ਉਮਰ ਦੀ ਪੌੜੀ ਦੇ ਚੁਰਾਸੀ ਪੌਡੇ ਚੜ੍ਹ ਲਏ। ਚੁਰਾਸੀ ਲੋਹੜੀਆਂ ਮਨਾ ਲਈਆਂ। ਚੁਰਾਸੀ ਦੇ ਗੇੜ ’ਚੋਂ ਨਿਕਲ ਆਇਆਂ। ਬੜਾ ਕੁਝ ਕਿਹਾ ਜਾ ਸਕਦੈ ‘ਚੁਰਾਸੀ’ ਦੇ ਗੇੜ ਬਾਰੇ। ਪਹਿਲੇ ਚੌਦਾਂ ਸਾਲ ਮੈਂ ਆਪਣੇ ਜੱਦੀ ਪਿੰਡ ਚਕਰ ਰਿਹਾ। ਹੁਣ ਬਚਪਨ ਦੇ ਉਹੀ ਸਾਲ ਸਭ ਤੋਂ ਵੱਧ ਯਾਦ ਆ ਰਹੇ ਨੇ। ਸੱਤ ਸਾਲ ਫਾਜ਼ਿਲਕਾ ਕੋਲ ਭੂਆ/ਫੁੱਫੜ ਦੇ ਪਿੰਡ ਕੋਠੇ ਰਹਿ ਕੇ ਬੀਏ ਤੱਕ ਪੜ੍ਹਿਆ। ਜੁਆਨੀ ਘੁੰਮ-ਘੁੰਮਾ ਕੇ ਚੜ੍ਹੀ। ਵੰਝਲੀ ਵਰਗਾ ਬੋਲ ਸੀ ਵੇ ਬਾਲਮਾ। ਇਕ ਸਾਲ ਮੁਕਤਸਰ ਹੋਸਟਲ ਵਿਚ ਰਹਿ ਕੇ ਬੀਐੱਡ ਕੀਤੀ। ਨਹੀਂ ਭੁੱਲਣੀਆਂ ਮਾਘੀ ਦੇ ਮੇਲੇ ਦੀਆਂ ਯਾਦਾਂ। ਫਿਰ ਪੰਜ ਸਾਲ ਦਿੱਲੀ ਪੜ੍ਹਿਆ ਤੇ ਪੜ੍ਹਾਇਆ। ਉਥੇ ਲਿਖਣ ਦੀ ਚੇਟਕ ਲੱਗ ਗਈ ਜਿਸ ਨਾਲ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਗਈਆਂ। ਤੀਹ ਕੁ ਸਾਲ ਢੁੱਡੀਕੇ ਦੇ ਕਾਲਜ ਤੇ ਚਾਰ ਕੁ ਸਾਲ ਮੁਕੰਦਪੁਰ ਦੇ ਕਾਲਜ ਵਿਚ ਰਿਹਾ। ਹਜ਼ਾਰਾਂ ਵਿਦਿਆਰਥੀ ਪੜ੍ਹਾਏ। ਚੌਵੀ ਸਾਲਾਂ ਤੋਂ ਬਰੈਂਪਟਨ, ਕੈਨੇਡਾ ’ਚ ਰਹਿ ਰਿਹਾਂ। ਕਬੱਡੀ ਦੀ ਕੁਮੈਂਟਰੀ ਕਰਦਿਆਂ ਤੇ ਲਿਖਦਿਆਂ ਦੇਸ਼ ਵਿਦੇਸ਼ ਦੇ ਅਨੇਕਾਂ ਸ਼ਹਿਰ ਗਾਹੇ। ਵੰਨ ਸੁਵੰਨੀ ਦੁਨੀਆ ਦੇਖੀ। ਟੋਰਾਂਟੋ ਦੇ ਸੀਐੱਨ. ਟਾਵਰ `ਤੇ ਚੜ੍ਹਿਆ, ਲੰਡਨ ਦੀ ਚੰਡੋਲ ਝੂਟੀ ਤੇ ਡਿਜ਼ਨੀਲੈਂਡ ਦੀਆਂ ਢਾਣੀਆਂ ਲਈਆਂ। ਲਾਸ ਵੇਗਸ, ਡਿਜ਼ਨੀਲੈਂਡ ਤੇ ਹਾਲੀਵੁੱਡ ਦੇ ਜਲਵੇ ਵੇਖੇ। ਨਨਕਾਣਾ ਸਾਹਿਬ ਦੀ ਯਾਤਰਾ ਕੀਤੀ ਤੇ ਲਾਹੌਰ ਦਾ ਸੈਰ ਸਪਾਟਾ। ਸੈਂਕੜੇ ਖਿਡਾਰੀਆਂ, ਖੇਡ ਪ੍ਰੇਮੀਆਂ ਤੇ ਲੇਖਕਾਂ ਨਾਲ ਮੁਲਾਕਾਤਾਂ ਕੀਤੀਆਂ। ਦੋ ਲੱਖ ਕਿਲੋਮੀਟਰ ਪੈਰੀਂ ਤੁਰਿਆ, ਹਜ਼ਾਰਾਂ ਕਿਲੋਮੀਟਰ ਸਾਈਕਲ ਚਲਾਇਆ ਤੇ ਲੱਖਾਂ ਮੀਲ ਹਵਾਈ ਜਹਾਜ਼ਾਂ ਦਾ ਸਫ਼ਰ ਕੀਤਾ।
ਦੋ ਲੱਖ ਕਿਲੋਮੀਟਰ ਤੁਰਨ ’ਤੇ ਇਕ ਆਲੋਚਕ ਨੇ ਸਪੱਸ਼ਟੀਕਰਨ ਮੰਗਿਆ, “ਦੋ ਲੱਖ ਕਿਲੋਮੀਟਰ ਕਿਥੇ ਤੁਰੇ ਓਂ ਪ੍ਰਿੰਸੀਪਲ ਸਾਹਿਬ! ਕਿਤੇ ਕਬੱਡੀ ਦੀ ਕੁਮੈਂਟਰੀ ਵਾਂਗ ਗਪੌੜ ਤਾਂ ਨਹੀਂ ਮਾਰੀ ਜਾ ਰਹੇ? ਅਖੇ ਆਹ ਵੇਖੋ ਲਟੈਣਾਂ ਵਰਗੇ ਗਭਰੂ! ਧਰਤੀ ਕੰਬਦੀ ਐ ਜੁਆਨਾਂ ਦੇ ਕਦਮਾਂ ਥੱਲੇ!!
ਮੈਂ ਕਿਹਾ, “ਹਿਸਾਬ ਲਾ ਲਓ। ਪੰਜਵੀਂ ਜਮਾਤ ਤੋਂ ਬਾਰ੍ਹਵੀਂ ਤਕ ਰੋਜ਼ ਦਸ ਕਿਲੋਮੀਟਰ ਪੈਦਲ ਪੜ੍ਹਨ ਜਾਂਦਾ ਰਿਹਾਂ। ਵਿਚੇ ਦਸ ਸਾਲ ਡੰਗਰ ਚਾਰਨ ਤੇ ਮੋੜੇ ਲਾਉਣ ਦੇ ਪਾ ਲਓ। ਪੱਠਿਆਂ ਦੀਆਂ ਪੰਡਾਂ ਢੋਣ ਦੇ ਵੱਖ। ਹਾਕੀ ਦੇ ਇਕ ਮੈਚ ਵਿਚ ਅੱਠ ਦਸ ਕਿਲੋਮੀਟਰ ਦੌੜਨਾ ਪੈਂਦਾ। ਹਜ਼ਾਰ ਕੁ ਮੈਚ ਤਾਂ ਖੇਡੇ ਹੀ ਗਏ ਹੋਣਗੇ। ਸਾਇੰਸ ਕਾਲਜ ਜਗਰਾਓਂ ਵਿਚ ਇਮਤਿਹਾਨਾਂ ਦੀ ਡਿਊਟੀ ਭੁਗਤਾ ਕੇ ਪੰਜ ਵਜੇ ਤੁਰਦਾ ਤੇ 16 ਕਿਲੋਮੀਟਰ ਤੁਰ ਕੇ ਸਾਢੇ ਸੱਤ ਵਜੇ ਢੁੱਡੀਕੇ ਪਹੁੰਚ ਜਾਂਦਾ। ਕਦੇ ਫਾਜ਼ਿਲਕਾ ਤੋਂ ਸਾਈਕਲ ਚਲਾ ਕੇ ਦੋ ਸੌ ਕਿਲੋਮੀਟਰ ਦੂਰ ਚਕਰ ਆ ਪੁੱਜਦਾ। ਤੁਰਨਾ, ਸਾਈਕਲ ਚਲਾਉਣਾ, ਖੇਡਣਾ ਤੇ ਟੂਰਨਾਮੈਂਟ ਵੇਖਣੇ ਤਾਂ ਮੇਰਾ ਸਾਲਾਂ-ਬੱਧੀ ਰੁਝੇਵਾਂ ਰਿਹਾ। ਪਿੰਡਾਂ ਦੇ ਟੂਰਨਾਮੈਂਟਾਂ ਤੋਂ ਲੈ ਕੇ ਵਿਸ਼ਵ ਕੱਪਾਂ ਤੇ ਅੰਤਰਰਾਸ਼ਟਰੀ ਖੇਡਾਂ ਤਕ ਮੈਂ ਹਜ਼ਾਰ ਕੁ ਖੇਡ ਮੇਲੇ ਤਾਂ ਵੇਖ ਹੀ ਲਏ ਹੋਣਗੇ। 8 ਕਿਲੋਮੀਟਰ ਤਾਂ ਮੈਂ ਰਿਟਾਇਰ ਹੋਣ ਪਿੱਛੋਂ 80 ਸਾਲ ਦੀ ਉਮਰ ਤਕ ਵੀ ਰੋਜ਼ਾਨਾ ਤੁਰਦਾ ਰਿਹਾਂ। ਵਾਹ ਲੱਗਦੀ ਅਖ਼ਬਾਰਾਂ ਮੈਂ ਤੁਰ ਫਿਰ ਕੇ ਹੀ ਪੜ੍ਹਦਾਂ।
ਮੇਰਾ ਮੋਬਾਈਲ ਦੱਸਦੈ ਕਿ 2023 ਵਿਚ ਮੇਰੀ ਰੋਜ਼ ਤੁਰਨ ਦੀ ਔਸਤ 6.4 ਕਿਲੋਮੀਟਰ ਪਈ ਸੀ ਤੇ 2024 ਦੀ ਔਸਤ 6 ਕਿਲੋਮੀਟਰ ਪੈ ਰਹੀ ਹੈ। ਸਵੇਰੇ ਛੇ ਵਜੇ ਮੈਂ ਚਾਲੇ ਪੈ ਜਾਨਾਂ, ਅੱਧਾ ਘੰਟਾ ਤੈਰਨ ਤਲਾਅ `ਚ, ਦਸ ਮਿੰਟ ਸਟੀਮ ਰੂਮ `ਚ ਤੇ ਦਸ ਮਿੰਟ ਖੁੱਲ੍ਹੀ ਜਗ੍ਹਾ ਕਸਰਤ ਕਰਦਾਂ। ਮੇਰਾ ਨਾਅ੍ਹਰਾ ਹੈ: ਜਿਹੜਾ ਦੌੜ ਸਕਦੈ ਉਹ ਵਗੇ ਨਾ। ਜਿਹੜਾ ਵਗ ਸਕਦੈ ਉਹ ਤੁਰੇ ਨਾ, ਜਿਹੜਾ ਤੁਰ ਸਕਦੈ ਉਹ ਖੜ੍ਹੇ ਨਾ, ਜਿਹੜਾ ਖੜ੍ਹ ਸਕਦੈ ਉਹ ਬੈਠੇ ਨਾ, ਜਿਹੜਾ ਬੈਠ ਸਕਦੈ ਉਹ ਲੇਟੇ ਨਾ। ਜਿੰਨੇ ਜੋਗਾ ਕੋਈ ਹੈ, ਓਨਾ ਕੁਛ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਰਹੇ।
ਜਿਵੇਂ 84 ਸਾਲ ਹੱਸਦਿਆਂ ਖੇਲ੍ਹਦਿਆਂ ਲੰਘ ਗਏ ਆਸ ਹੈ ਬਾਕੀ ਸਾਲ ਵੀ ਲੰਘ ਜਾਣਗੇ। ਜਿਨ੍ਹਾਂ ਨੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ, ਉਨ੍ਹਾਂ ਦਾ ਮੈਂ ਅਗਾਊਂ ਧੰਨਵਾਦ ਕਰਦਿਆਂ ਕਹਾਂਗਾ, “ਤੁਰੋ ਤੇ ਤੰਦਰੁਸਤ ਰਹੋ। ਤੁਹਾਡੇ ਰੁਝੇਵੇਂ ਕਦੇ ਨਾ ਮੁੱਕਣ। ਕਿਸੇ ਨਾ ਕਿਸੇ ਆਹਰੇ ਜ਼ਰੂਰ ਲੱਗੇ ਰਹੋ। ਆਹਰ ਮੁੱਕ ਜਾਣ ਤਾਂ ਬੰਦਾ ਬਹੁਤੀ ਦੇਰ ਜਿਊਂਦਾ ਨਹੀਂ ਰਹਿ ਸਕਦਾ। ਸਭਨਾਂ ਦੀ ਚੰਗੀ ਸਿਹਤ ਤੇ ਲੰਮੀ ਉਮਰ ਲਈ ਸ਼ੁਭ ਦੁਆਵਾਂ!
ਅਗਲੇ ਦਿਨਾਂ ’ਚ ਸਿਹਤ ਸੰਬੰਧੀ ਮੈਂ ਇਕ ਲੰਮੀ ਪੋਸਟ ਵੀ ਪਾਠਕਾਂ ਨਾਲ ਸਾਂਝੀ ਕਰਾਂਗਾ।
-
ਪ੍ਰੋ ਸਰਵਣ ਸਿੰਘ, Principal
principalsarwansingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.