ਜੇ ਪਹਿਲਾ ਕਦਮ ਆਖ਼ਰੀ ਕਦਮ ਨੂੰ ਸੋਚ ਕੇ ਰੱਖਿਆ ਜਾਵੇ
ਤਾਂ
ਮੰਜ਼ਲ ਪੈਰਾਂ ਹੇਠ ਹੋਵੇਗੀ
ਅਕਸਰ ਇਹ ਆਮ ਸੁਨਣ ਨੂੰ ਮਿਲ ਜਾਂਦਾ ਹੈ ਕਿ ਅਸੀ ਤਾਂ ਕਿਸੇ ਦਾ ਬੁਰਾ ਨਹੀ ਸੀ ਕੀਤੀ ਫਿਰ ਸਾਡੇ ਨਾਲ ਐਨਾ ਮਾੜਾ ਕਿਉ ਹੋ ਰਿਹੈ।
ਇਸ ਨੂੰ ਥੋਹੜਾ ਸਮਝਣ ਦੀ ਲੋੜ ਹੈ।
ਜੇ ਸਾਨੂੰ ਦੁੱਖ ਆ ਰਿਹਾ ਹੈ ਤਾਂ ਯਕੀਨਨ ਅਸੀ ਵੀ ਕਿਸੇ ਦਾ ਮਾੜਾ ਕੀਤਾ ਹੋਵੇਗਾ । ਉਹ ਮਾੜਾ ਜਾਣਬੁਝ ਕੇ ਜਾਂ ਅਣਜਾਣ ਪੁਣੇ ਵਿਚ, ਪਰ ਕੀਤਾ ਜਰੂਰ ਹੋਵੇਗਾ। ਇਹ ਕੁਦਰਤ ਦਾ ਨਿਯਮ ਹੈ। ਗੁਰੂ ਬਾਣੀ ਵਿਚ ਵੀ ਲਿਖਿਆ ਹੈ ਕਿ
ਦਿਤਾ ਲਈਐ ਆਪਣਾ
ਅਣਿਦਿਤਾ ਕਛੁ ਹਥਿ ਨਾ ਆਵੈ। (ਭਾਈ ਗੁਰਦਾਸ ਜੀ, ਵਾਰ 1 ਪਉੜੀ 47)
ਇਸ ਦਾ ਮਤਲਬ ਹੈ ਕਿ ਅਸੀ ਕਿਸੇ ਨੂੰ ਜੋ ਦਿੱਤਾ ਉਹੀ ਸਾਡੀ ਝੋਲੀ ਆ ਰਿਹੈ ।
ਹੁਣ ਸਵਾਲ ਇਹ ਹੈ ਕਿ ਅਸੀ ਕੀ ਕਿਸੇ ਦਾ ਮਾੜਾ ਕੀਤਾ ਸੀ ?
ਜੇ ਅਸੀਂ ਕਿਸੇ ਦਾ ਦਿੱਲ ਦੁਖਾਇਆ ਹੈ ਤਾਂ ਸਾਡਾ ਦਿਲ ਵੀ ਦੁਖਣਾ ਲਾਜ਼ਮੀ ਹੈ।
ਅਸੀਂ ਇਸ ਧਰਤੀ ਉਤੇ ਸਾਰੇ ਇਨਸਾਨ ਇਕ ਭਾਈਚਾਰਾ ਹੈ। ਪ੍ਰਮਾਤਮਾ ਦੀ ਨਜ਼ਰ ਵਿਚ ਅਸੀ ਸਾਰੇ ਇਕ ਹੀ ਜਾਤੀ ਦੇ ਹਾਂ, ਬੇਸ਼ੱਕ ਅਸੀ ਆਪਣੇ ਹਿਸਾਬ ਨਾਲ ਵੰਡੀਆਂ ਪਾ ਲਈਆਂ ਹਨ। ਪਰ ਹਿਸਾਬ ਕਿਤਾਬ ਮਾਲਕ ਨੇ ਇਕ ਸਾਰ ਹੀ ਰੱਖਿਆ ਹੈ।
ਜੇ ਇਸ ਇਨਸਾਨੀ ਭਾਈਚਾਰੇ ਵਿਚ ਕੋਈ ਵੀ ਇਨਸਾਨ ਕਿਤੇ ਬੈਠਾ ਭੁੱਖਾ ਹੈ ਅਤੇ ਅਸੀ ਵਿੱਤੋ ਬਹੁਤਾ ਰੱਜ ਰੱਜ ਕੇ ਖਾ ਰਹੇ ਹਾਂ ਤਾਂ ਅਸੀ ਕਿਤੇ ਨਾ ਕਿਤੇ ਗੁਨਾਹਗ਼ਾਰ ਬਣ ਰਹੇ ਹਾਂ। ਸਾਡੀ ਐਨੀ ਕ ਤਾਂ ਹਿੱਮਤ ਹੋਣੀ ਚਾਹੀਦੀ ਹੈ ਕਿ ਸਾਡੇ ਆਲੇ ਦੁਆਲੇ ਕੋਈ ਭੁੱਖਾ ਤਾਂ ਨਹੀ ? ਇਹ ਵੇਖਣਾ ਸਾਡਾ ਇਨਸਾਨੀ ਫ਼ਰਜ਼ ਹੈ। ਜਿਨੀ ਹੋਵੇ ਕੋਸ਼ਿਸ਼ ਕਰਨੀ ਜ਼ਰੂਰੀ ਹੈ।
ਇਕ ਪਾਕਿ ਪਵਿੱਤਰ ਅਮੀਰ ਬੰਦਾ ਜੋ ਕਿ ਦਾਨ ਪੁੰਨ ਕਰਨ ਵਾਲਾ ਸੀ। ਕੋਈ ਗੁਨਾਹ ਨਹੀ ਸੀ ਕੀਤਾ। ਪਰ ਇਕ ਦਿਨ ਉਸ ਨੇ ਰਾਹ ਜਾਂਦਿਆਂ ਇਕ ਗ਼ਰੀਬ ਲੋੜਵੰਦ ਨੂੰ ਵੇਖ ਕੇ ਅਣਡਿੱਠਾ ਕਰ ਦਿੱਤਾ ਅਤੇ ਅੱਗੇ ਲੰਘ ਗਿਆ। ਕੁਦਰਤ ਦੇ ਨਿਯਮ ਅਨੁਸਾਰ ਉਹ ਅਮੀਰ ਬੰਦਾ ਉਸੇ ਵੇਲੇ ਗੁਨਾਹਗਾਰ ਬਣ ਗਿਆ। ਕਿਉਕਿ ਜੇ ਉਸ ਨੇ ਵੇਖ ਹੀ ਲਿਆ ਸੀ ਕਿ ਕੋਈ ਲੋੜਵੰਦ ਭੁੱਖਾ ਬੈਠਾ ਹੈ ਤਾਂ ਇਨਸਾਨੀ ਫ਼ਰਜ ਅਨੁਸਾਰ ਉਸ ਨੂੰ ਰੁੱਕ ਕੇ ਉਸ ਦੀ ਮਦਦ ਕਰਨੀ ਚਾਹੀਦੀ ਸੀ, ਪਰ ਨਹੀ ਕੀਤੀ ਜਾਂ ਨਾ ਕਰ ਸਕਿਆ, ਪਰ ਉਹ ਮੁਜ਼ਰਮ ਬਣ ਗਿਆ।
ਇਸੇ ਤਰ੍ਹਾਂ ਜਦੋਂ ਕੋਈ ਵੀ ਸਮਰੱਥ ਵਿਅਕਤੀ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ ਤਾਂ ਉਸ ਲੋੜਵੰਦ ਨੂੰ ਇਹ ਮਹਿਸੂਸ ਨਾ ਹੋਣ ਦਿੱਤਾ ਜਾਵੇ ਕਿ ਅਸੀਂ ਉਸ ਦੀ ਮਦਦ ਕਰ ਰਹੇ ਹਾਂ। ਜੇ ਅਸੀ ਅਜਿਹਾ ਨਾ ਕਰ ਸਕੇ ਅਤੇ ਕਿਤੇ ਨਾ ਕਿਤੇ ਇਹ ਜਤਾ ਦਿੱਤਾ ਕਿ ਮੈ ਮਦਦ ਕਰ ਰਿਹਾ ਹੈ ਜਾਂ ਇਹ ਅੰਦਰੋ ਮੰਨ ਲਿਆ ਕਿ ਮੈ ਮਦਦ ਕਰ ਰਿਹਾ ਹੈ, ਕੋਈ ਚੰਗਾ ਕੰਮ ਕਰ ਰਿਹਾ ਹਾਂ ਤਾਂ ਉਹ ਉਸੇ ਵੇਲੇ ਕੀਤਾ ਕਰਾਇਆ ਮਿੱਟੀ ਹੋਵੇਗਾ।
ਦੇਣਾ ਏਸ ਢੰਗ ਨਾਲ ਹੈ ਕਿ ਲੈਣ ਵਾਲੇ ਨੂੰ ਮਹਿਸੂਸ ਨਾ ਹੋਵੇ, ਵਰਨਾ ਸਾਡਾ ਮੁਜ਼ਰਮ ਬਣ ਜਾਣਾ ਤੈਅ ਹੈ
ਬੇਸਕੂਨੀ ਅਤੇ ਤਕਲੀਫ
ਸਾਡੇ ਕਿਸੇ ਗੁਨਾਹ ਦੇ ਸਬੱਬ ਹੀ ਆਉਂਦੀ ਹੈ
ਔਰ
ਸਕੂਨ ਸਿਰਫ ਇਬਾਦਤ ਵਿਚ ਹੀ ਹੈ : ...
