ਅਜੋਕੇ ਪਦਾਰਥਵਾਦੀ ਯੁੱਗ ਦੌਰਾਨ ਲੋਕਾਂ ਲਈ ਕੇਵਲ ਪੈਸਾ ਹੀ ਸਭ ਕੁਝ ਹੈ। ਵੱਧ ਤੋਂ ਵੱਧ ਪੈਸਾ ਕਮਾਉਣ ਦੀ ਤਲਬ ਕਾਰਨ ਖ਼ੁਰਾਕੀ ਪਦਾਰਥਾਂ ਵਿਚ ਮਿਲਾਵਟ ਕਰ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਵਿਚ ਜਿਸ ਹੱਦ ਤੱਕ ਮਿਲਾਵਟਖੋਰੀ ਵਧ ਗਈ ਹੈ, ਇੰਜ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੇ ਕੁਝ ਕੁ ਸਾਲਾਂ ’ਚ ਕੈਂਸਰ ਹੋਰ ਤੇਜ਼ੀ ਨਾਲ ਪੈਰ ਪਸਾਰੇਗਾ
ਵੱਡਾ ਸਵਾਲ ਇਹ ਹੈ ਕਿ ਮਨੁੱਖ ਕੀ ਖਾਵੇ ਅਤੇ ਕਿੱਥੇ ਜਾ ਕੇ ਸਾਹ ਲਵੇ ਕਿਉਂਕਿ ਅਜੋਕੇ ਸਮੇਂ ਦੌਰਾਨ ਹਵਾ, ਪਾਣੀ ਤੇ ਅੰਨ ਕੁਝ ਵੀ ਸ਼ੁੱਧ ਨਹੀਂ ਹੈ। ਪਿਛਲੇ ਜ਼ਮਾਨੇ ’ਚ ਜੇ ਕਿਸੇ ਨੂੰ ਘਬਰਾਹਟ ਹੁੰਦੀ ਸੀ ਤਾਂ ਉਸ ਨੂੰ ਬਾਹਰ ਖੁੱਲ੍ਹੀ ਹਵਾ ’ਚ ਟਹਿਲਣ ਲਈ ਕਿਹਾ ਜਾਂਦਾ ਸੀ ਪਰ ਅੱਜ-ਕੱਲ੍ਹ ਵਧ ਰਹੇ ਪ੍ਰਦੂਸ਼ਣ ਕਾਰਨ ਦਿਨ-ਬ-ਦਿਨ ਹਵਾ ਦੀ ਗੁਣਵੱਤਾ ਬਦ-ਤੋਂ-ਬਦਤਰ ਹੋਈ ਜਾ ਰਹੀ ਹੈ ਜਿਸ ਕਾਰਨ ਉਸ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ।
ਪਹਿਲਾਂ ਸਵੇਰ ਦੀ ਤਾਜ਼ੀ ਹਵਾ ਵਿਚ ਸੈਰ ਕਰਨ ਨਾਲ ਬਿਮਾਰੀਆਂ ਦੂਰ ਭੱਜਦੀਆਂ ਸਨ ਪਰ ਹੁਣ ਤਕਨਾਲੋਜੀ ਤੇ ਉਦਯੋਗੀਕਰਨ ਦੇ ਸਹਾਰੇ ਹੋ ਰਹੀ ਤਰੱਕੀ ਹੀ ਮਨੁੱਖ ਦਾ ਦਮ ਘੁੱਟ ਰਹੀ ਹੈ। ਕਾਰਖਾਨਿਆਂ ’ਚੋਂ ਪ੍ਰਦੂਸ਼ਣ ਨਿਕਲਣ ਕਾਰਨ ਅਸਥਮਾ ਲੋਕਾਂ ਨੂੰ ਆਮ ਹੀ ਹੋ ਰਿਹਾ ਹੈ।
ਕੋਈ ਵੇਲਾ ਸੀ ਜਦ ਪੰਜਾਬ ਦੇ ਦਰਿਆਵਾਂ ਵਿਚ ਵਹਿੰਦੇ ਪਾਣੀਆਂ ਨੂੰ ਅੰਮ੍ਰਿਤ ਸਮਝਿਆ ਜਾਂਦਾ ਸੀ ਪਰ ਹੁਣ ਮਨੁੱਖ ਦੀ ਤਰੱਕੀ ਨੇ ਪਾਣੀ ਨੂੰ ਵੀ ਪੀਣ-ਯੋਗ ਨਹੀਂ ਰਹਿਣ ਦਿੱਤਾ। ਮਾਲਵਾ ਬੈਲਟ ’ਚ ਪਾਣੀ ਵਿਚ ਯੂਰੇਨੀਅਮ ਕਾਰਨ ਲੋਕ ਕੈਂਸਰ ਦੀ ਲਪੇਟ ’ਚ ਆ ਰਹੇ ਹਨ।
