ਨੌਜਵਾਨ ਵਰਗ ਨੂੰ ਕੌਮੀ ਸਰਮਾਇਆ ਕਹਿ ਕੇ ਵਡਿਆਇਆ ਜਾਂਦਾ ਹੈ। ਇਹ ਗੱਲ ਸੌ ਫ਼ੀਸਦੀ ਸੱਚ ਵੀ ਹੈ। ਕਿਸੇ ਵੀ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ’ਤੇ ਹੀ ਨਿਰਭਰ ਕਰਦਾ ਹੈ। ਲੈਨਿਨ ਨੇ ਕਿਹਾ ਸੀ ਕਿ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ। ਜੋ ਅਜੋਕੇ ਦੌਰ ਵਿਚ ਗੀਤਾਂ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦਾ ਭਵਿੱਖ ਚੰਗਾ ਨਹੀਂ ਹੈ। ਜਦੋਂ ਖ਼ਬਰਾਂ ਵਿਚ ਦੇਖਦੇ-ਸੁਣਦੇ ਹਾਂ ਕਿ ਕਿਸੇ ਨਸ਼ੇੜੀ ਨੇ ਮਾਂ ਜਾਂ ਬਾਪ ਦਾ ਕਤਲ ਕਰ ਦਿੱਤਾ, ਲੁੱਟਮਾਰ ਕਰ ਲਈ ਜਾਂ ਨਸ਼ੇੜੀ ਕਿਸੇ ਥਾਂ ਆਪ ਹੀ ਮਰਿਆ ਮਿਲਿਆ ਹੈ ਤਾਂ ਇਸ ਤੋਂ ਸਪਸ਼ਟ ਪਤਾ ਲੱਗਦਾ ਹੈ ਸਾਡਾ ਸਮਾਜ ਬਿਮਾਰ ਹੋ ਗਿਆ ਹੈ। ਇਸ ਬਿਮਾਰੀ ਦਾ ਸ਼ਿਕਾਰ ਕੇਵਲ ਨੌਜਵਾਨ ਮੁੰਡੇ ਹੀ ਨਹੀਂ, ਕੁੜੀਆਂ ਵੀ ਹਨ। ਜਦੋਂ ਸਮਾਜ ਦੇ ਏਨੇ ਭੈੜੇ ਹਾਲਾਤ ਦੇਖਦੇ ਹਾਂ ਤਾਂ ਮਨ ਵਿਚ ਸਵਾਲ ਉੱਠਦੇ ਹਨ ਕਿ ਦੇਸ਼ ਦੀ ਨੌਜਵਾਨੀ ਨੇ ਕਿੱਧਰ ਦਾ ਰੁਖ਼ ਅਖ਼ਤਿਆਰ ਕਰ ਲਿਆ ਹੈ, ਦੋਸ਼ੀ ਕੌਣ ਹੈ? ਦੇਸ਼ ਦੇ ਨੇਤਾ ਅਜਿਹੀ ਹਾਲਤ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੇ ਐਲਾਨ ਕਰਦੇ ਰਹਿੰਦੇ ਹਨ ਪਰ ਕੋਈ ਫ਼ਰਕ ਪੈਂਦਾ ਦਿਖਾਈ ਨਹੀਂ ਦਿੰਦਾ। ਇਸ ਦਾ ਕਾਰਨ ਸਪਸ਼ਟ ਹੈ ਕਿ ਅਸੀਂ ਕੁਦਰਤ ਨਾਲੋਂ ਟੁੱਟ ਕੇ ਕਾਰਪੋਰੇਟ ਨਾਲ ਜੁੜ ਗਏ ਹਾਂ। ਸਾਨੂੰ ਮਨੁੱਖ ਨਾਲੋਂ ਵੱਧ ਪੈਸੇ ਦੀ ਪਰਵਾਹ ਹੈ, ਠੀਕ ਉਸੇ ਤਰ੍ਹਾਂ ਜਿਵੇਂ ਸਰਕਾਰਾਂ ਨੂੰ ਵੋਟਾਂ ਦੀ ਪਰਵਾਹ ਹੈ। ਅੱਜ ਬਾਜ਼ਾਰ ਵਿੱਚੋਂ ਜੋ ਵੀ ਖ਼ਰੀਦੋ, ਉਸ ਵਿਚ ਮਿਲਾਵਟ ਹੋਣਾ, ਸਾਮਾਨ ਨਕਲੀ ਹੋਣਾ ਆਮ ਵਰਤਾਰਾ ਹੈ। ਜਦੋਂ ਇਨ੍ਹਾਂ ਸਮੱਸਿਆਵਾਂ ਦੇ ਕਾਰਨਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਹੋਰ ਅਨੇਕ ਕਾਰਨਾਂ ਦੇ ਨਾਲ-ਨਾਲ ਇਕ ਵੱਡਾ ਕਾਰਨ ਬੇਰੁਜ਼ਗਾਰੀ ਨਜ਼ਰ ਆਉਂਦਾ ਹੈ। ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿਚ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਜਿਹੜੇ ਨਹੀਂ ਜਾ ਸਕਦੇ ਜਾਂ ਨਹੀਂ ਜਾਣਾ ਚਾਹੁੰਦੇ, ਉਹ ਹੋਰ ਪਾਸੇ ਹੱਥ ਮਾਰਦੇ ਹਨ। ਜਦੋਂ ਵਾਰ-ਵਾਰ ਮਿਹਨਤ ਕਰਨ ਦੇ ਬਾਵਜੂਦ ਉਹ ਕਾਮਯਾਬ ਨਹੀਂ ਹੁੰਦੇ ਤਾਂ ਨਿਰਾਸ਼ ਹੋ ਕੇ ਨਸ਼ਿਆਂ ਵੱਲ ਰੁਖ਼ ਕਰ ਲੈਂਦੇ ਹਨ। ਇਹ ਨਸ਼ੇ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ ਜਿਨ੍ਹਾਂ ਪਿੱਛੇ ਮੰਦਭਾਵਨਾ ਵਾਲੀ ਰਾਜਨੀਤੀ ਹੁੰਦੀ ਹੈ। ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨ ਆਪਣੇ ਨਾਲ-ਨਾਲ ਪਰਿਵਾਰ ਅਤੇ ਦੇਸ਼ ਦਾ ਭਵਿੱਖ ਵੀ ਖ਼ਰਾਬ ਕਰ ਰਹੇ ਹਨ। ਨੌਜਵਾਨਾਂ ਦਾ ਨਿਰਾਸ਼ਾ ਦੀ ਖੱਡ ’ਚ ਡਿੱਗਣ ਦਾ ਕਾਰਨ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਦਾ ਖ਼ਰਾਬ ਹੋ ਜਾਣਾ ਵੀ ਹੈ। ਪਿਛਲੇ ਸਮੇਂ ’ਚ 2364 ਈਟੀਟੀ ਅਧਿਆਪਕਾਂ, 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਦਾ ਵਿਚਾਲੇ ਲਮਕਣਾ, ਨੀਟ ਯੂਜੀ ਤੇ ਯੂਜੀਸੀ ਨੈੱਟ ਦੇ ਪੇਪਰਾਂ ਦਾ ਲੀਕ ਹੋਣਾ ਤੇ ਹੋਰ ਬਹੁਤ ਸਾਰੀਆਂ ਭਰਤੀਆਂ ਤੇ ਪੇਪਰਾਂ ’ਚ ਭ੍ਰਿਸ਼ਟਾਚਾਰ ਦਾ ਪਤਾ ਲੱਗਣਾ ਮਿਹਨਤੀ ਨੌਜਵਾਨਾਂ ਦੇ ਹੌਸਲੇ ਪਸਤ ਕਰ ਰਿਹਾ ਹੈ। ਜਦੋਂ ਉਨ੍ਹਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪੈਂਦਾ ਤਾਂ ਉਹ ਗ਼ਲਤ ਰਸਤਾ ਅਖ਼ਤਿਆਰ ਕਰਨ ਲਈ ਮਜਬੂਰ ਹੋ ਜਾਂਦੇ ਹਨ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.