NMMS ਦੀ ਰਜਿਸਟ੍ਰੇਸ਼ਨ ਅਤੇ ਤਿਆਰੀ
ਹਰ ਸਾਲ ਹਜ਼ਾਰਾਂ ਹੀ ਵਿਦਿਆਰਥੀ NMMS ਦੀ ਪ੍ਰੀਖਿਆ ਵਿੱਚ ਬੈਠਦੇ ਹਨ, ਪ੍ਰੰਤੂ ਕੁਝ ਪ੍ਰਤੀਸ਼ਤ ਮੋਹਰੀ ਵਿਦਿਆਰਥੀ ਹੀ ਇਸ ਪ੍ਰੀਖਿਆ ਨੂੰ ਕਲੀਅਰ ਕਰ ਪਾਉਂਦੇ ਹਨ।
ਇਸ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਕਲੀਅਰ ਕਰਨ ਦੇ ਕੁਝ ਨੁਕਤੇ ਅੱਜ ਤੁਹਾਡੇ ਨਾਲ਼ ਸਾਂਝੇ ਕਰਨ ਜਾ ਰਿਹਾ ਹਾਂ।
ਐੱਮ. ਐੱਚ. ਆਰ. ਡੀ. ਵੱਲੋਂ ਹਰ ਸਾਲ ਫਰਵਰੀ ਜਾਂ ਮਾਰਚ ਮਹੀਨੇ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਇੱਕ ਮੁਕਾਬਲਾ ਪ੍ਰੀਖਿਆ ਲਈ ਜਾਂਦੀ ਹੈ। ਜਿਸਦਾ ਨਾਮ NMMS ਹੈ।
ਪੂਰਾ ਨਾਂ "National Means cum Merrit Scholarship" ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਡਰਾਪ-ਆਊਟ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣਾ ਹੈ।
ਸਭ ਤੋਂ ਪਹਿਲਾਂ ਇਸ ਪ੍ਰੀਖਿਆ ਵਿੱਚ ਬੈਠਣ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਇਹ ਰਜਿਸਟ੍ਰੇਸ਼ਨ ਸਿੱਖਿਆ ਵਿਭਾਗ ਦੇ epunjab portal 'ਤੇ ਕੀਤੀ ਜਾਂਦੀ ਹੈ।
ਇਸ ਲਈ ਵਿਦਿਆਰਥੀਆਂ ਲਈ ਕੁਝ ਸ਼ਰਤਾਂ ਹਨ:-
ਜਿਵੇਂ *ਉਹ ਅੱਠਵੀਂ ਜਮਾਤ ਵਿੱਚ ਸਰਕਾਰੀ ਸਕੂਲ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿੱਚ ਪੜ੍ਹ ਰਿਹਾ ਹੋਵੇ।
ਉਸ ਕੋਲ਼ ਆਮਦਨ ਅਤੇ ਜਾਤੀ ਸਰਟੀਫਿਕੇਟ ਹੋਵੇ (ਜੇਕਰ ਉਹ ਜਨਰਲ ਸ਼੍ਰੇਣੀ ਤੋਂ ਬਿਨਾ ਕਿਸੇ ਹੋਰ ਜਾਤੀ ਵਿੱਚੋਂ ਹੈ ਤਾਂ) ਜਨਰਲ ਵਿਦਿਆਰਥੀਆਂ ਨੂੰ ਜਾਤੀ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੁੰਦੀ।
ਵਿਦਿਆਰਥੀਆਂ ਨੂੰ ਤਰੀਕ ਰਹਿੰਦਿਆਂ ਹੀ ਰਜਿਸਟਰ ਕਰਨਾ ਜ਼ਰੂਰੀ ਹੁੰਦਾ ਹੈ। ਵਿਦਿਆਰਥੀਆਂ ਨੂੰ ਰਜਿਸਟਰ ਕਰਨ ਵੇਲ਼ੇ ਪਿਛਲੀ ਜਮਾਤ ਦੀ ਪਾਸ ਪ੍ਰਤੀਸ਼ਤ ਨੂੰ ਵੀ ਹਦਾਇਤਾਂ ਅਨੁਸਾਰ ਭਰਨਾ ਹੁੰਦਾ ਹੈ। ਘੱਟੋ-ਘੱਟ ਪਾਸ ਪ੍ਰਤੀਸ਼ਤ ਜਨਰਲ ਵਰਗ ਲਈ 55% ਅਤੇ ਬਾਕੀ ਵਿਦਿਆਰਥੀਆਂ ਲਈ 50% ਹੋਣੀ ਲਾਜ਼ਮੀ ਹੈ।
