ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰਨ ਵਾਲੀਆਂ ਕਿਸਾਨ ਜੱਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਮੋਹਰੀ ਸਫਾਂ 'ਚ ਰਹੀ ਹੈ।ਕਿਸਾਨ-ਜਥੇਬੰਦੀਆਂ 'ਚ ਏਕਤਾ ਸਥਾਪਤ ਕਰਨ ਲਈ ਪਹਿਲਕਦਮੀ ਕਰਨ ਵਾਲੇ ਮਰਹੂਮ ਕਿਸਾਨ-ਆਗੂ ਬਲਕਾਰ ਸਿੰਘ ਡਕੌਂਦਾ ਦਾ ਜਨਮ 1956 ਵਿਚ ਪਿੰਡ ਡਕੌਂਦਾ, ਜ਼ਿਲ੍ਹਾ ਪਟਿਆਲਾ ਵਿਖੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ, ਪਿਤਾ ਵਿਰਸਾ ਸਿੰਘ ਆਮ ਕਿਸਾਨ ਸਨ। ਬਲਕਾਰ ਸਿੰਘ ਡਕੌਂਦਾ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨਾਂ ਨੇ 2007 ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਪੰਜਾਬ) ਜਥੇਬੰਦੀ ਬਣਾਈ ਸੀ। ਬਲਕਾਰ ਸਿੰਘ ਡਕੌਂਦਾ (ਪਟਿਆਲਾ) ਇਸ ਦੇ ਬਾਨੀ ਪ੍ਰਧਾਨ ਬਣੇ। ਉਨ੍ਹਾਂ ਦੇ ਦਿਹਾਂਤ ਉਪਰੰਤ ਜਥੇਬੰਦੀ ਦਾ ਨਾਂਅ ਬਦਲ ਕੇ ਮਰਹੂਮ ਬਲਕਾਰ ਸਿੰਘ ਡਕੌਂਦਾ ਦੇ ਨਾਂਅ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਪੰਜਾਬ (ਡਕੌਂਦਾ) ਰੱਖ ਦਿੱਤਾ ਗਿਆ। ਬੀਕੇਯੂ ਡਕੌਂਦਾ ਦੀ ਉਮਰ ਬੇਸ਼ੱਕ ਬਹੁਤ ਛੋਟੀ ਹੈ, ਪਰ ਇਸ ਜਥੇਬੰਦੀ ਦੀ ਲੀਡਰਸ਼ਿਪ ਛੋਟੀ ਕਿਸਾਨੀ ਵਿਚੋਂ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਜ਼ਿਆਦਾ ਤਜਰਬਾ ਰੱਖਦੀ ਹੈ। ਜਥੇਬੰਦੀ ਦਾ ਇਤਿਹਾਸ ਕੁਰਬਾਨੀ ਭਰਿਆ ਹੈ। ਇਸ ਵਿਚ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ, ਜੋ ਇਕ ਗ਼ਰੀਬ ਕਿਸਾਨ ਦੀ ਜ਼ਮੀਨ ਨੂੰ ਕੁਰਕ ਹੋਣ ਤੋਂ ਬਚਾਉਣ ਲਈ ਆੜ੍ਹਤੀਆਂ ਦੇ ਗੁੰਡਿਆਂ ਨਾਲ ਲੋਹਾ ਲੈਂਦਿਆਂ ਪਿੰਡ ਬੀਰੋਕੇ ਖੁਰਦ (ਮਾਨਸਾ) ਵਿਚ ਸ਼ਹੀਦ ਹੋ ਗਿਆ ਸੀ। ਉਸ ਨੂੰ ਜਥੇਬੰਦੀ ਵਲੋਂ ਕੁਰਕੀਆਂ ਨਿਲਾਮੀਆਂ ਖ਼ਿਲਾਫ਼ ਵਿੱਢੇ ਸੰਘਰਸ਼ ਅਤੇ ਜ਼ਮੀਨੀ ਘੋਲ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਹੋਂਦ ਸਮੇਂ ਹੀ ਬਲਕਾਰ ਸਿੰਘ ਡਕੌਂਦਾ ਹੋਰਾਂ ਦੀ ਅਗਵਾਈ ਸਦਕਾ ਇਹ ਨੀਤੀ ਕਿਸਾਨਾਂ ਹੱਥੋਂ ਜ਼ਮੀਨ ਕਰਜ਼ੇ ਦੇ ਇਵਜ਼ ਵਿਚ ਨਹੀਂ ਜਾਣ ਦੇਣੀ, ਭਾਵੇਂ ਕਿੰਨੀਆਂ ਹੀ ਕੁਰਬਾਨੀਆਂ ਕਰਨੀਆਂ ਪੈਣ। ਔਰਤਾਂ ਉੱਪਰ ਜ਼ੁਲਮ ਖ਼ਿਲਾਫ਼ ਲੜਦਿਆਂ ਕਿਰਨਜੀਤ ਕਤਲ ਕਾਂਡ ਵਿਚ ਇਸ ਜਥੇਬੰਦੀ ਨੇ ਮੋਹਰੀ ਰੋਲ ਨਿਭਾਇਆ। ਬਿਨਾਂ ਸ਼ਰਤ ਸੰਘਰਸ਼ਾਂ ਕਰਕੇ ਹੀ ਪ੍ਰੇਮ ਪ੍ਰਕਾਸ਼, ਨਰਾਇਣ ਦੱਤ ਅਤੇ ਮਨਜੀਤ ਸਿੰਘ ਧਨੇਰ ਬਾਇੱਜ਼ਤ ਉਮਰ ਕੈਦ ਦੀ ਸਜ਼ਾ 'ਚੋਂ ਬਾਹਰ ਨਿਕਲੇ।
ਸਾਂਝੇ ਵਿਸ਼ਾਲ ਸੰਘਰਸ਼ਾਂ ਦੇ ਹਾਮੀ ਬਲਕਾਰ ਸਿੰਘ ਡਕੌਂਦਾ ਨੇ ਸੰਘਰਸ਼ਾਂ 'ਚ ਜਿੱਤਾਂ ਦਰਜ ਕੀਤੀਆਂ। ਉਨ੍ਹਾਂ ਦੀ ਅਗਵਾਈ ਵਿਚ ਮਹੱਤਵਪੂਰਨ ਗਿਣਨਯੋਗ ਸੰਘਰਸ਼, ਜੋ ਸਾਂਝਾ ਸੀ ਅਤੇ ਜਿੱਤਿਆ ਗਿਆ ਉਹ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਖੇਤੀ ਵਾਸਤੇ ਬਿਜਲੀ ਦੇ ਦੁਬਾਰਾ ਬਿੱਲ ਲਗਾ ਦਿੱਤੇ ਸਨ। ਅੰਤ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਖੇਤੀ ਮੋਟਰਾਂ ਦੇ ਬਿੱਲ ਮੁਆਫ਼ ਕੀਤੇ ਜੋ ਅੱਜ ਤੱਕ ਮੁਆਫ਼ ਹਨ। ਬਲਕਾਰ ਸਿੰਘ ਡਕੌਂਦਾ ਪੇਸ਼ੇ ਵਜੋਂ ਭਾਵੇਂ ਆਰ. ਐਮ.ਪੀ. ਡਾਕਟਰ ਸਨ, ਜੋ ਕਿ ਆਪਣੇ ਪਿੰਡ ਡਕੌਂਦਾ ਜ਼ਿਲ੍ਹਾ ਪਟਿਆਲਾ ਵਿਖੇ ਹੀ ਪ੍ਰੈਕਟਿਕਸ ਕਰਦੇ ਸਨ, ਪਰ ਉਹ ਜਵਾਨੀ ਪਹਿਰੇ ਤੋਂ ਹੀ ਸਾਹਿਤ ਦੀ ਚੇਟਕ ਰੱਖਦੇ ਸਨ ਤੇ ਸਮਾਜ ਵਿਚ ਵਾਪਰਦੇ ਹਰ ਵਰਤਾਰੇ ਨੂੰ ਬਹੁਤ ਨੇੜਿੳਂ ਹੋ ਕੇ ਸਮਝਦੇ ਸਨ।
