ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਕੁਠਾਲੇ ਦੇ ਸ਼ਹੀਦਾਂ ਦੀ ਕੁਰਬਾਨੀ ਰਹੇਗੀ ਰਹਿੰਦੀ ਦੁਨੀਆਂ ਤੱਕ ਲਾਮਿਸਾਲ ਦਾਸਤਾਨ
ਮਾਲੇਰਕੋਟਲਾ ਤੋਂ ਕੋਈ 13 ਕਿਲੋਮੀਟਰ ਦੀ ਵਿੱਧ 'ਤੇ ਛਿਪਦੇ ਵਾਲੇ ਪਾਸੇ ਵਸੇ ਪਿੰਡ ਕੁਠਾਲਾ ਤੇ ਜਗੀਰੂ ਲੁੱਟ ਖਸੁੱਟ ਤੇ ਵਹਿਸੀ ਜਬਰ ਦੀ ਨੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ ਉਕਰੀ ਪਈ ਹੈ।ਇਹ ਕਹਾਣੀ ਕਿਸੇ ਕਵੀ ਦੀ ਕਿਤ ਨਹੀਂ ਜੇ ਉਸ ਨੇ ਕਿਸੇ ਹਵਾਦਾਰ ਥਾਂ 'ਤੇ ਬੈਠ ਕੇ ਲਿਖੀ ਹੋਵੇ । ਕੁਠਾਲੇ ਦੀ ਕਹਾਣੀ ਤਾਂ ਸੁਰਖ ਲਹੂ ਦੀ ਕਹਾਣੀ ਹੈ ਜੋ ਇਥੋਂ ਦੇ ਸੂਰਮੇ ਲੋਕਾਂ ਨੇ ਹਿੱਕਾਂ 'ਚ ਨਵਾਬਸ਼ਾਹੀ ਤੋਪਾਂ ਦੇ ਗੋਲੇ ਖਾ ਕੇ ਧਰਤੀ ਦੇ ਪੰਨਿਆਂ 'ਤੇ ਅਜਿਹੇ ਗੁੜੇ ਰੰਗ ਨਾਲ ਲਿਖੀ ਹੈ ਕਿ 97 ਵਰ੍ਹੇ ਬੀਤ ਜਾਣ 'ਤੇ ਵੀ ਕੁਠਾਲੇ ਦੇ ਲੋਕਾਂ ਨੂੰ ਅਜੇ ਕਲ੍ਹ ਦੀ ਗੱਲ ਹੀ ਜਾਪਦੀ ਹੈ। ਕੁਠਾਲੇ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਨੇ ਉਨ੍ਹਾਂ 16 ਸ਼ਹੀਦਾਂ ਨੂੰ ਜਨਮ ਦਿੱਤਾ ਜਿਨ੍ਹਾਂ ਨਵਾਬ ਮਾਲੇਰਕੋਟਲਾ ਦੀ ਤਾਨਾਸ਼ਾਹੀ ਵਿਰੁੱਧ ਝੰਡਾ ਬੁਲੰਦ ਕੀਤਾ।
ਕਿਸਾਨਾਂ ਮੁਜਾਰੀਆਂ ਨੂੰ ਆਪਣੀ ਫਸਲ ਦਾ, ਤੀਜਾ ਹਿੱਸਾ ਮਾਲੇਰਕੋਟਲਾ ਦੇ ਸ਼ਾਹੀ ਮਹਿਲਾਂ ਵਿਚ ਦੇਣਾ ਪੈਂਦਾ ਸੀ । ਰਸਤਿਆਂ 'ਤੇ ਖੜ੍ਹੇ ਦਰਖਤ ਨਵਾਬ ਦੀ ਮਲਕੀਅਤ ਸੀ। ਇਥੋਂ ਤੱਕ ਕਿ ਖੇਤਾਂ ਵਿਚ ਪੈਦਾ ਕੀਤੀ ਸਬਜ਼ੀ, ਫਲ ਆਦਿ ਦਾ ਵੀ ਤੀਜਾ ਹਿੱਸਾ ਪਿੰਡਾਂ ਵਿਚ ਬਣੇ ਦਰਵਾਜ਼ਿਆਂ 'ਤੇ ਬੈਠੇ ਨਵਾਬ ਦੇ ਸਿਪਾਹੀ ਜਬਰੀ ਵਸੂਲ ਕਰਦੇ ਸਨ । ਬੇਔਲਾਦ ਮਰੇ ਭਾਲ ਚਾਚਿਆਂ ਦੀ ਜਮੀਨ ਉਤੇ ਭਤੀਜਿਆਂ ਦਾ ਕੋਈ ਹੱਕ ਨਹੀਂ ਸੀ ਸਗੋਂ ਬੇਔਲਾਦ ਮਰਿਆ ਦੀ ਜਾਇਦਾਰ ਸਿੱਧੀ ਨਵਾਬ ਦੀ ਮਲਕੀਅਤ ਬਣਦੀ ਸੀ। ਜਦੋਂ ਫਸਲ ਆਉਂਦੀ ਤਾਂ ਨਵਾਬ ਦੇ ਸਿਪਾਹੀ ਇਸ 'ਤੇ ਆਪਣਾ (ਤੀਜਾ ਹਿੱਸਾ ਪ੍ਰਾਪਤ ਕਰਨਾ) ਹੱਕ ਸਮਝਦੇ ਸਨ।
ਜਦੋਂ ਮਹਾਰਾਜਾ ਪਟਿਆਲਾ ਤੇ ਸਿਮਲੇ ਦੇ ਵਾਇਸਰਾਏ ਨੇ ਮਾਲੇਰਕੋਟਲਾ ਰਿਆਸਤ ਛੋਟੀ ਹੋਣ ਕਾਰਨ ਤੋੜਨੀ ਚਾਹੀ ਤਾਂ ਨਵਾਬ ਨੇ ਸਾਰੇ ਪਿੰਡਾਂ ਦੇ ਦੋ ਦੋ ਨਾਂ ਰੱਖ ਦਿੱਤੇ ਜਿਵੇਂ ਕੁਠਾਲੇ ਦਾ ਫਿਰੋਜ਼ਪੁਰ, ਚੀਮੇ ਦਾ ਸੇਰਗੜ੍ਹ ਆਦਿ ਇਸ ਤਰ੍ਹਾਂ ਰਿਆਸਤ ਦੁਗਣੀ ਦਿਖਾਈ ਗਈ। ਇਸ ਵਿਆਸਤ ਦੇ ਕਿਸਾਨਾਂ ਨੂੰ ਮਾਲੀਆ ਸਾਰੇ ਪੰਜਾਬ ਨਾਲੋਂ ਵੱਧ ਤਾਰਨਾ ਪੈਂਦਾ ਸੀ। ਲੋਕਾਂ ਨੇ ਤੰਗ ਆ ਕੇ ਨਵਾਬ ਦੀ ਫੁੱਟ ਤੇ ਤਸ਼ੱਦਦ ਦੀ ਜ਼ਿੰਦਗੀ ਤੋਂ ਨਜਾਤ ਪਾਉਣ ਲਈ ਇਕ ਇਲਾਕਾ ਜਿਮੀਂਦਾਰਾ ਕਮੇਟੀ 10 ਜਨਵਰੀ, 1926 ਨੂੰ ਬਣਾਈ ਅਤੇ ਜ਼ਰੂਰੀ ਮੰਗਾਂ ਦਾ ਖਰੜਾ ਤਿਆਰ ਕੀਤਾ। ਰਿਆਸਤ ਦੇ ਕਿਸਾਨ ਇਸ ਕਮੇਟੀ ਦੇ ਮੈਂਬਰ ਬਣੇ ਗਏ। ਕਮੇਟੀ ਨੇ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਪਿੰਡ-ਪਿੰਡ ਜਲਸੇ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ।
