(ਅਸ਼ੋਕ ਬਾਂਸਲ ਮਾਨਸਾ ਫਰਿਜ਼ਨੋ (ਅਮਰੀਕਾ) ਵਿਖੇ ਕੰਗ ਸਾਹਿਬ ਨਾਲ ਉਹਨਾਂ ਦੇ ਘਰ ਦੀ ਤਸਵੀਰ)
ਵੀਹ ਕੁ ਵਰ੍ਹੇ ਪਹਿਲਾਂ ਜਦੋਂ
ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਇਕ ਗੀਤ ਆਇਆ, ਜਿਸਦੇ ਬੋਲ ਸਨ ਕਿ
ਜੇ ਆਪਾਂ ਦੋਵੇਂ ਰੁੱਸ ਬੈਠੇ
ਤਾਂ ਮਨਾਊ ਦੱਸ ਕੌਣ ਵੇ
ਤਾਂ ਪੰਜਾਬ ਦੀ ਫ਼ਿਜ਼ਾ ਵਿੱਚ ਇਕ ਨਵੇਂ ਕਿਸਮ ਦੇ ਗੀਤ ਦੀ ਮਹਿਕ ਜਿਹੀ ਖਿਲਰ ਗਈ ਸੀ। ਗੀਤ ਵਿਚ ਗੀਤਕਾਰ ਦਾ ਨਾਮ ਨਹੀਂ ਸੀ। ਕੌਣ ਐ ਅਜਿਹੀ ਨਵੀਂ ਗੱਲ ਲਿਖਣ ਵਾਲਾ ਗੀਤਕਾਰ,,, ਜਿਸਨੇ ਅੱਜ ਦੇ ਸਮੇਂ ਵਿੱਚ ਗੀਤ 'ਚ ਆਪਣਾ ਨਾਮ ਵੀ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ,,,ਬੱਸ ਗੀਤ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ
ਸੱਜਣੋਂ ਇਹਨਾਂ ਸਤਰਾਂ ਦੇ ਲੇਖਕ ਦਾ ਨਾਮ ਐ ਹਰਜਿੰਦਰ ਕੰਗ । ਹਰਜਿੰਦਰ ਕੰਗ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿਚ ਪੰਜਾਬੀਆਂ ਦੇ ਗੜ੍ਹ ਵਾਲੇ ਵੱਡੇ ਸ਼ਹਿਰ ਫਰਿਜ਼ਨੋ ਵਿਖੇ ਰਹਿੰਦਾ ਹੈ
ਹਰਜਿੰਦਰ ਕੰਗ ਥੋਕ ਵਿੱਚ ਗੀਤ ਨਹੀਂ ਲਿਖਦਾ,,,,ਬੱਸ ਕਦੇ ਕਦੇ ਲਿਖਦੈ ਤੇ ਜਦੋਂ ਲਿਖਦੈ ਫੇਰ ਉਹਦਾ ਲਿਖਿਆ ਗੀਤ ਸਿਰ ਚੜ੍ਹ ਕੇ ਬੋਲਦੈ। ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਕੰਗ ਦਾ ਇਕ ਹੋਰ ਗੀਤ,,,ਜੋ ਪਰਵਾਸ ਦੇ ਦਰਦ ਨੂੰ ਬਿਆਨ ਕਰਦੈ
ਏਨਾਂ ਟੁੱਟ ਗਿਆ ਹਾਂ ਅੜੀਏ
ਮੁੜਕੇ ਮੈਥੋਂ ਜੁੜ ਨਹੀਂ ਹੋਣਾਂ
ਪਰਦੇਸਾਂ ਵਿੱਚ ਰੁਲ ਜਾਣਾ ਏ
ਹੁਣ ਵਤਨਾਂ ਨੂੰ ਮੁੜ ਨਹੀਂ ਹੋਣਾਂ