ਸਾਡਾ ਇਹ ਹਰਮਨ ਪਿਆਰਾ ਆਗੂ ਕਿਸਾਨੀ ਕਿੱਤੇ ਦੇ ਸੰਕਟ ਪਿੱਛੇ ਕੰਮ ਕਰਦੇ ਬੁਨਿਆਦੀ ਕਾਰਨਾਂ ਨੂੰ ਸਮਝਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਇਹ ਸੰਕਟ ਇਕੱਲਾ ਕਿਸਾਨਾਂ ਦਾ ਹੀ ਨਹੀਂ ਸਗੋਂ ਕਿਰਤ ਕਰਨ ਵਾਲੇ ਸੱਭ ਲੋਕਾਂ ਦਾ ਖਾਸ ਕਰ ਪੇਂਡੂ ਖਿੱਤੇ ਦੀ ਸੱਭਿਅਤਾ ਦਾ ਸੰਕਟ ਹੈ। ਇਸ ਤੋਂ ਵੀ ਅੱਗੇ ਸਾਡਾ ਇਹ ਲੋਕਾਂ ਦਾ ਆਗੂ ਤਾਂ ਵਡੇਰੇ ਸੰਕਟ ਦੇ ਸਨਮੁਖ ਵਿਸ਼ਾਲ ਆਧਾਰ ਵਾਲੇ ਸਾਂਝੇ ਸੰਘਰਸ਼ਾਂ ਦੀ ਬੇਹੱਦ ਅਣਸਰਦੀ ਲੋੜ ਸਮਝਦਾ ਸੀ। ਕਿਸਾਨੀ ਘੋਲਾਂ ਵਿਚ ਮੋਹਰੀ ਹੋ ਕੇ ਗ੍ਰਿਫਤਾਰੀਆਂ ਦੇਣ ਵਾਲਾ, ਜੇਲ੍ਹਾਂ ਨੂੰ ਵੀ ਸਿਆਸੀ ਸਕੂਲਾਂ ਵਜੋਂ ਵਰਤਣ ਵਾਲਾ, ਪ੍ਰੋਗਰਾਮਾਂ ਨੂੰ ਵਿਉਂਤਣ ਦੀ ਪੂਰੀ ਮੁਹਾਰਤ ਰੱਖਣ ਵਾਲਾ ਬਲਕਾਰ ਸਿੰਘ ਡਕੌਂਦਾ ਜਿੰਨਾ ਸ਼ਕਲ ਸੂਰਤ ਪੱਖੋਂ ਸੋਹਣਾ ਸੀ, ਸੀਰਤ ਪੱਖੋਂ ਵੀ ਉਸ ਦਾ ਕੋਈ ਸਾਨੀ ਨਹੀਂ ਸੀ। ਨਰਮ, ਨੇਕ ਦਿਲ ਇਨਸਾਨ ਪਰ ਮੌਕਾ ਪੈਣ ਤੇ ਸ਼ੇਰ ਵਾਂਗ ਦਹਾੜਨ ਦਾ ਕੋਈ ਮੌਕਾ ਵੀ ਨਹੀਂ ਸੀ ਖੁੰਝਣ ਦਿੰਦਾ। ਬਲਕਾਰ ਸਿੰਘ ਡਕੌਂਦਾ ਦੀ ਪਛਾਣ ਜੇਕਰ ਕਿਸਾਨੀ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਸੰਘਰਸ਼ਸ਼ੀਲ ਕਿਸਾਨ ਆਗੂਆਂ ਵਿਚੋਂ ਸੀ। ਇਸੇ ਕਰਕੇ ਉਹ 1990-91 ਤੋਂ ਨਵੀਆਂ ਸਾਮਰਾਜੀ ਨੀਤੀਆਂ ਰਾਹੀਂ ਖੇਤੀ ਖੇਤਰ ਦੇ ਕੀਤੇ ਜਾਣ ਵਾਲੇ ਉਜਾੜੇ ਪ੍ਰਤੀ ਚਿੰਤਤ ਸਨ। ਇਸੇ ਕਰਕੇ ਉਨ੍ਹਾਂ ਚੇਤੰਨ ਰੂਪ 'ਚ ਕਿਸਾਨ ਜਥੇਬੰਦੀ ਵਿਚ ਆਗੂ ਦੀ ਹੈਸੀਅਤ 'ਚ ਕੰਮ ਕਰਨਾ ਸ਼ੁਰੂ ਕੀਤਾ। 2007 ਦੇ ਬੀਕੇਯੂ ਏਕਤਾ ਦੀ ਨੀਂਹ ਰੱਖਣ ਸਮੇਂ ਸੂਬਾ ਪ੍ਰਧਾਨ ਦੀ ਵਡੇਰੀ ਜ਼ਿੰਮੇਵਾਰੀ ਸਾਂਭਣ ਦਾ ਮਾਣ ਹਾਸਿਲ ਕੀਤਾ। 12-13 ਜੁਲਾਈ 2010 ਦੀ ਕਾਲੀ ਰਾਤ ਨੂੰ ਫ਼ਤਹਿਗੜ੍ਹ ਸਾਹਿਬ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਜਸਵੀਰ ਕੌਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਬੇਵਕਤੀ ਵਿਛੋੜੇ ਨਾਲ ਪਰਿਵਾਰ ਅਤੇ ਜਥੇਬੰਦੀ ਨੂੰ ਅਸਹਿ ਤੇ ਅਕਹਿ ਘਾਟਾ ਪਿਆ। ਇਉਂ ਇਕ ਦ੍ਰਿੜ੍ਹ ਨਿਸਚੇ ਵਾਲਾ ਸਚਿਆਰਾ ਇਨਸਾਨ ਇਸ ਸੰਸਾਰ ਤੋਂ ਕੂਚ ਕਰ ਗਿਆ। ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਇਨਸਾਨ ਇਕੋ ਸਮੇਂ ਵੱਡੇ ਤੋਂ ਵੱਡੇ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਸੀ। ਯੂਨੀਵਰਸਿਟੀਆਂ ਦੇ ਡਾਕਟਰਾਂ, ਵਿਗਿਆਨੀਆਂ ਨਾਲ ਗੰਭੀਰ ਵਿਸ਼ਿਆਂ 'ਤੇ ਸੰਵਾਦ ਰਚਾਉਣ ਦੀ ਅਥਾਹ ਸਮਰੱਥਾ ਰੱਖਦਾ ਅਤੇ ਨਾਲ ਦੀ ਨਾਲ ਕਿਸਾਨਾਂ ਨੂੰ ਨੰਗੇ ਧੜ, ਨਿਰਸਵਾਰਥ ਅਤੇ ਕਾਮਯਾਬੀ ਵਾਲੇ ਘੋਲਾਂ ਦੀ ਅਗਵਾਈ ਦੇਣ ਦੀ ਵੀ ਅਹਿਮ ਯੋਗਤਾ ਸੀ। ਅਜਿਹੇ ਸੂਝਵਾਨ ਵਿਰਲੇ ਹੀ ਹੁੰਦੇ ਹਨ। 13 ਜੁਲਾਈ ਨੂੰ ਉਨ੍ਹਾਂ ਦੀ 14ਵੀਂ ਬਰਸੀ 'ਤੇ ਅਸੀਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪੰਜਾਬ ਦੇ ਬਹੁਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਕਿਸਾਨਾਂ ਦੇ ਵੱਡੇ ਇਕੱਠ ਕਰਕੇ ਉਨ੍ਹਾਂ ਦੀ ਯਾਦ ਨੂੰ ਸਿਜਦਾ ਕਰਾਂਗੇ।
ਵਿਸ਼ੇਸ਼ ਜਾਣਕਾਰੀ: ਪਟਿਆਲਾ ਦਾਣਾ ਮੰਡੀ, ਸਰਹੰਦ,ਰੋਡ ਵਿਖੇ ਮਨਾਈ ਜਾਵੇਗੀ।
-
Ravi Jakhu, reporter
ravijakhu500@gmail.com
91-94173-54165
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.