ਇਹ ਕਮੇਟੀ ਨਵਾਬ ਦੀਆਂ ਅੱਖਾਂ ਵਿਚ ਰੜਕਣ ਲੱਗੀ ਅਤੇ ਨਵਾਬ ਇਸ ਤੇ ਖੇਡਖਾਣ ਲੱਗਿਆ। ਨਵਾਬ ਨੇ ਜਿਮੀਂਦਾਰਾ ਕਮੇਟੀ ਦੇ ਮੈਂਬਰਾਂ ਤੇ ਝੂਠੇ ਮੁਕੱਦਮੇ ਬਣਾਉਣੇ ਆਰੰਭ ਕਰ ਦਿੱਤੇ ਅਤੇ ਅਦਾਲਤਾਂ ਵਿਚ ਹਰ ਪ੍ਰਕਾਰ ਦੀ ਮਾਰ ਕੁਟਾਈ ਅਤੇ ਖੱਜਲ ਖੁਆਰੀ ਕਰਾਈ। 10 ਮਈ, 1926 ਨੂੰ ਚੋਣ ਕਰਕੇ ਜਥੇਦਾਰ ਨਰੈਣ ਸਿੰਘ ਕੁਠਾਲਾ ਨੂੰ ਪ੍ਰਧਾਨ, ਦਇਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ ਅਤੇ ਪਾਖਰ ਸਿੰਘ ਨੂੰ ਜਿਮੀਦਾਰਾ ਕਮੇਟੀ ਦਾ ਮੈਨੇਜਰ ਨਿਯੁਕਤ ਕੀਤਾ। ਨਵਾਬ ਨੇ ਜਿਮੀਂਦਾਰਾ ਕਮੇਟੀ ਦੀ ਵਧ ਰਹੀ ਤਾਕਤ ਨੂੰ ਰੋਕਣ ਲਈ ਆਪਣੇ ਚਮਚਿਆ ਨੂੰ ਇਕੱਠੇ ਕਰਕੇ ਨੈਸ਼ਨਲ ਜ਼ਿਮੀਂਦਾਰਾ ਕਮੇਟੀ ਬਣਾਈ ਪਰ ਆਮ ਲੋਕਾਂ ਨੇ ਇਸ ਕਮੇਟੀ ਵਿਚ ਸ਼ਾਮਲ ਲੋਕਾਂ ਦਾ ਬਾਈਬਾਣ ਕੀਤਾ।
ਜਿਮੀਂਦਾਰਾ ਕਮੇਟੀ ਨੇ ਇਕ ਮੈਮੋਰੰਡਮ ਤਿਆਰ ਕੀਤਾ ਜਿਸ ਵਿਚ ਇਲਾਕੇ ਦੀਆਂ 22 ਮੰਗਾਂ ਸਨ ਅਤੇ 17 ਜੁਲਾਈ, 1927 ਦਿਨ ਸਨਿਚਰਵਾਰ ਨੂੰ ਕੁਠਾਲਾ ਵਿਚ ਮੀਟਿੰਗ ਸੱਦ ਲਈ। ਮੀਟਿੰਗ ਵਿਚ ਮੋਰੰਡਮ ਨੂੰ ਸ਼ਿਮਲ ਵਾਇਸਰਾਏ ਹਿੰਦ ਨੂੰ ਦੇਣ ਲਈ ਪ੍ਰੋਗਰਾਮ ਉਲੀਕਣਾ ਸੀ । ਇਸ ਗੱਲ ਦੀ ਸੂਹ ਨਵਾਬ ਨੂੰ ਮਿਲ ਗਈ ।ਨਵਾਬ ਅੰਗਰੇਜ਼ ਮਾਲਕਾਂ ਦੇ ਸਾਹਮਣੇ ਬਇਜਤੀ ਹੋਣ ਦੇ ਹਰੇ ਮੀਟਿੰਗ ਨੂੰ ਰੋਕਣ ਲਈ ਸਾਰੇ ਅਧਿਕਾਰ ਵਜ਼ੀਰ ਚੌਧਰੀ ਸੁਲਤਾਨ ਅਹਿਮਦ ਨੂੰ ਦੇ ਕੇ ਆਪ ਸ਼ਿਮਲੇ ਵਾਇਸਰਾਏ ਕੋਲ ਸਫਾਈ ਪੇਸ਼ ਕਰਨ ਚਲਿਆ ਗਿਆ ਵਜ਼ੀਰ ਤੇ ਸਾਹੀ ਫੌਜਾਂ ਅਤੇ ਪੁਲਿਸ ਨੂੰ ਹੁਕਮ ਚਾੜ੍ਹ ਦਿੱਤੇ ਕਿ ਬਗਾਵਤੀ ਲੋਕਾਂ ਨੂੰ ਨੱਥ ਪਾਈ ਜਾਵੇ। ਹੁਕਮ ਮਿਲਦਿਆਂ ਹੀ ਸ਼ਾਹੀ ਫੌਜਾਂ ਤੇ ਪੁਲਿਸ ਦੇ ਭਾਰੀ ਲਸਕਰਾਂ ਨੇ ਪਿੰਡ ਨੂੰ ਆ ਘੇਰਿਆ।
