ਭਾਈਚਾਰਕ ਸਾਂਝ ਦੀ ਪ੍ਰਤੀਕ ਹੁੰਦੀ ਸੀ ਪਿੰਡ ਦੀ ਭੱਠੀ
ਪੇਂਡੂ ਸੱਭਿਆਚਾਰਕ ਭਾਈਚਾਰਕ ਸਾਂਝ ਦੀ ਪ੍ਰਤੀਕ ਹੁੰਦੀ ਸੀ ਦਾਣੇ ਭੁੱਨਣ ਵਾਲੀ ਭੱਠੀ, ਜੋ ਹੁਣ ਲੱਗਭੱਗ ਖਤਮ ਹੋ ਚੁੱਕੀ ਹੈ। ਅੱਜ ਇਹ ਸੱਭਿਆਰਕ ਮੇਲਿਆਂ ਵਿੱਚ ਸਿਰਫ਼ ਪੁਰਾਤਨ ਯਾਦ ਵਜੋਂ ਤਿਆਰ ਕੀਤੀ ਜਾਂਦੀ ਹੈ। ਕਰੀਬ ਪੰਜ ਛੇ ਦਹਾਕੇ ਪਹਿਲਾਂ ਮਹਿਰਾ (ਝਿਓਰ) ਜਾਤੀ ਦੇ ਲੋਕ ਜੋ ਘਰਾਂ ਵਿੱਚ ਪਹਿਲਾਂ ਮਛਕਾਂ ਅਤੇ ਫੇਰ ਬਲਦ ਗੱਡੀ ਨਾਲ ਪਾਣੀ ਭਰਿਆ ਕਰਦੇ ਸਨ ਜਾਂ ਨਲਕੇ ਲਾਉਣ ਦਾ ਕੰਮ ਕਰਦੇ ਸਨ, ਉਹਨਾਂ ਦੀਆਂ ਔਰਤਾਂ ਭੱਠੀ ਤੇ ਦਾਣੇ ਭੁੰਨਣ ਦਾ ਕੰਮ ਕਰਦੀਆਂ ਸਨ।
ਭੱਠੀ ਪਿੰਡ ਦੇ ਵਿਚਕਾਰ ਖੁਲ੍ਹੀ ਥਾਂ ਤੇ ਹੁੰਦੀ ਸੀ। ਬਾਅਦ ਦੁਪਹਿਰ ਕਰੀਬ ਚਾਰ ਕੁ ਵਜੇ ਉਹ ਭੱਠੀ ਨੂੰ ਤਪਾ ਲੈਂਦੀ ਸੀ। ਉਹ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ, ਬਾਜਰੇ ਮੱਕੀ ਤੇ ਟਾਂਡੇ, ਗਰਨਿਆਂ ਦੀਆਂ ਤੀਲਾਂ, ਘਾਹ ਫੂਸ ਆਦਿ ਦੇ ਬਾਲਣ ਦੀ ਵਰਤੋਂ ਕਰਦੀ। ਭੱਠੀ ਹੇਠ ਅੱਗ ਬਾਲ ਕੇ ਕੁੱਢਣ ਨਾਲ ਹਿਲਾ ਕੇ ਅੱਗ ਤੇਜ ਕਰ ਦਿੰਦੀ। ਜਦ ਕੜਾਹੀ ਤਪ ਜਾਂਦੀ ਤਾਂ ਉਹ ਦਾਣੇ ਭੁੰਨਣ ਬੈਠ ਜਾਂਦੀ। ਉਸ ਕੋਲ ਇੱਕ ਵੱਡੀ ਦਾਤੀ, ਛਾਣਨੀ ਤੇ ਇੱਕ ਕੁੱਜਾ ਹੁੰਦਾ ਸੀ। ਭੱਠੀ ਤਪਣ ਦਾ ਸਮਾਂ ਹੁੰਦਿਆਂ ਹੀ ਦਾਣੇ ਭੁੰਨਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ, ਇਸ ਵਿੱਚ ਬਹੁਤੇ ਤਾਂ ਬੱਚੇ ਹੀ ਹੁੰਦੇ ਸਨ, ਪਰ ਕੁੱਝ ਔਰਤਾਂ ਜਾਂ ਬਜੁਰਗ ਮਰਦ ਵੀ ਮੱਕੀ, ਬਾਜਰਾ, ਛੋਲੇ, ਜਵਾਰ ਆਦਿ ਦੇ ਦਾਣੇ ਲੈ ਕੇ ਆ ਜਾਂਦੇ ਸਨ।
