1) "ਅਜ਼ਾਦੀ ਦੀ ਬੁਨਿਆਦ, ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਅਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ। ਅਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ 'ਤੇ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ।"
ਇਹ ਸਨ ਉਹ ਸ਼ਬਦ ਜੋ ਸ ਊਧਮ ਸਿੰਘ ਨੇ ਸਨ 1925 ਵਿੱਚ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਹੇ ਸਨ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਸ ਊਧਮ ਸਿੰਘ ਅਜ਼ਾਦੀ ਨੂੰ ਜਿੰਨਾ ਪਿਆਰ ਕਰਦੇ ਸਨ, ਗੁਲਾਮੀ ਨੂੰ ਉਨੀ ਹੀ ਨਫ਼ਰਤ।
2) ਇਸ ਮਹਾਨ ਦੇਸ਼ ਭਗਤ ਦਾ ਜਨਮ ਪਟਿਆਲਾ ਰਿਆਸਤ ਵਿੱਚ ਆਉਂਦੇ ਸੁਨਾਮ ਸ਼ਹਿਰ (ਅਜਕਲ੍ਹ ਜਿਲਾ ਸੰਗਰੂਰ) ਵਿੱਚ 26 ਦਸੰਬਰ 1899 ਨੂੰ ਪਿਤਾ ਸ ਟਹਿਲ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਇਨਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਅਤੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਪਿਤਾ ਰੇਲਵੇ ਫਾਟਕ ਤੇ ਗੇਟਮੈਨ ਦੀ ਨੌਕਰੀ ਕਰਦੇ ਸਨ। ਚਾਰ ਜੀਆਂ ਦਾ ਗੁਜਾਰਾ ਬਹੁਤ ਗ਼ਰੀਬੀ ਅਤੇ ਤੰਗੀ ਤੁਰਸ਼ੀ ਨਾਲ ਚੱਲਦਾ ਸੀ। ਚਾਰ ਸਾਲ ਦੀ ਉਮਰ ਵਿੱਚ ਹੀ ਮਾਤਾ ਗੁਜਰ ਗਈ। ਚੰਗੇ ਰੁਜ਼ਗਾਰ ਦੀ ਭਾਲ ਵਿੱਚ ਪਿਤਾ ਆਪਣੇ ਦੋਹੇਂ ਲੜਕਿਆਂ ਨੂੰ ਲੈ ਕੇ ਅੰਮ੍ਰਿਤਸਰ ਆ ਗਏ ਪਰ ਕੁਝ ਦਿਨਾਂ ਬਾਅਦ ਬਿਮਾਰ ਹੋਣ ਕਾਰਨ ਉਹ ਵੀ ਚਲਾਣਾ ਕਰ ਗਏ। ਇਕ ਦੂਰ ਦੇ ਰਿਸ਼ਤੇਦਾਰ ਨੇ ਦੋਹੇਂ ਭਰਾਵਾਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨਾ ਵਿੱਚ ਦਾਖ਼ਲ ਕਰਵਾ ਦਿੱਤਾ ਜਿੱਥੇ ਰਿਹਾਇਸ਼ ਅਤੇ ਰੋਟੀ ਪਾਣੀ ਦੇ ਨਾਲ-ਨਾਲ ਪੜ੍ਹਾਈ ਅਤੇ ਕੰਮ ਧੰਦੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਕੁੱਝ ਸਮਾਂ ਲੰਘਿਆ ਹੋਵੇਗਾ ਕਿ ਇਨਾਂ ਦਾ ਭਰਾ ਸਾਧੂ ਸਿੰਘ ਵੀ ਨਮੋਨੀਆ ਬੁਖਾਰ ਕਾਰਨ ਚਲ ਵਸਿਆ। ਹੁਣ ਇਸ ਭਰੇ ਸੰਸਾਰ ਵਿੱਚ ਕੋਈ ਵੀ ਨੇੜਲਾ ਵਿਅਕਤੀ ਨਹੀਂ ਸੀ ਜਿਸ ਨੂੰ ਸ਼ੇਰ ਸਿੰਘ ਆਪਣਾ ਕਹਿ ਸਕਦਾ। ਇੱਥੇ ਹੀ ਉਸਦਾ ਨਾਂ ਸ਼ੇਰ ਸਿੰਘ ਤੋਂ ਊਧਮ ਸਿੰਘ ਕਿਵੇਂ ਹੋਇਆ, ਕੋਈ ਪਤਾ ਨਹੀਂ। ਇਨਾਂ ਔਖੇ ਹਾਲਤਾਂ ਵਿੱਚ ਰਹਿੰਦੇ ਹੋਏ ਹੀ ਊਧਮ ਸਿੰਘ ਨੇ ਸਨ 1916 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈ। ਆਪਣੀ ਮਿਹਨਤ ਨਾਲ ਗੁਰਮੁਖੀ, ਉਰਦੂ, ਹਿੰਦੀ ਅਤੇ ਇੰਗਲਿਸ਼ ਭਾਸ਼ਾਵਾਂ ਦਾ ਗਿਆਨ ਹਾਸਲ ਕਰ ਲਿਆ। ਊਧਮ ਸਿੰਘ ਅਨਾਥ ਆਸ਼ਰਮ ਦੇ ਨੇੜੇ ਹੀ ਇੱਕ ਫਰਨੀਚਰ ਬਨਾਉਣ ਵਾਲੀ ਦੁਕਾਨ ਤੇ ਕੰਮ ਕਰਨ ਲੱਗੇ। ਇਸ ਕਹਾਣੀ ਨੂੰ ਇੱਥੇ ਹੀ ਰੋਕ ਕੇ ਆਪਾਂ ਉਸ ਸਮੇਂ ਦੇ ਦੇਸ਼ ਦੁਨੀਆ ਦੇ ਹਾਲਾਤ 'ਤੇ ਝਾਤ ਮਾਰ ਲੈਂਦੇ ਹਾਂ।
3) ਸਨ 1914 ਵਿੱਚ ਯੂਰਪ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ ਅਤੇ ਵੇਖਦੇ ਹੀ ਵੇਖਦੇ ਸਾਰਾ ਸੰਸਾਰ ਇਸ ਦੀ ਲਪੇਟ ਵਿੱਚ ਆ ਗਿਆ। ਅੰਗ੍ਰੇਜ਼ੀ ਸਰਕਾਰ ਨੇ ਭਾਰਤੀਆਂ ਤੋਂ ਜੰਗ ਵਿੱਚ ਸਹਿਯੋਗ ਦੀ ਮੰਗ ਕੀਤੀ ਅਤੇ ਵਾਅਦਾ ਕੀਤਾ ਕਿ ਜੰਗ ਖ਼ਤਮ ਹੋਣ ਬਾਅਦ ਭਾਰਤੀਆਂ ਨੂੰ ਰਾਜ ਪ੍ਰਬੰਧ ਵਿੱਚ ਸ਼ਾਮਿਲ ਕਰਨ ਲਈ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਇਨਾਂ ਝੂਠੇ ਲਾਰਿਆਂ ਦੇ ਇਲਾਵਾ ਅੰਗ੍ਰੇਜ ਅਫ਼ਸਰਾਂ ਨੇ ਲਾਲਚ ਦੇ ਕੇ ਜਾਂ ਹਕੂਮਤੀ ਜੋਰ ਨਾਲ ਜਬਰੀ ਫੌਜੀ ਭਰਤੀ ਕਰਕੇ ਭਾਰਤੀ ਨੌਜਵਾਨਾਂ ਨੂੰ ਲੜਣ- ਮਰਨ ਲਈ ਬਦੇਸੀ ਮੁਲਕਾਂ ਵੱਲ ਭੇਜ ਦਿੱਤਾ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਜਵਾਨ ਸ਼ਹੀਦ ਹੋਏ ਅਤੇ ਉਨਾਂ ਦੀਆਂ ਲਾਸ਼ਾਂ ਵੀ ਵਤਨ ਵਾਪਸ ਨਹੀਂ ਆਈਆਂ। ਜੰਗ ਦੇ ਬਾਅਦ ਮਹਿੰਗਾਈ ਵਧ ਗਈ ਅਤੇ ਲੋਕਾਂ ਵਿੱਚ ਬੇਚੈਨੀ ਅਤੇ ਸਰਕਾਰ ਪ੍ਰਤੀ ਗੁੱਸਾ ਵਧ ਗਿਆ। ਇੱਥੇ ਇਹ ਵੀ ਵਰਨਣਯੋਗ ਕਿ ਉਸ ਸਮੇਂ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ ਜੋ ਕੱਟੜ ਸਾਮਰਾਜੀ ਵਿਚਾਰਾਂ ਦਾ ਹੋਣ ਕਰਕੇ ਇਹ ਸੋਚ ਰੱਖਦਾ ਸੀ ਕਿ ਅੰਗ੍ਰੇਜ਼ੀ ਸਰਕਾਰ ਨੇ ਫੌਜੀ ਤਾਕਤ ਦੇ ਜੋਰ 'ਤੇ ਹੀ ਭਾਰਤ ਤੇ ਕਬਜ਼ਾ ਕੀਤਾ ਹੈ ਅਤੇ ਤਾਕਤ ਦੀ ਵਰਤੋਂ ਕਰਕੇ ਹੀ ਉਨਾਂ ਦਾ ਰਾਜ ਕਾਇਮ ਰਹਿ ਸਕਦਾ ਹੈ। ਇਸ ਗਵਰਨਰ ਨੇ ਹੀ ਗਦਰ ਲਹਿਰ ਦੇ ਉਨਾਂ ਦੇਸ਼ ਭਗਤਾਂ ਨੂੰ ਤਸ਼ੱਦਦ ਅਤੇ ਜਾਬਰ ਹੱਥਕੰਡੇ ਵਰਤ ਕੇ ਕੁਚਲ ਦਿੱਤਾ ਸੀ ਜੋ ਅਮਰੀਕਾ, ਕਨੇਡਾ ਆਦਿ ਮੁਲਕਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਭਾਰਤ ਨੂੰ ਅੰਗ੍ਰੇਜ਼ੀ ਰਾਜ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਆਪਣੇ ਵਤਨ ਵਾਪਸ ਆਏ ਸਨ। ਇਹ ਗਵਰਨਰ ਉਨਾਂ ਅੰਗ੍ਰੇਜ ਅਫ਼ਸਰਾਂ ਵਿੱਚ ਮੂਹਰੇ ਸੀ ਜੋ ਭਾਰਤ ਦੇ ਵਾਇਸਰਾਏ ਤੋਂ ਇਹ ਮੰਗ ਕਰ ਰਹੇ ਸਨ ਕਿ ਭਾਰਤੀਆਂ ਵਿੱਚ ਵਧ ਰਹੀ ਜਾਗ੍ਰਿਤੀ ਅਤੇ ਬਗ਼ਾਵਤ ਦੇ ਹਾਲਾਤ ਨੂੰ ਦਬਾਉਣ ਲਈ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ। ਇਨਾਂ ਦੀ ਮੰਗ ਤੇ ਹੀ 'ਰੌਲਟ ਐਕਟ' ਨਾਂ ਦਾ ਕਾਨੂੰਨ ਲਿਆਂਦਾ ਗਿਆ ਜਿਸ ਵਿਚ ਬਿਨਾ ਮੁਕੱਦਮਾ ਚਲਾਏ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਅਪੀਲ-ਦਲੀਲ-ਵਕੀਲ ਤੋਂ ਸਾਲਾਂ ਬਧੀ ਜੇਲ੍ਹ ਵਿੱਚ ਡਕਿਆ ਜਾ ਸਕਦਾ ਸੀ ਅਤੇ ਉਸ ਦੀ ਜ਼ਮੀਨ-ਜਾਇਦਾਦ ਕੁਰਕ ਕੀਤੀ ਜਾ ਸਕਦੀ ਸੀ। ਬਦੇਸੀ ਹਕੂਮਤ ਇਸ ਦੀ ਵਰਤੋਂ ਦੇਸ਼ ਭਗਤਾਂ ਦੇ ਖਿਲਾਫ ਕਰਕੇ ਦਿਨੋ-ਦਿਨ ਤੇਜ ਹੋ ਰਹੀ ਅਜ਼ਾਦੀ ਦੀ ਲੜਾਈ ਨੂੰ ਕੁਚਲਣਾ ਚਾਹੁੰਦੀ ਸੀ।
4) ਭਾਰਤੀਆਂ ਵੱਲੋਂ ਅੰਗ੍ਰੇਜ਼ੀ ਸਰਕਾਰ ਨੂੰ ਸੰਸਾਰ ਜੰਗ ਵਿੱਚ ਦਿੱਤੇ ਸਹਿਯੋਗ ਦਾ ਬਦਲਾ ਕਾਲੇ ਕਾਨੂੰਨ ਨਾਲ ਦਿੱਤੇ ਜਾਣ ਤੇ ਭਾਰਤੀਆਂ ਦੇ ਮਨ ਨੂੰ ਬੜੀ ਠੇਸ ਲੱਗੀ। ਮਹਾਤਮਾ ਗਾਂਧੀ ਨੇ ਮਾਰਚ 1919 ਤੋਂ ਹੀ 'ਰੌਲਟ ਐਕਟ' ਦੇ ਸ਼ਾਂਤਮਈ ਵਿਰੋਧ ਦਾ ਸੱਦਾ ਦਿੱਤਾ। ਪੰਜਾਬ ਵਿਚ ਇਸ ਅੰਦੋਲਨ ਦਾ ਬਹੁਤ ਅਸਰ ਹੋਇਆ ਅਤੇ ਲਾਹੌਰ, ਲਾਇਲਪੁਰ, ਗੁੱਜਰਾਂਵਾਲਾ ਅਤੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਬਹੁਤ ਵੱਡੇ ਇਕੱਠ, ਜਲਸੇ ਜਲੂਸ ਹੋਏ। ਅੰਮ੍ਰਿਤਸਰ ਦੇ ਦੋ ਹਰਮਨ ਪਿਆਰੇ ਆਗੂ ਡਾ ਸਤਿਆਪਾਲ ਅਤੇ ਡਾ ਸੈਫੂਦੀਨ ਕਿਚਲੂ ਨੂੰ ਡੀਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕਰ ਕੇ ਸ਼ਹਿਰ ਬਦਰ ਕਰ ਦਿੱਤਾ ਜਿਸ ਕਰਕੇ ਸ਼ਹਿਰ ਦਾ ਮਾਹੌਲ ਤਨਾਅਪੂਰਨ ਹੋ ਗਿਆ। ਪੰਜਾਬ ਦੇ ਗਵਰਨਰ ਮਾਈਕਲ ਫਰਾਂਸਿਸ ਓਡਵਾਇਰ ਨੇ ਇੱਕ ਫੌਜੀ ਅਧਿਕਾਰੀ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਅੰਮ੍ਰਿਤਸਰ ਦੇ ਹਾਲਾਤ ਕਾਬੂ ਕਰਨ ਲਈ ਭੇਜਿਆ। ਉਸਨੇ ਆਉਂਦੇ ਹੀ ਸ਼ਹਿਰ ਵਿੱਚ ਮੁਨਾਦੀ ਕਰਵਾ ਦਿਤੀ ਕਿ ਹਰ ਕਿਸਮ ਦੇ ਜਲਸਾ ਜਲੂਸ ਜਾਂ ਇਕੱਠ 'ਤੇ ਪਾਬੰਦੀ ਲਗਾਈ ਜਾਂਦੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਆਪਣੇ ਆਗੂਆਂ ਦੀ ਰਿਹਾਈ ਅਤੇ ਕਾਲੇ ਕਾਨੂੰਨ 'ਰੌਲਟ ਐਕਟ' ਦੇ ਵਿਰੋਧ ਵਿੱਚ ਦਰਬਾਰ ਸਾਹਿਬ ਦੇ ਨੇੜੇ ਜਲਿਆਂਵਾਲਾ ਬਾਗ ਵਿੱਚ ਜਲਸਾ ਕਰਨ ਦਾ ਐਲਾਨ ਕਰ ਦਿੱਤਾ ਗਿਆ। ਵਿਸਾਖੀ ਦਾ ਦਿਨ ਹੋਣ ਕਰਕੇ ਹਜ਼ਾਰਾਂ ਸ਼ਰਧਾਲੂ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਲਈ ਹਰ ਸਾਲ ਵਾਂਗ 13 ਅਪ੍ਰੈਲ 1919 ਨੂੰ ਵੀ ਆਏ। ਜਲਿਆਂਵਾਲਾ ਬਾਗ ਦੇ ਪ੍ਰੋਗਰਾਮ ਬਾਰੇ ਪਤਾ ਲੱਗਣ ਤੇ ਕਈ ਸ਼ਰਧਾਲੂ ਵੀ ਜਲਸੇ ਵਿੱਚ ਆਗੂਆਂ ਦੇ ਵਿਚਾਰ ਸੁਨਣ ਲਈ ਪਹੁੰਚ ਗਏ। ਜਿਵੇਂ ਹੀ ਜਨਰਲ ਡਾਇਰ ਨੂੰ ਇਤਲਾਹ ਮਿਲੀ ਕਿ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਜਲਸਾ ਹੋ ਰਿਹਾ ਹੈ, ਉਹ ਹਥਿਆਰਬੰਦ ਫੌਜੀਆਂ ਸਮੇਤ ਉੱਥੇ ਪਹੁੰਚ ਗਿਆ ਅਤੇ ਭੀੜ ਨੂੰ ਖਿੰਡ ਜਾਣ ਲਈ ਕੁੱਝ ਮਿੰਟ ਦਾ ਵੀ ਸਮਾਂ ਦਿੱਤੇ ਬਗ਼ੈਰ ਤੁਰੰਤ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਕੁਲ 1650 ਗੋਲੀਆਂ ਚਲਾਉਣ ਬਾਅਦ ਫਾਇਰਿੰਗ ਉਦੋਂ ਬੰਦ ਕੀਤੀ ਗਈ ਜਦੋਂ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਖੂਨ ਨਾਲ ਲੱਥਪਥ ਲਾਸ਼ਾਂ ਦੇ ਢੇਰਾਂ ਅਤੇ ਚੀਖ-ਪੁਕਾਰ ਕਰਦੇ ਜਖ਼ਮੀਆਂ ਨੂੰ ਤੜਫਦੇ ਹੋਏ ਛੱਡ ਕੇ ਜਨਰਲ ਡਾਇਰ ਅਤੇ ਉਸਦੇ ਫੌਜੀ ਜਿਵੇਂ ਆਏ ਸਨ, ਉਸੇ ਤਰਾਂ ਚਲੇ ਗਏ। ਸਰਕਾਰੀ ਰਿਪੋਰਟ ਅਨੁਸਾਰ 41 ਨਾਬਾਲਿਗ ਲੜਕਿਆਂ ਸਮੇਤ 379 ਲੋਕ ਮਾਰੇ ਗਏ ਅਤੇ 1200 ਜਖ਼ਮੀ ਹੋਏ। ਗਵਰਨਰ ਮਾਈਕਲ ਓਡਵਾਇਰ ਨੂੰ ਇਸ ਕਤਲੇਆਮ ਦੀ ਖਬਰ ਦਿੱਤੀ ਗਈ ਤਾਂ ਉਸਨੇ ਜਨਰਲ ਡਾਇਰ ਦੀ ਕਰਤੂਤ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਉਸਦੀ ਡਟ ਕੇ ਹਮਾਇਤ ਕੀਤੀ। ਜੋ ਦਹਿਸ਼ਤ ਅਤੇ ਜੁਲਮ- ਜਬਰ ਜਨਰਲ ਡਾਇਰ ਨੇ ਅੰਮ੍ਰਿਤਸਰ ਵਿੱਚ ਕੀਤਾ, ਗਵਰਨਰ ਓਡਵਾਇਰ ਨੇ ਉਸਦਾ ਪ੍ਰਸਾਰ ਸਾਰੇ ਪੰਜਾਬ ਵਿੱਚ ਕਰ ਦਿੱਤਾ। ਪ੍ਰਤੀਕਰਮ ਵਜੋਂ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਜਿੱਥੇ ਵੀ ਵਿਰੋਧ ਪ੍ਰਦਰਸ਼ਨ ਹੋਏ, ਓਡਵਾਇਰ ਦੇ ਹੁਕਮਾਂ ਤੇ ਲਾਠੀਚਾਰਜ, ਗੋਲੀਬਾਰੀ, ਸਪੈਸ਼ਲ ਫੌਜੀ ਅਦਾਲਤਾਂ ਰਾਹੀਂ ਮੁਕੱਦਮੇ ਅਤੇ ਸਖਤ ਸਜਾਵਾਂ ਦੇ ਕੇ ਕੁਚਲ ਦਿੱਤਾ ਗਿਆ। ਸਪੱਸ਼ਟ ਹੈ ਕਿ ਗਵਰਨਰ ਮਾਈਕਲ ਓਡਵਾਇਰ ਦੇ ਭਾਰਤੀਆਂ ਪ੍ਰਤੀ ਕੀਤੇ ਪਾਪਾਂ ਦੀ ਲਿਸਟ ਜਨਰਲ ਡਾਇਰ ਤੋਂ ਬਹੁਤ ਲੰਬੀ ਹੈ। ਜਨਰਲ ਡਾਇਰ ਨੇ ਜੋ ਜੁਲਮ ਅੰਮ੍ਰਿਤਸਰ ਵਿੱਚ ਕੀਤਾ, ਓਡਵਾਇਰ ਨੇ ਉਹ ਗਦਰ ਲਹਿਰ ਨੂੰ ਕੁਚਲਣ ਤੋਂ ਲੈ ਕੇ ਜਲਿਆਂਵਾਲਾ ਬਾਗ ਦੇ ਵਿਰੋਧ ਵਿੱਚ ਹੋਏ ਪ੍ਰਤੀਕਰਮ ਨੂੰ ਦਬਾਉਣ ਲਈ ਹੋਰ ਵੀ ਨਿਰਦਈਪੁਣੇ ਦਾ ਸਬੂਤ ਦਿੱਤਾ।