ਪ੍ਰੀਖਿਆ ਦੀ ਤਿਆਰੀ ਲਈ ਨੁਕਤੇ:-
ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਪ੍ਰੀਖਿਆ ਵਿੱਚ ਕਿਹੜੇ ਵਿਸ਼ੇ ਪੜ੍ਹਨਾ ਜ਼ਰੂਰੀ ਹੈ।
ਇਸ ਵਿੱਚ ਕੁੱਲ 180 ਅੰਕਾਂ ਦੀ ਪ੍ਰੀਖਿਆ ਲਈ ਜਾਂਦੀ ਹੈ।
ਜਿਸ ਵਿੱਚ 90 ਨੰਬਰ ਦੀ MAT (ਮੈਂਟਲ ਐਬੀਲਿਟੀ) ਅਤੇ 90 ਨੰਬਰ ਦਾ SAT ( ਜਿਸ ਵਿੱਚ 40 ਅੰਕਾਂ ਦਾ ਵਿਗਿਆਨ, 30 ਅੰਕਾਂ ਦਾ ਸਮਾਜਿਕ ਵਿਗਿਆਨ ਅਤੇ 20 ਅੰਕਾਂ ਦਾ ਗਣਿਤ ਵਿਸ਼ੇ ਵਿੱਚੋਂ ਪੇਪਰ ਆਉਂਦਾ ਹੈ।)
ਮੈਂਟਲ ਐਬੀਲਿਟੀ ਭਾਗ ਵਿੱਚ ਪਰਿਵਾਰਕ ਰਿਸ਼ਤੇ, ਦੂਰੀ ਅਤੇ ਦਿਸ਼ਾ, ਕੈਲੰਡਰ, ਪੈਟਰਨ, ਸ਼ਬਦਕੋਸ਼, ਕੋਡਿੰਗ
-ਡੀਕੋਡਿੰਗ, ਅੱਖਰ ਲੜੀਆਂ, ਅੰਕ ਲੜੀਆਂ, ਗਣਿਤਕ ਕਿਰਿਆਵਾਂ, ਵੈਨ ਚਿੱਤਰ, ਦਰਜਾਬੰਦੀ, ਵਰਗ ਅਤੇ ਤਿਕੋਣ ਲੱਭਣਾ, ਅਨੁਪਾਤ, ਵਰਗ, ਘਣ, ਡਾਇਸ, ਇਸ ਤੋਂ ਇਲਾਵਾ ਤਸਵੀਰਾਂ ਨਾਲ਼ ਸਬੰਧਤ 10 ਸੁਆਲ ਅਧੂਰੇ ਵਰਗ ਪੂਰੇ ਕਰਨਾ, ਸਬੰਧ ਵਾਲ਼ੇ ਪ੍ਰੀਖਣ, ਸੀਰੀਜ਼, ਸਮਾਨਤਾ ਪ੍ਰੀਖਣ, ਦਰਪਣ ਅਤੇ ਪ੍ਰਤੀਬਿੰਬ ਸ਼ਾਮਲ ਕੀਤੇ ਜਾਂਦੇ ਹਨ।
## SAT ਦੇ 90 ਅੰਕਾਂ ਲਈ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ 70 ਅੰਕਾਂ ਲਈ ਅੱਠਵੀਂ ਜਮਾਤ ਦੀ ਪਾਠ-ਪੁਸਤਕ ਦੇ ਛੋਟੇ ਪ੍ਰਸ਼ਨਾਂ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਲਈ ਵਿਦਿਆਰਥੀਆਂ ਨੂੰ ਅਭਿਆਸ ਪ੍ਰਸ਼ਨਾਂ ਦੇ ਨਾਲ-ਨਾਲ ਯਾਦ ਰੱਖਣਯੋਗ ਗੱਲਾਂ ਨੂੰ ਵੀ ਯਾਦ ਕਰਨਾ ਜ਼ਰੂਰੀ ਹੈ। ਇਸਤੋਂ ਇਲਾਵਾ ਛੇਵੀਂ ਅਤੇ ਸੱਤਵੀਂ ਜਮਾਤ ਵਿੱਚੋਂ ਵੀ ਕੁਝ ਪ੍ਰਸ਼ਨ ਆਉਣ ਦੇ ਆਸਾਰ ਹੁੰਦੇ ਹਨ।
ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚੋਂ ਉੱਪਰਲੀ ਮੈਰਿਟ ਵਿੱਚ ਆਉਣਾ ਲਾਜ਼ਮੀ ਹੁੰਦਾ ਹੈ।
