ਨਾਲੰਦਾ ਵਿਸ਼ਵਵਿਦਿਆਲਿਆ ਦਾ ਹੋਂਦ ਵਿੱਚ ਆਉਣਾ ਉਸ ਬੌਧਿਕ ਨਿਰੰਤਰਤਾ ਦੀ ਦੇਣ ਹੈ, ਜਿਸਨੂੰ ਮਗਧ ਵਿੱਚ ਨੰਦ ਵੰਸ਼ ਦੇ ਕਾਲ ਵਿੱਚ ਚਾਣਕਿਆ ਨੇ ਸ਼ੁਰੂ ਕੀਤਾ ਸੀ, ਬਾਅਦ ਵਿੱਚ ਵਿਕਰਮਾਦਿੱਤਿਆ ਦੇ ਸੁਨਿਹਰੀ ਕਾਲ, ਜਿਸ ਦੇ ਰਾਜ ਦਰਬਾਰ ਵਿੱਚ ਕਾਲੀਦਾਸ ਵਰਗੇ ਮਹਾਨ ਸਾਹਿਤਕਾਰ ਹੋਏ ਹਨ, ਨੇ ਪਰਿਪੱਕ ਕੀਤਾ ਸੀ। ਨਾਲੰਦਾ ਵਿਸ਼ਵਵਿਦਿਆਲਿਆ ਦੀ ਸਥਾਪਨਾ ਲਈ ਰਾਜਗੀਰ ਨੂੰ ਕਿਉਂ ਚੁਣਿਆ ਗਿਆ?
ਰਾਜਗੀਰ :- ਇਹ ਪਾਟਲੀਪੁੱਤਰ ਤੋਂ ਪਹਿਲਾਂ, ਮਗਧ ਸਾਮਰਾਜ ਦੀ ਰਾਜਧਾਨੀ ਹੁੰਦੀ ਸੀ। ਇਹ ਸਥਾਨ ਪੰਜ ਪਹਾੜੀਆਂ ਨਾਲ਼ ਘਿਰਿਆ ਹੋਇਆ, ਪੌਰਾਣਿਕ ਸਰਸਵਤੀ ਨਦੀ ਦੇ ਕੰਢੇ ਤੇ ਸਥਿਤ ਹੈ। ਰਾਜਗੀਰ ਮਹਾਵੀਰ ਸਵਾਮੀ ਅਤੇ ਗੌਤਮ ਬੁੱਧ ਦੀ ਕਰਮਭੂਮੀ ਰਿਹਾ ਹੈ, ਦੋਵਾਂ ਨੇ ਇਸ ਨਗਰ ਵਿੱਚ ਆਪਣੀਆਂ ਸਰਮਨ ਸਭਾਵਾਂ ਕੀਤੀਆਂ ਸਨ।
ਮੌਰੀਆ ਸਾਮਰਾਜ ਦਾ ਅੰਤਿਮ ਸਾਸ਼ਕ ਬ੍ਰਹਦਰਥ ਸੀ। ਉਸ ਦੇ ਸੇਨਾਪਤੀ ਪੁਸ਼ਯਮਿੱਤਰ ਨੇ ਬ੍ਰਹਦਰਥ ਦੀ ਹੱਤਿਆ ਕਰਕੇ ਮਗਧ ਉੱਪਰ ਆਪਣਾ ਰਾਜ ਸਥਾਪਿਤ ਕਰ ਲਿਆ। ਇਸ ਰਾਜ ਨੂੰ ਸੁੰਗਵੰਸ਼ ਦਾ ਨਾਮ ਦਿੱਤਾ ਜਾਂਦਾ ਹੈ। ਇਸ ਰਾਜਵੰਸ਼ ਨੇ 112 ਸਾਲ (184-72 ਈ.ਪੂ.) ਤੱਕ ਮਗਧ ਉੱਪਰ ਰਾਜ ਕੀਤਾ। ਸੁੰਗਵੰਸ਼ ਦੇ ਸਾਸ਼ਨ ਕਾਲ ਵਿੱਚ ਵੈਦਿਕ ਸੰਸਕ੍ਰਿਤੀ ਦੀ ਬਹੁਤ ਤਰੱਕੀ ਹੋਈ, ਸੰਸਕ੍ਰਿਤ ਰਾਜ ਭਾਸ਼ਾ ਸੀ। ਤਕਸ਼ਿਲਾ ਵਿਖੇ ਸੰਸਕ੍ਰਿਤ ਵਿਆਕਰਣ ਦਾ ਸਿਰਜਣਾਕਾਰ ਪਾਣਿਨੀ (520 ਈ.ਪੂ.-460 ਈ.ਪੂ) ਹੋ ਚੁੱਕੇ ਸਨ, ਜਿਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਨੂੰ ਸ਼ੁੱਧ ਲਿਖਤੀ ਭਾਸ਼ਾ ਦਾ ਰੂਪ ਪ੍ਰਦਾਨ ਕੀਤਾ ਸੀ, ਇਹ ਸਾਹਿਤ ਰਚਨਾ ਲਈ ਮੁੱਖ ਭਾਸ਼ਾ ਬਣ ਗਈ।
ਮਗਧ ਉੱਪਰ ਗੁਪਤ ਕਾਲ ਦੇ ਉਦੇ ਨੇ ਭਾਰਤ ਦੇਸ਼ ਦੀ ਸੰਸਕ੍ਰਿਤੀ ਨੂੰ ਵੈਦਿਕ ਹਿੰਦੂ, ਜੈਨ ਅਤੇ ਬੁੱਧ ਧਰਮ ਦੀ ਤ੍ਰਿਕੋਨ ਤੇ ਅਧਾਰਿਤ ਦਿਸ਼ਾ ਪ੍ਰਦਾਨ ਕੀਤੀ ਗਈ। ਪਰ ਸਾਹਿਤ ਲੇਖਣ ਦੀ ਕੇਂਦਰੀ ਭਾਸ਼ਾ ਸੰਸਕ੍ਰਿਤ ਹੀ ਰਹੀ। ਚੰਦਰ ਗੁਪਤ ਪਹਿਲੇ (320 ਈ. ਤੋਂ 330ਈ.) ਨੇ ਗੁਪਤ ਸਾਮਰਾਜ ਨੂੰ ਅਸਲੀ ਪਹਿਚਾਣ ਦਿੱਤੀ। ਇਸਤੋਂ ਬਾਅਦ ਸਮੁੰਦਰ ਗੁਪਤ ਆਉਂਦੇ ਹਨ। ਉਨ੍ਹਾ ਨੇ ਰਾਜ ਦੇ ਵਿਸਥਾਰ ਅਤੇ ਕਲਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਸਮੁੰਦਰ ਗੁਪਤ ਦੇ ਪੁੱਤਰ ਚੰਦਰ ਗੁਪਤ ਵਿਕਰਮਾਦਿੱਤਿਆ ਨੇ ਗੁਪਤ ਰਾਜ ਨੂੰ ਭਵਨ ਕਲਾ ਅਤੇ ਸਾਹਿਤ ਲੇਖਣ ਵਿੱਚ ਸ਼ਿਖਰ ਤੇ ਪਹੁੰਚਾ ਦਿੱਤਾ। ਇਹ ਉਹ ਦੌਰ ਸੀ ਜਿਸਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਮਹਾਹਾਜਾ ਵਿਕਰਮਾਦਿੱਤਿਆ ਦੀ ਰਾਜਸਭਾ ਵਿੱਚ 9 ਮਹਾਨ ਵਿਦਵਾਨ ਸਨ, ਜਿਨ੍ਹਾਂ ਨੂੰ ਨਵਰਤਨ ਕਿਹਾ ਗਿਆ। ਇਨ੍ਹਾਂ ਦੇ ਨਾਮ ਸਨ ਧੰਨਵੰਤਰੀ, ਕਸ਼ਪਨਕ, ਅਮਰ ਸਿੰਘ, ਸ਼ੰਕੂ, ਖਟਕਰਪਾਰਾ, ਬੇਤਾਲ ਭੱਟ, ਕਾਲੀ ਦਾਸ, ਵ੍ਰਹਮਹੀਰ ਅਤੇ ਵਾਰੂਚੀ। ਇਹ ਨਵਰਤਨ ਵੱਖ-ਵੱਖ ਖੇਤਰਾਂ ਵਿੱਚ ਉੱਚ ਕੋਟੀ ਦੇ ਸਾਹਿਤਕਾਰ ਸਨ।