5) ਹੁਣ ਫਿਰ ਸਮਾਂ ਤੇ ਸਥਾਨ ਬਦਲ ਜਾਂਦਾ ਹੈ। ਦਿਨ ਹੈ 13 ਮਾਰਚ 1940 ਅਤੇ ਸਥਾਨ ਹੈ ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਕੈਕਸਟਨ ਸਾਲ। ਸਾਬਕਾ ਅੰਗ੍ਰੇਜ ਅਫ਼ਸਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਿਹਾ ਹੈ ਪੰਜਾਬ ਦਾ ਸਾਬਕਾ ਗਵਰਨਰ ਮਾਈਕਲ ਓਡਵਾਇਰ। ਉਸਦੇ ਭਾਸ਼ਣ ਦਾ ਵਿਸ਼ਾ ਵਸਤੂ ਵੀ ਇਹੋ ਸੀ ਕਿ ਕਿਵੇਂ ਉਸਨੇ ਦਸੰਬਰ 2012 ਤੋਂ ਲੈ ਕੇ ਮਈ 1919 ਤੱਕ ਭਾਰਤੀਆਂ ਨੂੰ ਦਬਾਅ ਕੇ ਰੱਖਿਆ ਅਤੇ ਅੰਗ੍ਰੇਜ਼ੀ ਰਾਜ ਨੂੰ ਮਜਬੂਤ ਕੀਤਾ। ਸਰੋਤਿਆਂ ਵਿੱਚੋਂ ਅਚਾਨਕ ਇੱਕ ਚਾਲੀ ਕੁ ਵਰਿਆਂ ਦਾ ਨੌਜਵਾਨ ਸਟੇਜ ਦੇ ਨੇੜੇ ਆਉਂਦਾ ਹੈ ਅਤੇ ਓਡਵਾਇਰ ਸਮੇਤ ਉਸਦੇ ਨਾਲ ਬੈਠੇ ਲਾਰਡ ਜੈਟਲੈਂਡ, ਲਾਰਡ ਲੈਮਿੰਗਟਨ ਅਤੇ ਲੁਈਸ ਡੇਨ 'ਤੇ ਕੁਲ ਛੇ ਗੋਲੀਆਂ ਦਾਗ ਦਿੰਦਾ ਹੈ। ਮੌਤ ਸਿਰਫ਼ ਓਡਵਾਇਰ ਦੀ ਹੁੰਦੀ ਹੈ ਅਤੇ ਬਾਕੀਆਂ ਦੀ ਜਾਨ ਬਚ ਜਾਂਦੀ ਹੈ। ਗੋਲੀਆਂ ਚਲਾਉਣ ਵਾਲਾ ਉੱਥੋਂ ਭਜਣ ਦਾ ਯਤਨ ਨਹੀਂ ਕਰਦਾ ਜਿਸ ਕਰਕੇ ਉਸ ਨੂੰ ਮੌਕੇ ਤੇ ਗਿਰਫਤਾਰ ਕਰ ਲਿਆ ਜਾਂਦਾ ਹੈ। ਇਹ ਸਾਡਾ ਉਹੀ ਸੁਨਾਮ ਵਾਲਾ ਸ਼ੇਰ ਸਿੰਘ ਉਰਫ਼ ਊਧਮ ਸਿੰਘ ਉਰਫ਼ ਉਦੇ ਸਿੰਘ ਉਰਫ਼ ਫਰੈਂਕ ਬਰਾਜ਼ੀਲ ਉਰਫ਼ ਮੁਹੰਮਦ ਸਿੰਘ ਅਜ਼ਾਦ ਹੈ ਜਿਸ ਨੂੰ ਆਪਾਂ 1919 ਵਿੱਚ ਅੰਮ੍ਰਿਤਸਰ ਛੱਡ ਆਏ ਸੀ। ਪਿਛਲੇ 21 ਸਾਲ ਉਹ ਕਿਥੇ ਰਿਹਾ ਅਤੇ ਕੀ ਕੁੱਝ ਕਰਦਾ ਰਿਹਾ, ਇਸਦਾ ਵੇਰਵਾ ਇੱਕ ਲੇਖ ਵਿੱਚ ਸਮੇਟਣਾ ਮੁਸ਼ਕਿਲ ਹੈ। ਹਾਂ, ਬਰਤਾਨਵੀ ਸਰਕਾਰ ਦੇ ਰਿਕਾਰਡ ਮੁਤਾਬਕ ਜਲਿਆਂਵਾਲਾ ਬਾਗ ਦੇ ਕਤਲੇਆਮ ਸਮੇਂ ਉਹ ਉੱਥੇ ਨਹੀਂ ਸੀ। ਉਹ ਉਸ ਸਮੇਂ ਪੂਰਬੀ ਅਫਰੀਕਾ ਵਿਚ ਸੀ ਅਤੇ ਜਲਿਆਂਵਾਲਾ ਕਾਂਡ ਦੇ ਕਰੀਬ ਤਿੰਨ ਮਹੀਨੇ ਬਾਅਦ ਜੂਨ 1919 ਵਿੱਚ ਅੰਮ੍ਰਿਤਸਰ ਵਾਪਸ ਮੁੜਿਆ ਸੀ। ਪਰ ਇਸ ਤੋਂ ਇਹ ਸਿੱਟਾ ਕੱਢਣਾ ਗਲਤ ਹੋਵੇਗਾ ਕਿ ਜੇ ਉਹ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਉਸ ਦੇ ਮਨ ਤੇ ਉਸ ਖੂਨੀ ਕਾਂਡ ਦਾ ਕੋਈ ਅਸਰ ਨਹੀਂ ਹੋਇਆ ਹੋਵੇਗਾ। ਦਰਅਸਲ ਸੰਸਾਰ ਦੇ ਹਰ ਇਨਸਾਫ ਪਸੰਦ ਅਤੇ ਸੰਵੇਦਨਸ਼ੀਲ ਮਨੁੱਖ ਨੂੰ ਉਸ ਖੂਨੀ ਕਾਂਡ ਨੇ ਝੰਜੋੜ ਦਿੱਤਾ ਹੋਵੇਗਾ ਜਿਸਦਾ ਸਬੂਤ ਹੈ ਕਿ 12 ਸਾਲ ਦੀ ਉਮਰ ਦਾ ਭਗਤ ਸਿੰਘ ਉਸ ਬਾਗ ਦੀ ਮਿੱਟੀ ਇੱਕ ਸ਼ੀਸ਼ੀ ਵਿੱਚ ਭਰ ਕੇ ਲੈ ਗਿਆ ਜੋ ਉਸਨੂੰ ਹਮੇਸ਼ਾ ਮਾਸੂਮ ਲੋਕਾਂ ਦੇ ਡੁਲੇ ਖੂਨ ਦੀ ਯਾਦ ਦਿਵਾਉਂਦੀ ਰਹੀ। ਦੂਜੇ ਪਾਸੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤਤਕਾਲੀਨ ਸਰਬਰਾਹ (ਪ੍ਰਬੰਧਕ) ਜੱਥੇਦਾਰ ਅਰੂੜ ਸਿੰਘ ਵਰਗੇ ਸ਼ਖਸ਼ ਵੀ ਸਨ ਜਿਨਾਂ ਨੇ ਕਤਲੇਆਮ ਦੇ 17 ਦਿਨ ਬਾਅਦ ਜਨਰਲ ਡਾਇਰ ਦਾ ਅਕਾਲ ਤਖਤ ਵਿਖੇ ਸਿਰੋਪਾ ਦੇ ਕੇ ਉਸਦਾ ਸਨਮਾਨ ਕੀਤਾ। ਇਸਦੇ ਵੀ ਸਬੂਤ ਮੌਜੂਦ ਹਨ ਕਿ ਊਧਮ ਸਿੰਘ ਅਮਰੀਕਾ ਗਿਆ ਅਤੇ ਗਦਰ ਪਾਰਟੀ ਵਿੱਚ ਸਰਗਰਮੀ ਨਾਲ ਕੰਮ ਕਰਦਾ ਰਿਹਾ। ਇਹ ਵੀ ਕਿ ਭਾਰਤ ਵਾਪਸ ਆਉਣ ਤੇ 30 ਅਗਸਤ 1927 ਨੂੰ ਕਿਸੇ ਦੀ ਮੁਖਬਰੀ ਕਾਰਨ ਜਦੋਂ ਅੰਮ੍ਰਿਤਸਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤਾਂ ਉਸਦੇ ਸਮਾਨ ਵਿੱਚੋਂ ਦੋ ਰਿਵਾਲਵਰ ਅਤੇ ਗੋਲੀ ਸਿੱਕੇ ਦੇ ਇਲਾਵਾ 'ਗਦਰ ਦੀ ਗੂੰਜ' ਅਖ਼ਬਾਰ ਦੇ ਅੰਕ ਵੀ ਬਰਾਮਦ ਹੋਏ। ਊਧਮ ਸਿੰਘ ਦੀਆਂ ਲਿਖਤਾਂ ਅਤੇ ਬਿਆਨਾਂ ਤੋਂ ਸਾਬਿਤ ਹੁੰਦਾ ਹੈ ਕਿ ਉਹ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਆਦਿ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਸਿਰਫ਼ ਪ੍ਰਭਾਵਿਤ ਹੀ ਨਹੀਂ ਸੀ ਸਗੋਂ ਖੁਦ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਸੀ। ਅੰਗ੍ਰੇਜ਼ੀ ਸਰਕਾਰ ਦੀ ਖੁਫ਼ੀਆ ਪੁਲਿਸ ਨੂੰ ਚਕਮਾ ਦੇਣ ਲਈ ਭੇਸ ਬਦਲਣ, ਵਖ-ਵਖ ਨਾਂਵਾਂ ਹੇਠ ਪਾਸਪੋਰਟ ਬਣਾਉਣ ਅਤੇ ਗੁਪਤ ਢੰਗ ਨਾਲ ਪਾਰਟੀ ਵੱਲੋਂ ਲਗੀ ਹਰ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਉਸਦਾ ਕੋਈ ਮੁਕਾਬਲਾ ਨਹੀਂ ਸੀ। ਹੁਣ ਜੇ ਊਧਮ ਸਿੰਘ ਦੀ ਜ਼ਿੰਦਗੀ ਦਾ ਉਦੇਸ਼ ਕੇਵਲ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣਾ ਹੁੰਦਾ ਤਾਂ ਉਹ ਜਨਰਲ ਡਾਇਰ ਨੂੰ ਮਾਰਦਾ ਜੋ ਉਕਤ ਕਾਂਡ ਦੇ 7 ਵਰਿਆਂ ਬਾਅਦ ਲੰਡਨ ਵਿੱਚ ਬਿਮਾਰੀ ਕਾਰਨ ਮਰ ਮੁਕ ਗਿਆ ਸੀ। ਓਡਵਾਇਰ ਨੂੰ ਮਾਰ ਕੇ ਉਸਨੇ ਨਾ ਕੇਵਲ ਜਲਿਆਂਵਾਲੇ ਬਾਗ ਦਾ ਸਗੋਂ ਗਦਰ ਲਹਿਰ ਦੇ ਸ਼ਹੀਦਾਂ ਦਾ ਵੀ ਹਿਸਾਬ ਬਰਾਬਰ ਕੀਤਾ।
