ਪੈਰਿਸ ਓਲੰਪਿਕਸ 'ਚ ਰਲਿਆ ਮਿਲਿਆ ਰਿਹਾ ਭਾਰਤ ਲਈ ਚੌਥਾ ਦਿਨ, 29 ਜੁਲਾਈ ਦਾ
ਪੈਰਿਸ ਓਲੰਪਿਕਸ ਵਿੱਚ ਭਾਰਤ: ਮਨੂ ਭਾਕਰ-ਸਰਬਜੋਤ ਸਿੰਘ ਕਾਂਸੀ ਦਾ ਮੈਡਲ ਮੈਚ ਖੇਡਣਗੇ
ਅਰਜੁਨ ਬਬੂਟਾ ਚੌਥੇ ਸਥਾਨ ਉੱਤੇ ਰਿਹਾ, ਹਾਕੀ ਵਿੱਚ ਅਰਜਨਟਾਈਨਾ ਨਾਲ ਡਰਾਅ ਮੈਚ ਖੇਡਿਆ
-ਨਵਦੀਪ ਸਿੰਘ ਗਿੱਲ
ਚੰਡੀਗੜ੍ਹ, 29 ਜੁਲਾਈ 2024- ਪੈਰਿਸ ਓਲੰਪਿਕ ਖੇਡਾਂ ਵਿੱਚ ਅੱਜ ਭਾਰਤ ਲਈ ਰਲਿਆ ਮਿਲਿਆ ਦਿਨ ਰਿਹਾ। ਮਨੂ ਭਾਕਰ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਆਪਣੇ ਅਤੇ ਦੇਸ਼ ਦੇ ਦੂਜੇ ਮੈਡਲ ਵੱਲ ਕਦਮ ਵਧਾਉਂਦਿਆਂ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 580 ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ। ਭਾਰਤੀ ਟੀਮ ਹੁਣ ਉਹ ਭਲਕੇ 30 ਜੁਲਾਈ ਨੂੰ ਦੱਖਣੀ ਕੋਰੀਆ ਟੀਮ ਨਾਲ ਕਾਂਸੀ ਦੇ ਮੈਡਲ ਲਈ ਖੇਡੇਗੀ। ਭਾਰਤ ਮੈਡਲ ਤੋਂ ਮਹਿਜ਼ ਇਕ ਜਿੱਤ ਦੂਰ ਹੈ। ਇਸੇ ਈਵੈਂਟ ਵਿੱਚ ਇੱਕ ਹੋਰ ਭਾਰਤੀ ਟੀਮ ਅਰਜੁਨ ਸਿੰਘ ਚੀਮਾ ਤੇ ਰਿਦਮ ਸਾਂਗਵਾਨ 576 ਸਕੋਰ ਨਾਲ 10ਵੇਂ ਨੰਬਰ ਉੱਤੇ ਰਹੀ।
ਉਧਰ ਨਿਸ਼ਾਨੇਬਾਜ਼ੀ ਦੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਇੱਕ ਪੁਜ਼ੀਸ਼ਨ ਉੱਤੇ ਮੈਡਲ ਤੋਂ ਖੁੰਝ ਗਿਆ। ਪੰਜਾਬ ਦਾ ਅਰਜੁਨ ਬਬੂਟਾ ਬਹੁਤ ਸੋਹਣਾ ਖੇਡਿਆ ਪਰ ਇੱਕ ਪੁਆਇੰਟ ਨਾਲ ਤਮਗ਼ਾ ਜਿੱਤਣ ਤੋਂ ਰਹਿ ਗਿਆ। ਅਰਜੁਨ 10 ਮੀਟਰ ਏਅਰ ਰਾਈਫਲ ਦੇ ਫ਼ਾਈਨਲ ਵਿੱਚ 208.3 ਸਕੋਰ ਨਾਲ ਚੌਥੇ ਸਥਾਨ ਉੱਪਰ ਰਿਹਾ। 16 ਰਾਊਂਡ ਤੱਕ ਅਰਜੁਨ ਦੂਜੇ ਨੰਬਰ ਉੱਤੇ ਚੱਲ ਰਿਹਾ ਸੀ। ਅਰਜੁਨ ਨੇ ਭਾਵੇਂ ਤਮਗ਼ਾ ਨਹੀਂ ਜਿੱਤਿਆ ਪਰ ਉਸ ਨੇ ਆਪਣੇ ਨਿਸ਼ਾਨਿਆਂ ਨਾਲ ਦਿਲ ਜ਼ਰੂਰ ਜਿੱਤੇ।