ਹਰ ਜ਼ਿਲ੍ਹੇ ਨੂੰ ਅੱਠਵੀਂ ਜਮਾਤ ਦੀ ਗਿਣਤੀ ਦੇ ਆਧਾਰ 'ਤੇ ਸ਼ੀਟਾਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਅੱਠਵੀਂ ਜਮਾਤ ਦੀ ਵੱਧ ਗਿਣਤੀ ਵਾਲ਼ੇ ਜ਼ਿਲ੍ਹਿਆਂ ਨੂੰ ਮੈਰਿਟ ਲਈ ਵਿਦਿਆਰਥੀਆਂ ਦੀ ਗਿਣਤੀ ਵੱਧ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਗਿਣਤੀ 53 ਦੇ ਲੱਗਭੱਗ ਰਹਿੰਦੀ ਹੈ ਅਤੇ ਪਟਿਆਲਾ ਜ਼ਿਲ੍ਹਾ ਦੀ 157 ਦੇ ਲੱਗਭਗ ਰਹਿੰਦੀ ਹੈ। ਇਸ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ।
ਮੈਟ ਅਤੇ ਸੈਟ ਵਿੱਚੋਂ 30% ਅੰਕ ਦੋਵਾਂ MAT ਅਤੇ SAT ਵਿੱਚੋਂ ਲੈਣਾ ਜ਼ਰੂਰੀ ਹੈ ਪਰ ਰਾਖਵੀਂ ਸ਼੍ਰੇਣੀ ਲਈ ਇਸਤੋਂ ਕੁਝ ਘੱਟ 'ਤੇ ਪਾਸ ਅੰਕ ਰੱਖੇ ਗਏ ਹਨ। ਇਹ ਪ੍ਰਤੀਸ਼ਤਤਾ ਸਮੇਂ-ਸਮੇਂ ਤਬਦੀਲ ਹੁੰਦੀ ਰਹੀ ਹੈ।
ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਤੋਂ ਬਾਅਦ ਵਿਦਿਆਰਥੀ ਨੂੰ ਲਗਾਤਾਰ 4 ਸਾਲ 12-12 ਹਜ਼ਾਰ ਰੁਪਏ ਦਾ ਵਜ਼ੀਫਾ (ਕੁੱਲ 48000/-) ਮਿਲਦਾ ਹੈ। ਇਹ ਵਜ਼ੀਫਾ ਹਰ ਸਾਲ 12000 ਦੇ ਰੂਪ ਵਿੱਚ ਸਿੱਧਾ ਬੈਂਕ ਖਾਤੇ ਵਿੱਚ ਪ੍ਰਾਪਤ ਹੁੰਦਾ ਹੈ। ਜਿਸ ਲਈ ਹਰ ਸਾਲ ਵਿਦਿਆਰਥੀ ਦਾ National Scholarship Portal 'ਤੇ ਵਜ਼ੀਫਾ ਅਪਲਾਈ ਕੀਤਾ ਜਾਂਦਾ ਹੈ। ਵਜ਼ੀਫਾ ਚਾਲੂ ਰੱਖਣ ਲਈ ਵਿਦਿਆਰਥੀ ਨੂੰ ਅੱਠਵੀਂ, ਨੌਵੀਂ ਅਤੇ ਗਿਆਰਵੀਂ ਵਿੱਚੋਂ 55% ਅਤੇ ਦਸਵੀਂ ਵਿੱਚੋਂ 60% ਅੰਕ ਲੈਣੇ ਲਾਜ਼ਮੀ ਹੁੰਦੇ ਹਨ। ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ 5% ਅੰਕਾਂ ਦੀ ਛੋਟ ਹੁੰਦੀ ਹੈ।
ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ।
ਜੇਕਰ ਵਿਦਿਆਰਥੀ ਇਹਨਾਂ ਵਿਸ਼ਿਆਂ ਦੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰੇ ਤਾਂ ਲਾਜ਼ਮੀ ਇਸ ਪ੍ਰੀਖਿਆ ਨੂੰ ਕਲੀਅਰ ਕਰ ਸਕਦਾ ਹੈ।
-
ਅਮਨਦੀਪ ਸਿੰਘ, ਹੈੱਡਮਾਸਟਰ, ਸਰਕਾਰੀ ਹਾਈ ਸਕੂਲ ਬੁੱਗਾ ਕਲਾਂ; ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ
............
9501020021
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.