ਕੁਝ ਸਾਲ ਪਹਿਲਾਂ ਪੰਜਾਬ ਵਿੱਚ ਜ਼ਮੀਨ ਦੇ ਰੇਟਾਂ ਨੂੰ ਬਹੁਤ ਅੱਗ ਲੱਗੀ ਸੀ। ਪੰਜ ਕਿੱਲਿਆਂ ਵਾਲਾ ਜੱਟ ਵੀ ਕਰੋੜਪਤੀਆਂ ਦੀ ਸ਼੍ਰੇਣੀ ਵਿੱਚ ਆ ਗਿਆ ਸੀ। ਕਈ ਤਾਂ ਮੌਕਾ ਸੰਭਾਲ ਗਏ, ਪਰ ਕਈ ਜ਼ਮੀਨਾਂ ਵੇਚ ਕੇ ਖਾ ਪੀ ਗਏ। ਹੁਣ ਆਪਣੀ ਹੀ ਵੇਚੀ ਜ਼ਮੀਨ ਵਿੱਚ ਬਣੀ ਕਲੋਨੀ ਵਿੱਚ ਚੌਂਕੀਦਾਰਾ ਕਰਦੇ ਹਨ। ਜ਼ਮੀਨ ਦੇ ਰੇਟ ਵਧਣ ਕਾਰਨ ਕੁੜੀਵਲਾਹ ਪਿੰਡ ਦੇ ਤਾਰੇ ਛੜੇ ਦਾ ਵੀ ਰੇਟ ਵਧ ਗਿਆ। ਭਾਨੀਮਾਰਾਂ ਨੇ ਉਂਗਲ ਲਗਾ ਦਿੱਤੀ, “ਕਿਉਂ ਛੋਟੇ ਭਰਾ ਦੇ ਚੁਲ•ੇ ਅੱਗੇ ਖੁਰਕ ਖਾਧੇ ਕੁੱਤੇ ਵਾਂਗ ਰੋਟੀ ਖਾਂਦਾ ਹੈਂ? 6 ਕਿੱਲੇ ਜ਼ਮੀਨ ਦਾ ਮਾਲਕ ਆਂ ਤੂੰ। ਇੱਕ ਕਿੱਲਾ ਵੇਚ ਚਾਲੀ ਲੱਖ ਦਾ, ਭਾਵੇਂ 20 ਸਾਲ ਦੀ ਮੁਟਿਆਰ ਵਿਆਹ ਲਿਆ।” ਸੜਕ ਨਾਲ ਲੱਗਦੀ ਜ਼ਮੀਨ ਦੇ ਖਰੀਦਾਰ ਵੀ ਤਿਆਰ ਹੋ ਗਏ। ਛੜੇ ਦੇ ਤੌਰ ਹੀ ਬਦਲ ਗਏ। ਘਰ ਆ ਕੇ ਦੋ ਪੁੱਠੀਆਂ ਗੰਡਾਸੀਆਂ ਗਹੂਰੇ ਦੇ ਠੋਕੀਆਂ ਤੇ ਲਲਕਾਰਾ ਮਾਰ ਕੇ ਬੋਲਿਆ, “ਹੁਣ ਨਹੀਂ ਸ਼ਰੀਕਾਂ ਥੱਲੇ ਲੱਗ ਕੇ ਟੈਮ ਕੱਟਦਾ। 6 ਕਿੱਲਿਆਂ ਦਾ ਮਾਲਕ ਸਰਦਾਰ ਬੰਦਾ ਉਏ ਮੈਂ। ਟੌਹਰ ਨਾਲ ਵਿਆਹ ਕਰਵਾਊਂ ਚਾਹੇ ਬੀਕਾਨੇਰ ਤੋਂ ਕੁਦੇਸਣ ਲਿਆਉਣੀ ਪੈ ਜੇ। ਹੁਣ ਤਾਂ ਮੈਂ ਅੱਡ ਹੋਊਂ ਅੱਡ।”
ਛੋਟੇ ਭਰਾ ਜੈਲੇ ਤੇ ਉਸ ਦੀ ਘਰਵਾਲੀ ਦੀਪੋ ਨੂੰ ਪਿੱਸੂ ਪੈ ਗਏ। ਜੇ ਇਹ ਛੇ ਕਿੱਲੇ ਲੈ ਗਿਆ ਤਾਂ ਆਪਣੇ ਚਾਰ ਜਵਾਕ ਕਿੱਥੇ ਜਾਣਗੇ। ਉਹਨਾਂ ਨੇ ਅੰਦਰ ਵਾੜ ਕੇ ਛੜੇ ਅੱਗੇ ਬਹੁਤ ਹੱਥ ਪੈਰ ਜੋੜੇ, ਹਾੜੇ ਮਿੰਨਤਾਂ ਕੀਤੀਆਂ। ਪਰ ਸ਼ਰੀਕਾਂ ਦੀ ਚੁੱਕ ਵਿੱਚ ਆਏ ਤਾਰੇ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ। ਉਸ ਨੇ ਪੰਚਾਇਤ ਕਰ ਲਈ। ਮਿਥੇ ਦਿਨ ਮੋਹਤਬਰ ਇਕੱਠੇ ਹੋ ਗਏ। ਪਿੰਡ ਦਾ ਸਰਪੰਚ ਬਹੁਤ ਚੱਕਵਾਂ ਜਿਹਾ ਬੰਦਾ ਸੀ। ਉਸ ਦੀ ਅੱਖ ਵੀ ਤਾਰੇ ਦੀ ਜ਼ਮੀਨ 'ਤੇ ਸੀ। ਵੈਸੇ ਵੀ ਇਹਨਾਂ ਦੇ ਘਰ ਉਸ ਦਾ ਬਹੁਤ ਆਉਣ ਜਾਣ ਸੀ। ਉਸ ਨੇ ਕਰਮਾਂ ਮਾਰ ਕੇ ਘਰ ਦੇ ਦੋ ਹਿੱਸੇ ਕਰ ਦਿੱਤੇ ਤੇ ਪੈਰ ਨਾਲ ਲਕੀਰ ਮਾਰ ਕੇ ਬੋਲਿਆ, “ਲੈ ਭਈ ਤਾਰਿਆ, ਆਹ ਹਿੱਸਾ ਤੇਰਾ ਤੇ ਆ ਜੈਲੇ ਦਾ। ਆਹ ਦੋ ਮੰਜੇ ਤੇਰੇ ਤੇ ਆਹ ਜੈਲੇ ਦੇ। ਆਹ ਭਾਂਡੇ ਤੇਰੇ ਤੇ ਆਹ ਜੈਲੇ ਦੇ। ਆਹ ਡੰਗਰ ਤੇਰੇ ਤੇ ਆਹ ਜੈਲੇ ਦੇ। ਆ ਲੱਲੜ ਭੱਲੜ ਤੇਰਾ ਤੇ ਆ ਜੈਲੇ ਦਾ। ਜ਼ਮੀਨ ਦੀ ਵੰਡ ਕੱਲ• ਕਰਾਂਗੇ, ਅੱਜ ਤਾਂ ਕਵੇਲਾ ਹੋ ਗਿਆ।” ਅਸਲ ਵਿੱਚ ਸਰਪੰਚ ਤੇ ਮੋਹਤਬਰ ਤਾਰੇ ਕੋਲੋਂ ਦੋ ਦਿਨ ਦਾਰੂ ਮੁਰਗੇ ਦਾ ਪ੍ਰਬੰਧ ਕਰਨਾ ਚਾਹੁੰਦੇ ਸਨ। ਜੇ ਅੱਜ ਹੀ ਕੰਮ ਮੁੱਕ ਗਿਆ ਤਾਂ ਕੱਲ• ਨੂੰ ਤਾਂ ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ।
ਪਰਲ ਪਰਲ ਅੱਥਰੂ ਕੇਰਦੀ ਦੀਪੋ ਆਖਰੀ ਕੋਸ਼ਿਸ਼ ਕਰਦੀ ਹੋਈ ਬੋਲੀ, “ਵੇ ਮੈਂ ਤੇਰੀ ਸੇਵਾ ਵਿੱਚ ਕੋਈ ਕਸਰ ਤਾਂ ਨਹੀਂ ਸੀ ਛੱਡੀ। ਕਿਹੜੇ ਜਨਮਾਂ ਦਾ ਬਦਲਾ ਲੈਣ ਡਿਹਾਂ। ਮੰਨ ਜਾ, ਨਾ ਲੋਕਾਂ ਨੂੰ ਤਮਾਸ਼ਾ ਵਿਖਾ। ਨਾ ਮੇਰਾ ਮੂੰਹ ਖੁਲ•ਵਾ।” ਤਿੜੇ ਹੋਏ ਛੜੇ ਨੇ ਚੂਹੇ ਦੀ ਪੂਛ ਵਰਗੀਆਂ ਤਿੱਖੀਆਂ ਮੁੱਛਾਂ 'ਤੇ ਹੱਥ ਫੇਰਿਆ ਤੇ ਲਲਕਾਰਾ ਮਰਿਆ, “ਬੁਰਰਰਰ ਉਏ! ਹਟ ਜਾ ਪਾਸੇ ਟਿੱਡੀ ਜਿਹੀ ਨਾ ਹੋਵੇ ਤਾਂ। ਜੱਟ ਤਾਂ ਅੱਜ ਸ਼ਰੀਕਾਂ ਦੀ ਹਿੱਕ 'ਤੇ ਦੀਵਾ ਬਾਲ ਕੇ ਹੱਟੂ।” ਸਰਪੰਚ ਝਗੜੇ ਦਾ ਪੂਰਾ ਸਵਾਦ ਲੈ ਰਿਹਾ ਸੀ। ਨਾਲੇ ਜੇ ਮੂਰਖ ਲੋਕ ਝਗੜਨ ਨਾ ਤਾਂ ਪੁਲਿਸ ਤੇ ਪੰਚਾਇਤ ਨੂੰ ਕੌਣ ਪੁੱਛੇ? ਉਹ ਮੁਸ਼ਕਰੀਆਂ ਜਿਹੀਆਂ ਵਿੱਚ ਹੱਸਦਾ ਹੋਇਆ ਬੋਲਿਆ, “ ਚੰਗਾ ਭਾਊ। ਸਵੇਰੇ ਕੰਧ ਮਾਰ ਲਿਉ। ਜੇ ਸਾਡੀ ਜਰੂਰਤ ਹੋਈ ਤਾਂ ਬੁਲਾ ਲਿਉ। ਵੈਸੇ ਮੈਂ ਭਲਕੇ ਐਮ.ਐਲ.ਏ ਸਾਹਬ ਨੂੰ ਮਿਲਣ ਜਾਣਾ ਸੀ ਪਰ ਨਹੀਂ ਜਾਂਦਾ। ਤੁਹਾਡੀ ਖਾਤਰ।”
ਸਾਰਾ ਕੁਝ ਹੱਥੋਂ ਜਾਂਦਾ ਵੇਖ ਕੇ ਦੀਪੋ ਸ਼ੀਹਣੀ ਬਣ ਗਈ। ਉਹ ਬਿਜਲੀ ਵਾਂਗ ਉੱਠੀ ਤੇ ਰੋਂਦੇ ਕੁਰਲਾਉਂਦੇ ਦੋ ਜਵਾਕ ਬਾਹੋਂ ਫੜ• ਕੇ ਭਵਾਂ ਕੇ ਛੜੇ ਵੱਲ ਮਾਰੇ। ਸਾਰੀ ਪਰੇ• ਪੰਚਿÂਤ ਨੂੰ ਦੰਦਲ ਪੈਣ ਵਾਲੀ ਹੋ ਗਈ ਕਿ ਆ ਕੀ ਹੋ ਗਿਆ? ਦੀਪੋ ਨੱਕ ਵਿੱਚੋਂ ਠੂੰਹੇ ਸੁੱਟਦੀ ਹੋਈ ਡਾਢ•ੇ ਵਿਅੰਗ ਨਾਲ ਕਟਾਰ ਵਰਗੀ ਤਿੱਖੀ ਮੁਸਕਾਨ ਨਾਲ ਬੋਲੀ, “ ਭੁੱਲ ਤਾਂ ਨਹੀਂ ਗਿਆਂ ਚੌਰਿਆ? ਇਹ ਤੇਰੇ ਈ ਨੇ।” ਤਾਰੇ ਨੂੰ ਗੱਲ ਨਾ ਅਹੁੜੇ। ਉਸ ਦੀਆਂ ਮਰੋੜ ਮਰੋੜ ਕੇ 'ਤਾਂਹ ਨੂੰ ਚੁੱਕੀਆਂ ਮੁੱਛਾਂ ਇਸ ਤਰਾਂ ਹੇਠਾਂ ਨੂੰ ਡਿੱਗ ਪਈਆਂ ਜਿਵੇਂ ਮੇਲੇ ਨੂੰ ਜਾਂਦੇ ਜਵਾਕਾਂ ਨੇ ਟਰਾਲੀ ਤੋਂ ਲੱਤਾਂ ਲਮਕਾਈਆਂ ਹੁੰਦੀਆਂ ਹਨ। ਮੂੰਹ ਐਂ ਹੋ ਗਿਆ ਜਿਵੇਂ ਹੁਣੇ ਹੁਣੇ ਤਈਆ ਤਾਪ ਤੋਂ ਉੱਠਿਆ ਹੁੰਦਾ ਐ। ਆਪਣੀਆਂ ਕਰਤੂਤਾਂ ਦਾ ਫਲ ਸਾਹਮਣੇ ਵੇਖ ਕੇ ਧੜੰ•ਮ ਕਰਦਾ ਮੰਜੇ 'ਤੇ ਢੇਰੀ ਹੋ ਗਿਆ। ਉਸ ਦੀ 'ਵਾਜ਼ ਨਾ ਨਿਕਲੇ। ਬੇਇੱਜ਼ਤੀ ਹੁੰਦੀ ਵੇਖ ਕੇ ਜੈਲੇ ਨੇ ਦੀਪੋ ਦੀ ਗੁੱਤ ਨੂੰ ਵਟਣਾ ਚਾੜ• ਕੇ ਚਾਰ ਪੰਜ ਚਪੇੜਾਂ ਛੱਡੀਆਂ, “ ਤੇਰੀ ਬੇੜੀ ਗਰਕ ਹੋ ਜੇ। ਤੂੰ ਮੇਰੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਛੱਢੀ ਆ।” ਦੀਪੋ ਨੇ ਜੈਲਾ ਵੀ ਗਲਮਿਉਂ ਫੜ• ਲਿਆ, “ਤੇਰੀ ਇੱਜ਼ਤ ਨੂੰ ਦੋ ਰੱਖ ਲਏ। ਨਹੀਂ ਤੇਰਾ ਤਾਂ ਇੱਕ ਵੀ ਨਹੀਂ।” ਸਾਰੀ ਪੰਚਾਇਤ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਜੈਲਾ ਵੀ ਸ਼ਾਟ ਹੋ ਗਿਆ। ਐਵੇਂ ਝੂਠੇ ਗਵਾਹ ਵਾਂਗ ਮਿਣ ਮਿਣ ਕਰਨ ਲੱਗਾ।
ਸੜੀ ਬਲੀ ਦੀਪੋ ਨੇ ਸਰਪੰਚ ਤੇ ਪੰਚਾਇਤ ਵੱਲ ਮਾਰਖੰਡੀ ਝੋਟੀ ਵਾਂਗ ਵੇਖਿਆ। ਸਰਪੰਚ ਨਾਲ ਹੀ ਮੇਮਣਾ ਜਿਹਾ ਬਣ ਗਿਆ, “ਤਾਰਿਆ ਕੁਝ ਅਕਲ ਕਰ। ਸਿਆਣਾ ਬਿਆਣਾ ਹੋ ਕੇ ਹੁਣ ਕਿਉਂ ਘਰ 'ਚ ਸੇਹ ਦਾ ਤਕਲਾ ਗੱਡ ਰਿਹਾਂ। ਕਿਉਂ ਬੁੱਢੇ ਵਾਰੇ ਵਿਆਹ ਕਰਵਾ ਕੇ ਪਿੰਡ ਵਿੱਚ ਖੂਹੀ ਲਵਾਉਣ ਲੱਗਾਂ। ਘਰ ਵਿੱਚ ਰਲ ਮਿਲ ਕੇ ਰਿਹਾ ਕਰੋ ਭਾਈ। ਏਕੇ ਵਿੱਚ ਈ ਬਰਕਤ ਹੁੰਦੀ ਐ।” ਸਰਪੰਚ ਨੇ ਬਿਨਾਂ ਪਿੱਛੇ ਵੇਖੇ ਫਟਾਫਟ ਸਪੀਡ ਚੁੱਕ ਦਿੱਤੀ। ਬਖਤੌਰਾ ਪੰਚ, ਸਰਪੰਚ ਦੇ ਖੁਰ ਵੱਢੀ ਪਿੱਛੇ ਈ ਚੜਿ•ਆ ਆਉਂਦਾ ਸੀ। ਹੀਂ ਹੀਂ ਕਰਦਾ ਬੋਲਿਆ, “ ਸਰਪੰਚਾ ਸਾਰਾ ਸਵਾਦ ਮਾਰ 'ਤਾ ਤੂੰ। ਹੁਣ ਤਾਂ ਸਾਰੇ ਪਰਦੇ ਪਾਟਣ ਲੱਗੇ ਸੀ ਤੇ ਤੂੰ ਭੱਜਣ ਦੀ ਕੀਤੀ।” ਸਰਪੰਚ ਦਾ ਰੰਗ ਬੱਗਾ ਹੋਇਆ ਪਿਆ ਸੀ। ਸਾਹੋ ਸਾਹੀ ਹੁੰਦਾ ਬੋਲਿਆ, “ ਸਾਲਿਆ ਸਵਾਦ ਦਿਆ। ਮੈਨੂੰ ਤਾਂ ਡਰ ਲੱਗ ਰਿਹਾ ਸੀ ਕਿਤੇ ਇੱਕ ਅੱਧ ਜਵਾਕ ਮੇਰੇ ਵੱਲ ਨਾ ਸੁੱਟ ਦੇਵੇ।”
-
ਬਲਰਾਜ ਸਿੰਘ ਸਿੱਧੂ, ਲੇਖਕ -ਪੁਲਿਸ ਅਫਸਰ
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.