ਮਹਾਰਾਜਾ ਵਿਕਰਮਾਦਿੱਤਿਆ ਦੇ ਕਾਲ ਵਿੱਚ ਬਹੁਤ ਹੀ ਉੱਚ ਕੋਟੀ ਦੀ ਕਲਾ ਦੇ ਖਜ਼ਾਨੇ ਮੰਦਰ, ਭਵਨ ਅਤੇ ਗੁਫਾਵਾਂ ਦਾ ਨਿਰਮਾਣ ਹੋਇਆ। ਜਿਨ੍ਹਾਂ ਵਿੱਚ ਦਸ਼ਾਵਤਾਰ ਮੰਦਰ ਦਿਉਗੜ੍ਹ (ਉੱਤਰ ਪ੍ਰਦੇਸ਼), ਧਾਰ ਜ਼ਿਲ੍ਹੇ (ਮੱਧ ਪ੍ਰਦੇਸ਼) ਵਿੱਚ ਬਾਘ ਗੁਫਾਵਾਂ, ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਅਜੰਤਾ-ਇਲੋਰਾ ਦੀਆਂ ਗੁਫਾਵਾਂ ਅਤੇ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਉਦੈਗਿਰੀ (ਮੱਧ ਪ੍ਰਦੇਸ਼) ਦੀਆਂ ਗੁਫਾਵਾਂ, ਭੁਵਨੇਸ਼ਵਰ (ਉਡੀਸਾ) ਵਿੱਚ ਖੰਦਾਗਿਰੀ ਦੀਆਂ ਗੁਫਾਵਾਂ ਅਤੇ ਉਟੀ ਨੀਲ ਗਿਰੀ ਦੀਆਂ ਗੁਫਾਵਾਂ ਬਹੁਤ ਹੀ ਕਲਾਤਮਕ ਨਿਰਮਾਣ ਹਨ।
ਮਹਾਰਾਜਾ ਵਿਕਰਮਾਦਿੱਤਿਆ ਦੇ ਰਾਜ ਦਾ ਪ੍ਰਸਾਰ ਇਨ੍ਹਾਂ ਹੋ ਗਿਆ ਸੀ ਕਿ ਇਹ ਧੁਰ ਦੱਖਣ ਤੱਕ ਫੈਲ ਗਿਆ ਸੀ, ਇਸੇ ਕਰਕੇ ਮਹਾਰਾਜਾ ਵਿਕਰਮਾਦਿੱਤਿਆ ਨੇ ਆਪਣੀ ਰਾਜਧਾਨੀ ਪਾਟਲੀਪੁੱਤਰ ਤੋਂ ਬਦਲ ਕੇ ਭਾਰਤ ਦੇ ਮੱਧ ਵਿੱਚ ਅਵੰਤਿਕਾ (ਉਜੈਨ) ਲੈ ਆਂਦੀ ਸੀ। ਇਸੇ ਕਰਕੇ ਮਹਾਰਾਜਾ ਵਿਕਰਮਾਦਿੱਤਿਆ ਵੱਲੋਂ ਕੀਤਾ ਗਿਆ ਕਲਾਤਮਕ ਭਵਨਾਂ ਦਾ ਨਿਰਮਾਣ ਲਗਭਗ ਸਾਰੇ ਭਾਰਤ ਵਿੱਚ ਹੀ ਨਜ਼ਰ ਆਉਂਦਾ ਹੈ।
ਹੁਣ ਇਸੇ ਕਾਲ ਵਿੱਚ ਰਾਜਗੀਰ ਵਿੱਚ ਨਾਲੰਦਾ ਵਿਸ਼ਵਵਿਦਿਆਲਿਆ ਦੇ ਨਿਰਮਾਣ ਦੀ ਨੀਂਹ ਰੱਖੀ ਗਈ ਸੀ। ਵਿਸ਼ਵਵਿਦਿਆਲਿਆ ਦੇ ਇਸ ਨਿਰਮਾਣ ਕਾਰਜ ਨੂੰ ਵਿਕਰਮਾਦਿੱਤਿਆ ਦੇ ਰਾਜ ਦੇ ਵਾਰਿਸ ਉਸਦੇ ਪੁੱਤਰ ਕੁਮਾਰ ਗੁਪਤ (415ਈ.-455 ਈ.) ਵੱਲੋਂ ਪੂਰਨ ਕੀਤਾ ਗਿਆ। ਇਸੇ ਕਾਲ ਵਿੱਚ ਵਿਸ਼ਵਵਿਦਿਆਲਿਆ ਵਿੱਚ ਅਧਿਆਪਨ ਕਾਰਜ ਸ਼ੁਰੂ ਹੋ ਗਿਆ ਅਤੇ ਇਹ ਦੇਸ਼ ਹੀ ਨਹੀਂ ਸੰਸਾਰ ਦਾ ਸਿੱਖਿਆ ਦਾ ਪ੍ਰਮੁੱਖ ਕੇਂਦਰ ਬਣ ਗਿਆ। ਇੱਥੇ ਸਾਹਿਤ, ਫਿਲਾਸਫੀ, ਤਾਰਾ ਵਿਗਿਆਨ, ਮਨੋਵਿਗਿਆਨ, ਸਧਾਰਨ ਵਿਗਿਆਨ, ਯੁੱਧ ਕੌਸ਼ਲ, ਇਤਿਹਾਸ, ਗਣਿਤ, ਭਵਨ ਨਿਰਮਾਣ ਕਲਾ (ਵਾਸਤੂ ਕਲਾ), ਬੁੱਧ ਧੰਮ (ਮਹਾਯਾਨ ਫਿਲਾਸਫੀ) ਅਤੇ ਸਧਾਰਨ ਫਿਲਾਸਫੀ, ਅਰਥ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸ਼ਤਰ ਵਰਗੇ ਅਧਿਆਪਨ ਦੇ ਮਹੱਤਵਪੂਰਨ ਵਿਸ਼ੇ ਸਨ। ਜਦੋਂ ਨਾਲੰਦਾ ਵਿਸ਼ਵਵਿਦਿਆਲਿਆ ਆਪਣੇ ਸ਼ਿਖਰ ਉੱਪਰ ਸੀ ਤਾਂ ਇੱਥੇ ਕੋਈ 2000 ਅਧਿਆਪਕ ਅਤੇ 10000 ਵਿਦਿਆਰਥੀ ਸਨ। ਅਧਿਆਪਕਾਂ ਵਿੱਚੋਂ ਨਾਗਾਅਰਜੁਨ, ਆਰੀਆ ਭੱਟ, ਦਿਨਨਾਗਾ, ਧਰਮਪਾਲਾ (ਬੰਗਾਲ ਦੀ ਪਾਲ ਰਾਜਸ਼ਾਹੀ ਨਾਲ਼ ਸੰਬੰਧਤ ਰਾਜਾ), ਸੀਲਭੱਦਰਾ (ਚੀਨੀ ਯਾਤਰੀ ਹਿਊਨਸਾਂਗ ਦੇ ਅਧਿਆਪਕ) ਅਤੇ ਧਰਮਾਕੀਰਤੀ ਆਦਿ ਬਹੁਤ ਹੀ ਪ੍ਰਸਿੱਧ ਵਿਦਵਾਨ ਹੋਏ ਹਨ।
ਅਸੰਗਾ, ਵਸੂਵੰਧੂ, ਚੰਦਰਾਕੀਰਤੀ, ਹਿਊਨਸਾਂਗ ਅਤੇ ਹਰਸ਼ ਆਦਿ ਪ੍ਰਸਿੱਧ ਵਿਦਿਆਰਥੀ ਹੋਏ ਹਨ।
ਹਿਊਨਸਾਂਗ : ਇੱਕ ਚੀਨੀ ਯਾਤਰੀ ਸੀ, ਜਿਹੜਾ 7ਵੀਂ ਸਦੀ ਵਿੱਚ ਭਾਰਤ ਆਇਆ ਸੀ। ਉਸ ਸਮੇੰ ਉੱਤਰੀ ਭਾਰਤ ਉੱਪਰ ਹਰਸ਼ ਵਰਧਨ ਦਾ ਰਾਜ ਸੀ। ਹਰਸ਼ ਅਤੇ ਹਿਊਨਸਾਂਗ ਨਾਲੰਦਾ ਵਿਸ਼ਵ ਵਿਦਾਲਿਆ ਵਿੱਚ ਸਹਿਪਾਠੀ ਵੀ ਰਹੇ ਸਨ। ਉਸ ਵੇਲੇ ਸੀਲਭੱਦਰਾ ਨਾਲੰਦਾ ਵਿਸ਼ਵਵਿਦਿਆਲਿਆ ਦੇ ਕੁਲਪਤੀ ਸਨ ਅਤੇ ਹਿਊਨਸਾਂਗ ਦੇ ਅਧਿਆਪਕ ਵੀ। ਹਿਊਨਸਾਂਗ ਨੇ ਲਗਭਗ ਅੱਧੇ ਭਾਰਤ ਦਾ ਭ੍ਰਮਣ ਕੀਤਾ ਅਤੇ ਜੋ ਆਪਣੀਆਂ ਅੱਖਾਂ ਨਾਲ਼ ਦੇਖਿਆ ਉਸ ਦਾ ਵਰਣਨ ਆਪਣੀ ਪੁਸਤਕ ਸੀ.ਯੂ.ਕੀ ਵਿੱਚ ਕੀਤਾ ਸੀ। ਇਸੇ ਪੁਸਤਕ ਤੋਂ ਸਾਨੂੰ ਨਾਲੰਦਾ ਵਿਸ਼ਵਵਿਦਿਆਲਿਆ ਬਾਰੇ ਜਾਣਕਾਰੀ ਮਿਲਦੀ ਹੈ।
ਨਾਲੰਦਾ ਵਿਸ਼ਵਵਿਦਿਆਲਿਆ ਦੀ ਲਾਇਬ੍ਰੇਰੀ :- ਨਾਲੰਦਾ ਵਿਸ਼ਵਵਿਦਿਆਲਿਆ ਦੀ ਲਾਇਬ੍ਰੇਰੀ ਦੇ ਤਿੰਨ ਭਾਗ ਸਨ। ਰਤਨਾ-ਸਾਗਰ, ਰਤਨਾ-ਦਾਧੀ, ਅਤੇ ਰਤਨਾ-ਰੰਜਕ ਇਹ ਤਿੰਨੋਂ ਭਾਗ ਮਿਲਕੇ ਇੱਕ ਵੱਡੀ ਲਾਇਬ੍ਰੇਰੀ ਬਣਾਉਂਦੇ ਸਨ, ਜਿਹੜੀ ਧਰਮਗੰਜ ਕੰਪਲੈਕਸ ਵਿੱਚ ਸਥਿਤ ਸੀ। ਇੱਕ ਅਨੁਮਾਨ ਅਨੁਸਾਰ ਇਸ ਲਾਇਬ੍ਰੇਰੀ ਵਿੱਚ 7 ਲੱਖ ਪੁਸਤਕਾਂ ਜਾਂ ਪਾਂਡੂਲਿਪੀਆਂ ਸਨ। ਇਸ ਲਾਇਬ੍ਰੇਰੀ ਨੂੰ ਸੰਸਾਰ ਦੀ ਸਭ ਤੋਂ ਪ੍ਰਾਚੀਨ ਲਾਇਬ੍ਰੇਰੀ ਵੀ ਕਿਹਾ ਜਾ ਸਕਦਾ ਹੈ।
ਨਾਲੰਦਾ ਵਿਸ਼ਵਵਿਦਿਆਲਿਆ ਨੂੰ ਤਬਾਹ ਕਰਨਾ : ਮੁਹੰਮਦ ਬੁਖਤਿਆਰ ਖਿਲਜੀ ਜਿਹੜਾ ਅਫਗਾਨਿਸਤਾਨ ਦਾ ਇੱਕ ਤੁਰਕ ਫੌਜੀ ਜਰਨੈਲ ਸੀ, ਉਸਨੇ ਬੰਗਾਲ ਵਿੱਚ ਆਪਣਾ ਰਾਜ ਸਥਾਪਿਤ ਕਰਨ ਲਈ ਇੱਕ ਕੱਟੜ ਮੁਸਲਮਾਨ ਹੋਣ ਦੀ ਨੀਤੀ ਅਪਣਾਈ। ਉਸ ਵੇਲੇ ਦਿੱਲੀ ਉੱਪਰ ਕੁਤਬੂਦੀਨ ਐਬਕ ਦਾ ਰਾਜ ਸੀ। ਬੁਖਤਿਆਰ ਖਿਲਜੀ ਨੇ ਬਿਹਾਰ ਦੇ ਦੋ ਪ੍ਰਾਚੀਨ ਵਿਸ਼ਵਵਿਦਿਆਲਿਆ ਨੂੰ ਤਬਾਹ ਕਰਕੇ ਇੱਕ ਕੱਟੜ ਮੁਸਲਮਾਨ ਵਜੋਂ ਆਪਣੀ ਧਾਕ ਜਮਾਉਣ ਦਾ ਸੌਖਾ ਰਾਸਤਾ ਅਪਣਾਇਆ, ਤਾਂਕਿ ਦਿੱਲੀ ਦੇ ਬਾਦਸ਼ਾਹ ਨੂੰ ਖੁਸ਼ ਕੀਤਾ ਜਾ ਸਕੇ। ਕਿਉਂਕਿ ਕੁਤਬੂਦੀਨ ਐਬਕ ਨੇ ਵੀ ਤਾਂ ਹਿੰਦੂ ਸਮਾਰਕ ਨੂੰ ਤਬਾਹ ਕਰਕੇ ਕੁਤਬ-ਮਿਨਾਰ ਖੜੀ ਕੀਤੀ ਸੀ। 