6) ਸ ਊਧਮ ਸਿੰਘ ਤੇ ਲੰਡਨ ਦੀ ਓਲਡ ਬੇਲੀ ਜੇਲ੍ਹ ਵਿੱਚ ਮੁਕੱਦਮਾ ਚਲਾਇਆ ਗਿਆ। ਅਦਾਲਤ ਵਿੱਚ ਦਿੱਤੇ ਆਪਣੇ 25 ਮਿੰਟ ਦੇ ਬਿਆਨ ਵਿੱਚ ਊਧਮ ਸਿੰਘ ਨੇ ਅੰਗ੍ਰੇਜ਼ੀ ਸਰਕਾਰ ਵੱਲੋਂ ਭਾਰਤੀਆਂ 'ਤੇ ਕੀਤੇ ਜਾ ਰਹੇ ਬੇਅੰਤ ਜੁਲਮਾਂ ਦਾ ਕੱਚਾ ਚਿਠਾ ਖੋਲ੍ਹ ਕੇ ਰੱਖ ਦਿੱਤਾ। ਉਸਨੇ ਕਿਹਾ, "ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਲਈ ਕੁੱਝ ਵੀ ਨਹੀਂ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਮੈਨੂੰ ਆਪਣੀ ਜਨਮ ਭੂਮੀ ਨੂੰ ਅਜ਼ਾਦ ਕਰਵਾਉਣ ਲਈ ਮਰਨ 'ਤੇ ਮਾਣ ਹੋਵੇਗਾ।" ਆਖਰ 'ਚ ਉਸਨੇ ਤਿੰਨ ਵਾਰ ਉੱਚੀ ਅਵਾਜ ਵਿਚ "ਇਨਕਲਾਬ, ਇਨਕਲਾਬ, ਇਨਕਲਾਬ" ਅਤੇ "ਬ੍ਰਿਟਿਸ਼ ਸਾਮਰਾਜ ਮੁਰਦਾਬਾਦ" ਬੋਲਿਆ। 5 ਜੂਨ ਨੂੰ ਉਸਨੂੰ ਮੌਤ ਦੀ ਸਜਾ ਸੁਣਾਈ ਗਈ। ਸਾਥੀਆਂ ਨੇ ਅਪੀਲ ਕੀਤੀ। 15 ਜੁਲਾਈ ਨੂੰ ਤਿੰਨ ਜੱਜਾਂ ਨੇ ਅਪੀਲ ਦੀ ਸੁਣਵਾਈ ਕੀਤੀ ਅਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਦੇ ਹੋਏ 31 ਜੁਲਾਈ ਨੂੰ ਸਜਾ ਦਾ ਦਿਨ ਨਿਸ਼ਚਿਤ ਕੀਤਾ। ਆਖ਼ਰੀ ਸਮੇਂ ਤੱਕ ਊਧਮ ਸਿੰਘ ਨੇ ਆਪਣੇ ਆਦਰਸ਼ ਕਰਤਾਰ ਸਿੰਘ ਸਰਾਭਾ ਅਤੇ ਸ ਭਗਤ ਸਿੰਘ ਵਾਂਗ ਚੜਦੀ ਕਲਾ ਵਿੱਚ ਰਹਿੰਦੇ ਹੋਏ ਫਾਂਸੀ ਦੇ ਰੱਸੇ ਨੂੰ ਚੁੰਮਿਆ। ਉਸਦੀ ਦੇਹ ਨੂੰ ਲੰਡਨ ਦੀ ਪੈਂਟਨਵਿਲਾ ਜੇਲ੍ਹ ਵਿੱਚ ਠੀਕ ਉਸੇ ਥਾਂ ਤਾਬੂਤ 'ਚ ਬੰਦ ਕਰਕੇ ਦਫ਼ਨਾਇਆ ਗਿਆ ਜਿੱਥੇ 21 ਵਰੇ ਪਹਿਲਾਂ ਅੰਮ੍ਰਿਤਸਰ ਦੇ ਜੰਮ ਪਲ ਦੇਸ਼ ਭਗਤ ਮਦਨ ਲਾਲ ਢੀਂਗਰਾ ਨੂੰ ਦਫਨਾਇਆ ਗਿਆ ਸੀ। ਸ਼ਹੀਦ ਦੀ ਆਖ਼ਰੀ ਇੱਛਾ ਇਹ ਸੀ ਕਿ ਇਤਿਹਾਸ ਵਿੱਚ ਉਸਨੂੰ "ਮੁਹੰਮਦ ਸਿੰਘ ਅਜ਼ਾਦ" ਦੇ ਨਾਂ ਨਾਲ ਯਾਦ ਕੀਤਾ ਜਾਵੇ। ਉਸਦੀ ਡਾਇਰੀ ਵਿੱਚ ਵੀ ਇਸੇ ਨਾਂ ਵਾਲੇ ਹਸਤਾਖ਼ਰ ਮੌਜੂਦ ਹਨ। ਇਸ ਪਿੱਛੇ ਸ਼ਹੀਦ ਦੀ ਇਹੀ ਸੋਚ ਸੀ ਕਿ ਅੰਗ੍ਰੇਜਾਂ ਦੀ "ਪਾੜੋ ਅਤੇ ਰਾਜ ਕਰੋ" ਦੀ ਨੀਤੀ ਦਾ ਤੋੜ ਸਾਰੇ ਭਾਰਤੀਆਂ ਹਿੰਦੂ-ਸਿਖ-ਮੁਸਲਿਮ ਏਕਤਾ ਹੀ ਹੋ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਗੋਰੇ ਜਾਂਦੇ ਹੋਏ ਵੀ ਆਪਣੀ ਖੇਡ ਵਿੱਚ ਕਾਮਯਾਬ ਹੋ ਗਏ ਅਤੇ ਆਪਣੇ ਹਥ ਠੋਕੇ ਫਿਰਕੂ ਅਨਸਰਾਂ ਨੂੰ ਸ਼ਹਿ ਦੇ ਕੇ ਧਰਮ ਦੇ ਅਧਾਰ ਤੇ ਪੂਰਬੀ ਅਤੇ ਪੱਛਮੀ ਦੋ ਪਾਕਿਸਤਾਨ ਬਣਾ ਗਏ (ਪੂਰਬੀ ਪਾਕਿਸਤਾਨ 1971 ਤੋਂ ਬੰਗਲਾਦੇਸ਼ ਵਜੋਂ ਵੱਖਰੇ ਦੇਸ਼ ਵਜੋਂ ਹੋਂਦ ਵਿੱਚ ਆ ਗਿਆ ਹੈ)।
