ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ ਸਮੇਂ ਦੀ ਵੱਡੀ ਜ਼ਰੂਰਤ । ਸਵੱਛਤਾ ਮੁਹਿੰਮ ਵਿੱਚ ਵੱਡੀ ਰੁਕਾਵਟ ਹੈ - ਪਲਾਸਟਿਕ ਪ੍ਰਦੂਸ਼ਣ।
ਮਨੁੱਖ ਦੁਆਰਾ ਕੀਤੀਆਂ ਖੋਜਾਂ ਵਿੱਚੋਂ ਪਲਾਸਟਿਕ ਇੱਕ ਅਜਿਹੀ ਖੋਜ ਹੈ , ਜਿਸ ਕਾਰਨ ਵਿਸ਼ਵ ਪੱਧਰ ਤੇ ਫੈਲਿਆ ਪਲਾਸਟਿਕ ਪ੍ਰਦੂਸ਼ਣ ਧਰਤੀ ਉੱਪਰ ਵੱਡੀ ਤਬਾਹੀ ਅਤੇ ਸਵੱਛਤਾ ਨੂੰ ਖਤਮ ਕਰਨ ਦਾ ਕਾਰਨ ਬਣ ਰਿਹਾ ਹੈ। ਪਲਾਸਟਿਕ ਪ੍ਰਦੂਸ਼ਣ ਦੇ ਕਾਰਨ ਸਮੁੱਚੇ ਵਾਤਾਵਰਣ, ਜੰਗਲੀ ਜੀਵਨ, ਧਰਤੀ ਦੀ ਉਪਜਾਊ ਸ਼ਕਤੀ, ਸਮੁੰਦਰੀ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਬੇਹੱਦ ਨੁਕਸਾਨ ਦੇ ਪ੍ਰਭਾਵ ਪੈ ਰਿਹਾ ਹੈ। ਪਲਾਸਟਿਕ ਬੈਗ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਪੂਰੇ ਵਿਸ਼ਵ ਵਿੱਚ 03 ਜੁਲਾਈ ਦਾ ਦਿਨ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਦਾ ਮੁੱਖ ਉਦੇਸ਼ ਸਮਾਜ ਨੂੰ ਪਲਾਸਟਿਕ ਬੈਗ ਦੀ ਵਰਤੋਂ ਤੋਂ ਦੂਰ ਰਹਿਣ ਲਈ ਉਤਸਾਹਿਤ ਅਤੇ ਪ੍ਰੇਰਿਤ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਨ ਪੱਖੀ ਵਿਕਲਪਾਂ ਦੀ ਵਰਤੋਂ ਕਰਨਾ ਹੈ। ਪਲਾਸਟਿਕ ਬੈਗ ਦੀ ਵੱਧਦੀ ਵਰਤੋਂ ਕਾਰਨ ਧਰਤੀ ਦੀ ਸਵੱਛਤਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ । ਮਨੁੱਖ ਦੇ ਸੁਚੱਜਾ ਜੀਵਨ ਜੀਉਣ ਲਈ ਉਸ ਦਾ ਆਲਾ-ਦੁਆਲਾ ਸਵੱਛ ਹੋਣਾ
ਬੇਹੱਦ ਜ਼ਰੂਰੀ ਹੈ । ਸਵੱਛਤਾ ਸਿਰਫ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਪੱਖ ਤੋਂ ਹੀ ਜਰੂਰੀ ਨਹੀਂ , ਬਲਕਿ ਵਿਅਕਤੀਗਤ ਅਤੇ ਸਮਾਜਿਕ ਜੀਵਨ ਲਈ ਵੀ ਮਹੱਤਵਪੂਰਣ ਹੈ। ਮਹਾਤਮਾ ਗਾਂਧੀ ਜੀ ਨੇ ਵੀ ਇਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਹਾ ਸੀ ਕਿ ਸਵੱਛਤਾ ਆਜ਼ਾਦੀ ਨਾਲੋਂ ਵੱਧ ਮਹੱਤਵਪੂਰਨ ਹੈ।ਸਵੱਛਤਾ ਹਵਾ ,ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਦੀ ਹੈ।
ਸਵੱਛਤਾ ਦੀ ਮਹੱਤਤਾ ਨੂੰ ਸਮਝਦੇ ਹੋਏ 15 ਅਗਸਤ 2014 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਸਾਫ ਸੁਥਰਾ ਅਤੇ ਸਵੱਛ ਬਣਾਉਣ ਲਈ ਸਵੱਛ ਭਾਰਤ ਮੁਹਿੰਮ ਦਾ ਐਲਾਣ ਕੀਤਾ । ਉਸ ਤੋਂ ਬਾਅਦ 02 ਅਕਤੁਬਰ 2014 ਨੂੰ ਮਹਾਤਮਾ ਗਾਂਧੀ ਜੀ ਦੀ 145ਵੀ ਜਯੰਤੀ ਮੌਕੇ ਜਿਸ ਵੱਡੇ ਪੱਧਰ ਤੇ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਹੋਇਆ ਤਾਂ ਦੇਸ਼ ਦੀ ਸਫਾਈ ਪਸੰਦ ਕਰੋੜਾਂ ਲੋਕਾਂ ਦੇ ਮਨ ਵਿੱਚ ਆਸ ਦੀ ਕਿਰਨ ਜਾਗੀ ਸੀ, ਉਨ੍ਹਾਂ ਲੋਕਾਂ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਸਵੱਛ ਭਾਰਤ ਦਾ ਸੁਪਨਾ ਲਿਆ ਸੀ। ਸਵੱਛ ਭਾਰਤ ਮੁਹਿੰਮ ਤਹਿਤ ਗਾਂਧੀ ਜੀ ਦੀ 150ਵੀ ਜਯੰਤੀ ਤੱਕ ਦੇਸ਼ ਨੂੰ ਸਵੱਛ ਕਰਨ ਦਾ ਟੀਚਾ ਸੀ। ਇਸ ਮੁਹਿੰਮ ਦੀ ਸਫਲਤਾ ਲਈ ਸਰਕਾਰੀ ਪੱਧਰ ਤੇ ਬਹੁਤ ਵੱਡੇ ਉਪਰਾਲੇ ਕੀਤੇ ਗਏ। ਜਾਗਰੂਕਤਾ ਮੁਹਿੰਮ ,ਸਫ਼ਾਈ ਮੁਹਿੰਮ, ਟਾਇਲਟ ਨਿਰਮਾਣ ਦਾ ਕੰਮ , ਸਕੂਲ ਸਵੱਛਤਾ ਮੁਹਿੰਮ ਅਤੇ ਸਵੱਛਤਾ ਮੁਕਾਬਲਿਆਂ ਰਾਹੀਂ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਨਾਲ ਜੋੜਨ ਦੇ ਯਤਨ ਕੀਤੇ ਗਏ। ਜਿਹਨਾ ਵਿੱਚੋਂ ਕੁਝ ਉਪਰਾਲਿਆਂ ਦੇ ਸਾਰਥਕ ਨਤੀਜੇ ਵੀ ਨਿਕਲ ਰਹੇ ਹਨ ।
ਪ੍ਰੰਤੂ ਸਾਡੇ ਦੇਸ਼ ਦੇ ਹਰ ਸ਼ਹਿਰ ਦੀ ਸਵੱਛਤਾ ਅਤੇ ਵਾਤਾਵਰਣ ਦੀ ਅਸਲ ਸਥਿਤੀ ਕੀ ਹੈ, ਇਹ ਕਿਸੇ ਤੋਂ ਛੁਪੀ ਨਹੀਂ ਹੈ ।ਪਲਾਸਟਿਕ ਬੈਗ ਨੇ ਜਿਥੇ ਵਾਤਾਵਰਣ ਵਿੱਚ ਜ਼ਹਿਰ ਘੋਲ ਦਿੱਤਾ ਹੈ , ਉਥੇ ਸਵੱਛਤਾ ਮੁਹਿੰਮ ਦੀ ਸਫਲਤਾ ਵਿਚ ਵੱਡੀ ਰੁਕਾਵਟ ਬਣ ਗਿਆ ਹੈ।
ਪਲਾਸਟਿਕ ਦੀ ਖੋਜ ਦੀ ਗੱਲ ਤਾਂ ਭਾਵੇਂ 1862 ਈਸਵੀ ਤੋਂ ਹੀ ਸ਼ੁਰੂ ਹੋ ਗਈ ਸੀ। ਪ੍ਰੰਤੂ ਇਸ ਦਾ ਮੌਜੂਦਾ ਰੂਪ 1907 ਵਿਚ ਬੈਲਜੀਅਮ ਮੂਲ ਦੇ ਅਮਰੀਕੀ ਵਿਗਿਆਨੀ ਲਿਉ ਹੈਡ੍ਰਿਕ ਬੈਕਲੈਡ ਦੀ ਖੋਜ ਨਾਲ ਹੀ ਦੁਨੀਆਂ ਦੇ ਸਾਹਮਣੇ ਆਇਆ । ਉਸ ਨੇ 1912 ਵਿੱਚ ਜਦੋਂ ਇਸ ਦੀ ਘੋਸ਼ਣਾ ਕੀਤੀ ਤਾਂ ਇਸ ਨੂੰ ਮਨੁੱਖਤਾ ਦੀ ਸਹੂਲਤ ਵੱਲ ਵੱਡਾ ਕਦਮ ਅਤੇ ਵਿਗਿਆਨ ਦੀ ਅਦਭੁੱਤ ਖੋਜ ਦੱਸਿਆ ਸੀ। ਥੋੜੇ ਸਮੇਂ ਵਿੱਚ ਹੀ ਪਲਾਸਟਿਕ ਪੂਰੇ ਵਿਸ਼ਵ ਵਿੱਚ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਬਣ ਗਿਆ।
ਪਲਾਸਟਿਕ ਬੈਗ, ਪਲੇਟਾਂ, ਗਲਾਸ,ਚਮਚ, ਛੋਟੀਆਂ ਬੋਤਲਾਂ, ਪੈਕਿੰਗ ਲਈ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ,ਖਿਡੌਣੇ , ਪਾਇਪਾਂ, ਫਰਨੀਚਰ ਅਤੇ ਬਰਤਨਾਂ ਆਦਿ ਦੇ ਰੂਪ ਵਿਚ ਪਲਾਸਟਿਕ
ਹੀ ਪਲਾਸਟਿਕ ਸਾਡੇ ਬਜਾਰਾਂ ਅਤੇ ਘਰਾਂ ਵਿੱਚ ਦਾਖਲ ਹੋ ਗਿਆ ਹੈ। ਦੁਨੀਆਂ ਭਰ ਵਿੱਚ ਲੋਕ 01ਮਿੰਟ ਵਿੱਚ ਪਲਾਸਟਿਕ ਦੀਆਂ 10 ਲੱਖ ਬੋਤਲਾਂ ਖਰੀਦਦੇ ਹਨ । ਪਲਾਸਟਿਕ ਦੇ ਆਉਣ ਨਾਲ ਸਾਡਾ ਜੀਵਨ ਆਸਾਨ ਤਾਂ ਜ਼ਰੂਰ ਹੋਇਆ ਹੈ, ਪ੍ਰੰਤੂ ਇਸ ਦੇ ਭਿਅੰਕਰ ਨਤੀਜੇ ਹੁਣ ਸਾਡੇ ਸਾਹਮਣੇ ਆਉਣ
ਲੱਗੇ ਹਨ।
ਸਾਡੇ ਦੇਸ਼ ਵਿੱਚ ਪੋਲੀਥੀਨ ਬੈਗ ਦਾ ਪ੍ਰਚਲਨ 1960 ਦੇ ਕਰੀਬ ਸ਼ੁਰੂ ਹੋਇਆ। ਇਸ ਉਪਰ ਬਹਿਸ ਤਾਂ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ। ਪ੍ਰੰਤੂ 1970 ਵਿੱਚ ਇਸ ਦੇ ਖਿਲਾਫ ਅਵਾਜ ਵੀ ਉੱਠਣ ਲੱਗੀ ਸੀ । ਪਲਾਸਟਿਕ ਸਿਹਤ ਅਤੇ ਵਾਤਾਵਰਨ ਦੋਹਾ ਲਈ ਹੀ ਨੁਕਸਾਨਦੇਹ ਹੈ। ਇਸ ਦਾ ਉਤਪਾਦਨ ਪਟਰੋਲੀਅਮ ਤੋਂ ਪ੍ਰਾਪਤ ਰਸਾਇਨਾ ਤੋਂ ਹੁੰਦਾ ਹੈ । ਪਲਾਸਟਿਕ ਨੂੰ ਰੀਸਾਈਕਲ ਕਰਨਾ ਬਹੁਤ ਵੱਡੀ ਸਮੱਸਿਆ ਹੈ । ਕੁਲ ਉਤਪਾਦਨ ਦਾ 91 ਪ੍ਰਤੀਸ਼ਤ ਪਲਾਸਟਿਕ ਰੀਸਾਇਕਲ ਨਹੀਂ ਕੀਤਾ ਜਾ ਸਕਦਾ। ਉੱਥੇ ਇਸ ਦੇ ਕਾਰਨ ਸ਼ਹਿਰ ਦੀਆਂ ਨਾਲੀਆਂ, ਨਦੀਆਂ ,ਨਹਿਰਾਂ, ਦਰਿਆਵਾਂ ਤੋਂ ਲੈ ਕੇ ਸਮੁੰਦਰ ਤੱਕ ਦੀ ਬਰਬਾਦੀ ਸਾਫ ਨਜ਼ਰ ਆ ਰਹੀ ਹੈ। ਸ਼ਹਿਰਾ ਵਿੱਚ ਪੋਲੀਥੀਨ ਬੈਗ ਕਾਰਨ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ।
ਪਲਾਸਟਿਕ ਦੇ ਲਿਫਾਫਿਆਂ ਵਿਚ ਪੈਕ ਹੁੰਦੇ ਖਾਣ ਵਾਲੇ ਪਦਾਰਥ ਅਤੇ ਹੋਰ ਕਾਰਨਾ ਕਰਕੇ ਪਲਾਸਟਿਕ ਦੇ ਕਣ ਮਨੁੱਖੀ ਸਰੀਰ ਦੇ ਅੰਦਰ ਜਾਨਾ , ਮਨੁੱਖੀ
ਸਿਹਤ ਲਈ ਬੇਹੱਦ ਖਤਰਨਾਕ ਹੈ। ਉਥੇ ਇਸ ਦੇ ਕਾਰਨ ਪਸ਼ੂ ,ਪੰਛੀ ਅਤੇ ਜਲ ਜੀਵ ਬਿਮਾਰ ਹੋ ਕੇ ਦਮ ਤੋੜ ਰਹੇ ਹਨ। ਸਮੁੰਦਰੀ ਜਲ ਜੀਵਾਂ ਲਈ ਤਾਂ ਪਲਾਸਟਿਕ ਪਦਾਰਥ ਬਹੁਤ ਵੱਡਾ ਖਤਰਾ ਬਣ ਚੁੱਕੇ ਹਨ। ਮਿੱਟੀ ਦੀ ਉਪਜਾਊ ਸ਼ਕਤੀ ਵੀ ਪਲਾਸਟਿਕ ਦੇ ਕਾਰਨ ਘੱਟ ਰਹੀ ਹੈ।
ਅਸੀਂ ਇਸ ਦੇ ਭਿਅੰਕਰ ਨਤੀਜਿਆ ਤੋਂ ਜਾਣੂ ਜਰੂਰ ਹਾਂ, ਪ੍ਰੰਤੂ ਇਸ ਦੀ ਵਰਤੋਂ ਕਰਨਾ ਫਿਰ ਵੀ ਨਹੀਂ ਛੱਡ ਰਹੇ। ਸਰਕਾਰ ਦੇ ਯਤਨ ਅਤੇ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਇਸ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ।
ਜੇ ਅਸੀਂ ਇਸ ਦੀ ਵਰਤੋਂ ਬੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਦੀ ਵਰਤੋਂ ਦਾ ਤਰੀਕਾ ਤਾਂ ਜ਼ਰੂਰ ਸਿੱਖ ਲਈਏ। ਇਸ ਨੂੰ ਸਾੜਨ ਤੋਂ ਪੂਰੀ ਤਰਾਂ ਗੁਰੇਜ਼ ਕੀਤਾ ਜਾਵੇ। ਨਦੀਆਂ, ਨਾਲਿਆਂ, ਸੀਵਰੇਜ ਅਤੇ ਸਮੁੰਦਰ ਵਿਚ ਸੁੱਟਣ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ। ਗਿਫ਼ਟ ਪੈਕ ਤੇ ਪਲਾਸਟਿਕ ਦੀ ਹੁੰਦੀ ਬੇਲੋੜੀ ਵਰਤੋਂ ਤੇ ਖਰਚ ਨੂੰ ਬੰਦ ਕੀਤਾ ਜਾਵੇ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਬੈਗ ਰੱਖਣ ਦੀ ਆਦਤ ਚੰਗੀ ਸ਼ੁਰੁਆਤ ਹੋ ਸਕਦੀ ਹੈ।