ਕੌਡੀ ਹੋ ਜਾ ਤੂੰ
ਤੈਨੂੰ ਵੱਟਾ ਮੂਲ ਨਾ ਵੱਜੇ : ਬੁੱਲੇ ਸ਼ਾਹ
ਇਹ ਹੋਈ ਇਕ ਗੱਲ
ਦੂਜਾ ਨੁਕਤਾ :
ਅਸੀਂ ਜਦੋਂ ਇਸ ਸਮਾਜ ਵਿਚ ਰਹਿ ਕੇ ਕੋਈ ਖਾਸ ਕਾਰਜ ਵੱਧ ਚੜ੍ਹ ਕੇ ਕਰਦੇ ਹਾਂ ਅਤੇ ਉਸ ਦਾ ਅਸਰ ਸਾਡੇ ਨੇੜੇ ਰਹਿ ਰਹੇ ਲੋਕਾਂ ਉਤੇ ਲਾਜ਼ਮੀ ਪੈਂਦਾ ਹੈ। ਉਦਾਹਰਣ ਦੇ ਤੌਰ ਤੇ ਜੇ ਅਸੀਂ ਕਿਸੇ ਆਪਣੇ ਧੀ-ਪੁੱਤਰ ਦਾ ਵਿਆਹ ਬਹੁਤ ਗੱਜ ਵੱਜ ਕੇ ਕਰਦੇ ਹਾਂ ਤਾਂ ਸਾਡੇ ਲਾਗੇ ਕੋਈ ਕਮਜੋਰ ਜਾਂ ਗ਼ਰੀਬ ਸ਼ਖ਼ਸ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕਰਜ਼ੇ ਹੇਠ ਆ ਕੇ ਆਖ਼ਰ ਤੰਗ ਪ੍ਰੇਸ਼ਾਨ ਹੁੰਦਾ ਹੈ।
ਵੇਖਣ ਨੂੰ ਇਸ ਵਿਚ ਸਾਡਾ ਕੋਈ ਕਸੂਰ ਨਹੀਂ ਪਰ ਸੋਚ ਕੇ ਵੇਖੋ ਕਿਤੇ ਨਾ ਕਿਤੇ ਇਸ ਮਾਮਲੇ ਵਿਚ ਅਸੀਂ ਕਸੂਰਵਾਰ ਹਾਂ ਜਾਂ ਨਹੀ ? ਜੇ ਹਾਂ ਤਾਂ ਇਸ ਦਾ ਭੁਗਤਾਨ ਕਰਨਾ ਹੀ ਪਵੇਗਾ। ਇਸ ਤਰ੍ਹਾਂ ਸਮਝ ਲਓ ਕਿ ਅਸੀਂ ਦੂਜਿਆਂ ਲਈ ਕੰਢੇ ਬੀਜ ਰਹੇ ਹਾਂ
ਦੁਨੀਆਂ ਦੀ ਲਾਲਸਾ ਕਰਨ ਨਾਲੋਂ
ਆਖ਼ਰਤ ਦੀ ਫਿਕਰ ਕਰਨਾ ਬਿਹਤਰ ਹੈ
ਜੋ ਸ਼ਖ਼ਸ ਕਹਿੰਦਾ ਹੈ ਕਿ ਇਹ ਮੈ ਕੀਤਾ ਹੈ
ਤਾਂ
ਉਹ ਇਨਸਾਨ ਕਦੇ ਵੀ ਮੁਸੀਬਤਾਂ ਤੋਂ ਛੁੱਟਕਰਾ ਨਹੀਂ ਪਾ ਸਕਦਾ
ਜੇ ਪਹਿਲਾ ਕਦਮ ਆਖ਼ਰੀ ਕਦਮ ਨੂੰ ਸੋਚ ਕੇ ਰੱਖਿਆ ਜਾਵੇ
ਤਾਂ
ਮੰਜ਼ਲ ਪੈਰਾਂ ਹੇਠ ਹੋਵੇਗੀ
ਇਕ ਹੋਰ ਗਲ ਨੂੰ ਮੰਨ ਲੈਣ ਵਿਚ ਹੀ ਭਲਾਈ ਹੈ ਕਿ ਇਨਸਾਨ ਦੀ ਮਰਜ਼ੀ ਕਦੇ ਵੀ ਪੂਰੀ ਨਹੀ ਹੁੰਦੀ, ਮਰਜ਼ੀ ਹਮੇਸ਼ਾ ਮਾਲਕ ਉਸ ਖ਼ੁਦਾ ਦੀ ਪੂਰੀ ਹੁੰਦੀ ਹੈ।
ਜੇ ਸਾਡੀ ਕੋਈ ਇੱਛਾ ਪੂਰੀ ਹੋ ਗਈ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਮਾਲਕ ਦੀ ਵੀ ਇਹੀ ਇੱਛਾ ਸੀ। ਜੇ ਸਾਡੀ ਕੋਈ ਤਮੰਨਾ ਪੂਰੀ ਨਹੀ ਹੋ ਰਹੀ ਤਾਂ ਇਹ ਤਾਂ ਪੂਰੀ ਨਹੀ ਹੋ ਰਹੀ ਕਿ ਪ੍ਰਮਾਤਮਾ ਦੀ ਇਹ ਮਰਜ਼ੀ ਨਹੀ ਹੈ।
ਅਸੀ ਆਪਣੀ ਜਿੰਦਗੀ ਵਿਚ ਬਹੁਤ ਸਾਰੇ ਕੰਮ ਕਰਦੇ ਹਾਂ, ਕਾਫੀ ਕੁਝ ਬਣਾਉਂਦੇ ਹਾਂ, ਬਹੁਤ ਖੋਜਾਂ ਕਰਦੇ ਹਾਂ, ਵੱਡੇ ਵੱਡੇ ਬਦਲਾਅ ਹੁੰਦੇ ਹਨ, ਸਮੁੰਦਰ ਦੇ ਹੇਠਾਂ ਤੋਂ ਲੈ ਕੇ ਚੰਨ ਤਕ ਪਹੁੰਚ ਰਹੇ ਹਨ। ਇਥੇ ਜੇ ਅਸੀ ਇਹ ਸੋਚ ਲਈਏ ਕਿ ਇਹ ਸੱਭ ਮੈ ਕਰ ਰਿਹਾ ਹੈ ਯਾਨੀ ਕਿ ਅਸੀਂ ਕਰਤਾ ਬਣ ਜਾਈਏ ਤਾਂ ਇਹ ਵੱਡਾ ਗੁਨਾਹ ਹੋ ਰਿਹਾ ਹੁੰਦਾ ਹੈ। ਕਰਤਾ ਸਿਰਫ ਇਕ ਹੈ ਉਹ ਹੈ ਪ੍ਰਮਾਤਮਾ। ਅਸੀ ਕਰਤਾ ਬਣ ਹੀ ਨਹੀ ਸਕਦੇ ਅਸੀ ਸਿਰਫ਼ ਕ੍ਰਿਤ ਹਾਂ ਅਤੇ ਰਹਾਂਗੇ।
-
ਬਿਕਰਮਜੀਤ ਸਿੰਘ ਮੋਹਾਲੀ, writer
bsgill556@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.