UK: ਬਰਤਾਨੀਆਂ ਦੀਆਂ Parliament ਚੋਣਾਂ ਵਿੱਚ ਸਿੱਖਾਂ/ਪੰਜਾਬੀਆਂ ਨੇ ਇਤਿਹਾਸ ਸਿਰਜਿਆ -ਉਜਾਗਰ ਸਿੰਘ ਦੀ ਕਲਮ ਤੋਂ
ਪੰਜਾਬੀ ਸਿੱਖ ਸਿਆਸਤਦਾਨਾ ਨੇ ਬਰਤਾਨੀਆਂ ਵਿੱਚ ਹਾਊਸ ਆਫ਼ ਕਾਮਨਜ਼ ਦੀਆਂ ਚੋਣਾ ਜਿੱਤਕੇ ਇਤਿਹਾਸ ਸਿਰਜਿਆ ਹੈ ਅਤੇ ਸੰਸਾਰ ਵਿੱਚ ਸਿੱਖਾਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਸੰਸਾਰ ਵਿੱਚ ਸਿੱਖਾਂ ਦੀ ਪਛਾਣ ਨੂੰ ਮਾਣਤਾ ਦਿਵਾ ਦਿੱਤੀ ਹੈ। ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਬਰਤਾਨੀਆਂ ਵਿੱਚ ਵੀ ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ ਉਥੋਂ ਦੀ ਸੰਸਦੀ ਚੋਣਾਂ ਵਿੱਚ 26 ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਦੇ ਮੈਂਬਰ ਬਣ ਗਏ ਹਨ। ਇਨ੍ਹਾਂ ਵਿੱਚੋਂ 12 ਸਿੱਖ ਚੋਣ ਜਿੱਤੇ ਹਨ, ਜਿਨ੍ਹਾਂ ਵਿੱਚ 4 ਦਸਤਾਰਧਾਰੀ ਅਤੇ 5 ਸਿੱਖ ਪਰਿਵਾਰਾਂ ਨਾਲ ਸੰਬੰਧਤ ਇਸਤਰੀਆਂ ਸ਼ਾਮਲ ਹਨ। ਇਹ ਸਾਰੇ ਲੇਬਰ ਪਾਰਟੀ ਦੇ ਮੈਂਬਰ ਹਨ, ਚੋਣ ਜਿੱਤਣ ਵਾਲਿਆਂ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਸਲੋਹ, ਪ੍ਰੀਤ ਕੌਰ ਗਿੱਲ ਨੇ ਬਰਮਿੰਗਮ ਐਗਜ਼ਬਾਸਟਨ, ਸਤਵੀਰ ਕੌਰ ਨੇ ਸਾਊਥਹੈਂਪਟਨ, ਹਰਪ੍ਰੀਤ ਕੌਰ ਨੇ ਉਪਲ ਹਰਡਜ਼ਫੀਲਡ, ਵਰਿੰਦਰ ਸਿੰਘ ਜਸ ਨੇ ਵੁਲਵਰਹੈਂਪਟਨ ਪੱਛਵੀਂ, ਗੁਰਿੰਦਰ ਸਿੰਘ ਜੋਸਨ ਨੇ ਸਮੈਦਿਕ, ਡਾ.ਜੀਵਨ ਸਿੰਘ ਸੰਧਰ ਨੇ ਲਾਫਬਾਰੋ, ਕੀਰੀਥ ਆਹਲੂਵਾਲੀਆ ਨੇ ਬੋਲਟਨ ਉਤਰੀ, ਸੀਮਾ ਮਲਹੋਤਰਾ ਨੇ ਹੈਸਟਨ ਫੈਲਥਮ, ਸੋਨੀਆਂ ਕੌਰ ਕੁਮਾਰ ਨੇ ਡੁਡਲੇ, ਜਸਵੀਰ ਸਿੰਘ ਅਠਵਾਲ ਨੇ ਇਲਫੋਰਡ ਦੱਖਣੀ ਅਤੇ ਬੈਗੀ ਸ਼ੰਕਰ ਨੇ ਡਰਬੀ ਦੱਖਣੀ ਤੋਂ ਚੋਣ ਜਿੱਤੀ ਹੈ। ਨਵੀਂ ਸਰਕਾਰ ਵਿੱਚ ਤਨਮਨਜੀਤ ਸਿੰਘ ਢੇਸੀ ਦੇ ਮੰਤਰੀ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ। ਉਹ ਵਿਰੋਧੀ ਪਾਰਟੀ ਦੇ ਸ਼ੈਡੋ ਰੇਲਵੇ ਵਿਭਾਗ ਦੇ ਮੰਤਰੀ ਸਨ।
