ਦੁਨੀਆ ਵਿਚ ਜਿੰਨੇ ਵੀ ਵਿਕਸਤ ਦੇਸ਼ ਹਨ ਉਨ੍ਹਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਤਕਨੀਕ ਨਾਲ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇਸ਼ਾਂ ਨੇ ਵਿਗਿਆਨਕ, ਖੋਜ, ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ’ਤੇ ਜ਼ੋਰ ਦਿੱਤਾ ਹੈ ਪਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਇਨ੍ਹਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਹੈ।
ਤਕਨੀਕੀ ਤੇ ਕਿੱਤਾਮੁਖੀ ਕੋਰਸ
ਹਰ ਸਾਲ 15 ਜੁਲਾਈ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਟੀਚਾ ਨੌਜਵਾਨਾਂ ਨੂੰ ਰੁਜ਼ਗਾਰ, ਵਧੀਆ ਕੰਮ, ਦੇਸ਼ ਅਤੇ ਉਨ੍ਹਾਂ ਦੀ ਆਪਣੀ ਤਰੱਕੀ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਦੀ ਮਹੱਤਤਾ ਨੂੰ ਸਵੀਕਾਰ ਕਰਨਾ ਹੈ।
ਅੱਜ ਦੇਸ਼ ਅਤੇ ਦੁਨੀਆ ਵਿਚ ਵਿਕਸਿਤ ਹੋ ਰਹੀ ਤਕਨੀਕ ਅਤੇ ਲੇਬਰ ਬਾਜ਼ਾਰ ਦੀ ਗਤੀਸ਼ੀਲਤਾ ਨੂੰ ਬਦਲਣ ਦੇ ਮੱਦੇਨਜ਼ਰ, ਨੌਜਵਾਨਾਂ ਨੂੰ ਸਮੇਂ ਦੇ ਅਨੁਕੂਲ ਅਤੇ ਬਹੁਮੁਖੀ ਹੁਨਰ ਦੇ ਹਾਣੀ ਬਣਾਉਣਾ ਜ਼ਰੂਰੀ ਹੋ ਗਿਆ ਹੈ। ਹਰ ਵਿਕਸਤ ਦੇਸ਼ ਦੀ ਤਰੱਕੀ ਪਿੱਛੇ ਉਥੋਂ ਦੀ ਚੰਗੀ ਸਿੱਖਿਆ ਪ੍ਰਣਾਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਦੁਨੀਆ ਵਿਚ ਜਿੰਨੇ ਵੀ ਵਿਕਸਤ ਦੇਸ਼ ਹਨ ਉਨ੍ਹਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਤਕਨੀਕ ਨਾਲ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇਸ਼ਾਂ ਨੇ ਵਿਗਿਆਨਕ, ਖੋਜ, ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ’ਤੇ ਜ਼ੋਰ ਦਿੱਤਾ ਹੈ ਪਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਇਨ੍ਹਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਹੈ
ਅਜੋਕੀ ਤੇਜ਼ ਤਰਾਰ ਜ਼ਿੰਦਗੀ ਵਿਚ ਸਿੱਖਿਆ ਨੂੰ ਕਿੱਤਾਮੁਖੀ ਬਣਾਉਣਾ ਲਾਜ਼ਮੀ ਹੈ। ਜਿਸ ਦੇ ਮੱਦੇਨਜਰ ਦੁਨੀਆ ਭਰ ਵਿਚ ਸ਼ਾਰਟ ਟਰਮ ਤੇ ਲਾਂਗ ਟਰਮ/ ਮਨਜ਼ੂਰਸ਼ੁਦਾ ਕੋਰਸ ਕਰਵਾਏ ਜਾ ਰਹੇ ਹਨ। ਜੇਕਰ ਪੰਜਾਬ ਵਿਚ ਆਈਟੀਆਈ. ਦੇ ਕਿੱਤਾਮੁਖੀ ਕੋਰਸਾਂ ਬਾਰੇ ਵਿਚਾਰ ਕਰੀਏ ਤਾਂ ਇਥੇ ਵੀ ਬਹੁਤ ਸਾਰੇ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ। (ਆਈਟੀਆਈ) ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ 1950 ਵਿਚ ਸ਼ੁਰੂ ਹੋਈ ਅਤੇ ਇਹ ਮਨੀਸਟਰੀ ਆਫ ਸਕਿਲ ਡਿਵੈਲਪਮੈਂਟ ਅਤੇ ਇੰਟਰਪ੍ਰੀਨਿਉਰਸ਼ਿਪ ਅਧੀਨ ਆਉਂਦੀ ਹੈ।
ਆਈਟੀਆਈ ਅਧੀਨ ਬਹੁਤ ਸਾਰੇ ਤਕਨੀਕੀ ਕੋਰਸਾਂ ਨੂੰ ਰੱਖਿਆ ਜਾਂਦਾ ਹੈ। ਜਿਸ ਵਿਚ ਕਰੀਬ ਛੇ ਮਹੀਨੇ ਤੋਂ ਲੈ ਕੇ ਦੋ ਜਾਂ ਤਿੰਨ ਸਾਲ ਦੇ ਅਰਸੇ ਵਾਲੇ ਕੋਰਸ ਆ ਜਾਂਦੇ ਹਨ। ਅੱਠਵੀਂ ਪਾਸ ਵਿਦਿਆਰਥੀਆਂ ਕੋਲ ਵੀ ਕਿੱਤਾਮੁਖੀ ਕੋਰਸਾਂ ਦੇ ਬਹੁਤ ਸਾਰੇ ਬਦਲ ਹਨ ਜਿਵੇਂ ਕਿ ਪਲੰਬਰ ਦਾ ਕੋਰਸ, ਟਰੈਕਟਰ, ਮਕੈਨਿਕ , ਵੁਡ ਵਰਕ (ਲੱਕੜ ਖਰਾਦ), ਖੇਡਾਂ ਦਾ ਸਮਾਨ ਬਣਾਉਣਾ, ਚਮੜੇ ਦਾ ਸਮਾਨ ਬਣਾਉਣਾ, ਕਟਾਈ ਸਿਲਾਈ, ਨੀਡਲ ਵਰਕ, ਵੈਲਡਰ (ਬਿਜਲੀ ਤੇ ਗੈਸ), ਕਾਰਪੈਂਟਰ, ਫਾਉਂਡਰੀਮੈਨ ਅਤੇ ਸੀਟ ਮੇਕਰ ਵਰਕਰ ਆਦਿ ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ।
ਜੇਕਰ ਦੋ ਸਾਲਾ ਕਿੱਤਾ ਕੋਰਸਾਂ ਦੀ ਗੱਲ ਕਰੀਏ ਤਾਂ ਵਾਇਰ ਮੈਨ ਅਤੇ ਪੇਂਟਰ (ਜਨਰਲ) ਆਦਿ ਕੋਰਸ ਕੀਤੇ ਜਾ ਸਕਦ ਹਨ। 10ਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਵੀ ਆਈਟੀਆਈ ਸੰਸਥਾਵਾਂ ਵੱਲੋਂ ਵੱਖ-ਵੱਖ ਸਹੂਲਤਾਂ ਅਤੇ ਸਕਾਲਰਸ਼ਿਪ ਅਧੀਨ ਪੰਜਾਬ ਵਿਚ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ ਜਿਵੇਂ ਕਿ ਸਟੈਨੋਗ੍ਰਾਫੀ (ਅੰਗਰੇਜ਼ੀ ਅਤੇ ਪੰਜਾਬੀ) , ਡੀਜ਼ਲ ਮਕੈਨਿਕ, ਸੀਟ ਮੈਟਲ ਵਰਕਰ, ਕਟਿੰਗ ਟੇਲਰਿੰਗ, ਡਰੈੱਸ ਮੇਕਿੰਗ, ਹੈਂਡ ਕੰਪੋਜ਼ਿਟਰ , ਕੰਪਿਊਟਰ ਹਾਰਡਵੇਅਰ, ਕਾਰਪੈਂਟਰ, ਟਰੈਕਟਰ ਮਕੈਨਿਕ ਆਦਿ।
