪੰਜਾਬ ਵੀ ਡੱਸਿਆ ਹੋਇਆ ਮਹਿਸੂਸ ਹੋਵੇਗਾ। ਉਨ੍ਹਾਂ ਸੱਪਾਂ ਤੋਂ ਡਰ ਲੱਗੇਗਾ, ਜਿਹੜੇ ਪੰਜਾਬ ਨੂੰ ਡੱਸ ਰਹੇ ਹਨ ਅਤੇ ਇੱਕ ਦਿਨ ਮਨੀਪੁਰ ਬਣਾ ਦੇਣਗੇ।
ਆਓ ਮਨੀਪੁਰ ਦੇ ਮਸਲੇ ਨੂੰ ਸਮਝੀਏ : ਇਸ ਵੇਲੇ ਮਨੀਪੁਰ ਵਿੱਚ ਮੁੱਖ ਰੂਪ ਵਿੱਚ ਤਿੰਨ ਤਰਾਂ ਦੇ ਲੋਕ ਰਹਿੰਦੇ ਹਨ। ਪਹਿਲੇ ਸਥਾਨ ਉੱਪਰ ਮੈਤਈ ਆਉਂਦੇ ਹਨ, ਜਿਹੜੇ ਕੁੱਲ ਵਸੋਂ ਦੇ 60% ਦੇ ਲਗਭਗ ਹਨ, ਇਹ ਲੋਕ ਮਨੀਪੁਰ ਦੀ ਸੰਸਕ੍ਰਿਤੀ ਨਾਲ਼ ਜੁੜੇ ਹੋਏ ਹਨ ਅਤੇ ਜਿਆਦਾਤਰ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ। ਪਰ ਇਹ ਮਨੀਪੁਰ ਦੀ ਕੁੱਲ ਭੂਮੀ ਦੇ ਕੇਵਲ 10% ਭਾਗ ਘਾਟੀ ਵਿੱਚ ਰਹਿੰਦੇ ਹਨ। ਜਿਆਦਾਤਰ ਰੋਜ਼ਗਾਰ ਦੇ ਵਸੀਲੇ ਘਾਟੀ ਵਿੱਚ ਹੀ ਹਨ। ਕੁੱਲ ਭੂਮੀ ਦੇ 90% ਭਾਗ ਪਹਾੜੀ ਖੇਤਰ ਵਿੱਚ ਕੂਕੀ ਅਤੇ ਨਾਗਾ ਲੋਕ ਰਹਿੰਦੇ ਹਨ, ਜਿਨ੍ਹਾਂ ਦੀ ਵਸੋਂ 36% ਦੇ ਲਗਭਗ ਹੈ। 90% ਤੋਂ ਵੱਧ ਕੂਕੀ ਅਤੇ ਨਾਗਾ ਇਸਾਈ ਬਣ ਚੁੱਕੇ ਹਨ ਅਤੇ ਮਨੀਪੁਰੀ ਸੰਸਕ੍ਰਿਤੀ ਤੋਂ ਕੋਹਾਂ ਦੂਰ ਹੋ ਚੁੱਕੇ ਹਨ। ਇੱਥੋਂ ਹੀ ਮਨੀਪੁਰ ਦੇ ਮਸਲੇ ਦੀ ਜੜ ਲੱਗਦੀ ਹੈ। ਅਸਲ ਵਿੱਚ ਕੁੱਕੀ ਮਾਇਨਾਮਾਰ ਦੇ ਵਾਸੀ ਹਨ, ਜਦੋਂ ਪਹਾੜਾਂ ਵਿੱਚ ਇਸਾਈ ਕੁੱਕੀ ਅਤੇ ਨਾਗਿਆਂ ਦੀ ਗਿਣਤੀ ਵਧਣ ਲੱਗੀ ਤਾਂ ਹਿੰਦੂ ਮਤਈ ਪਹਾੜਾਂ ਨੂੰ ਛੱਡ ਕੇ ਘਾਟੀ ਵਿੱਚ ਇਕੱਠੇ ਹੁੰਦੇ ਗਏ। ਕੁੱਕੀ ਅਤੇ ਨਾਗਿਆਂ ਵਿੱਚ ਸੰਸਕ੍ਰਿਤਿਕ ਅਤੇ ਧਾਰਮਿਕ ਬਦਲਾਅ ਦਾ ਨਤੀਜਾ ਸਾਡੇ ਸਾਹਮਣੇ ਮੈਤਈ ਅਤੇ ਕੂਕੀ ਕਬੀਲਿਆਂ ਵਿੱਚ ਖ਼ੂਨੀ ਟਕਰਾਅ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਅੱਜ ਸਾਡੇ ਆਪਣੇ ਪੰਜਾਬ ਵਿੱਚ ਵੀ ਇਹੋ ਖੇਡ-ਖੇਡੀ ਜਾ ਰਹੀ ਹੈ। ਇਸਾਈ ਮਿਸ਼ਨਰੀ ਵੱਡੇ ਪੈਮਾਨੇ ਵਿੱਚ ਪੱਛੜੀਆਂ ਸ਼੍ਰੇਣੀਆਂ ਦੇ ਵਿਹੜਿਆਂ ਵਿੱਚ ਘੁਸ ਚੁੱਕੇ ਹਨ। ਉਹਨਾਂ ਦੀ ਅਵਿਗਿਆਨਿਕ, ਤਾਂਤ੍ਰਿਕ ਕਾਰਜ ਸ਼ੈਲੀ ਹੀ ਉਹਨਾਂ ਨੂੰ ਸਫ਼ਲਤਾ ਦਵਾ ਰਹੀ ਹੈ।
(ੳ) ਉਹਨਾ ਦੀ ਗਤੀਵਿਧੀ ਦਾ ਕੇਂਦਰ ਪੱਛੜੀਆਂ ਸ਼੍ਰੇਣੀਆਂ ਦੇ ਵਿਹੜੇ ਵਿੱਚ ਨਵਾਂ ਬਣਿਆ ਚਰਚ ਹੁੰਦਾ ਹੈ।
(ਅ) ਉਹਨਾ ਦੀ ਮੁੱਢਲੀ ਟੇਕ ਔਰਤਾਂ ਉੱਪਰ ਹੁੰਦੀ ਹੈ।
(ੲ) ਐਤਵਾਰ ਦਾ ਦਿਨ ਹੋਣ ਕਾਰਨ ਔਰਤਾਂ ਨੂੰ ਬੱਚਿਆਂ ਦੀ ਚਿੰਤਾਂ ਨਹੀਂ ਹੁੰਦੀ, ਇਸ ਲਈ ਉਹ ਬੱਚਿਆਂ ਨੂੰ ਵੀ ਆਪਣੇ ਨਾਲ਼ ਲੈ ਜਾਂਦੀਆਂ ਹਨ।
(ਸ) ਪਾਸਟਰ, ਇੱਕ ਨਿਰਾਕਾਰ ਈਸ਼ਵਰ ਨੂੰ ਕੇਂਦਰ ਵਿੱਚ ਰੱਖ ਕੇ ਬਹੁਤ ਹੀ ਸਧਾਰਨ ਗੱਲਾਂ ਕਰਦਾ ਹੈ, ਕੋਈ ਗੁੰਝਲਦਾਰ ਧਾਰਮਿਕ ਪਰਪੰਚ ਨਹੀਂ ਹੁੰਦਾ।
(ਹ) ਔਰਤਾਂ ਦੀ ਮਾਨਸਿਕ ਕਮਜ਼ੌਰੀ ਨੂੰ ਦੇਖਦੇ ਹੋਏ, ਉਹ ਔਰਤਾਂ ਨੂੰ ਭੂਤਾਂ-ਪਰੇਤਾਂ ਦੇ ਚੱਕਰ ਚ ਫਸਾਉਂਦਾ ਹੈ। ਪਾਸਟਰ ਆਪਣੀਆਂ ਕੁਝ ਸਿੱਖਿਅਤ ਔਰਤਾਂ ਦੇ ਸਿਰ ਤੇ ਹੱਥ ਰੱਖਦਾ ਹੈ, ਉਹ ਧਰਤੀ ਤੇ ਲਿਟਨ ਲੱਗ ਜਾਂਦੀਆਂ ਹਨ, ਉਨ੍ਹਾਂ ਦੀ ਦੇਖੋ-ਦੇਖੀ ਦੂਸਰੀਆਂ ਨਵੀਂਆਂ ਔਰਤਾਂ ਵੀ ਇਸੇ ਤਰਾਂ ਕਰਦੀਆਂ ਹਨ। ਇਸ ਤਰਾਂ ਨਾਲ਼ ਔਰਤਾਂ ਉਹਨਾਂ ਦੇ ਮਤ ਪਿੱਛੇ ਪੱਕ ਜਾਂਦੀਆਂ ਹਨ।
(ਕ) ਚਰਚ ਵਿੱਚ ਦੁਪਹਿਰ ਵੇਲੇ ਲੰਚ ਅਤੇ ਸਵੀਟ ਡਿਸ਼ ਦਾ ਪ੍ਰਬੰਧ ਹੁੰਦਾ ਹੈ।
ਹੁਣ ਸੋਚਣ ਵਾਲੀ ਗੱਲ ਹੈ ਸਾਡੀਆਂ ਪੱਛੜੀਆਂ ਸ਼੍ਰੇਣੀਆਂ ਹੀ ਕਿਉਂ ਉਨ੍ਹਾਂ ਵੱਲ ਖਿੱਚੀਆਂ ਜਾਂਦੀਆਂ ਹਨ। ਇਸਦੇ ਕੁਝ ਮੋਟੇ ਕਾਰਨ ਇਹ ਹੋ ਸਕਦੇ ਹਨ:-
(ੳ) ਪੱਛੜੀਆਂ ਸ਼੍ਰੇਣੀਆਂ ਦੀ ਵੱਡੀ ਗਿਣਤੀ ਆਰਥਿਕ ਤੌਰ ਤੇ, ਧਰਤੀ ਦੇ ਟੁਕੜੇ ਤੋਂ, ਵਪਾਰ ਤੋਂ, ਸਰਕਾਰੀ ਨੌਕਰੀ ਤੋਂ ਸਦੀਆਂ ਤੋਂ ਵਾਂਝੀਆਂ ਹਨ। ਨਤੀਜਾ ਇਸ ਧਰਤੀ ਦੀ ਸੰਸਕ੍ਰਿਤੀ ਨਾਲ਼ ਉਹਨਾ ਦਾ ਅਟੁੱਟ ਰਿਸ਼ਤਾ ਨਾ ਬਣ ਸਕਿਆ।
(ਅ) ਪੱਛੜੀਆਂ ਸ਼੍ਰੇਣੀਆਂ ਵਿੱਚ ਇਸਾਈ ਬਣਨ ਦਾ ਰੁਝਾਨ ਨਾ ਕੇਵਲ ਪੰਜਾਬ ਵਿੱਚ ਸਗੋਂ ਸਾਰੇ ਭਾਰਤ ਵਿੱਚ ਚੱਲ ਰਿਹਾ ਹੈ। ਇਸਾਈ ਬਣਾਉਣ ਦਾ ਇਹ ਸਿਲਸਿਲਾ, ਬਾਹਰਲੀਆਂ ਏਜੰਸੀਆਂ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ।
(ੲ) ਇੱਕ ਨਿਰਾਕਾਰ ਈਸ਼ਵਰ ਦਾ ਵਿਚਾਰ ਝੂਠ ਤਾਂ ਹੈ ਹੀ, ਨਾਲ ਹੀ ਇਹ ਦੇਸ਼ ਦੀ ਏਕਤਾ-ਅਖੰਡਤਾ ਲਈ ਸਭ ਤੋਂ ਵੱਧ ਖ਼ਤਰਨਾਕ ਵੀ ਹੈ। ਅਸੀਂ ਅਤੀਤ ਵਿੱਚ ਦੇਖ ਚੁੱਕੇ ਹਾਂ ਮੁਸਲਿਮ ਹਮਲਾਵਰ ਨਾਲ਼ ਆਏ ਮੁਸਲਿਮ ਸੰਤਾਂ ਨੇ ਇੱਕ ਨਿਰਾਕਾਰ ਈਸ਼ਵਰ ਦੇ ਵਿਚਾਰ ਨੂੰ ਲੈ ਕੇ ਭਾਰਤ ਵਿੱਚ ਵੱਡੇ ਪੱਧਰ ਤੇ ਪੱਛੜੀਆਂ ਸ਼੍ਰੇਣੀਆਂ ਦੀ ਧਰਮ ਤਬਦੀਲੀ ਕੀਤੀ, ਜਿਸ ਕਾਰਨ ਭਾਰਤ ਦੇਸ਼ ਨੂੰ ਆਪਣੇ ਅਨੇਕਾਂ ਟੋਟੇ ਸਹਿਣੇ ਪਏ।