ਤਨਮਨਜੀਤ ਸਿੰਘ ਢੇਸੀ 9 ਸਾਲ ਦੀ ਉਮਰ ਵਿੱਚ ਬਰਤਾਨੀਆਂ ਚਲੇ ਗਏ ਸਨ। ਉਹ ਉਥੇ ਹੀ ਪੜ੍ਹੇ ਹਨ। ਉਹ ਪੰਜਾਬ ਦੇ ਜਲੰਧਰ ਨਾਲ ਸੰਬੰਧ ਰਖਦੇ ਹਨ। ਢੇਸੀ ਨੂੰ ਕੁਲ ਪੋਲ ਹੋਈਆਂ ਵੋਟਾਂ ਵਿੱਚੋਂ 57 ਫ਼ੀ ਸਦੀ ਵੋਟਾਂ ਪਈਆਂ ਹਨ। ਤਨਮਨਜੀਤ ਸਿੰਘ 36 ਸਾਲ ਦੀ ਉਮਰ ਵਿੱਚ ਹਾਊਸ ਆਫ਼ ਕਾਮਨ ਦੇ ਮੈਂਬਰ ਚੁਣੇ ਗਏ ਸਨ। ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਤੀਜੀ ਵਾਰ ਚੋਣ ਜਿੱਤੇ ਹਨ। ਬਾਕੀ ਸਾਰੇ ਪਹਿਲੀ ਵਾਰ ਚੋਣ ਜਿੱਤੇ ਹਨ। ਪ੍ਰੀਤ ਕੌਰ ਗਿੱਲ ਵੀ ਸ਼ੈਡੋ ਪਬਲਿਕ ਹੈਲਥ ਮੰਤਰੀ ਸਨ। ਪ੍ਰੀਤ ਕੌਰ ਗਿੱਲ 42 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸੰਸਦ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੂੰ ਤੇਜ ਤਰਾਰ ਨੇਤਾ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਉਹ ਵੀ ਜਲੰਧਰ ਦੇ ਛਾਉਣੀ ਵਿਧਾਨ ਸਭਾ ਹਲਕੇ ਨਾਲ ਸੰਬੰਧਤ ਹਨ। ਇਹ ਦੋਵੇਂ ਸੰਸਦ ਮੈਂਬਰ ਹਾਊਸ ਆਫ ਕਾਮਨ ਵਿੱਚ ਭਾਰਤੀਆਂ ਖਾਸ ਤੌਰ ‘ਤੇ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਸੰਬੰਧੀ ਮਸਲੇ ਉਠਾਉਂਦੇ ਰਹੇ ਹਨ। ਇਨ੍ਹਾਂ ਚੋਣਾ ਵਿੱਚ 107 ਭਾਰਵੰਸ਼ੀ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 26 ਨੂੰ ਸਫ਼ਲਤਾ ਪ੍ਰਾਪਤ ਹੋਈ ਹੈ।
