ਕਿਸੇ ਵੀ ਦੇਸ਼ ਦੇ ਵਿਕਾਸ ਵਿਚ ਤਕਨੀਕੀ ਸਿੱਖਿਆ ਅਹਿਮ ਭੂਮਿਕਾ ਨਿਭਾਉਂਦੀ ਹੈ। ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ਵਿਚ ਇੰਜੀਨੀਅਰਾਂ ਦੀ ਮੋਹਰੀ ਭੂਮਿਕਾ ਹੁੰਦੀ ਹੈ। ਸਿਲਾਈ ਮਸ਼ੀਨਾਂ, ਹਵਾਈ ਜਹਾਜ਼, ਅਸਮਾਨ ਛੂਹਦੀਆਂ ਇਮਾਰਤਾਂ, ਜੀਵਨ ਰੱਖਿਅਕ ਦਵਾਈਆਂ, ਡਿਫੈਂਸ ਤਕਨਾਲੋਜੀ, ਮਨੋਰੰਜਨ ਤਕਨੀਕ, ਆਟੋ ਮੋਬਾਈਲਜ਼, ਡੈਮ, ਸੜਕਾਂ, ਕੰਪਿਊਟਰ, ਡਿਜੀਟਲ ਕੈਮਰਾ, ਮਾਈਕ੍ਰੋਵੇਵ ਓਵਨ, ਮੋਬਾਈਲ, ਘੜੀਆਂ ਆਦਿ ਇੰਜੀਨੀਅਰਿੰਗ ਤੇ ਤਕਨਾਲੋਜੀ ਦੀ ਦੇਣ ਹਨ। ਬਾਇਓਟੈਕਨਾਲੋਜੀ, ਖੇਤੀਬਾੜੀ, ਡਾਕਟਰੀ, ਵਾਤਾਵਰਨ ਸਭ ਇੰਜੀਨੀਅਰਿੰਗ ਤਕਨੀਕਾਂ ’ਤੇ ਹੀ ਨਿਰਭਰ ਹੁੰਦੇ ਹਨ। 'ਮੇਕ ਇੰਨ ਇੰਡੀਆ' ਅਤੇ 'ਸਕਿੱਲ ਇੰਡੀਆ' ਵਿਚ ਤਕਨੀਕੀ ਸਿੱਖਿਆ ਦਾ ਵੱਡਾ ਯੋਗਦਾਨ ਹੁੰਦਾ ਹੈ। ਪੋਲੀਟੈਕਨਿਕ ਡਿਪਲੋਮਾ ਕੋਰਸਾਂ ਵਿਚ ਦਾਖ਼ਲਾ ਲੈ ਕੇ ਦਸਵੀਂ ਜਮਾਤ ਤੋਂ ਬਾਅਦ ਹੀ ਇੰਜੀਨੀਅਰ ਬਣਨ ਦਾ ਸੁਨਹਿਰੀ ਮੌਕਾ ਮਿਲਦਾ ਹੈ।
ਵੱਖ-ਵੱਖ ਡਿਪਲੋਮਾ ਕੋਰਸ
- ਇੰਜੀਨੀਅਰਿੰਗ ਕੋਰਸਾਂ ਵਿਚ ਤਿੰਨ ਸਾਲਾ ਡਿਪਲੋਮਾ ਕੋਰਸ।
- ਲੇਟਰਲ ਐਂਟਰੀ ਰਾਹੀਂ ਇੰਜੀਨੀਅਰਿੰਗ ਕੋਰਸਾਂ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਵਿਚ ਦੂਜੇ ਸਾਲ ’ਚ ਦਾਖ਼ਲਾ।
- ਫਾਰਮੇਸੀ ਵਿਚ ਦੋ ਸਾਲਾ ਡਿਪਲੋਮਾ ਕੋਰਸ।
- ਮਾਡਰਨ ਆਫਿਸ ਪ੍ਰੈਕਟਿਸ (ਐੱਮਓਪੀ) ਵਿਚ ਤਿੰਨ ਸਾਲਾ ਡਿਪਲੋਮਾ ਕੋਰਸ।
- ਆਰਕੀਟੈਕਚਰਲ ਅਸਿਸਟੈਂਟਸ਼ਿਪ ਵਿਚ ਤਿੰਨ ਸਾਲਾ ਡਿਪਲੋਮਾ ਕੋਰਸ।
ਇੰਜੀਨੀਅਰਿੰਗ ਪੱਧਰ ਦੇ ਡਿਪਲੋਮਾ ਕੋਰਸ