ਭੱਠੀ ਵਾਲੀ ਵਾਰੀ ਨਾਲ ਦਾਣੇ ਫੜਦੀ ਤੇ ਉਸ ਵਿੱਚੋਂ ਕੁੱਝ ਹਿੱਸਾ ਪਾਸੇ ਕੱਢ ਲੈਂਦੀ ਜਿਸਨੂੰ ਚੁੰਗ, ਭਾੜਾ ਜਾਂ ਕਾਟ ਕਹਿੰਦੇ ਸਨ। ਇਹ ਉਸਦੀ ਕਿਰਤ ਦੀ ਮਿਹਨਤ ਹੁੰਦੀ ਸੀ। ਬਾਕੀ ਦਾਣਿਆਂ ਨੂੰ ਉਹ ਭੱਠੀ ਵਿੱਚ ਗਰਮ ਕੀਤੇ ਰੇਤ ਵਿੱਚ ਪਾ ਕੇ ਭੁੰਨਦੀ। ਛੋਲਿਆਂ ਦੇ ਦਾਣੇ ਭੁੰਨਣ ਉਪਰੰਤ ਉਹਨਾਂ ਤੇ ਕੁੱਜਾ ਫੇਰ ਕੇ ਉਹਨਾਂ ਨੂੰ ਦੋਫਾੜ ਕਰ ਦਿੰਦੀ। ਸਲ੍ਹਾਬੇ ਮੱਕੀ ਦੇ ਦਾਣਿਆਂ ਦੇ ਮੁਰਮਰੇ ਬਣਾਉਂਦੀ ਤੇ ਜੇ ਸੁੱਕੇ ਹੁੰਦੇ ਤਾਂ ਉਸ ਦੀਆਂ ਖਿੱਲਾਂ ਬਣ ਜਾਂਦੀਆਂ। ਜਦ ਦਾਣੇ ਭੁੱਜ ਜਾਂਦੇ ਤਾਂ ਛਾਣਨੀ ਨਾਲ ਛਾਣ ਕੇ ਰੇਤਾ ਕੜਾਹੀ ਵਿੱਚ ਸੁੱਟ ਲੈਂਦੀ ਤੇ ਦਾਣੇ ਗਾਹਕ ਨੂੰ ਦੇ ਦਿੰਦੀ।
ਜਦੋਂ ਸੇਕ ਘਟ ਜਾਂਦਾ ਤਾਂ ਉਹ ਕਿਸੇ ਜੁਆਕ ਨੂੰ ਬਾਲਣ ਭੱਠੀ ਅੰਦਰ ਸੁੱਟਣ ਲਈ ਕਹਿ ਦਿੰਦੀ। ਜੇ ਕਿਸੇ ਕੋਲ ਮੱਕੀ ਜਾਂ ਛੋਲੇ ਨਾ ਹੁੰਦੇ ਤਾਂ ਉਹ ਕਣਕ ਲੈ ਆਉਂਦਾ, ਉਹ ਕਣਕ ਰੱਖ ਕੇ ਉਸਦੇ ਵੱਟੇ ਛੋਲੇ ਜਾਂ ਮੱਕੀ ਦੇ ਦਾਣੇ ਭੁੰਨ ਕੇ ਦੇ ਦਿੰਦੀ। ਦਿਨ ਛਿਪਣ ਤੱਕ ਉਹ ਦਾਣੇ ਭੁੰਨਦੀ ਅਤੇ ਕੰਮ ਖਤਮ ਕਰਕੇ ਉਹ ਭੱਠੀ ਦੇ ਬਾਲਣ ਪਾਉਣ ਵਾਲੇ ਮੋਘਰੇ ਮੂਹਰੇ ਕੋਈ ਲੋਹੇ ਦੀ ਚਾਦਰ ਦਾ ਟੂਕੜਾ ਲਾ ਕੇ ਬੰਦ ਕਰਕੇ ਚੁੰਗ ਵਜੋਂ ਕੱਢੇ ਦਾਣੇ ਲੈ ਕੇ ਘਰ ਚਲੀ ਜਾਂਦੀ। ਅੱਜ ਵਾਲੇ ਤਲੀਆਂ ਹੋਈਆਂ ਮਸਾਲਿਆਂ ਵਾਲੀਆਂ ਚੀਜਾਂ ਨਾਲੋਂ ਭੁੰਨੇ ਹੋਏ ਦਾਣੇ ਸਵੱਛ ਤੇ ਤਾਕਤਵਰ ਖ਼ੁਰਾਕ ਹੁੰਦੀ ਸੀ। ਸੁਆਦ ਬਣਾਉਣ ਲਈ ਲੋਕ ਦਾਣਿਆਂ ਨਾਲ ਗੁੜ ਵੀ ਖਾਂਦੇ ਜਾਂ ਘਿਓ ਤੇ ਲੂਣ ਮਿਲਾ ਕੇ ਨਮਕੀਨ ਵੀ ਕਰ ਲੈਂਦੇ ਸਨ।
ਭੱਠੀ ਤੇ ਹਰ ਜਾਤ ਗੋਤ ਦੇ ਲੋਕ ਦਾਣੇ ਭੰਨਾਉਣ ਆਉਂਦੇ ਤੇ ਉੱਥੇ ਵਾਰੀ ਦੀ ਉਡੀਕ ਵਿੱਚ ਬੈਠੇ ਗੱਲਾਂਬਾਤਾਂ ਕਰਦੇ ਰਹਿੰਦੇ। ਬਹੁਤਾ ਕਰਕੇ ਭੱਠੀ ਵਾਲੀ ਖੁਸ਼ਦਿਲ ਤੇ ਖੁਲ੍ਹੇ ਸੁਭਾਅ ਦੀ ਹੀ ਹੁੰਦੀ ਸੀ। ਉਸਦਾ ਰੋਜਾਨਾਂ ਬਹੁਤ ਸਾਰੇ ਲੋਕਾਂ ਨਾਲ ਵਾਹ ਵਾਸਤਾ ਪੈਂਦਾ ਸੀ, ਇਸ ਲਈ ਹਾਸਾ ਠੱਠਾ ਚਲਦਾ ਰਹਿੰਦਾ ਸੀ। ਉਹ ਬੱਚਿਆਂ ਨਾਲ ਉਹਨਾਂ ਵਰਗੀ ਹੋ ਜਾਂਦੀ, ਔਰਤਾਂ ਨਾਲ ਖੁਲ੍ਹ ਕੇ ਗੁਪਤ ਗੱਲਾਂ ਵੀ ਕਰ ਲੈਂਦੀ ਤੇ ਕਈ ਵਾਰ ਜੇ ਮਰਦ ਠਰਕ ਭੋਰਦੇ ਤਾਂ ਹੱਸ ਕੇ ਟਾਲ ਦਿੰਦੀ ਸੀ। ਭਾਈਚਾਰਕ ਸਾਂਝ ਤੇ ਸੱਭਿਆਚਾਰ ਦਾ ਟਿਕਾਣਾ ਹੁੰਦੀ ਸੀ ਪਿੰਡ ਦੀ ਭੱਠੀ। ਹੁਣ ਭੱਠੀ ਲੱਗਭੱਗ ਖਤਮ ਹੋ ਚੁੱਕੀ ਹੈ, ਪਰ ਇਹ ਲੋਕਾਂ ਦੇ ਜ਼ਿਹਨ ਚੋਂ ਖਤਮ ਨਹੀਂ ਹੋਈ। ਅੱਜ ਵੀ ਜੇਕਰ ਕਿਸੇ ਘਟਨਾ ਦੀ ਚਰਚਾ ਬਾਰੇ ਦੱਸਣਾ ਹੋਵੇ ਤਾਂ ਕਹਿੰਦੇ ਹਨ, ‘‘ਭਾਈ ਹਰ ਹੱਟੀ ਭੱਠੀ ਤੇ ਇਹ ਗੱਲ ਹੋ ਰਹੀ ਹੈ।’’
-
ਬਲਵਿੰਦਰ ਸਿੰਘ ਭੁੱਲਰ, ਲੇਖਕ
bhullarbti@gmail.com
098882 75913
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.