ਵਿਦਿਆਰਥੀ ਲਹਿਰ ਦਾ ਨਾਇਕ 'ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ'
ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਅੱਜ ਤੋਂ 45 ਸਾਲ ਪਹਿਲਾਂ ਅਕਾਲੀ ਹਾਕਮਾਂ ਦੇ ਭਾੜੇ ਦੇ ਗੁੰਡਿਆਂ ਨੇ ਸਾਡੇ ਤੋਂ ਲਹਿਰ ਦੇ ਸਿਰਮੌਰ ਆਗੂ ਪਿਰਥੀਪਾਲ ਰੰਧਾਵਾ ਨੂੰ ਸਾਡੇ ਤੋਂ ਅਲੱਗ ਕਰ ਦਿੱਤਾ। 18 ਜੁਲਾਈ 1979 ਨੂੰ ਪਿਰਥੀਪਾਲ ਰੰਧਾਵੇ ਨੂੰ ਕੋਹ-ਕੋਹਕੇ ਸ਼ਹੀਦ ਕੀਤਾ ਗਿਆ, ਹਾਕਮਾਂ ਦੀ ਇਹ ਘਿਨੌਣੀ ਹਰਕਤ ਤੋਂ ਇਸ ਗੱਲ਼ ਦਾ ਬਖੂਬੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਸ ਵੇਲ਼ੇ ਦੀ ਵਿਦਿਆਰਥੀ ਲਹਿਰ ਤੋਂ ਹਾਕਮ ਕਿਸ ਕਦਰ ਘਬਰਾਏ ਹੋਏ ਸਨ, ਜਿਸਨੂੰ ਪੈਰੀਂ ਭਾਰ ਕਰਨ ਚ ਪਿਰਥੀਪਾਲ ਰੰਧਾਵੇ ਦੀ ਮੋਹਰੀ ਭੂਮਿਕਾ ਸੀ। 70 ਵਿਆਂ ਦਾ ਵੇਲ਼ਾ ਉਹ ਵੇਲ਼ਾ ਸੀ ਜਦੋਂ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਪੂਰੀ ਚੜਤ 'ਤੇ ਸੀ ਤੇ ਦੇਸ਼ ਭਰ ਦੀਆਂ ਇਨਕਲਾਬੀ ਜਨਤਕ ਲਹਿਰਾਂ ਲਈ ਊਰਜਾ ਤੇ ਵੇਗ ਦਾ ਇੱਕ ਸੋਮਾ ਬਣੀ ਹੋਈ ਸੀ। ਦਿਨੋਂ ਦਿਨ ਅੱਗੇ ਵਧਦੀ ਲਹਿਰ ਨੇ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਇਸ ਲਹਿਰ ਵਿੱਚੋਂ ਪਿਰਥੀਪਾਲ ਰੰਧਾਵਾ ਇੱਕ ਲੋਕ ਨਾਇਕ ਬਣਕੇ ਸਾਹਮਣੇ ਆਇਆ। ਹਾਕਮਾਂ ਨੇ ਭਾਵੇਂ ਸਾਡੇ ਤੋਂ ਸਰੀਰੀ ਤੌਰ ਤੇ ਪਿਰਥੀਪਾਲ ਰੰਧਾਵਾ ਨੂੰ ਖੋਹ ਲਿਆ ਹੈ, ਪਰ ਅੱਜ ਵੀ ਉਸਦੀ ਸ਼ਖਸ਼ੀਅਤ ਵਿਦਿਆਰਥੀ ਨੌਜਵਾਨ ਸਫਾਂ ਲਈ ਪ੍ਰੇਰਣਾ ਦਾ ਇੱਕ ਸੋਮਾ ਤੇ ਇੱਕ ਰਾਹ ਦਰਸਾਵਾ ਬਣੀ ਖੜ੍ਹੀ ਹੈ।
ਚੜ੍ਹਦੀ ਜਵਾਨੀ ਵਿੱਚ ਹੀ ਪਿਰਥੀਪਾਲ ਸ਼ਹੀਦ ਭਗਤ ਸਿੰਘ ਦੇ ਬਰਾਬਰੀ ਤੇ ਲੁੱਟ ਰਹਿਤ ਸਮਾਜ ਬਣਾਉਣ ਦੇ ਵਿਚਾਰਾਂ ਤੋਂ ਟੁੰਬਿਆ ਗਿਆ ਤੇ 19 ਵਰ੍ਹਿਆਂ ਦੀ ਛੋਟੀ ਜਿਹੀ ਉਮਰ ਵਿੱਚ ਹੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਤੇ ਜਥੇਬੰਦ ਕਰਨ ਲਈ ਤੁਰ ਪਿਆ ਅਤੇ ਆਪਣੀ ਜਿੰਦਗੀ ਦੇ ਅੰਤਲੇ ਪਲਾਂ ਤੱਕ ਹੱਕ, ਸੱਚ ਲਈ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਨਿਧੜਕ ਹੋ ਕੇ ਖੜ੍ਹਦਾ ਰਿਹਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਮੋਢੀਆਂ ਚ ਸ਼ਾਮਲ ਪਿਰਥੀ ਨੇ ਵਿਦਿਆਰਥੀ ਨੌਜਵਾਨ ਲਹਿਰ ਵਿੱਚ ਇਨਕਲਾਬੀ ਜਨਤਕ ਲੀਹ ਦੇ ਸ਼ਾਨਦਾਰ ਨਕਸ਼ ਉਸ ਵੇਲ਼ੇ ਉਕੇਰੇ ਜਦੋਂ ਪੰਜਾਬ ਦੀ ਵਿਦਿਆਰਥੀ ਨੌਜਵਾਨ ਲਹਿਰ ਮੌਕਾਪ੍ਰਸਤੀ ਤੇ ਮਾਅਰਕੇਬਾਜੀ ਦਰਮਿਆਨ ਡੋਲ਼ ਰਹੀ ਸੀ। ਪਿਰਥੀਪਾਲ ਰੰਧਾਵਾ ਦੀ ਰਹਿਨੁਮਾਈ ਸਦਕਾ ਪੰਜਾਬ ਸਟੂਡੈਂਟਸ ਯੂਨੀਅਨ ਵਿਦਿਅਕ ਸੰਸਥਾਵਾਂ ਵਿੱਚ ਐਸ਼ਪ੍ਰਸਤੀ, ਕਾਕਾਸ਼ਾਹੀ, ਗੁੰਡਾਗਰਦੀ ਦੀ ਥਾਂ ਅਗਾਂਹਵਧੂ ਸੱਭਿਆਚਾਰਕ ਤੇ ਸਾਹਿਤਕ ਮਹੌਲ ਬਨਾਉਣ ਵਿੱਚ ਕਾਮਯਾਬ ਰਹੀ। ਬਿਨਾਂ ਕਿਸੇ ਛੋਟ ਦੇ ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਲਹਿਰ ਦਾ ਸਰਗਰਮ ਮੋਰਚਾ ਬਣੀਆਂ ਰਹੀਆਂ।
ਪਿਰਥੀਪਾਲ ਰੰਧਾਵਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਇੱਕ ਸਰਗਰਮ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਦੀ ਭੂਮਿਕਾ ਨਿਭਾਈ। ਪੀ ਐਸ ਯੂ ਦੀ ਅਗਵਾਈ ਵਿੱਚ ਚੱਲੇ ਰਿਆਇਤੀ ਬੱਸ ਪਾਸ ਘੋਲ, ਵਧਦੀਆਂ ਫੀਸਾਂ, ਸਸਤੇ ਹੋਸਟਲ-ਮੈਸ-ਕੰਟੀਨਾਂ ਲਈ ਘੋਲਾਂ ਵਿੱਚ ਪਿਰਥੀ ਇੱਕ ਲੋਕ ਨਾਇਕ ਬਣਕੇ ਉੱਭਰਿਆ। ਇਸ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਬੈਨਰ ਹੇਠ ਚੱਲੇ ਹੋਰ ਘੋਲਾਂ ਜਿਵੇਂ ਮੋਗਾ ਦੇ ਰੀਗਲ ਸਿਨੇਮਾ ਦਾ ਘੋਲ਼, ਐਮਰਜੈਂਸੀ ਵਿਰੋਧੀ ਘੋਲ਼ ਨੇ ਪ੍ਰਿਥੀ ਨੂੰ ਵਿਦਿਆਰਥੀਆਂ ਨੌਜਵਾਨਾਂ ਤੇ ਕਿਰਤੀਆਂ ਦਾ ਹਰਮਨ ਪਿਆਰਾ ਬਣਾ ਦਿੱਤਾ। ਕੁੱਟਮਾਰ, ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਦੇ ਤਸੀਹੇ ਵੀ ਇਸ ਨੌਜਵਾਨ ਪਿਰਥੀ ਨੂੰ ਹੱਕ, ਸੱਚ ਤੇ ਨਿਆਂ ਦੇ ਪੰਧ ਤੋਂ ਡੋਲਾ ਨਾ ਸਕੇ ਤੇ ਉਸਨੇ ਵਿਦਿਆਰਥੀ ਜੀਵਨ ਦੇ ਆਖਰੀ ਵਰ੍ਹਿਆਂ ਵਿੱਚ ਵੀ ਜਮਹੂਰੀ ਹੱਕਾਂ ਲਈ ਲਹਿਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ 'ਜਮਹੂਰੀ ਅਧਿਕਾਰ ਸਭਾ' ਜਥੇਬੰਦੀ ਹੋਂਦ ਵਿੱਚ ਆਈ।
ਸ਼ਹੀਦ ਭਗਤ ਸਿੰਘ ਦੇ ਸੱਚੇ ਵਾਰਸ ਵਾਂਗਰਾਂ ਪਿਰਥੀਪਾਲ ਰੰਧਾਵਾ ਨੇ ਆਪਾ-ਵਾਰਨ ਦੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖਦਿਆਂ, ਜਿਸ ਇਨਕਲਾਬੀ ਹੌਂਸਲੇ ਤੇ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ ਹੈ, ਇਹ ਸਦਾ ਆਉਣ ਵਾਲ਼ੀਆਂ ਲੋਕ ਲਹਿਰਾਂ, ਖਾਸਕਰ ਵਿਦਿਆਰਥੀ-ਨੌਜਵਾਨ ਲਹਿਰ ਲਈ ਰਾਹ ਦਰਸਾਵਾ ਤੇ ਇੱਕ ਪ੍ਰੇਰਣਾਸ੍ਰੋਤ ਬਣੀ ਰਹੇਗੀ।
-
ਛਿੰਦਰਪਾਲ, ਲੇਖਕ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.