1193 ਈ. ਵਿੱਚ ਬੁਖਤਿਆਰ ਖਿਲਜੀ ਨੇ ਨਾਲੰਦਾ ਵਿਸ਼ਵਵਿਦਿਆਲਿਆ ਅਤੇ ਵਿਕਰਮਸ਼ਿਲਾ ਵਿਸ਼ਵਵਿਦਿਆਲਿਆ ਨੂੰ ਢਾਹ ਦਿੱਤਾ, ਲਾਇਬ੍ਰੇਰੀਆਂ ਨੂੰ ਅੱਗ ਲਗਾ ਦਿੱਤੀ। ਬੋਧੀ ਸ਼ਿਸ਼ਾਂ ਅਤੇ ਅਧਿਆਪਕਾਂ ਨੂੰ ਮਾਰ ਦਿੱਤਾ। ਦੋਵੇਂ ਵਿਸ਼ਵਵਿਦਿਆਲਿਆ ਦਾ ਵਜੂਦ ਪੂਰੀ ਤਰਾਂ ਖ਼ਤਮ ਕਰਨ ਲਈ ਇਮਾਰਤਾਂ ਨੂੰ ਰੇਤ ਨਾਲ਼ ਢਕ ਦਿੱਤਾ। ਇਸ ਉਪਰਾਂਤ ਉਸਨੇ 1203 ਤੋਂ ਲੈ ਕੇ 1227 ਤੱਕ ਬੰਗਾਲ ਤੇ ਰਾਜ ਕੀਤਾ। ਬਿਹਾਰ ਦੇ ਵਿਸ਼ਵਵਿਦਾਲਿਆਂ ਨੂੰ ਤਬਾਹ ਕਰਨ ਦੇ ਸਬੂਤ ਬੁਖਤਿਆਰ ਖਿਲਜੀ ਦੇ ਦਰਬਾਰ ਦੇ ਰਿਕਾਰਡ ਵਿੱਚ ਮੌਜੂਦ ਹਨ।
ਮੁਸਲਿਮ ਹਾਕਮ ਵੱਲੋਂ ਨਾਲੰਦਾ ਵਿਸ਼ਵਵਿਦਿਆਲਿਆ ਨੂੰ ਤਬਾਹ ਕਰਨ ਦਾ ਕਾਰਨਾਮਾ ਇਹ ਕੋਈ ਇੱਕ ਵਿਲੱਖਣ ਘਟਨਾ ਨਹੀਂ ਹੈ। ਮੁਸਲਿਮ ਹਮਲਾਵਰ ਭਾਰਤ ਵਿੱਚ ਆਪਣੇ ਰਾਜ ਨੂੰ ਕਾਇਮ ਕਰਨ ਲਈ ਭਾਰਤੀ ਧਰਮ ਅਤੇ ਸੰਸਕ੍ਰਿਤੀ ਉੱਪਰ ਲੋਕਾਂ ਦਾ ਵਿਸਵਾਸ਼ ਤੋੜਕੇ ਉਹਨਾ ਉੱਪਰ ਨਿਰਾਕਾਰ ਈਸ਼ਵਰ ਪ੍ਰਤੀ ਆਪਣੀ ਨਿਰਪੇਖ ਵਿਚਾਰਧਾਰਾ ਠੋਸਦੇ ਸਨ। ਇਸ ਲਈ ਉਹ ਸੰਸਕ੍ਰਿਤਿਕ ਸਮਾਰਕਾਂ ਅਤੇ ਵਿਦਿਅਕ ਕੇਂਦਰਾਂ ਉੱਪਰ ਆਪਣਾ ਪਹਿਲਾ ਵਾਰ ਕਰਦੇ ਸਨ। ਮੂਰਤੀ ਨੂੰ ਤੋੜਨਾ ਉਹ ਨਿਰਾਕਾਰ ਈਸ਼ਵਰ ਪ੍ਰਤੀ ਆਪਣੀ ਸੱਚੀ ਸ਼ਰਧਾ ਸਮਝਦੇ ਸਨ। ਮੁਸਲਿਮ ਅੱਤਵਾਦੀਆਂ ਵੱਲੋਂ ਇਸੇ ਪ੍ਰਵਿਰਤੀ ਕਾਰਨ ਅੱਜ ਵੀ ਦੁਨੀਆਂ ਭਰ ਦੀਆਂ ਪ੍ਰਾਚੀਨ ਧਰੋਹਰਾਂ ਨੂੰ ਤੋੜਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।
ਨਾਲੰਦਾ ਵਿਸ਼ਵਵਿਦਿਆਲਿਆ ਦੇ ਖੰਡਰਾਂ ਦਾ ਸਾਹਮਣੇ ਆਉਣਾ : ਭਾਰਤ ਵਿੱਚ ਸਕਾਟਲੈਂਡ ਦੇ ਇੱਕ ਨਿਰਿਖਕ ਫਸਾਂਸਿਸ ਬੁਚਾਨਨ ਹਮਿਲਟਨ ਨੇ ਨਾਲੰਦਾ ਵਿਸ਼ਵਵਿਦਿਆਲਿਆ ਦੇ ਮਿੱਟੀ ਵਿੱਚ ਦੱਬੇ ਹੋਏ ਢਾਂਚੇ ਨੂੰ ਲੱਭਿਆ ਸੀ ਅਤੇ ਸਰ ਅਲਕਸੈਂਡਰ ਕਨਿੰਘਮ ਨੇ ਇਸ ਦੀ ਪਹਿਚਾਨ ਨਾਲੰਦਾ ਵਿਸ਼ਵਵਿਦਿਆਲਿਆ ਦੇ ਰੂਪ ਵਿੱਚ ਕੀਤੀ ਸੀ। ਫਰਾਂਸਿਸ ਬੁਚਾਨਨ ਹਮਿਲਟਨ ਨੇ ਹਿਊਨਸਾਂਗ ਦੀ ਲਿਖਤ ਪੜ੍ਹਕੇ ਨਾਲੰਦਾ ਵਿਸ਼ਵਵਿਦਿਆਲਿਆ ਦੀ ਥਾਂ ਦਾ ਅਨੁਮਾਨ ਲਗਾਇਆ ਸੀ।
ਮੌਜੂਦਾ ਸਮੇਂ ਵਿੱਚ ਨਾਲੰਦਾ ਵਿਸ਼ਵ ਵਿਦਾਲਿਆ ਦੇ ਪੁਨਰਉਥਾਨ ਦਾ ਸੇਹਰਾ ਭਾਰਤ ਦੇ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਨੂੰ ਜਾਂਦਾ ਹੈ। ਮਾਰਚ 2006 ਦੀ ਘਟਨਾ ਹੈ, ਡਾ. ਕਲਾਮ ਬਿਹਾਰ ਰਾਜ ਦੀ ਵਿਧਾਨ ਸਭਾ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਨਾਲੰਦਾ ਵਿਸ਼ਵਿਦਾਲਿਆ ਦੇ ਪੁਨਰਉਥਾਨ ਦੀ ਗੱਲ ਕਹੀ ਸੀ। 2007 ਵਿੱਚ ਈਸ਼ਟ ਏਸ਼ੀਆ ਸਮਿੱਟ ਫਿਲਪੀਨ ਵਿੱਚ 16 ਦੇਸ਼ਾਂ ਦੇ ਸ਼ਿਖਰ ਨੇਤਾਵਾਂ ਵੱਲੋਂ ਨਾਲੰਦਾ ਵਿਸ਼ਵਵਿਦਿਆਲਿਆ ਦੇ ਪੁਨਰਉਥਾਨ ਦਾ ਪੁਰਜੋਰ ਸਮਰਥਨ ਕੀਤਾ ਗਿਆ। ਭਾਰਤੀ ਪਾਰਲੀਮੈਂਟ ਨੇ ਨਾਲੰਦਾ ਯੂਨੀਵਰਸਿਟੀ ਐਕਟ 2010 ਪਾਸ ਕੀਤਾ।
ਜੂਨ 2014 ਵਿੱਚ ਭਾਰਤ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਕਾਇਮ ਹੋਣ ਨਾਲ਼ ਅਤੇ ਬਿਹਾਰ ਵਿੱਚ ਨਿਤਿਸ਼ ਕੁਮਾਰ ਦੀ ਸਰਕਾਰ ਆਉਣ ਨਾਲ਼ ਨਾਲੰਦਾ ਵਿਸ਼ਵਵਿਦਿਆਲਿਆ ਦੇ ਪੁਨਰਉਥਾਨ ਦੇ ਕੰਮ ਵਿੱਚ ਆਰਥਿਕ ਅਤੇ ਭੂਦਾਨ ਸਹਿਯੋਗ ਮਿਲਣ ਲੱਗ ਪਿਆ। ਸਤੰਬਰ 2014 ਨੂੰ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਇਨਰੋਲ ਕੀਤਾ ਗਿਆ। ਬਿਹਾਰ ਸਰਕਾਰ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ 455 ਏਕੜ ਜਮੀਨ ਨਾਲੰਦਾ ਵਿਸ਼ਵਵਿਦਿਆਲਿਆ ਦੇ ਨਿਰਮਾਣ ਕਾਰਜ ਲਈ ਅਲਾਟ ਕਰ ਦਿੱਤੀ।