ਇਸੇ ਤਰ੍ਹਾਂ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਦੋ ਸਾਲ ਦੇ ਕੋਰਸ ਵੀ ਕਰ ਸਕਦੇ ਹਨ ਜਿਵੇਂ ਕਿ ਡਰਾਫਟਸਮੈਨ, ਸਿਵਲ ਜਾਂ ਮਕੈਨੀਕਲ, ਫਿਟਰ, ਟਰਨਰ, ਇਲੈਕਟ੍ਰਿਸ਼ੀਅਨ, ਮੋਟਰ ਮਕੈਨਿਕ, ਸਰਵੇਅਰ, ਰੈਫਰੀਜਰੇਟਰ ਅਤੇ ਮਕੈਨੀਕਲ ਇਨਸਟਰੂਮੈਂਟ ਆਦਿ। ਇਹ ਕੋਰਸ ਸਰਕਾਰੀ, ਅਰਧ-ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ। ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਦਾਖ਼ਲਾ ਫੀਸਾਂ ਲਗਪਗ ਨਾ-ਮਾਤਰ ਹੀ ਹੁੰਦੀਆਂ ਹਨ। ਆਈਟੀਆਈ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਿਊਰੀ ਨਾਲੋਂ ਪ੍ਰੈਕਟਿਕਲ ਜ਼ਿਆਦਾ ਕਰਵਾਇਆ ਜਾਂਦਾ ਹੈ। ਆਈਟੀਆਈ ਸੰਸਥਾ ਵਿਚ ਦਾਖ਼ਲਾ ਲੈਣਾ ਬਹੁਤ ਆਸਾਨ ਹੈ, ਜਿਸ ਲਈ ਆਨ-ਲਾਈਨ ਫਾਰਮ ਭਰਿਆ ਜਾ ਸਕਦਾ ਹੈ।
ਆਈਟੀਆਈ ਕੋਰਸ ਕਰਨ ਉਪਰੰਤ ਵਿਦਿਆਰਥੀ ਆਰਮੀ ਦੇ ਟੈਕਨੀਕਲ ਵਿੰਗ ( ਜਿਵੇਂ : ਵੈਲਡਰ, ਫਿਟਰ, ਪਲੰਬਰ, ਇਲੈਕਟ੍ਰੀਸ਼ੀਅਨ, ਹੇਅਰ ਕਟਰ ਅਤੇ ਡਰੈੱਸ ਡਿਜ਼ਾਈਨਰ ਆਦਿ) ਵਿਚ ਆਪਣੀਆਂ ਸੇਵਾਵਾਂ ਦੇਣ ਦੇ ਯੋਗ ਬਣ ਸਕਦੇ ਹਨ। ਇਸੇ ਤਰ੍ਹਾਂ ਰੇਲਵੇ ਵਿਚ ਵੀ ਟੈਕਨੀਕਲ ਅਸਾਮੀਆਂ ਵਾਸਤੇ ਯੋਗਤਾ ਬਣ ਜਾਂਦੀ ਹੈ ਮਿਸਾਲ ਦੇ ਤੌਰ ’ਤੇ ਵਿਦਿਆਰਥੀ ਥੋੜ੍ਹੀ ਜਿਹੀ ਜਾਣਕਾਰੀ ਅਤੇ ਮਿਹਨਤ ਨਾਲ ਆਪਣੇ ਹੁਨਰ ਦਾ ਆਪ ਮੁੱਲ ਪਵਾ ਸਕਦੇ ਹਨ। ਜਿੰਨੀ ਵਿਦਿਆਰਥੀਆਂ ਦੇ ਹੱਥ ਵਿਚ ਸਫਾਈ ਤੇ ਕਲਾ ਹੋਵੇਗੀ ਉਹ ਓਨਾ ਹੀ ਵਧੀਆ ਰੁਜ਼ਗਾਰ ਹਾਸਲ ਕਰ ਸਕਦੇ ਹਨ।
ਇਸੇ ਤਰ੍ਹਾਂ ਵਿਦਿਆਰਥੀ ਦਸਵੀਂ ਜਮਾਤ ਤੋਂ ਬਾਅਦ ਪੋਲੀਟੈਕਨਿਕ ਦੀ ਪੜ੍ਹਾਈ ਵੀ ਕਰ ਸਕਦੇ ਹਨ ਅਤੇ ਅਤੇ ਬਾਰ੍ਹਵੀਂ ਨਾਨ ਮੈਡੀਕਲ ਤੋਂ ਬਾਅਦ ਬੀਟੈੱਕ ਦੀ ਪੜ੍ਹਾਈ ਕਰ ਸਕਦੇ ਹਨ। ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਜਾਣਕਾਰੀ ਦੀ ਘਾਟ ਕਾਰਨ ਇਨ੍ਹਾਂ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਦਸਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਬਿਨਾ ਕਿਸੇ ਕਿੱਤਾਮੁਖੀ ਕੋਰਸ ਦੇ ਰੁਜ਼ਗਾਰ ਲੈਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਦਿਹਾਤੀ ਖੇਤਰ ਦੇ ਵਿਦਿਆਰਥੀ ਸਹੀ ਜਾਣਕਾਰੀ ਦੀ ਘਾਟ ਕਾਰਨ ਇਨ੍ਹਾਂ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਹਨ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.