7) ਦੇਸ਼ ਨੂੰ ਅਜਾਦ ਹੋਏ ਬੇਸ਼ੱਕ 77 ਵਰ੍ਹੇ ਹੋਣ ਵਾਲੇ ਹਨ, ਪਰ ਸ਼ਹੀਦਾਂ ਦੇ ਸੁਪਨੇ ਅਧੂਰੇ ਹਨ। ਅਮੀਰੀ ਅਤੇ ਗ਼ਰੀਬੀ ਵਿੱਚ ਪਾੜਾ ਲਗਾਤਾਰ ਵਧ ਰਿਹਾ ਹੈ। ਦੇਸ਼ ਦੀ 60 ਫ਼ੀਸਦੀ ਅਬਾਦੀ ਜਿਊਂਦੇ ਰਹਿਣ ਲਈ ਸਰਕਾਰ ਵੱਲੋਂ ਦਿੱਤੇ ਜਾ ਰਹੇ 5 ਕਿਲੋ ਮੁਫ਼ਤ ਅਨਾਜ ਦੀ ਮੁਥਾਜ ਬਣਾ ਦਿੱਤੀ ਗਈ ਹੈ। ਰੁਜ਼ਗਾਰ ਦੇਣ ਦੀ ਬਜਾਏ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੀ ਚਾਟ 'ਤੇ ਲਗਾ ਕੇ ਉਨਾਂ ਦਾ ਸਵੈਮਾਣ ਖੋਰਿਆ ਜਾ ਰਿਹਾ ਹੈ। ਦੇਸ਼ ਦੀ 70 ਸਾਲ ਦੀ ਬਣਾਈ ਕੌਮੀ ਜਾਇਦਾਦ ਪਬਲਿਕ ਸੈਕਟਰ ਦੇ ਅਦਾਰੇ ਰੇਲ, ਹਵਾਈ ਅੱਡੇ, ਬੰਦਰਗਾਹਾਂ, ਖਾਣਾਂ ਅਤੇ ਵੱਡੇ ਕਾਰਖਾਨੇ ਪ੍ਰਾਈਵੇਟ ਧਨ ਕੁਬੇਰਾਂ ਨੂੰ ਵੇਚੇ ਜਾ ਰਹੇ ਹਨ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗੈਂਗਸਟਰ ਟੋਲਿਆਂ ਅਤੇ ਨਸ਼ਿਆਂ ਦੀ ਹਨੇਰੀ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਲੋਕਾਂ ਦੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਹਕੂਮਤਾਂ ਵੱਲੋਂ ਫਿਰਕੂ ਨਫ਼ਰਤ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੰਗ੍ਰੇਜਾਂ ਦੇ 'ਰੌਲਟ ਐਕਟ' ਤੋਂ ਵੀ ਵੱਧ ਖਤਰਨਾਕ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ ਤਾਂ ਕਿ ਅਸਹਿਮਤੀ ਦੀ ਹਰ ਅਵਾਜ ਨੂੰ ਹਕੂਮਤੀ ਜੋਰ ਨਾਲ ਦਬਾਅ ਦਿੱਤਾ ਜਾਵੇ।
ਆਓ, ਸ ਊਧਮ ਸਿੰਘ ਦੀ ਸ਼ਹਾਦਤ ਦੀ 84ਵੀਂ ਬਰਸੀ 'ਤੇ ਪ੍ਰਣ ਕਰੀਏ ਕਿ ਉਨਾਂ ਦੇ ਅਧੂਰੇ ਸੁਪਨੇ ਪੂਰੇ ਕਰਾਂਗੇ ਅਤੇ ਸਮਾਜ ਵਿੱਚੋਂ ਫੁੱਟ ਪਾਊ ਤਾਕਤਾਂ ਦੇ ਨਾਲ-ਨਾਲ ਕਿਰਤੀ- ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲੀਆਂ ਵੱਡੀਆਂ ਦੇਸੀ ਬਦੇਸੀ ਲੁਟੇਰੀਆਂ ਕੰਪਨੀਆਂ ਦਾ ਟਾਕਰਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਾਂਗੇ। ਇਹੀ ਸ ਊਧਮ ਸਿੰਘ ਅਤੇ ਹੋਰ ਸਾਰੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
-
ਅਸ਼ੋਕ ਕੌਸ਼ਲ , ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੋਸਾਇਟੀ (ਰਜਿ), ਕੋਟਕਪੂਰਾ
*******
94637-85848
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.