ਨਾਲੰਦਾ ਵਿਸ਼ਵਵਿਦਿਆਲਿਆ ਦਾ ਕੈਂਪਸ ਪੂਰੀ ਤਰਾਂ ਕਾਰਬਨ ਰਿਲੀਜ਼ ਰਹਿਤ ਬਣਾਇਆ ਗਿਆ ਹੈ। ਚਾਰੇ ਪਾਸੇ ਹਰਿਆਵਲ ਦੀ ਭਰਮਾਰ ਅਤੇ ਲਗਭਗ 100 ਏਕੜ ਵਿੱਚ ਵਾਟਰ ਬਾਡੀਜ਼ ਬਣੀਆ ਹਨ। ਕੇਂਦਰ ਵਿੱਚ ਨਵੀਂ ਸਰਕਾਰ ਬਣਦੇ ਸਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 19 ਜੂਨ 2024 ਨੂੰ ਨਾਲੰਦਾ ਵਿਸ਼ਵਵਿਦਿਆਲਿਆ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਤੇ ਵਿਦੇਸ਼ ਮੰਤਰੀ ਸ਼੍ਰੀ ਐੱਸ.ਜੈ ਸ਼ੰਕਰ, ਵਿਸ਼ਵਵਿਦਿਆਲਿਆ ਦੇ ਮੌਜੂਦਾ ਉਪਕੁਲਪਤੀ ਅਤੇ ਪ੍ਰਸਿੱਧ ਅਰਥ ਸ਼ਾਸ਼ਤਰੀ ਡਾ. ਆਰਵਿੰਦ ਪਨਾਗਰੀਆ ਅਤੇ ਉਨ੍ਹਾਂ ਦੇਸ਼ਾਂ ਦੇ 17 ਰਾਜਦੂਤ ਜਿਹੜੇ ਪੂਰਵੀ ਦੇਸ਼ ਨਾਲੰਦਾ ਵਿਸ਼ਵਵਿਦਿਆਲਿਆ ਦੇ ਪੁਨਰਉਥਾਨ ਵਿੱਚ ਮਦਦ ਕਰ ਰਹੇ ਹਨ, ਮੌਜੂਦ ਸਨ।
ਉੱਘੇ ਆਰਕਿਓਲੋਜਿਸਟ ਕੇ.ਕੇ ਮੁਹੰਮਦ ਨੇ ਕਿਹਾ ਹੈ, ਪ੍ਰਾਚੀਨ ਨਾਲੰਦਾ ਵਿਸ਼ਵਵਿਦਿਆਲਿਆ ਅੱਜ ਦੇ ਔਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਜ਼ ਨਾਲੋਂ ਕਈ ਗੁਣਾ ਵੱਡਾ ਸੀ।
-
ਅਮਰ ਗਰਗ ਕਲਮਦਾਨ, ਪ੍ਰਧਾਨ : ਸਰਦਾਰ ਪਟੇਲ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ (ਰਜਿ:) ਪੰਜਾਹ ਫੁੱਟੀ ਰੋਡ ਧੂਰੀ-148024, ਜਿਲਾ ਸੰਗਰੂਰ (ਪੰਜਾਬ)
E-mail : amargargp@gmail.com
98143-41746
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.