ਜਦੋਂ ਕਿ ਭਾਰਤੀ ਸੰਸਕ੍ਰਿਤੀ ਅਤੇ ਪੂਜਾ ਪੱਦਤੀ ਵਿੱਚ ਨਿਰਾਕਾਰ ਈਸ਼ਵਰ ਲਈ ਕੋਈ ਥਾਂ ਨਹੀਂ ਹੈ, ਇੱਥੇ ਕੇਵਲ ਪ੍ਰਕ੍ਰਿਤੀ ਦੇ ਤੱਤਾਂ ਜਾਂ ਭਾਰਤ ਵਿੱਚ ਹੋਏ ਮਹਾਨ ਪੁਰਸ਼ਾਂ ਅਤੇ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਹੈ। ਸੰਸਕ੍ਰਿਤ ਭਾਸ਼ਾ ਦੀ ਜਟਿਲਤਾ ਦੇ ਕਾਰਨ ਭਾਰਤੀ ਸੰਸਕ੍ਰਿਤੀ ਅਤੇ ਫਿਲਾਸਫੀ ਪੱਛੜੀਆਂ ਸ਼੍ਰੇਣੀਆਂ ਤੱਕ ਨਹੀਂ ਪਹੁੰਚੀ, ਨਾਂ ਹੀ ਮੰਦਰਾਂ ਵਿੱਚ ਬੈਠਾ ਪੁਜਾਰੀ ਵਰਗ ਸਰਲ ਭਾਸ਼ਾ ਰਾਹੀਂ ਭਾਰਤੀ ਸੰਸਕ੍ਰਿਤੀ ਦੇ ਕੇਂਦਰੀ ਬਿੰਦੂ ਨੂੰ ਜਨ ਸਧਾਰਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸਾਈ ਮਿਸ਼ਨਰੀ ਇੱਕ ਨਿਰਾਕਾਰ ਈਸ਼ਵਰ ਦਾ ਵਿਚਾਰ ਲੈ ਕੇ ਪੱਛੜੀਆਂ ਸ਼੍ਰੇਣੀਆਂ ਵਿੱਚ ਜਾਂਦੇ ਹਨ, ਆਪਣਾ ਲਿਟਰੇਚਰ ਵੰਡਦੇ ਹਨ ਅਤੇ ਪੱਛੜੀਆਂ ਸ਼੍ਰੇਣੀਆਂ ਖਾਸ ਕਰਕੇ ਔਰਤਾਂ ਨੂੰ ਭਰਮਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
(ਸ) ਭਾਰਤ ਵਿੱਚ ਪੱਛੜੀਆਂ ਸ਼੍ਰੇਣੀਆਂ, ਪ੍ਰਾਚੀਨ ਕਾਲ ਤੋਂ ਸ਼ੈਵ ਅਤੇ ਸ਼ਕਤੀ ਮਤ ਨਾਲ਼ ਜੁੜੀਆਂ ਹਨ। ਵੈਸ਼, ਸ਼ੈਵ ਅਤੇ ਸ਼ਕਤੀ ਮਤ ਦੇ ਇੱਕ ਹੋਣ ਨਾਲ਼ ਜਿੱਥੇ ਵਿਸ਼ਾਲ ਹਿੰਦੂ ਧਰਮ ਹੋਂਦ ਵਿੱਚ ਆਇਆ ਹੈ, ਉੱਥੇ ਹੀ ਪੱਛੜੀਆਂ ਸ਼੍ਰੇਣੀਆਂ ਨੂੰ ਆਪਣੀ ਧਾਰਮਿਕ ਪਹਿਚਾਣ ਗੁੰਮ ਹੋਈ ਲੱਗਦੀ ਹੈ ਅਤੇ ਉਹ ਆਪਣੀ ਕੋਈ ਧਾਰਮਿਕ ਪਹਿਚਾਣ ਬਣਾਉਣ ਲਈ ਇਸਾਈ ਮਿਸ਼ਨਰੀਆਂ ਜਾਂ ਹੋਰ ਬਾਬਿਆਂ ਦੇ ਭਰਮ ਜਾਲ ਵਿੱਚ ਫਸ ਜਾਂਦੀਆਂ ਹਨ।
(ਹ) ਦੇਸ਼ ਵਿੱਚ ਬਣੇ ਧਾਰਮਿਕ ਸਥਾਨਾਂ ਉੱਪਰ ਲਗਭਗ ਉੱਚ ਸ਼੍ਰੇਣੀਆਂ ਦਾ ਕਬਜਾ ਹੈ, ਜਿਸ ਕਾਰਨ ਪੱਛੜੀਆਂ ਸ਼੍ਰੇਣੀਆਂ ਨੂੰ ਆਪਣੀ ਭਾਗੀਦਾਰੀ ਦਾ ਅਹਿਸਾਸ ਨਹੀਂ ਹੁੰਦਾ ਹੈ।