ਨਿਸ਼ਾਨੇਬਾਜ਼ੀ ਵਿੱਚ ਹੀ ਇੱਕ ਹੋਰ ਫਾਈਨਲਿਸਟ ਨਿਸ਼ਾਨੇਬਾਜ਼ ਭਾਰਤ ਦੀ ਰਮਿਤਾ ਜਿੰਦਲ ਪੈਰਿਸ ਮਹਿਲਾਵਾਂ ਦੇ 10 ਮੀਟਰ ਰਾਈਫਲ ਈਵੈਂਟ ਦੇ ਫ਼ਾਈਨਲ ਵਿੱਚ 145.3 ਸਕੋਰ ਨਾਲ ਸੱਤਵੇਂ ਸਥਾਨ ਉੱਤੇ ਰਹੀ। ਪੁਰਸ਼ ਹਾਕੀ ਵਿੱਚ ਭਾਰਤੀ ਟੀਮ ਨੇ ਲੱਗਭੱਗ ਪੂਰਾ ਮੈਚ ਅਰਜਨਟਾਈਨਾ ਤੋਂ ਇੱਕ ਗੋਲ ਨਾਲ ਪਛੜਨ ਤੋਂ ਬਾਅਦ ਮੈਚ ਸਮਾਪਤੀ ਤੋਂ ਪੌਣੇ ਦੋ ਮਿੰਟ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ 59ਵੇਂ ਮਿੰਟ ਵਿੱਚ ਡਰੈਗ ਫਲਿੱਕ ਨਾਲ ਕੀਤੇ ਗੋਲ ਸਦਕਾ 1-1 ਨਾਲ ਡਰਾਅ ਮੈਚ ਖੇਡਿਆ। ਭਾਰਤੀ ਟੀਮ ਪੂਲ ਬੀ ਵਿੱਚ ਚਾਰ ਅੰਕਾਂ ਨਾਲ ਤੀਜੇ ਸਥਾਨ ਉੱਤੇ ਚੱਲ ਰਿਹਾ ਹੈ। ਚਾਰ ਟੀਮਾਂ ਕੁਆਰਟਰ ਫ਼ਾਈਨਲ ਵਿੱਚ ਪੁੱਜਣਗੀਆਂ।
ਅੱਜ ਦੇ ਮੈਚ ਵਿੱਚ ਭਾਰਤੀ ਟੀਮ ਪਹਿਲੇ ਕੁਆਰਟਰ ਵਿੱਚ ਹਾਵੀ ਰਹਿਣ ਦੇ ਬਾਵਜੂਦ ਗੋਲ ਨਾ ਕਰ ਸਕੀ। ਦੂਜੇ ਕੁਆਰਟਰ ਵਿੱਚ ਮਾਰਟੀਨੇਜ਼ ਦੇ 22ਵੇਂ ਮਿੰਟ ਵਿੱਚ ਫੀਲਡ ਗੋਲ ਨਾਲ ਅਰਜਨਟਾਈਨਾ ਨੇ 1-0 ਦੀ ਲੀਡ ਲੈ ਲਈ। ਤੀਜਾ ਤੇ ਚੌਥਾ ਕੁਆਰਟਰ ਬਹੁਤ ਤੇਜ਼ ਹਾਕੀ ਖੇਡੀ ਗਈ। ਦੋਵੇਂ ਟੀਮਾਂ ਨੇ ਬਹੁਤ ਮੌਕੇ ਬਣਾਏ ਪਰ ਗੋਲ ਕਰਨ ਚ ਸਫ਼ਲ ਨਾ ਹੋਏ। ਅਰਜਨਟਾਈਨਾ ਨੂੰ ਇੱਕ ਪੈਨਲਟੀ ਸਟੋਰਕ ਵੀ ਮਿਲਿਆ ਜੋ ਬਾਹਰ ਚਲਾ ਗਿਆ।