ਮਾਹਿਰਾਂ ਮੁਤਾਬਕ ਧਰਤੀ ਹੇਠਲੇ ਪਾਣੀ ‘ਚ ਆਰਸੈਨਿਕ,ਯੂਰੇਨਿਅਮ ‘ਤੇ ਸਿੱਕਾ ਆਦਿ ਵੀ ਸ਼ਾਮਿਲ ਹਨ। ਤ੍ਰਾਸਦੀ ਇਹ ਹੈ ਕਿ ਮਾਲਵਾ ਬੈਲਟ ’ਚ ਲੋਕ ਪਾਣੀ ਦੇ ਨਾਂ ’ਤੇ ਆਪਣੇ ਹੱਥੀਂ ਜ਼ਹਿਰ ਦਾ ਘੁੱਟ ਭਰ ਰਹੇ ਨੇ। ਰਿਪੋਰਟ ਮੁਤਾਬਕ ਮਾਲਵਾ ਬੈਲਟ ’ਚ ਰੋਜ਼ 18 ਲੋਕ ਕੈਂਸਰ ਕਾਰਨ ਮਰ ਰਹੇ ਹਨ ਜਿਸ ਕਾਰਨ ਮਾਲਵੇ ਨੂੰ ਕੈਂਸਰ ਬੈਲਟ ਦਾ ਨਾਮ ਦਿੱਤਾ ਗਿਆ ਹੈ। ਕਹਿਣ ਨੂੰ ਤਾਂ ਅੰਨ-ਪਾਣੀ ਮਨੁੱਖੀ ਸਰੀਰ ਦੀ ਊਰਜਾ ਦਾ ਮੁੱਖ ਸਰੋਤ ਹਨ ਪਰ ਚਿੰਤਾਜਨਕ ਗੱਲ ਇਹ ਹੈ ਕਿ ਜਿਸ ਤਾਦਾਦ ’ਚ ਫ਼ਸਲਾਂ ਦੀ ਪੈਦਾਵਰ ਤੇ ਉਤਪਦਨ ਵਧਾਉਣ ਲਈ ਅੰਨ੍ਹੇਵਾਹ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਨਾਲ ਲੋਕਾਂ ਦੇ ਸਰੀਰ ਦੀ ਊਰਜਾ ਵਧਣ ਦੀ ਥਾਂ ਘਟਦੀ ਜਾ ਰਹੀ ਹੈ ਕਿਉਂਕਿ ਖਾਂਦਾਂ ਤੇ ਕੀਟਨਾਸ਼ਕ ਦਵਾਈਆਂ ਨਾਲ ਪੈਦਾ ਹੋਈਆਂ ਫ਼ਸਲਾਂ ਇਨਸਾਨ ਦੇ ਸਰੀਰ ਨੂੰ ਜ਼ਰੂਰੀ ਤੱਤ ਮੁਹੱਈਆ ਕਰਵਾਉਣ ਦੀ ਥਾਂ ਜਾਨਲੇਵਾ ਬਿਮਾਰੀਆਂ ਮੁਹੱਈਆ ਕਰਵਾ ਰਹੀਆਂ ਹਨ।
ਸੋ, ਇਹ ਡੂੰਘਾਈ ਨਾਲ ਸੋਚਣ ਵਾਲੀ ਗੱਲ ਹੈ ਕਿ ਮਨੁੱਖ ਆਕਸੀਜਨ ਲੈਣ ਲਈ ਸ਼ੁੱਧ ਹਵਾ ਕਿੱਥੋਂ ਲੱਭੇ ਤੇ ਇਸ ਮਿਲਾਵਟਖੋਰੀ ਦੇ ਦੌਰ ’ਚ ਸਰੀਰ ਨੂੰ ਤਾਕਤ ਦੇਣ ਲਈ ਕੀ ਖਾਵੇ? ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾਵੇ ਤੇ ਸਖ਼ਤ ਤੋਂ ਸਖ਼ਤ ਨਿਯਮ-ਕਾਨੂੰਨ ਬਣਾਏ ਜਾਣ ਤਾਂ ਜੋ ਮਿਲਾਵਟਖੋਰੀ ਬੰਦ ਹੋ ਸਕੇ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.