ਇਸ ਤੋਂ ਇਲਾਵਾ 14 ਭਾਰਤੀਵੰਸ਼ ਦੇ ਉਮੀਦਵਾਰਾਂ ਨੇ ਚੋਣ ਜਿੱਤੀ ਹੈ, ਜਿਨ੍ਹਾਂ ਵਿੱਚ ਪੰਜਾਬੀ ਵਿਰਾਸਤ ਵਾਲੇ ਰਿਸ਼ੀ ਸੁਨਕ ਸਾਬਕ ਪ੍ਰਧਾਨ ਮੰਤਰੀ ਨੇ ਰਿਚਮੰਡ ਐਂਡ ਨੌਰਥ ਬਾਲਟਨ ਅਤੇ ਗਗਨ ਮਹਿੰਦਰਾ ਦੱਖਣ ਪੱਛਵੀਂ ਹਰਟਫੋਰਡਸ਼ਾਇਰ, ਪ੍ਰੀਤੀ ਪਟੇਲ ਸਾਬਕਾ ਗ੍ਰਹਿ ਮੰਤਰੀ ਨੇ ਵਿਟਹੈਮ, ਸਿਓਲਾ ਬਰੇਵਰਮੈਨ ਨੇ ਫੇਅਰਹੈਮ, ਸ਼ਿਵਾਨੀ ਰਾਜਾ ਨੇ ਲੈਸਟਰ ਪੱਛਵੀਂ, ਲੀਜ਼ਾ ਨੰਦੀ, ਨਵੇਂਦੂ ਮਿਸ਼ਰਾ, ਨਾਦੀਆ ਅਵਿਟੋਮ, ਸੋਜਨ ਜੌਫ਼, ਵਲੇਰੀ ਵਾਜ਼ ਨੇ ਵਾਲਸਲ ਐਂਡ ਬਲੌਕਸਵਿਚ, ਕਿਨਿਸ਼ਕਾ ਨਰਾਇਣ ਨੇ ਵੇਲਜ ਦੀ ਗਲੈਮੋਰਗਨ ਵਾਦੀ ਤੋਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਪਹਿਲੀ ਵਾਰ ਭਾਰਤੀ ਮੂਲ ਦੀ ਸ਼ਿਵਾਨੀ ਰਾਜਾ ਨੇ ਜਿੱਤ ਪ੍ਰਾਪਤ ਕੀਤੀ ਹੈ। ਇਹ ਸਾਰੇ ਕੰਜ਼ਵੇਟਿਵ ਪਾਰਟੀ ਦੇ ਸੰਸਦ ਮੈਂਬਰ ਹਨ।
ਰਿਸ਼ੀ ਸੁਨਕ ਦੀ ਵਜ਼ਾਰਤ ਦੇ ਬਹੁਤੇ ਮੰਤਰੀ ਚੋਣ ਹਾਰ ਗਏ ਹਨ। 37 ਸਾਲ ਦੇ ਲੈਸਟਰ ਪੱਛਵੀਂ ਹਲਕੇ ਦੇ ਇਤਿਹਾਸ ਵਿੱਚ 1950 ਤੋਂ ਬਾਅਦ ਆਜ਼ਾਦ ਮੈਂਬਰਾਂ ਦੀ ਗਿਣਤੀ ਵੀ ਵੱਧੀ ਹੈ। ਬਰਤਾਨੀਆਂ ਦੇ ਹਾਊਸ ਆਫ਼ ਕਾਮਨਜ਼ ਦੀਆਂ ਚੋਣਾਂ ਵਿੱਚ ਵੀ ਪੰਜਾਬ ਦੀ ਤਰ੍ਹਾਂ ਬਦਲਾਅ ਵੇਖਣ ਨੂੰ ਮਿਲਿਆ ਹੈ, ਪਿਛਲੇ 14 ਸਾਲਾਂ ਤੋਂ ਰਾਜ ਕਰ ਰਹੀ ਕੰਜ਼ਰਵੇਟਿਵ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਵਾਰ 334 ਸੰਸਦ ਮੈਂਬਰ ਪਹਿਲੀ ਵਾਰ ਸੰਸਦ ਦੀਆਂ ਪਉੜੀਆਂ ਚੜ੍ਹਨਗੇ। 649 ਮੈਂਬਰਾਂ ਵਿੱਚ 61 ਫ਼ੀ ਸਦੀ 407 ਮਰਦ ਅਤੇ 39 ਫ਼ੀ ਸਦੀ 242 ਇਸਤਰੀ ਮੈਂਬਰ ਚੁਣੇ ਗਏ ਹਨ। ਬਰਤਾਨੀਆਂ ਦੇ 650 ਮੈਂਬਰਾਂ ਵਾਲੇ ਹਾਊਸ ਆਫ਼ ਕਾਮਨਜ਼ ਦੀ ਚੋਣ 4 ਜੁਲਾਈ ਨੂੰ ਹੋਈ ਸੀ। 5 ਜੁਲਾਈ ਨੂੰ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਹੈ। 649 ਆਏ ਨਤੀਜਿਆਂ ਵਿੱਚੋਂ ਭਾਰੀ ਬਹੁਮਤ ਨਾਲ ਲੇਬਰ ਪਾਰਟੀ ਨੇ 411 ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ। ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 121 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ, ਜਦੋਂ ਕਿ 2019 ਵਿੱਚ 365 ਸੀਟਾਂ ਜਿੱਤੀਆਂ ਸਨ। ਇਸ ਤਰ੍ਹਾਂ ਉਨ੍ਹਾਂ ਨੂੰ 244 ਸੀਟਾਂ ਦਾ ਨੁਕਸਾਨ ਹੋਇਆ ਹੈ। ਲੇਬਰ ਪਾਰਟੀ ਨੇ 2019 ਦੀਆਂ ਚੋਣਾਂ ਵਿੱਚ 182 ਸੀਟਾਂ ਜਿੱਤੀਆਂ ਸਨ, ਉਸ ਦੇ ਮੁਕਾਬਲੇ 2024 ਵਿੱਚ 209 ਸੀਟਾਂ ਦਾ ਲਾਭ ਹੋਇਆ ਹੈ। ਵੋਟਾਂ ਭਾਵੇਂ ਲੇਬਰ ਪਾਰਟੀ ਨੂੰ 34 ਫ਼ੀ ਸਦੀ ਹੀ ਪਈਆਂ ਹਨ ਪ੍ਰੰਤੂ 63 ਫ਼ੀ ਸਦੀ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਵੋਟਾਂ ਦੀ ਫ਼ੀ ਸਦੀ 2019 ਨਾਲੋਂ ਨਾਮਾਤਰ ਹੀ ਥੋੜ੍ਹੀ ਜਿਹੀ ਵੱਧ ਹੈ ਪ੍ਰੰਤੂ ਸੀਟਾਂ ਦੁਗਣੀਆਂ ਜਿੱਤ ਲਈਆਂ ਹਨ। ਇਸ ਵਾਰ ਪਿਛਲੇ 20 ਸਾਲਾਂ ਵਿੱਚ ਸਭ ਤੋਂ ਘੱਟ 60 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਹਾਰਨ ਦਾ ਕਾਰਨ ਵੋਟਾਂ ਦੀ ਪੋÇਲੰਗ ਘੱਟ ਹੋਣਾ ਵੀ ਹੋ ਸਕਦਾ ਹੈ। ਕੰਜ਼ਰਵੇਟਿਵ ਪਾਰਟੀ ਨੂੰ 244 ਸੀਟਾਂ ਦਾ ਨੁਕਸਾਨ ਹੋਇਆ ਹੈ। ਕੰਜ਼ਰਵੇਟਿਵ ਪਾਰਟੀ ਨੂੰ 200 ਸਾਲ ਬਾਅਦ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਕੋਵਿਡ ਦੌਰਾਨ ਬਰਤਾਨੀਆਂ ਦੀ ਆਰਥਿਕਤਾ ਲੜਖੜਾ ਗਈ ਸੀ, ਫਿਰ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਚੁਣਿਆਂ ਗਿਆ ਪ੍ਰੰਤੂ ਉਹ ਵੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਫਲ ਨਹੀਂ ਹੋਇਆ। ਕੰਜ਼ਰਵੇਟਿਵ ਪਾਰਟੀ ਨੂੰ ਪਿਛਲੇ 5 ਸਾਲਾਂ ਵਿੱਚ 5 ਪ੍ਰਧਾਨ ਮੰਤਰੀ ਬਦਲਣੇ ਪਏ ਪ੍ਰੰਤੂ ਜਿੱਤ ਫਿਰ ਵੀ ਪ੍ਰਾਪਤ ਨਹੀਂ ਹੋਈ। ਨੇਤਾ ਇੱਕ ਦੂਜੇ ਨੂੰ ਠਿੱਬੀ ਲਗਾਉਂਦੇ ਰਹੇ। ਭਾਵ 5 ਸਾਲ ਬਰਤਾਨੀਆਂ ਦੇ ਲੋਕਾਂ ਨੂੰ ਸਥਿਰ ਸਰਕਾਰ ਨਹੀਂ ਮਿਲੀ ਜਿਸ ਦਾ ਇਵਜ਼ਾਨਾ ਕੰਜ਼ਰਵੇਟਿਵ ਪਾਰਟੀ ਨੂੰ ਭੁਗਤਣਾ ਪਿਆ। ਰਿਸ਼ੀ ਸੁਨਕ ਪਹਿਲਾ ਬ੍ਰਿਟਿਸ਼ ਏਸ਼ੀਅਨ ਪ੍ਰਧਾਨ ਮੰਤਰੀ ਸੀ ਪ੍ਰੰਤੂ ਇਨ੍ਹਾਂ ਚੋਣਾ ਵਿੱਚ ਭਾਰਤਵੰਸ਼ੀਆਂ ਨੇ ਲੇਬਰ ਪਾਰਟੀ ਦਾ ਸਾਥ ਦਿੱਤਾ ਹੈ ਪ੍ਰੰਤੂ ਫਿਰ ਵੀ 26 ਭਾਰਤਵੰਸ਼ੀ ਉਮੀਦਵਾਰ ਚੋਣ ਜਿੱਤੇ ਹਨ, ਜਿਨ੍ਹਾਂ ਵਿੱਚ 14 ਕੰਜ਼ਵੇਟਿਵ ਪਾਰਟੀ ਦੇ ਉਮੀਦਵਾਰ ਤੇ 12 ਪੰਜਾਬੀ ਸਿੱਖ ਲੇਬਰ ਪਾਰਟੀ ਦੇ ਤੇ ਇੱਕ ਪੰਜਾਬੀ ਕੰਜ਼ਰਵੇਟਿਵ ਉਮੀਦਵਾਰ ਚੋਣ ਜਿੱਤੇ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਲੇਬਰ ਪਾਰਟੀ ਨੂੰ ਸਿਰਫ 34 ਫ਼ੀ ਸਦੀ ਵੋਟਾਂ ਪ੍ਰਾਪਤ ਹੋਈਆਂ ਪ੍ਰੰਤੂ 411 ਸੀਟਾਂ ਜਿੱਤ ਲਈਆਂ ਹਨ। 1997 ਵਿੱਚ ਟੋਨੀ ਬਲੇਅਰ ਦੀ ਜਿੱਤ ਦੇ ਬਹੁਮਤ ਤੋਂ ਬਾਅਦ ਲੇਬਰ ਪਾਰਟੀ ਨੂੰ 47 ਸਾਲ ਬਾਅਦ ਇਤਨੀ ਵੱਡੀ ਜਿੱਤ ਪ੍ਰਾਪਤ ਹੋਈ ਹੈ। ਕੰਜ਼ਰਵੇਟਿਵ ਪਾਰਟੀ ਦੀਆਂ ਵੋਟਾਂ ਲੇਬਰ ਪਾਰਟੀ ਦੇ ਉਮੀਦਵਾਰਾਂ ਦੀ ਥਾਂ ਦੂਜੀਆਂ ਪਾਰਟੀਆਂ ਨੂੰ ਪੋਲ ਹੋ ਗਈਆਂ ਹਨ, ਜਿਸ ਕਰਕੇ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਲਿਬਰਲ ਡੈਮੋਕਮੈਟਸ, ਰਾਈਟ ਵਿੰਗ ਰਿਫਾਰਮ ਯੂ ਕੇ, ਗਰੀਨ ਪਾਰਟੀ ਤੇ ਹੋਰ ਛੋਟੀਆਂ ਪਾਰਟੀਆਂ ਨੂੰ 40 ਫ਼ੀ ਸਦੀ ਵੋਟਾਂ ਪੋਲ ਹੋ ਗਈਆਂ ਜਦੋਂ ਕਿ ਉਨ੍ਹਾਂ ਨੂੰ ਸਿਰਫ਼ 18 ਫ਼ੀ ਸਦੀ ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਲਿਬਰਲ ਡੈਮੋਕਰੇਟਸ ਨੂੰ 30 ਲੱਖ 49 ਹਜ਼ਾਰ ਵੋਟਾਂ ਪੋਲ ਹੋਈਆਂ ਹਨ ਪ੍ਰੰਤੂ 60 ਫ਼ੀ ਸਦੀ ਸੀਟਾਂ ਦਾ ਲਾਭ ਹੋਇਆ ਹੈ ਤੇ 71 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਰੀਫਾਰਮ ਯੂ ਕੇ ਪਾਰਟੀ ਜਿਸਦੀ ਅਗਵਾਈ ਨੀਗਲ ਫਾਰਮੇਜ਼ ਕਰ ਰਹੇ ਹਨ ਨੂੰ 40 ਲੱਖ ਵੋਟਾਂ ਪ੍ਰਾਪਤ ਹੋਈਆਂ ਹਨ ਪ੍ਰੰਤੂ 5 ਸੀਟਾਂ ਜਿੱਤੀਆਂ ਹਨ। ਗਰੀਨ ਪਾਰਟੀ ਆਫ਼ ਇੰਗਲੈਂਡ ਐਂਡ ਵੇਲਜ਼ ਨੂੰ ਸਿਰਫ਼ 10 ਲੱਖ 9 ਹਜ਼ਾਰ ਵੋਟਾਂ ਪੋਲ ਹੋਈਆਂ ਹਨ ਪ੍ਰੰਤੂ 4 ਸੀਟਾਂ ਜਿੱਤ ਲਈਆਂ ਹਨ। ਸਿਨ ਫੀਨ ਪਾਰਟੀ ਨੂੰ 7, ਡੈਮੋਕਰੈਟਿਕ ਯੂਨੀਅਨ ਪਾਰਟੀ ਨੂੰ 5, ਪੇਡ ਸਾਈਮਰੂ ਨੂੰ 4, ਆਜ਼ਾਦ 6 ਅਤੇ ਕੁਝ ਹੋਰ ਪਾਰਟੀਆਂ ਨੂੰ ਇੱਕ ਇੱਕ ਸੀਟ ‘ਤੇ ਜਿੱਤ ਮਿਲੀ ਹੈ। ਸਕਾਟਲੈਂਡ ਦੀਆਂ 57 ਸੀਟਾਂ ਵਿੱਚੋਂ 37 ਸੀਟਾਂ ਲੇਬਰ ਪਾਰਟੀ ਨੇ ਜਿੱਤੀਆਂ ਹਨ, 2019 ਨਾਲੋਂ ਇੱਕ ਸੀਟ ਵੱਧ ਹੈ। ਕੰਜ਼ਰਵੇਟਿਵ ਪਾਰਟੀ ਨੇ ਸਿਰਫ 5 ਸੀਟਾਂ ਜਿੱਤੀਆਂ ਹਨ। ਵੋਟਾਂ ਦੀ ਫ਼ੀ ਸਦੀ ਅਨੁਸਾਰ ਲੇਬਰ ਪਾਰਟੀ ਨੂੰ ਬਹੁਤ ਥੋੜ੍ਹੀ ਫ਼ੀ ਸਦੀ ਵੋਟਾਂ ਵੱਧ ਮਿਲੀਆਂ ਹਨ। ਨੈਸ਼ਨਲ ਸਕਾਟਿਸ਼ ਪਾਰਟੀ ਨੇ 2019 ਦੀਆਂ 48 ਸੀਟਾਂ ਦੇ ਮੁਕਾਬਲੇ ਇਸ ਵਾਰ 39 ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਰਿਸ਼ੀ ਸੁਨਕ ਦੀ ਅਗਵਈ ਵਿੱਚ ਚਲ ਰਹੀ ਸੀ। 14 ਸਾਲ ਬਾਅਦ ਲੇਬਰ ਪਾਰਟੀ ਦੀ ਸਰਕਾਰ ਕੀਰ ਸਟਾਰਮਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਬਣਨ ਜਾ ਰਹੀ ਹੈ। ਲੇਬਰ ਪਾਰਟੀ ਦੇ ਕੀਰ ਸਟਾਰਮਰ ਪ੍ਰਧਾਨ ਮੰਤਰੀ ਨੇ ਆਪਣੀ ਨਵੀ ਸਰਕਾਰ ਲਈ 5 ਮੰਤਰੀਆਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਨ੍ਹਾਂ 5 ਵਿੱਚ 3 ਇਸਤਰੀਆਂ ਐਂਜਲਾ ਰੇਨਰ ਉਪ ਪ੍ਰਧਾਨ ਮੰਤਰੀ, ਰੇਚਲ ਰੀਵਜ਼ ਵਿਤ ਮੰਤਰੀ, ਵਾਈ ਵੇਟੇ ਕਪੂਰ ਗ੍ਰਹਿ ਮੰਤਰੀ ਹੋਣਗੀਆਂ। ਜੌਹਨ ਹੈਲੇ ਰੱਖਿਆ ਮੰਤਰੀ ਅਤੇ ਡੇਵਿਡ ਲੈਮੀ ਵਿਦੇਸ਼ ਮੰਤਰੀ ਹੋਣਗੇ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.