➡️ ਸਭ ਧਰਮਾਂ ਦਾ ਸਤਿਕਾਰ ਕਰੋ ਸਭਨਾਂ ਨਾਲ ਪਿਆਰ ਕਰੋ - ਡਾ. ਐਚ. ਐਸ. ਬਾਵਾ
➡️ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ।
➡️ ਕੀ ਅਸੀਂ ਧਾਰਮਿਕ ਹੋਣ ਦਾ ਭਰਮ ਤਾਂ ਨਹੀਂ ਪਾਲੀ ਬੈਠੇ?
============================
➡️ ਸਾਡਾ ਦੇਸ਼ ਧਾਰਮਿਕ ਅਤੇ ਮਿਹਨਤਕਸ਼ ਲੋਕਾਂ ਦੇ ਦੇਸ਼ ਵਜੋਂ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਰਿਸ਼ੀਆਂ - ਮੁਨੀਆਂ - ਗੁਰੂਆਂ - ਪੀਰਾਂ - ਪੈਗੰਬਰਾਂ ਦੀ ਧਰਤੀ ਹੈ ਜਿਹਨਾਂ ਵਲੋਂ ਆਪੋ ਆਪਣੇ ਤਰੀਕੇ ਨਾਲ ਮਨੁੱਖ ਦੇ ਸਰਵ ਪੱਖੀ ਵਿਕਾਸ ਲਈ ਅਹਿਮ ਭੂਮਿਕਾ ਨਿਭਾਈ ਗਈ। ਮੈਂ ਬਚਪਨ ਤੋਂ ਹੀ ਸੁਣਦਾ ਆ ਰਿਹਾ ਹਾਂ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਜਦੋਂ ਵੀ ਮੈਂ ਇਸ ਸ਼ਬਦ ਵਾਰੇ ਖੁਦ ਆਪਣੇ - ਆਪ ਨਾਲ ਵਿਚਾਰ - ਚਰਚਾ ਕਰਦਾ ਹਾਂ ਤਾਂ ਹਮੇਸ਼ਾਂ ਹੈਰਾਨ - ਪ੍ਰੇਸ਼ਾਨ ਹੋ ਜਾਂਦਾ ਹਾਂ ਕਿਉਕਿ ਧਰਮਾਂ ਦੇ ਨਾਮ ਤੇ ਜ਼ੋ ਨਿੱਤ ਅਸੀਂ ਜ਼ਹਿਰ ਉਗਲਦੇ ਰਹਿੰਦੇ ਹਾਂ, ਤਾਂ ਇਹ ਸਿੱਖਿਆ ਸਾਨੂੰ ਕਿੱਥੋਂ ਮਿਲੀ ? ਕੀ ਅਸੀਂ ਸਾਰੇ ਹੀ ਲੋਕ ਧਾਰਮਿਕ ਹੋਣ ਦਾ ਭਰਮ ਤਾਂ ਨਹੀਂ ਪਾਲੀ ਬੈਠੇ - ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਇਸ ਆਰਟੀਕਲ ਰਾਹੀਂ।
➡️ ਧਾਰਮਿਕ ਅਸਥਾਨਾਂ ਦੀ ਲੋੜ ਕਿਉਂ ਪਈ? ਪੁਰਾਤਨ ਕਾਲ ਦੋਰਾਨ ਜਦੋਂ ਸਕੂਲ ਨਹੀਂ ਸਨ ਹੁੰਦੇ ਓਦੋਂ ਧਾਰਮਿਕ ਅਸਥਾਨਾਂ ਤੇ ਉੱਥੇ ਦੇ ਧਾਰਮਿਕ ਆਗੂਆਂ ਵੱਲੋਂ ਬਹੁਤ ਹੀ ਮਿਹਨਤ - ਲਗਨ ਅਤੇ ਇਮਾਨਦਾਰੀ ਨਾਲ ਮਨੁੱਖ ਦੇ ਸਰਵ ਪੱਖੀ ਵਿਕਾਸ ਲਈ ਉੱਤਮ ਪੜਾਈ - ਲਿਖਾਈ ਕਰਵਾਈ ਜਾਂਦੀ ਸੀ ਪਰ ਅੱਜ ਕੱਲ੍ਹ ਇਸਦਾ ਮਿਆਰ ਦਿਨੋ ਦਿਨ ਗਿਰਾਵਟ ਵੱਲ ਜਾ ਰਿਹਾ ਜਾਪਦਾ ਹੈ! ਜਿਵੇਂ ਕਿ ਮੈਥ ਵਿੱਚ ਅਜਿਹੇ ਸਵਾਲ ਸਾਨੂੰ ਪੜਾਏ ਜਾਂਦੇ ਹਨ ਜ਼ੋ ਸਾਰੀ ਜਿੰਦਗੀ ਸਾਡੇ ਕੰਮ ਨਹੀਂ ਆਉਂਦੇ। ਸਭ ਤੋਂ ਪਹਿਲੇ ਨੰਬਰ ਤੇ ਤੰਦਰੁਸਤੀ ਲਈ ਪੜ੍ਹਾਈ ਲਾਜ਼ਮੀ ਹੋ ਹੋਣੀ ਚਾਹੀਦੀ ਹੈ। ਦੂਸਰੇ ਨੰਬਰ ਤੇ ਕਨੂੰਨ ਵਾਰੇ ਲਾਜ਼ਮੀ ਪੜ੍ਹਾਈ ਹੋਵੇ ਤਾਂ ਅਪਰਾਧ ਵਿੱਚ ਵੀ ਕਮੀ ਆਵੇਗੀ। ਇਸ ਤਰਫ਼ ਸਰਕਾਰਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ।
➡️ ਸਾਰੇ ਹੀ ਧਰਮਾਂ ਵੱਲੋਂ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦਾ ਸੁਨੇਹਾ ਹੀ ਦਿੱਤਾ ਗਿਆ ਹੈ ਪਰ ਉਸ ਸੁਨੇਹੇ ਤੇ ਅਸੀਂ ਕਿਤਨਾਂ ਕੂ ਪਹਿਰਾ ਦਿੰਦੇ ਹਾਂ ਉਹ ਆਪਾਂ ਖੁਦ ਸਭ ਭਲੀਭਾਂਤ ਜਾਣਦੇ ਹੀ ਹਾਂ। ਇਸ ਸਭ ਲਈ ਅਸੀਂ ਇਕੱਲੇ ਹੀ ਜ਼ਿੰਮੇਵਾਰ ਨਹੀਂ ਹਾਂ ਸਗੋਂ ਸਾਡੇ ਉਹ ਪਖੰਡੀ ਧਾਰਮਿਕ ਆਗੂ ਵੀ ਜ਼ਿੰਮੇਵਾਰ ਹਨ, ਜ਼ੋ ਖੁਦ ਤਾਂ ਧਰਮ ਅਤੇ ਧਾਰਮਿਕਤਾ ਦੇ ਵਾਰੇ ਵਿੱਚ ਕੁੱਝ ਨਹੀਂ ਜਾਣਦੇ ਪਰ ਧਰਮਾਂ ਦੇ ਨਾਂਮ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਆਪਣੇ ਹੀ ਘਰ ਭਰਦੇ ਹਨ। ਭਾਵੇਂ ਕਿ ਸਾਰੇ ਹੀ ਧਾਰਮਿਕ ਆਗੂ ਮਾੜੇ ਨਹੀਂ ਹਨ ਪਰ ਫਿਰ ਵੀ ਜਿਹੜੇ ਧਾਰਮਿਕ ਅਸਥਾਨਾਂ ਦੀ ਖੁਦ ਮੁਖਤਿਆਰੀ ਭ੍ਰਿਸ਼ਟ ਆਗੂਆਂ ਦੇ ਕੋਲ ਹੋਵੇ ਓਥੋਂ ਕਿਸੇ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।
➡️ ਗੱਲ ਮਜ਼ਹਬ ਦੀ ਚੱਲ ਰਹੀ ਹੋਵੇ ਤਾਂ ਧਰਮ ਪ੍ਰੀਵਰਤਨ ਦੀ ਗੱਲ ਤੋ ਬਿਨਾਂ ਤਾਂ ਆਰਟੀਕਲ ਨੂੰ ਅਧੂਰਾ ਹੀ ਸਮਝਿਆ ਜਾਵੇਗਾ। ਇੱਥੇ ਮੈਂ ਸਪੱਸ਼ਟ ਕਰ ਦੇਣਾਂ ਚਾਹੁੰਦਾ ਹਾਂ ਕਿ ਮੇਰਾ ਕਹਿਣਾ ਹੈ ਕਿ ਸਭ ਧਰਮਾਂ ਦਾ ਸਤਿਕਾਰ ਕਰੋ ਸਭਨਾਂ ਨਾਲ ਪਿਆਰ ਕਰੋ ਕਿਉਕਿ ਸਾਰੇ ਧਰਮਾਂ ਨੇ ਹੀ ਆਪਸੀ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਲਈ ਪ੍ਰੇਰਿਤ ਕੀਤਾ ਹੈ l ਮੈਂਨੂੰ ਕਿਸੇ ਦੇ ਵੀ ਧਰਮ ਪ੍ਰੀਵਰਤਨ ਤੇ ਕੋਈ ਇਤਰਾਜ਼ ਨਹੀਂ ਕਿਉਕਿ ਇਹ ਸਾਡਾ ਮੌਲਿਕ ਅਧਿਕਾਰ ਹੈ। ਮੈਂ ਸਮਝਦਾਂ ਹਾਂ ਕਿ ਜਦੋਂ ਅਸੀਂ ਕਿੱਸੇ ਡਾਕਟਰ ਤੋਂ ਇਲਾਜ਼ ਕਰਵਾਉਂਦੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਸਾਡਾ ਇਲਾਜ਼ ਸਹੀ ਨਹੀਂ ਹੋ ਰਿਹਾ ਤਾਂ ਅਸੀਂ ਡਾਕਟਰ ਬਦਲ ਲੈਂਦੇ ਹਾਂ। ਇਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਵਿੱਚ ਲੀਡਰ ਤਰੱਕੀ ਲਈ ਜ਼ਮੀਨ ਤਰਾਸ਼ਦੇ ਹਨ ਜਦੋਂ ਉਹਨਾਂ ਨੂੰ ਲਗਦਾ ਗੱਲ ਨਹੀਂ ਬਣ ਰਹੀ ਤਾਂ ਉਹ ਪਾਰਟੀ ਬਦਲ ਲੈਂਦੇ ਹਨ। ਇਸੇ ਤਰ੍ਹਾਂ ਹੀ ਜਦੋਂ ਕਿਸੇ ਧਰਮ ਵਿੱਚ ਕਿਸੇ ਵਰਗ ਨੂੰ ਉਸਦਾ ਬਣਦਾ ਮਾਨ- ਸਨਮਾਨ ਨਾ ਮਿਲ਼ੇ ਤਾਂ ਉਸਦੇ ਧਰਮ ਪ੍ਰੀਵਰਤਨ ਨੂੰ ਤੂਲ ਦੇਣ ਦੀ ਬਿਜਾਏ ਉਸ ਦੀ ਮਜਬੂਰੀ ਤੇ ਚਿੰਤਨ ਕਰਨ ਦੀ ਲੋੜ ਹੈ।
➡️ ਇਸ ਆਖਰੀ ਪਹਿਰੇ ਵਿੱਚ ਆਪਾਂ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਿਤਨੇ ਕੂ ਧਾਰਮਿਕ ਹਾਂ ਜਾਂ ਹੈ ਵੀ ਕੇ ਨਹੀਂ! ਧਾਰਮਿਕਤਾ ਸਬੰਧੀ ਬੁੱਧੀਜੀਵੀਆਂ ਦੀ ਇੱਕ ਕਾਨਫਰੰਸ ਹੋਈ ਜਿਸ ਦੋਰਾਨ ਉਹਨਾਂ ਚ ਇੱਕ ਸਿਆਣੀ ਉਮਰ ਦੇ ਭਲੇ ਪੁਰਸ਼ ਨੇ ਕਿਹਾ ਮੇਰੇ ਸਵਾਲ ਦਾ ਜਵਾਬ ਸਿਰਫ ਧਾਰਮਿਕ ਲੋਕ ਹੀ ਦੇਣ - ਸਵਾਲ ਇਹ ਹੈ ਕਿ ਤੁਸੀਂ ਧਾਰਮਿਕ ਅਸਥਾਨਾਂ ਤੇ ਕਿਉਂ ਜਾਂਦੇ ਹੋ ਤਾਂ ਸਾਰਿਆਂ ਦਾ ਇੱਕੋ - ਇੱਕ ਹੀ ਜਵਾਬ ਸੀ ਕਿ ਧਾਰਮਿਕ ਅਸਥਾਨਾਂ ਤੇ ਜਾਣ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਜਵਾਬ ਸੁਣਦਿਆਂ ਹੀ ਉਸ ਸਿਆਣੀ ਉਮਰ ਦੇ ਭਲੇ ਪੁਰਸ਼ ਨੇ ਬੜੇ ਜੋਸ਼ ਵਿੱਚ ਕਿਹਾ ਕੇ ਤੁਸੀਂ ਲੋਕ ਧਾਰਮਿਕ ਹੈ ਹੀ ਨਹੀਂ ਹੋ, ਇਹ ਗੱਲ ਸੁਣ ਕੇ ਸਾਰੇ ਹੀ ਲੋਕ ਭੜਕ ਉੱਠੇ ਤੇ ਕਹਿਣ ਲੱਗੇ ਕਿ 'ਸਾਡਾ ਪਹਿਰਾਵਾ ਧਾਰਮਿਕ, ਅਤੇ 'ਰੋਜਾਨਾ ਧਾਰਮਿਕ ਅਸਥਾਨਾਂ ਤੇ ਜਾਣ ਵਾਲੇ ਅਸੀਂ ਲੋਕ, ਤਾਂ ਫਿਰ ਤੁਸੀਂ ਸਾਨੂੰ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਧਾਰਮਿਕ ਲੋਕ ਨਹੀਂ ਹਾਂ? ਫਿਰ ਉਸ ਭਲੇ ਪੁਰਸ਼ ਨੇ ਕਿਹਾ ਕਿ ਤੁਸੀਂ ਰੌਲ਼ਾ ਨਾਂ ਪਾਓ ਪਹਿਲਾਂ ਮੇਰੀ ਪੂਰੀ ਤਰ੍ਹਾਂ ਗੱਲ ਸੁਣ ਲਵੋ ਦੇਖੋ ਜੀ ਤੁਸੀਂ ਸਾਰਿਆਂ ਜਣਿਆਂ ਨੇ ਇਹ ਕਿਹਾ ਹੈ ਕਿ ਧਾਰਮਿਕ ਅਸਥਾਨਾਂ ਤੇ ਜਾਣ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਪਰ ਧਾਰਮਿਕ ਲੋਕਾਂ ਦਾ ਤਾਂ ਕਦੇ ਮਨ ਅਸ਼ਾਂਤ ਹੀ ਨਹੀਂ ਹੁੰਦਾਂ ਇਹ ਸੁਣਦਿਆਂ ਹੀ ਸਨਾਟਾ ਛਾ ਗਿਆ ਅਤੇ ਉਸ ਭਲੇ ਪੁਰਸ਼ ਨੇ ਫਿਰ ਕਿਹਾ ਕਿ ਤੁਹਾਡਾ ਪਹਿਰਾਵਾ ਤਾਂ ਧਾਰਮਿਕ ਹੋ ਸਕਦਾ ਹੈ ਅਗਰ ਤੁਹਾਡਾ ਮਨ ਅਸ਼ਾਂਤ ਰਹਿੰਦਾ ਹੈ ਤਾਂ ਤੁਸੀਂ ਧਾਰਮਿਕ ਨਹੀਂ ਹੋ ਸਕਦੇ, ਤੁਸੀਂ ਸਿਰਫ ਧਾਰਮਿਕ ਹੋਣ ਭਰਮ ਪਾਲੀ ਬੈਠੇ ਹੋ। ਹੁਣ ਆਪਾਂ ਸਾਰਿਆਂ ਨੇ ਆਪਣੇ ਆਪ ਵੱਲ ਝਾਤੀ ਮਾਰਨੀ ਹੈਂ ਕਿ ਧਾਰਮਿਕਤਾ ਦੇ ਅਧਾਰ ਤੇ ਆਪਾਂ ਕਿੱਥੇ ਖੜ੍ਹੇ ਹਾਂ ਕਿਉਕਿ ਖੁਦ ਨੂੰ ਖੁਦ ਤੋਂ ਬਿਹਤਰ ਕੋਈ ਦੂਸਰਾ ਨਹੀਂ ਜਾਣਦਾ ਹੁੰਦਾ। ਆਓ ਆਪਾਂ ਸੱਚ ਦੀ ਕਸੌਟੀ ਤੇ ਖਰਾ ਉੱਤਰਨ ਦਾ ਨਿਮਾਣਾ ਜਿਹਾ ਯਤਨ ਕਰੀਏ।
ਡਾ. ਐਚ ਐਸ. ਬਾਵਾ
ਟੀ/86 ਅਜੀਤ ਨਗਰ ਕਪੂਰਥਲਾ। Mob :98 147 27 558
_____________
-
ਡਾ. ਐਚ ਐਸ. ਬਾਵਾ, writer
vijaygraphics08@gmail.com
98 147 27 558
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.