ਚੌਥੇ ਕੁਆਰਟਰ ਵਿੱਚ ਭਾਰਤੀ ਟੀਮ ਹਮਲਿਆਂ ਉੱਤੇ ਉਤਾਰੂ ਸੀ ਅਤੇ ਮੈਚ ਸਮਾਪਤੀ ਤੋਂ ਚਾਰ ਮਿੰਟ ਪਹਿਲਾਂ ਭਾਰਤ ਨੇ ਗੋਲਚੀ ਸ੍ਰੀਜੇਸ਼ ਨੂੰ ਬਾਹਰ ਬੁਲਾ ਕੇ ਫੀਲਡ ਵਿੱਚ ਪੂਰੇ 11 ਖਿਡਾਰੀ ਉਤਾਰ ਦਿੱਤੇ। ਭਾਰਤ ਨੂੰ ਲਗਾਤਾਰ ਪੈਨਲਟੀ ਕਾਰਨਰ ਮਿਲ ਰਹੇ ਸਨ ਪਰ ਅਰਜਨਟਾਈਨਾ ਦੇ ਡਿਫੈਂਸ ਨੂੰ ਤੋੜ ਪਾਉਣਾ ਔਖਾ ਹੋ ਰਿਹਾ ਸੀ। 59ਵੇਂ ਮਿੰਟ ਵਿੱਚ ਉਤੋਤੜੀ ਮਿਲੇ ਪੈਨਲਟੀ ਕਾਰਨਰ ਉੱਪਰ ਆਖਰ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤੀ ਹਾਕੀ ਪ੍ਰੇਮੀਆਂ ਨੂੰ ਰਾਹਤ ਦਿੱਤੀ ਅਤੇ ਮੈਚ 1-1 ਨਾਲ ਡਰਾਅ ਰਿਹਾ। ਅਰਜਨਟਾਈਨਾ ਕੋਈ ਹਲਕੀ ਟੀਮ ਨਹੀਂ ਹੈ, 2014 ਵਿਸ਼ਵ ਕੱਪ ਵਿੱਚ ਕਾਂਸੀ ਦਾ ਮੈਡਲ ਅਤੇ 2016 ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਿਆ ਹੈ। ਭਾਰਤ ਹੁਣ ਤੀਜਾ ਲੀਗ ਮੈਚ ਭਲਕੇ ਆਇਰਲੈਂਡ ਨਾਲ ਖੇਡੇਗਾ।
ਬੈਡਮਿੰਟਨ ਵਿੱਚ ਪੁਰਸ਼ ਡਬਲਜ਼ ਵਿੱਚ ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੈਂਕੀਰੈਡੀ ਤੇ ਚਿਰਾਗ ਸ਼ੈਟੀ ਕੁਆਰਟਰ ਫ਼ਾਈਨਲ ਵਿੱਚ ਪੁੱਜ ਗਈ। ਓਲੰਪਿਕਸ ਇਤਿਹਾਸ ਵਿੱਚ ਭਾਰਤ ਪਹਿਲੀ ਵਾਰ ਬੈਡਮਿੰਟਨ ਦੇ ਪੁਰਸ਼ ਡਬਲਜ਼ ਦੇ ਆਖ਼ਰੀ ਅੱਠਾਂ ਵਿੱਚ ਪੁੱਜਿਆ ਹੈ। ਭਾਰਤ ਦੇ ਪੂਲ ਵਿੱਚ ਭਾਰਤ ਨੇ ਫਰਾਂਸ ਨੂੰ ਹਰਾ ਦਿੱਤਾ ਸੀ ਅਤੇ ਇੰਡੋਨੇਸ਼ੀਆ ਨੇ ਵੀ ਫਰਾਂਸ ਨੂੰ ਹਰਾ ਦਿੱਤਾ। ਭਾਰਤ ਦਾ ਅੱਜ ਜਰਮਨੀ ਦੀ ਜੋੜੀ ਨਾਲ ਮੈਚ ਸੀ ਪਰ ਜਰਮਨੀ ਟੀਮ ਵੱਲੋਂ ਨਾ ਖੇਡਣ ਕਰਕੇ ਇਸ ਪੂਲ ਵਿੱਚੋਂ ਭਾਰਤ ਤੇ ਇੰਡੋਨੇਸ਼ੀਆ ਦਾ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪੱਕਾ ਹੋ ਗਿਆ, ਹਾਲਾਂਕਿ ਦੋਵਾਂ ਵਿਚਾਲੇ ਆਪਸੀ ਆਖਰੀ ਲੀਗ ਮੈਚ ਭਲਕੇ 30 ਜੁਲਾਈ ਨੂੰ ਖੇਡਿਆ ਜਾਵੇਗਾ।