ਕੀ ਇਸਾਈ ਬਣਕੇ ਪੱਛੜੀਆਂ ਸ਼੍ਰੇਣੀਆਂ ਵਿੱਚ ਕੋਈ ਸਮਾਜਿਕ, ਆਰਥਿਕ ਸੁਧਾਰ ਨਜ਼ਰ ਆਉਂਦੇ ਹਨ ? ਜੇਕਰ ਵਿੱਦਿਅਕ ਅਤੇ ਆਰਥਿਕ ਪੱਖ ਤੋਂ ਗਹਿਰਾਈ ਨਾਲ਼ ਘੋਖ ਪੜਤਾਲ ਕੀਤੀ ਜਾਵੇ, ਤਾਂ ਦੋਵਾਂ ਪੱਖਾਂ ਤੋਂ ਇਸਾਈ ਬਣੇ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਪਹਿਲਾਂ ਨਾਲ਼ੋਂ ਵੀ ਬੁਰੀ ਤਰਾਂ ਪੱਛੜੇ ਹੋਏ ਨਜ਼ਰ ਆਉਂਦੇ ਹਨ। ਝੂਠ ਅਧਾਰਿਤ ਧਾਰਮਿਕ ਸੋਚ ਮਨੁੱਖ ਨੂੰ ਵਿੱਦਿਆ ਤੋਂ ਸੱਖਣਾ ਕਰ ਦਿੰਦੀ ਹੈ, ਨਾਲ਼ ਹੀ ਜਦੋਂ ਘਰ ਦਾ ਮਾਹੌਲ ਭਾਰਤੀ ਸੰਸਕ੍ਰਿਤੀ, ਇਤਿਹਾਸ ਤੋਂ ਸੱਖਣਾ ਹੋ ਜਾਂਦਾ ਹੈ ਤਾਂ ਬੱਚਿਆਂ ਦੀ ਵਿੱਦਿਅਕ ਸੋਚਣ ਸ਼ਕਤੀ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਜਦੋਂ ਨਵੇਂ ਬਣੇ ਪੈਰੋਕਾਰ ਜਾਂ ਭਗਤ ਚੌਵੀ ਘੰਟੇ ਆਪਣੇ ਮਿਸ਼ਨ ਨੂੰ ਵਧਾਉਣ ਵੱਲ ਲੱਗ ਜਾਂਦੇ ਹਨ, ਤਾਂ ਉਹ ਆਰਥਿਕ ਕ੍ਰਿਆਵਾਂ ਤੋਂ ਟੁੱਟ ਜਾਂਦੇ ਹਨ, ਜਿਸ ਕਾਰਨ ਉਹ ਆਰਥਿਕ ਪੱਧਰ ਤੇ ਵੀ ਪੱਛੜ ਜਾਂਦੇ ਹਨ। ਇਹਨਾਂ ਦੇ ਘਰਾਂ ਵਿੱਚ ਵਿਗਿਆਨਿਕ ਸੋਚ ਤਾਂ ਉੱਕਾ ਹੀ ਮਿਟਾ ਦਿੱਤੀ ਜਾਂਦੀ ਹੈ।
ਭਾਰਤ ਦੇਸ਼ ਵਿੱਚ ਧਰਮ ਤਬਦੀਲੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ? ਇੱਕ ਗੱਲ ਨੰਗੀ-ਚਿੱਟੀ ਸਾਫ ਹੈ, ਜੇਕਰ ਦੇਸ਼ ਵਿੱਚ ਵੈਦਿਕ ਸੰਸਕ੍ਰਿਤੀ ਕਾਇਮ ਹੈ, ਤਾਂ ਹੀ ਇੱਥੇ ਲੋਕਤੰਤਰ ਜੀਵਤ ਹੈ, ਵਿੱਦਿਅਕ, ਵਿਗਿਆਨਿਕ ਅਤੇ ਸਾਹਿਤਕ ਵਾਤਾਵਰਣ ਕਾਇਮ ਹੈ। ਅਗਾਹਵਧੂ ਆਰਥਿਕਤਾ ਕਾਇਮ ਹੈ। ਅਸੀਂ ਤਿੰਨ ਦੇਸ਼ ਜਿਹੜੇ ਕਦੇ ਪਹਿਲਾਂ ਭਾਰਤ ਦਾ ਭਾਗ ਸਨ : ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਹਾਲਤਾਂ ਨੂੰ ਦੇਖ ਸਕਦੇ ਹਾਂ। ਤਿੰਨੇ ਦੇਸ਼ਾਂ ਵਿੱਚ ਲੋਕਤੰਤਰ ਨਹੀਂ ਹੈ, ਇਨ੍ਹਾਂ ਦੇਸ਼ਾਂ ਵਿੱਚ ਇਸਲਾਮਿਕ ਸੱਤਾ ਹੈ, ਤਿੰਨੇ ਦੇਸ਼ ਮਨੁੱਖੀ ਜੀਵਨ ਦੇ ਸਾਰੇ ਪਹਿਲੂਆਂ ਤੋਂ ਅਤਿ ਪਿੱਛੜੇ ਹੋਏ ਹਨ। ਇਸ ਕਰਕੇ ਭਾਰਤ ਦੇਸ਼ ਵਿੱਚ ਧਰਮ ਤਬਦੀਲੀ ਨੂੰ ਹਰ ਹਾਲਤ ਵਿੱਚ ਰੋਕਣਾ ਹੋਵੇਗਾ।
ਧਰਮ ਤਬਦੀਲੀ ਨੂੰ ਰੋਕਣ ਲਈ ਸਰਕਾਰੀ ਤੰਤਰ ਨੂੰ ਕਾਨੂੰਨ ਦਾ ਸਹਾਰਾ ਲੈ ਕੇ ਕਾਰਵਾਈ ਕਰਨੀ ਹੋਵੇਗੀ ਅਤੇ ਭਾਰਤੀ ਸੰਸਕ੍ਰਿਤਿਕ ਧਰਮਾਂ ਨੂੰ ਧਰਮ ਸੁਧਾਰ ਲਹਿਰ ਦੀ ਜ਼ਰੂਰਤ ਹੈ। ਕਾਨੂੰਨ ਕੀ ਕਰ ਸਕਦਾ ਹੈ ? ਕਿਸੇ ਨੂੰ ਲਾਲਚ ਦੇ ਕੇ ਜਾਂ ਵਹਿਮਾਂ ਭਰਮਾਂ ਜਾਂ ਕਰਾਮਾਤਾਂ ਦਾ ਢੋਂਗ ਕਰਕੇ ਧਰਮ ਤਬਦੀਲੀ ਕਰਨਾ ਅਪਰਾਧ ਹੈ।
ਜਿੱਥੋਂ ਤੱਕ ਸੰਸਕ੍ਰਿਤਿਕ ਧਰਮਾਂ ਵਿੱਚ ਧਰਮ ਸੁਧਾਰ ਦੀ ਗੱਲ ਹੈ, ਇਹ ਇਸ ਸਮੱਸਿਆ ਦੇ ਹੱਲ ਲਈ ਅਤਿ ਕਾਰਗਰ ਸਾਬਿਤ ਹੋਵੇਗਾ। ਚੌਹਦਵੀਂ ਸਦੀ ਵਿੱਚ ਚੱਲੀ ਭਗਤੀ ਲਹਿਰ ਵਿੱਚ ਅਨੇਕਾਂ ਭਗਤ ਹੋਏ ਸਨ, ਜਿਹੜੇ ਸਾਰੇ ਭਾਰਤ ਵਿੱਚ ਫੈਲ ਗਏ ਸਨ ਅਤੇ ਮੁਸਲਿਮ ਹਾਕਮਾਂ ਅਤੇ ਸੰਤਾਂ ਵੱਲੋਂ ਕੀਤੀ ਜਾ ਰਹੀ ਧਰਮ ਤਬਦੀਲੀ ਨੂੰ ਬਹੁਤ ਹੀ ਕਾਰਗਰ ਤਰੀਕੇ ਨਾਲ਼ ਪੱਛੜੀਆਂ ਸ਼੍ਰੇਣੀਆਂ ਦੇ ਵਿੱਚ ਜਾ ਕੇ ਰੋਕਿਆ ਸੀ। ਹੁਣ ਵੀ ਪੱਛੜੀਆਂ ਸ਼੍ਰੇਣੀਆਂ ਦੇ ਵਿਹੜਿਆਂ ਵਿੱਚ ਸ਼ੈਵ ਅਤੇ ਸ਼ਕਤੀ ਮਤ ਨਾਲ਼ ਸੰਬੰਧਤ ਉਹਨਾ ਦੇ ਆਪਣੇ ਪੁਜਾਰੀ ਵਾਦ ਰਹਿਤ ਧਾਰਮਿਕ ਸਥਾਨ ਬਣਾਉਣ ਤੇ ਜੋਰ ਦੇਣਾ ਹੋਵੇਗਾ। ਜਾਤਾਂ ਪਾਤਾਂ ਵਿੱਚ ਇੱਕਸਾਰਤਾ (ਬਰਾਬਰਤਾ) ਪੈਦਾ ਕਰਨੀ ਹੋਵੇਗੀ।
ਮੌਜੂਦਾ ਕਰਮਕਾਂਡ ਅਨੁਸਾਰ ਮ੍ਰਿਤ ਵਿਅਕਤੀ ਦੇ ਭੋਗ ਉੱਪਰ ਘੱਟੋ-ਘੱਟ ਪੰਜਾਹ-ਸੱਠ ਹਜਾਰ ਰੁਪਏ ਦਾ ਖਰਚਾ ਹੋ ਜਾਂਦਾ ਹੈ। ਇਸ ਨਾਲ਼ ਗਰੀਬ ਪਰਿਵਾਰਾਂ ਤੇ ਕਰਜਾ ਚੜ੍ਹ ਜਾਂਦਾ ਹੈ। ਸੰਸਕਾਰ ਕਰਮਕਾਂਡ ਵਿੱਚ ਸ਼ਾਸ਼ਤਰ ਅਨੁਸਾਰ ਤਬਦੀਲੀ ਕਰਕੇ ਮ੍ਰਿਤ ਵਿਅਕਤੀ ਦੇ ਅਗਨੀ ਵਿੱਚ ਮਿਲਨ ਨੂੰ ਹੀ ਅੰਤਿਮ ਸੰਸਕਾਰ ਮੰਨ ਲੈਣਾ ਚਾਹੀਦਾ ਹੈ। ਇਸ ਵਹਿਮ ਭਰਮ ਨੂੰ ਕੱਢ ਦੇਣਾ ਚਾਹੀਦਾ ਹੈ, ਜੇਕਰ ਭੋਗ ਨਾ ਪਾਇਆ ਤਾਂ ਮ੍ਰਿਤ ਵਿਅਕਤੀ ਦਾ ਭੂਤ ਘਰ ਵਿੱਚ ਭਟਕਦਾ ਰਹੇਗਾ। ਕੋਈ ਵੀ ਧਾਰਮਿਕ ਪਰਪੰਰਾ ਉਦੋਂ ਬੇਲੋੜਾ ਕਰਮਕਾਂਡ ਬਣ ਜਾਂਦੀ ਹੈ, ਜਦੋਂ ਉਹ ਪਰਪੰਰਾ ਜਨ ਸਧਾਰਨ ਉੱਪਰ ਵੱਡਾ ਆਰਥਿਕ ਬੋਝ ਪਾਉਂਦੀ ਹੋਵੇ।
ਅਮਰ ਗਰਗ ਕਲਮਦਾਨ
ਪ੍ਰਧਾਨ : ਸਰਦਾਰ ਪਟੇਲ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ (ਰਜਿ:)
ਪੰਜਾਹ ਫੁੱਟੀ ਰੋਡ ਧੂਰੀ-148024, ਜਿਲਾ ਸੰਗਰੂਰ (ਪੰਜਾਬ)।
ਮੋਬਾਇਲ – 98143-41746, E-mail : amargargp@gmail.com
-
ਅਮਰ ਗਰਗ ਕਲਮਦਾਨ, writer
amargargp@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.