ਆਰਕੀਟੈਕਚਰਲ ਅਸਿਸਟੈਂਟਸ਼ਿਪ, ਆਟੋਮੋਬਾਈਲ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ , ਇਲੈਕਟ੍ਰੀਕਲ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਇੰਡਸਟਰੀ ਇੰਟੀਗ੍ਰੇਟਿਡ), ਫੈਸ਼ਨ ਡਿਜ਼ਾਈਨਿੰਗ, ਗਾਰਮੈਂਟਸ ਮੈਨੂਫੈਕਚਰਿੰਗ ਤਕਨਾਲੋਜੀ/ਗਾਰਮੈਂਟਸ ਤਕਨਾਲੋਜੀ, ਇਨਫਰਮੇਸ਼ਨ ਤਕਨਾਲੋਜੀ, ਇੰਟੀਰੀਅਰ ਡੈਕੋਰੇਸ਼ਨ/ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ, ਨਿਟਿੰਗ ਤਕਨਾਲੋਜੀ/ ਟੈਕਸਟਾਈਲ ਤਕਨਾਲੋਜੀ(ਨਿਟਿੰਗ), ਲੈਦਰ ਤਕਨਾਲੋਜੀ, ਲੈਦਰ ਤਕਨਾਲੋਜੀ (ਫੁੱਟਵਿਅਰ), ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ, ਮਕੈਨੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ (ਆਰਏਸੀ), ਮੈਡੀਕਲ ਲੈਬ ਤਕਨਾਲੋਜੀ, ਪਲਾਸਟਿਕ ਤਕਨਾਲੋਜੀ, ਪ੍ਰੋਡਕਸ਼ਨ ਐਂਡ ਇੰਡੀਸਟ੍ਰੀਅਲ ਇੰਜੀਨੀਅਰਿੰਗ/ਮਕੈਨੀਕਲ ਇੰਜੀਨੀਅਰਿੰਗ(ਪ੍ਰੋਡਕਸ਼ਨ), ਟੈਕਸਟਾਈਲ ਡਿਜ਼ਾਈਨ, ਟੈਕਸਟਾਈਲ ਪ੍ਰੋਸੈਸਿੰਗ, ਟੈਕਸਟਾਈਲ ਤਕਨਾਲੋਜੀ, ਮਕੈਨੀਕਲ ਇੰਜੀਨੀਅਰਿੰਗ (ਟੂਲ ਐਂਡ ਡਾਈ)।
ਦਾਖ਼ਲੇ ਦੀ ਯੋਗਤਾ
ਡਿਪਲੋਮਾ ਪੱਧਰ ਦੇ ਇੰਜੀਨੀਅਰਿੰਗ ਕੋਰਸਾਂ ਦੇ ਪਹਿਲੇ ਸਾਲ ਵਿਚ ਦਾਖ਼ਲੇ ਦੀ ਯੋਗਤਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਸਟੈਂਡਰਡ/ਐੱਸਐੱਸਸੀ ਇਮਤਿਹਾਨ ਪਾਸ ਹੋਣਾ ਜ਼ਰੂਰੀ ਹੈ।
ਲੇਟਰਲ ਐਂਟਰੀ : ਦੂਜੇ ਸਾਲ ਵਿਚ ਸਿੱਧੇ ਦਾਖ਼ਲੇ (ਲੇਟਰਲ ਐਂਟਰੀ) ਦੀ ਯੋਗਤਾ ਫਿਜ਼ੀਕਸ, ਮੈਥੇਮੈਟਿਕਸ, ਕੈਮਿਸਟਰੀ, ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ, ਇਨਫਰਮੇਸ਼ਨ ਤਕਨਾਲੋਜੀ, ਬਾਇਓਲੋਜੀ, ਇਨਫਰਮੈਟਿਕਸ ਪ੍ਰੈਕਟਿਸ, ਬਾਇਓਟੈਕਨਾਲੋਜੀ, ਟੈਕਨੀਕਲ ਵੋਕੇਸ਼ਨਲ ਸਬਜੈਕਟ, ਐਗਰੀਕਲਚਰ, ਇੰਜੀਨੀਅਰਿੰਗ ਗ੍ਰਾਫਿਕਸ, ਬਿਜ਼ਨਸ ਸਟੱਡੀਜ਼, ਇੰਟਰਪ੍ਰੀਨਿਓਰਸ਼ਿਪ ਸਮੇਤ 10+2 ਇਮਤਿਹਾਨ ਪਾਸ ਜਾਂ 2 ਸਾਲਾ ਆਈਟੀਆਈ ਸਮੇਤ 10ਵੀਂ ਪਾਸ ਹੋਣਾ ਲਾਜ਼ਮੀ ਹੈ। ਜੇ ਸੀਟਾਂ ਖ਼ਾਲੀ ਰਹਿ ਜਾਣ ਤਾਂ 10+2 