ਪੁਰਸ਼ ਸਿੰਗਲਜ਼ ਵਿੱਚ ਭਾਰਤ ਦੇ ਲਕਸ਼ੇ ਸੇਨ ਨੇ ਲਗਾਤਾਰ ਦੂਜਾ ਲੀਗ ਮੈਚ ਜਿੱਤਦਿਆਂ ਬੈਲਜੀਅਮ ਦੇ ਜੂਲੀਅਨ ਕਾਰਾਗੀ ਨੂੰ ਸਿੱਧੀਆਂ ਗੇਮਾਂ ਵਿੱਚ 21-19 ਤੇ 21-14 ਨਾਲ ਹਰਾਇਆ। ਮਹਿਲਾ ਡਬਲਜ਼ ਵਿੱਚ ਭਾਰਤ ਦੀ ਅਸ਼ਵਨੀ ਪੋਨੱਪਾ ਤੇ ਤਨੀਸ਼ਾ ਕਰਾਸਟੋ ਦੀ ਜੋੜੀ ਨੂੰ ਲਗਾਤਾਰ ਦੂਜੇ ਮੈਚ ਵਿੱਚ ਹਾਰ ਮਿਲੀ। ਉਹ ਜਪਾਨ ਦੀ ਟੀਮ ਤੋਂ 11-21 ਤੇ 12-21 ਨਾਲ ਹਾਰੀ।
ਟੇਬਲ ਟੈਨਿਸ ਵਿੱਚ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਸ਼ਰਤ ਕਮਲ ਤੋਂ ਬਾਅਦ ਹਰਮੀਤ ਦੇਸਾਈ ਵੀ ਬਾਹਰ ਹੋ ਗਿਆ। ਉਸ ਨੂੰ ਰਾਊਂਡ 64 ਵਿੱਚ ਫਰਾਂਸ ਦੇ ਫੈਲਿਕਸ ਲਿਬਰਨ ਕੋਲ਼ੋਂ ਚਾਰ ਸਿੱਧੀਆਂ ਗੇਮਾਂ ਵਿੱਚ 0-4 ਨਾਲ ਹਾਰ ਮਿਲੀ।
ਟੈਨਿਸ ਵਿੱਚ ਪੁਰਸ਼ ਡਬਲਜ਼ ਵਿੱਚ ਰੋਹਨ ਬੋਪੰਨਾ ਤੇ ਸ੍ਰੀਰਾਮ ਬਾਲਾਜੀ ਦੀ ਜੋੜੀ ਨੂੰ ਫਰਾਂਸੀਸੀ ਜੋੜੀ ਹੱਥੋਂ 5-7 ਤੇ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੀਰਅੰਦਾਜ਼ੀ ਦੇ ਪੁਰਸ਼ ਟੀਮ ਮੁਕਾਬਲੇ ਦੇ ਕੁਆਰਟਰ ਫ਼ਾਈਨਲ ਵਿੱਚ ਭਾਰਤੀ ਟੀਮ ਤੁਰਕੀ ਹੱਥੋਂ 2-6 ਨਾਲ ਹਾਰ ਕੇ ਬਾਹਰ ਹੋ ਗਈ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਖੇਡ ਲੇਖਕ
navdeepsinghgill82@gmail.com
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.