ਘਰ ਦਾ ਕੂੜਾ ਕਰਕਟ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਗਲੀ ਦੇ ਕੋਨੇ ਵਿਚ ਰੱਖਣ ਦੀ ਆਦਤ ਨੂੰ ਮਨੁੱਖਤਾ ਦੀ ਭਲਾਈ ਲਈ ਛੱਡਣਾ ਹੋਵੇਗਾ।
ਕੇਂਦਰੀ ਟਰਾਂਸਪੋਰਟ ਮੰਤਰੀ ਵੱਲੋਂ ਸੜਕ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਕੇ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ।
ਪਲਾਸਟਿਕ ਦੀਆਂ ਖਾਲੀ ਬੋਤਲਾਂ ਵਿੱਚ ਵਰਤੋਂ ਕੀਤੇ ਪੋਲੀਥੀਨ ਬੈਗ ਭਰਕੇ ਈਕੋ ਬਰਿਕਸ ਬਨਾਉਣ ਦਾ ਉਪਰਾਲਾ ਬੇਹੱਦ ਸ਼ਲਾਂਘਾਯੋਗ ਹੈ । ਮੈਂ ਨਿੱਜੀ ਤੌਰ ਤੇ ਵੀ ਇਸ ਨੂੰ ਸਫਲਤਾਪੂਰਵਕ ਕਰ ਚੁੱਕਿਆ ਹਾਂ । ਇਹਨਾਂ ਦੀ ਵਰਤੋਂ ਬਗੀਚੇ ਦੀ ਸੁੰਦਰਤਾ, ਪਾਰਕ ਦੀ ਵਾੜ , ਸਜਾਵਟੀ ਸਾਮਾਨ ਅਤੇ ਫਰਨੀਚਰ ਬਨਾਉਣ ਲਈ ਬਹੁਤ ਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਸਵੱਛਤਾ ਮੁਹਿੰਮ ਨੂੰ ਸਫ਼ਲ ਬਣਾਉਣਾ ਹਰ ਨਾਗਰਿਕ ਦਾ ਮੁਢਲਾ ਫ਼ਰਜ਼ ਹੈ। ਇਸ ਲਈ ਅੱਜ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਉਪਰ, ਆਉ ਸਵੱਛਤਾ ਨੂੰ ਸ਼ੌਂਕ ਬਨਾਉਣ ਦੀ ਪਹਿਲ ਕਰਨ ਲਈ ਪਲਾਸਟਿਕ ਬੈਗ ਦੀ ਵਰਤੋਂ ਕਰਨ ਨਾ ਕਰਨ ਦਾ ਪ੍ਰਣ ਕਰੀਏ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਈਏ।
-
ਡਾ. ਸਤਿੰਦਰ ਸਿੰਘ(ਪੀ. ਈ. ਐਸ.), ਨੈਸ਼ਨਲ ਅਵਾਰਡੀ, ਪ੍ਰਿੰਸੀਪਲ
dr.satinder.fzr@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.