ਵੋਕੇਸ਼ਨਲ, ਸਲਾਈਟ ਲੌਂਗੋਵਾਲ ਦਾ ਦੋ ਸਾਲਾ ਸਰਟੀਫਿਕੇਟ ਕੋਰਸ ਜਾਂ ਆਰਐਂਡਡੀ ਸੈਂਟਰ ਲੁਧਿਆਣਾ ਤੋਂ 2 ਸਾਲਾ ਸਕਿੱਲ ਤਕਨੀਸ਼ੀਅਨ ਕੋਰਸ ਜਾਂ ਕਿਸੇ ਹੋਰ ਬ੍ਰਾਂਚ ਵਿਚ ਤਿੰਨ ਸਾਲਾ ਡਿਪਲੋਮਾ ਦੇ ਆਧਾਰ ’ਤੇ ਸੀਟਾਂ ਭਰੀਆਂ ਜਾਂਦੀਆਂ ਹਨ।
ਫਾਰਮੇਸੀ ਵਿਚ ਡਿਪਲੋਮਾ ਕੋਰਸ ਵਿਚ ਦਾਖ਼ਲੇ ਦੀ ਘੱਟੋ-ਘੱਟ ਯੋਗਤਾ ਫਿਜ਼ੀਕਸ,ਕੈਮਿਸਟਰੀ ਲਾਜ਼ਮੀ ਵਿਸ਼ਿਆਂ ਤੇ ਬਾਇਓਲੋਜੀ/ਮੈਥੇਮੈਟਿਕਸ ਵਿਸ਼ਿਆਂ ਸਮੇਤ ਬਾਰ੍ਹਵੀਂ ਜਾਂ ਬਰਾਬਰ ਪਾਸ ਹੋਣਾ ਲਾਜ਼ਮੀ ਹੈ। ਮਾਡਰਨ ਆਫਿਸ ਪ੍ਰੈਕਟਿਸ (ਐੱਮਓਪੀ) ਦੇ ਡਿਪਲੋਮਾ ਕੋਰਸ ਵਿਚ ਦਾਖ਼ਲੇ ਦੀ ਯੋਗਤਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਵਿਗਿਆਨ ਨਾਲ ਜਾਂ ਵਿਗਿਆਨ ਤੋਂ ਬਿਨਾਂ ਬਾਰ੍ਹਵੀਂ ਪਾਸ ਹੋਣਾ ਲਾਜ਼ਮੀ ਹੈ। ਆਰਕੀਟੈਕਚਰਲ ਅਸਿਸਟੈਂਟਸ਼ਿਪ ਡਿਪਲੋਮਾ ਕੋਰਸ ਵਿਚ ਦਾਖ਼ਲੇ ਦੀ ਯੋਗਤਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਸਟੈਂਡਰਡ/ਐੱਸਐੱਸਸੀ ਇਮਤਿਹਾਨ ਪਾਸ ਹੋਣਾ ਜ਼ਰੂਰੀ ਹੈ।
ਅਪ੍ਰੈਂਟਿਸਸ਼ਿਪ: ਡਿਪਲੋਮਾ ਕੋਰਸ ਪੂਰਾ ਕਰਨ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਵਿਚ ਇਕ ਸਾਲਾ ਅਪ੍ਰੈਂਟਿਸਸ਼ਿਪ ਵੀ ਲਗਾਈ ਜਾ ਸਕਦੀ ਹੈ।
ਦਾਖ਼ਲਾ ਵਿਧੀ
ਪੋਲੀਟੈਕਨਿਕ ਡਿਪਲੋਮਾ ਕੋਰਸਾਂ ਵਿਚ ਪਹਿਲੇ ਸਾਲ ਤੇ ਦੂਜੇ ਸਾਲ (ਲੇਟਰਲ ਐਂਟਰੀ) ਵਿਚ ਸਿੱਧਾ ਦਾਖ਼ਲਾ ਯੋਗਤਾ ਪ੍ਰੀਖਿਆ ’ਚੋਂ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ। ਦਾਖ਼ਲਾ ਆਨਲਾਈਨ ਕਾਊਂਸਲਿੰਗ ਰਾਹੀਂ ਕੀਤਾ ਜਾਂਦਾ ਹੈ। ਆਨਲਾਈਨ ਕਾਊਂਸਲਿੰਗ ਲਈ ਉਮੀਦਵਾਰਾਂ ਨੂੰ ਬੋਰਡ ਦੀ ਵੈੱਬਸਾਈਟ ’ਤੇ ਰਜਿਸਟਰ ਕਰਵਾਉਣਾ ਲਾਜ਼ਮੀ ਹੁੰਦਾ ਹੈ।
ਪੋਲੀਟੈਕਨਿਕ ਕਾਲਜ/ਸੰਸਥਾਵਾਂ