ਖ਼ਾਬਾਂ ਦੀ ਇਕ ਸੇਜ ਸਜਾ ਕੇ
ਰੰਗਲੇ ਪਲੰਘ ਨਵਾਰੀ ਤੇ
ਹੁਣ ਮੇਰੇ ਨਾਂ ਦਾ ਫੁੱਲ ਨਾਂ ਪਾਈਂ
ਤੂੰ ਆਪਣੀ ਫੁਲਕਾਰੀ ਤੇ
ਇਸੇ ਗੀਤ ਵਿਚ ਇਕ ਬਹੁਤ ਕਮਾਲ ਦਾ ਸ਼ੇਅਰ ਦੇਖਿਓ
ਇੰਝ ਵੀ ਹੁੰਦੈ ਸੁਪਨੇ ਸਾਰੇ
ਖੁਦ ਦਫਨਾਉਣੇ ਪੈ ਜਾਂਦੇ ਨੇ
ਕਦੇ ਕਦੇ ਜਿਉਂ ਅੰਗ ਨਕਾਰੇ
ਆਪ ਕਟਾਉਣੇ ਪੈ ਜਾਂਦੇ ਨੇ
ਟੁੱਟੇ ਤਾਰੇ ਦਾ ਸਿਰਨਾਵਾਂ
ਮਿਲੇ ਨਾ ਦੁਨੀਆਂ ਸਾਰੀ ਤੇ
ਹੁਣ ਮੇਰੇ ਨਾਂ ਦਾ ਫੁੱਲ ਨਾਂ ਪਾਈਂ
ਤੂੰ ਆਪਣੀ ਫੁਲਕਾਰੀ ਤੇ
ਹਰਜਿੰਦਰ ਕੰਗ ਮੂਲ ਰੂਪ ਵਿੱਚ ਗ਼ਜ਼ਲ ਲਿਖਦੈ। ਗ਼ਜ਼ਲ ਵਿੱਚਲੀ ਗਹਿਰਾਈ ਉਸਦੇ ਗੀਤਾਂ ਵਿੱਚ ਵੀ ਸਾਫ ਨਜ਼ਰ ਆਉਂਦੀ ਐ। ਉਸਦੇ ਗੀਤ ਚੋਟੀ ਦੇ ਗਾਇਕਾਂ ਨੇ ਗਾਏ। ਫਰਿਜ਼ਨੋ ਦਾ ਗਾਇਕ ਧਰਮਵੀਰ ਥਾਂਦੀ ਜੋ ਖੁਦ ਵੀ ਬਹੁਤ ਕਮਾਲ ਦਾ ਗੀਤਕਾਰ ਐ। ਥਾਂਦੀ ਵੀ ਕੰਗ ਦੇ ਗੀਤ ਰੂਹ ਨਾਲ ਗਾਉਂਦੈ
ਦੁਨੀਆਂ ਸਜੀ ਸਜਾਈ ਛੱਡ ਕੇ ਤੁਰ ਜਾਵੇ
ਸੱਜਣ ਭੈਣਾਂ ਭਾਈ ਛੱਡ ਕੇ ਤੁਰ ਜਾਵੇ
ਡਾਹਢੇ ਅੱਗੇ ਜ਼ੋਰ ਨਾ ਚਲਦਾ ਬੰਦੇ ਦਾ
ਹੱਥ ਵਿੱਚ ਫੜੀ ਗਰਾਹੀ ਛੱਡ ਕੇ ਤੁਰ ਜਾਵੇ
ਪਰਦੇਸਾਂ ਦਾ ਦੁੱਖ ਕੰਗ ਦੇ ਗੀਤਾਂ ਵਿੱਚ ਡੁਲ੍ਹ ਡੁਲ੍ਹ ਪੈਂਦਾ ਐ। ਪ੍ਰਸਿੱਧ ਗਾਇਕ ਗਿੱਲ ਹਰਦੀਪ ਦੀ ਆਵਾਜ਼ ਵਿੱਚ ਕੰਗ ਦੇ ਬੋਲ
ਇਸ ਵਾਰੀ ਜਦ ਪਿੰਡੋਂ ਹੋਕੇ ਆਇਆ ਹਾਂ
ਆਪਣੇ ਹੀ ਗਲ ਲੱਗ ਲੱਗ ਰੋਕੇ ਆਇਆ ਹਾਂ
ਪੈੜ ਨਹੀਂ ਸੀ ਮੇਰੀ ਪਗਡੰਡੀਆਂ ਤੇ
ਪੱਗ ਡੰਡੀਆਂ ਦੇ ਕੋਲ ਖੜੋ ਕੇ ਆਇਆ ਹਾਂ
-
ਅਸ਼ੋਕ ਬਾਂਸਲ ਮਾਨਸਾ, ਲੇਖਕ
*******
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.