ਜਿਸ ਵੇਲੇ ਲੋਕਾਂ ਦਾ ਇਕ ਜਥਾ, ਮੰਗ-ਪੱਤਰ ਦੇਣ ਲਈ ਪਿੰਡ ਦੇ ਕੂਟਨ ਵਾਲੇ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗਾ ਤਾਂ ਫੌਜ ਨੇ ਗੋਲੀਆਂ ਦਾ ਮੀਂਹ ਵਗਾ ਦਿੱਤਾ। ਪਿੰਡ ਵਿਚ ਭੰਗਦਰ ਮੱਚ ਗਈ ਲੋਕਾਂ ਨੂੰ ਘਰਾਂ 'ਚੋਂ ਬਾਹਰ ਕੱਢ ਕੇ ਤਸ਼ੱਦਦ ਕੀਤਾ ਅਤੇ ਜੋ ਹੱਥ ਆਇਆ ਉਹ ਲੁੱਟ ਲਿਆ ਗਿਆ। ਜ਼ਾਲਮ ਫੌਜੀਆਂ ਨੇ ਬੁੱਢਿਆਂ ਅਤੇ ਛੋਟੇ ਬੱਚਿਆਂ ਨੂੰ ਵੀ ਨਾ ਬਖਸ਼ਿਆ। ਇਸ ਸਾਕੇ ਵਿਚ 18 ਵਿਅਕਤੀ ਸ਼ਹੀਦ ਹੋਏ, 120 ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ਵਿਚ ਇਕ ਲੜਕੀ ਵੀ ਸ਼ਾਮਲ ਸੀ । ਤਿੰਨ ਬਲਦ ਅਤੇ ਇਕ ਪਾਲਤੂ ਕੁੱਤਾ ਵੀ ਗੋਲੀ ਦੌਰਾਨ ਮਾਰਿਆ ਗਿਆ।
ਗੋਲੀ ਚਲਣ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇ ਕਿਸਾਨ ਸ਼ਿਮਲੇ ਆਪਣੇ ਪ੍ਰੋਗਰਾਮ ਅਨੁਸਾਰ ਤੁਰ ਕੇ ਪਹੁੰਚੇ। ਪਰ ਕੋਈ ਸੁਣਵਾਈ ਨਾ ਹੋਈ। ਵਾਪਸ ਆਉਂਦਿਆਂ ਨੂੰ ਨਵਾਬ ਨੇ ਕੁਠਾਲਾ ਸਾਜਿਸ਼ ਕੇਸ ਅਧੀਨ ਗ੍ਰਿਫਤਾਰ ਕਰ ਲਿਆ। ਇਸ ਕੇਸ ਅਧੀਨ 168 ਆਦਮੀ ਅਤੇ ਇਕ ਬੀਬੀ ਮੁਜਰਮ ਠਹਿਰਾਏ, ਮੁਕੱਦਮੇ ਚਲਾਏ ਗਏ, ਕੁੱਲ 257 ਗਵਾਹ ਭੁਗਤਾਏ। ਕਿਸੇ ਨੂੰ 2, 5 ਅਤੇ 8-10 ਸਾਲ ਦੀਆਂ ਸਜਾਵਾਂ ਹੋਈਆਂ। ਇਸ ਸਾਕੇ ਵਿਚ ਗੁੰਮਟੀ ਪਿੰਡ ਦੇ ਇੰਦਰ ਸਿੰਘ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਉਹ ਪੇਸ਼ੀਆਂ ਵਿਚ ਗੰਡਾਸੀ ਲਈ ਖੜ੍ਹਾ ਸੀ ਇਸ ਤਰ੍ਹਾਂ ਵੀ ਸਿਪਾਹੀ ਦਰਵਾਜ਼ੇ ਦੀ ਛੱਤ 'ਤੇ ਨਹੀਂ ਚੜ੍ਹਨ ਦਿੱਤਾ । ਜੇ ਸਿਪਾਰੀ ਛੱਤ ਤੇ ਚੜ੍ਹ ਜਾਂਦੇ ਤਾਂ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧੇਰੇ ਹੋਣੀ ਸੀ।
ਅਜ਼ਾਦੀ ਦੀ ਲੜਾਈ ਚਲਦੀ ਰਹੀ। ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ ਆਜ਼ਾਦ ਹੋਇਆ। ਪਰ ਰਿਆਸਤ ਮਾਲੇਰਕੋਟਲਾ ਦੇ ਕਿਸਾਨ ਆਜ਼ਾਦ ਦੇਸ ਦੇ ਵਾਸੀ ਹੁੰਦੇ ਹੋਏ ਵੀ ਸਾਰੇ ਪੰਜਾਬ ਤੋਂ ਵੱਧ ਮਾਲੀਆ (ਜ਼ਮੀਨੀ ਟੈਕਸ) ਭਰ ਰਹੇ ਹਨ। ਗਿਆਨੀ ਕੱਦਰ ਸਿੰਘ ਛੋਟਾ ਚੱਕ ਜੋ ਉਸ ਸਮੇਂ ਜਿਮੀਦਾਰਾ ਕਮੇਟੀ ਦੇ ਸਰਗਰਮ ਵਰਕਰ ਅਤੇ ਲੇਖਕ ਸਨ ਦੁਆਰਾ ਲਿਖੇ ਗਏ ਇਤਿਹਾਸ ਨੂੰ ਪੜ੍ਹਿਆ ਜਾਵੇ ਅਤੇ ਕੁਠਾਲ ਤੇ ਰਿਆਸਤ ਦੇ ਇਤਿਹਾਸ ਬਾਰੇ ਇਕ ਪੁਸਤਕ ਲਿਖੀ ਜਾਵੇ। ਕੁਠਾਲੇ ਦੇ ਲੋਕ ਹਰ ਸਾਲ 17 ਜੁਲਾਈ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਇਸ ਸਾਲ ਵੀ ਚੇਤਨਾ ਮੰਚ ਕੁਠਾਲਾ ਵੱਲੋਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ ਨਾਟਕ ਮੇਲਾ ਅਤੇ ਲੋਕ ਪੱਖੀ ਗੀਤਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
-
ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਮਾਲੇਰਕੋਟਲਾ, ਲੇਖਕ
Kothalamaan@gmail.com
9876904402
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.