ਪੰਜਾਬ ਵਿਚ ਅਨੇਕਾਂ ਪੋਲੀਟੈਕਨਿਕ ਕਾਲਜ/ਸੰਸਥਾਵਾਂ, ਫਾਰਮੇਸੀ ਕਾਲਜ ਹਨ, ਜਿਨ੍ਹਾਂ ਵਿਚ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਕਾਲਜ/ਸੰਸਥਾਵਾਂ ਸ਼ਾਮਿਲ ਹਨ। ਸੰਸਥਾ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ, ਚੰਡੀਗੜ੍ਹ ਨਾਲ ਐਫਿਲੀਏਟਿਡ ਹੋਣੀ ਚਾਹੀਦੀ ਹੈ ਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਫਾਰਮੇਸੀ ਕੋਰਸਾਂ ਲਈ ਸੰਸਥਾ ਫਾਰਮੇਸੀ ਕੌਂਸਲ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ।
ਵਜ਼ੀਫੇ/ਫ਼ੀਸ ਮਾਫ਼ੀ ਸਕੀਮਾਂ
ਤਕਨੀਕੀ ਸਿੱਖਿਆ ਨੂੰ ਗ਼ਰੀਬ ਤੇ ਮੈਰੀਟੋਰੀਅਸ ਵਿਦਿਆਰਥੀਆਂ ਦੀ ਪਹੁੰਚ ਵਿਚ ਲਿਆਉਣ ਲਈ ਸਰਕਾਰ ਵੱਲੋਂ ਅਨੇਕਾਂ ਫ਼ੀਸ ਮਾਫ਼ੀ ਤੇ ਵਜ਼ੀਫ਼ਾ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਅਨੁਸੂਚਿਤ ਜਾਤੀ/ਓਬੀਸੀ/ਘੱਟ ਗਿਣਤੀ ਵਰਗ/ਦਿਵਿਆਂਗ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ,ਟਿਊਸ਼ਨ ਫ਼ੀਸ ਮਾਫ਼ੀ ਸਕੀਮ, ਮੁੱਖ ਮੰਤਰੀ ਵਜ਼ੀਫਾ ਯੋਜਨਾ (ਸਿਰਫ ਸਰਕਾਰੀ ਕਾਲਜਾਂ ਲਈ), ਤਕਨੀਕੀ ਸਿੱਖਿਆ ਬੋਰਡ ਵੱਲੋਂ ਦਿੱਤੇ ਜਾਂਦੇ ਵਜ਼ੀਫੇ/ਫ਼ੀਸ ਮਾਫ਼ੀ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਵਜ਼ੀਫ਼ੇ ਦਿੱਤੇ ਜਾਂਦੇ ਹਨ।
ਨੌਕਰੀ ਦੇ ਮੌਕੇ
ਇੰਜੀਨੀਅਰਿੰਗ ਡਿਪਲੋਮਾ ਪਾਸ ਉਮੀਦਵਾਰ ਲਈ ਨੌਕਰੀ ਦੇ ਅਨੇਕਾਂ ਮੌਕੇ ਮੁਹੱਈਆ ਹੁੰਦੇ ਹਨ। ਰੇਲਵੇ/ਮੈਟਰੋ ਰੇਲ, ਸਿੰਚਾਈ ਵਿਭਾਗ, ਪਾਵਰ/ਟਰਾਂਸਮਿਸ਼ਨ ਕਾਰਪੋਰੇਸ਼ਨ/ਪਾਵਰ ਗਰਿਡ, ਸਥਾਨਕ ਸਰਕਾਰਾਂ ਵਿਭਾਗ, ਡਾਕ ਵਿਭਾਗ, ਮਿਲਟਰੀ ਇੰਜੀਨੀਅਰਿੰਗ ਸਰਵਿਸ (ਐੱਮਈਐੱਸ), ਬੀਐੱਸਐੱਨਐੱਲ, ਐੱਨਐੱਫਐੱਲ, ਪੰਜਾਬ ਮੰਡੀ ਬੋਰਡ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਪੀਡਬਲਿਊਡੀ ਬੀਐਂਡਆਰ, ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ, ਸੈਂਟਰਲ ਵਾਟਰ ਕਮਿਸ਼ਨ, ਵਿਭਿੰਨ ਵਿਭਾਗਾਂ ਵਿਚ ਬਤੌਰ ਜੂਨੀਅਰ ਇੰਜੀਨੀਅਰ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ), ਇੰਡੀਅਨ ਆਇਲ ਕਾਰਪੋਰੇਸ਼ਨ, ਆਇਲ ਐਂਡ ਨੇਚਰਲ ਗੈਸ ਕਾਰਪੋਰੇਸ਼ਨ ਲਿਮਟਿਡ, ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਆਦਿ ਵਿਚ ਟਰੇਨੀ ਇੰਜੀਨੀਅਰ, ਆਰਮਡ ਫੋਰਸਿਜ਼ ਜਿਵੇਂ ਇੰਡੀਅਨ ਏਅਰ ਫੋਰਸ, ਇੰਡੀਅਨ ਨੇਵੀ, ਇੰਡੀਅਨ ਆਰਮੀ, ਇੰਡੀਅਨ ਕੋਸਟ ਗਾਰਡ ਵਿਚ ਨੌਕਰੀ, ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਬਾਰਡਰ ਸਕਿਉਰਿਟੀ ਫੋਰਸ, ਇੰਡੋ ਤਿੱਬਤ ਬਾਰਡਰ ਪੁਲਿਸ ਫੋਰਸ, ਪੰਜਾਬ ਪੁਲਿਸ ਵਿਚ ਨੌਕਰੀ, ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ,ਐੱਲਐਂਡਟੀ, ਜੇਸੀਟੀ ਆਦਿ ਉਦਯੋਗਾਂ/ਕੰਪਨੀਆਂ ਵਿਚ ਨੌਕਰੀ ਕੀਤੀ ਜਾ ਸਕਦੀ ਹੈ।
ਸਵੈ-ਰੁਜ਼ਗਾਰ
ਡਿਪਲੋਮਾ ਕੋਰਸ ਪੂਰਾ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਵੀ ਸਥਾਪਿਤ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਪ੍ਰੋਗਰਾਮ (ਜ਼ਿਲ੍ਹਾ ਉਦਯੋਗ ਕੇਂਦਰ/ਕੇਵੀਆਈਸੀ), ਐੱਮਐੱਸਈ ਡਿਵੈਲਪਮੈਂਟ ਇੰਸਟੀਚਿਊਟ ਲੁਧਿਆਣਾ, ਬੈਕਫਿੰਕੋ,ਅਨੁਸੂਚਿਤ ਜਾਤੀ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਆਦਿ ਰਾਹੀਂ ਸਵੈ-ਰੁਜ਼ਗਾਰ ਸ਼ੁਰੂ ਕੀਤਾ ਜਾ ਸਕਦਾ ਹੈ। ਆਰਕੀਟੈਕਚਰਲ ਅਸਿਸਟੈਂਟਸ਼ਿਪ ਡਿਪਲੋਮਾ ਕਰਨ ਤੋਂ ਬਾਅਦ ਸਰਕਾਰੀ ਵਿਭਾਗਾਂ/ਪ੍ਰਾਜੈਕਟਾਂ, ਪ੍ਰਾਈਵੇਟ ਸੰਗਠਨਾਂ ਵਿਚ ਨੌਕਰੀ ਦੇ ਮੌਕੇ ਮੁਹੱਈਆ ਹੁੰਦੇ ਹਨ। ਖ਼ੁਦ ਦਾ ਆਰਕੀਟੈਕਟ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.