ਡਾ. ਸਤਿੰਦਰ ਪਾਲ ਸਿੰਘ ਪੰਜਾਬੀ ਤੇ ਹਿੰਦੀ ਦੇ ਬਹੁ-ਚਰਚਿਤ ਲੇਖਕ ਤੇ ਕਾਲਮ ਨਵੀਸ ਹਨ। ਉਸ ਦੀਆਂ ਡੇਢ ਦਰਜਨ ਤੋਂ ਵੱਧ ਧਾਰਮਿਕ ਵਿਸ਼ਿਆਂ ‘ਤੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਲੇਖਕ ਨੂੰ ਬਹੁਤ ਸਾਰੀਆਂ ਸਾਹਿਤਕ, ਧਾਰਮਿਕ, ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਅਨੇਕ ਵਾਰੀ ਮਾਨ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਡਾ. ਸਤਿੰਦਰ ਪਾਲ ਸਿੰਘ ਦੀਆਂ ਪੁਸਤਕਾਂ ਦੀ ਖ਼ੂਬੀ ਇਹ ਹੈ ਕਿ ਉਹ ਸਾਰੀਆਂ ਹੀ ਸਿੱਖ ਵਿਚਾਰਧਾਰਾ ਦੇ ਸਿਧਾਂਤਾਂ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਚਰਚਾ ਅਧੀਨ ਪੁਸਤਕ ‘ਸਫਲ ਗ੍ਰਿਹਸਥ ਲਈ ਗੁਰਮਤਿ’ ਵਿੱਚ ਗ੍ਰਿਹਸਥ ਜ਼ਿੰਦਗੀ ਦੀ ਜੀਵਨ ਜਾਚ ਦੇ ਗੁਰ ਦੱਸਣ ਲਈ 8 ਲੇਖ ਹਨ। ਇਨ੍ਹਾਂ ਲੇਖਾਂ ਵਿੱਚ ਲੇਖਕ ਨੇ ਇਨਸਾਨ ਨੂੰ ਆਪਣਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਗੁਰਮਤਿ ਅਨੁਸਾਰ ਬਸਰ ਕਰਨ ਦੀ ਤਾਕੀਦ ਕੀਤੀ ਹੈ। ਆਪਣੇ ਲੇਖਾਂ ਵਿੱਚ ਉਨ੍ਹਾਂ ਉਦਾਹਰਨਾਂ ਬਹੁਤ ਹੀ ਕਮਾਲ ਦੀਆਂ ਦਿੱਤੀਆਂ ਹਨ, ਜਿਨ੍ਹਾਂ ਤੋਂ ਇਨਸਾਨ ਸੌਖਿਆਂ ਹੀ ਪ੍ਰਭਾਵਤ ਹੋ ਸਕਦਾ ਹੈ।
ਲੇਖਕ ਲਿਖਦਾ ਹੈ, ਗੁਰਸਿੱਖ ਦਾ ਗੁਰੂ ਪ੍ਰਤੀ ਸਮਰਪਣ ਤੇ ਭਰੋਸਾ ਉਸ ਦੇ ਸਫਲ ਗ੍ਰਿਹਸਥ ਹੋਣ ਦੀ ਨੀਂਹ ਹੈ। ਸੰਸਾਰਕ ਸੰਬੰਧ ਵੀ ਪਰਮਾਤਮਾ ਦੇ ਬਖ਼ਸੇ ਸੰਜੋਗ ਹਨ। ਆਪਣੇ ਲੇਖਾਂ ਵਿੱਚ ਲੇਖਕ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਕੇ ਇਨਸਾਨ ਨੂੰ ਸੱਚੇ ਮਾਰਗ ‘ਤੇ ਚਲਣ ਦੀ ਪ੍ਰੇਰਨਾ ਦਿੰਦਾ ਹੈ। ਗੁਰਬਾਣੀ ਦੇ ਸਿਧਾਂਤ, ਇੱਕ ਸਫਲ ਸੰਸਾਰਕ ਕਿਰਦਾਰ ਵੀ ਸਿਰਜਦੇ ਹਨ। ਇਹ ਪੁਸਤਕ ਗ੍ਰਿਹਸਥ ਜੀਵਨ ਦੀ ਗੁਰਮਤਿ ਅਨੁਸਾਰ ਸਫਲਤਾ ਲਈ ਪ੍ਰੇਰਿਤ ਕਰੇਗੀ। ਪਹਿਲੇ ਲੇਖ ‘ਗ੍ਰਿਹਸਥ ਜੀਵਨ’ ਵਿੱਚ ਲੇਖਕ ਦੱਸਦਾ ਹੈ, ਜੀਵਨ ਤੇ ਮਰਨ ਦੇ ਵਿਚਕਾਰ ਦਾ ਸਮਾਂ ਮਨੁੱਖ ਦੀ ਬੁਧੀ, ਵਿਵੇਕ ਤੇ ਗਿਆਨ ਨਾਲ ਆਪਣਾ ਜੀਵਨ ਬਸਰ ਕਰਨ ਦਾ ਸੰਕਲਪ ਹੈ। ਲੇਖਕ ਨੇ ਦਸ ਗੁਰੂ ਸਾਹਿਬਾਨ ਦੇ ਗ੍ਰਿਹਸਥੀ ਸਫਲ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਗ੍ਰਿਹਸਥ ਵਿੱਚ ਰਹਿੰਦਿਆਂ ਕਿਵੇਂ ਧਾਰਮਿਕ ਭਗਤੀ ਕੀਤੀ ਜਾ ਸਕਦੀ ਹੈ, ਉਨ੍ਹਾਂ ਗੁਰੂਆਂ ਦੇ ਰਾਹ ਵਿੱਚ ਆਈਆਂ ਰੁਕਾਵਟਾਂ ਅਤੇ ਲੋਕਾਂ ਵੱਲੋਂ ਗ੍ਰਿਹਸਥੀ ਜੀਵਨ ਬਾਰੇ ਪੁਛੇ ਗਏ ਪ੍ਰਸ਼ਨਾ ਦੇ ਦਿੱਤੇ ਗਏ ਜਵਾਬ ਵੀ ਦੱਸੇ ਹਨ। ਔਰਤ, ਪੁੱਤਰ ਤੇ ਦੌਲਤ ਗ੍ਰਿਹਸਥੀ ਦੇ ਮੁੱਖ ਅੰਗ ਹਨ। ਗੁਰੂ ਸਾÇਾਬ ਨੇ ਵਿਕਾਰਾਂ ਨੂੰ ਜਿੱਤ ਕੇ ਜੀਵਨ ਨੂੰ ਸਫਲ ਕਰਨ ਦੀ ਪ੍ਰੇਰਨਾ ਦਿੱਤੀ ਹੈ। ਇਸਤਰੀ ਅਤੇ ਸੰਤਾਨ ਕਦੇ ਵੀ ਧਰਮ ਅਧਿਆਤਮ ਦੇ ਮਾਰਗ ਵਿੱਚ ਰੁਕਾਵਟ ਨਹੀਂ ਬਣਦਾ। ਪਤਨੀ ਬਿਨਾ ਗ੍ਰਿਹਸਥੀ ਨਹੀਂ ਚਲਦੀ। ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਜਾਏ ਗ੍ਰਿਹਸਥੀ ਸਫਲ ਹੋਵੇਗੀ। ਪਰਿਵਾਰ ਆਪਸੀ ਸਹਿਯੋਗ, ਸਮਝਦਾਰੀ ਅਤੇ ਮਿਲਵਰਤਨ ਦਾ ਅਸਥਾਨ ਹੈ। ਦੂਜਾ ਲੇਖ ‘ਗ੍ਰਿਹਸਥ ਜੀਵਨ ਵਿੱਚ ਸਮਾਨਤਾ ਦੀ ਮਹੱਤਾ’ ਵਿੱਚ ਲਿਖਿਆ ਹੈ, ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਵੇ। ਇਸ ਮੰਤਵ ਲਈ ਹੰਕਾਰ ਅਤੇ ਕਾਮ ਕ੍ਰੋਧ ਦਾ ਤਿਆਗ ਤੇ ਵਿਕਾਰਾਂ ‘ਤੇ ਜਿੱਤ ਜ਼ਰੂਰੀ ਹੈ। ਘਰ ਪਰਿਵਾਰ ਦਾ ਵਾਤਾਵਰਨ ਪਰਿਵਾਰ ਦੇ ਮੈਂਬਰਾਂ ਵਿੱਚ ਪ੍ਰੇਮ ਪਿਆਰ ਵਾਲਾ ਹੋਣਾ ਚਾਹੀਦਾ ਹੈ, ਫਿਰ ਘਰ ਵਿੱਚ ਵਿਸਮਾਦਿਕ ਅਵਸਥਾ ਪੈਦਾ ਹੋ ਜਾਵੇਗੀ। ਗ੍ਰਿਹਸਥ ਜੀਵਨ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਇੱਕੋ ਜਿਹਾ ਸਨਮਾਨ ਹੋਣਾ ਚਾਹੀਦਾ ਹੈ। ਪਰਿਵਾਰ ਦੇ ਮੈਂਬਰ ਗੁਰੂ ਦੀ ਵਿਚਾਰਧਾਰਾ ਅਪਣਾ ਲੈਣ ਫਿਰ ਪਰਿਵਾਰ ਵਿੱਚ ਹਮੇਸ਼ਾ ਪ੍ਰਫੁਲਤਾ ਹੋਵੇਗੀ ਤੇ ਸਦਭਾਵਨਾ ਬਣੀ ਰਹੇਗੀ। ਸਾਰੇ ਇਕ ਦੂਜੇ ਨੂੰ ਪਰਮਾਤਮਾ ਦਾ ਰੂਪ ਸਮਝਣ। ਆਪਸੀ ਵਿਵਹਾਰ ਹੀ ਸਫਲਤਾ ਦੀ ਨਿਸ਼ਾਨੀ ਹੈ। ਸੁਚੱਜੀ, ਗੁਣਵੰਤੀ ਇਸਤਰੀ ਪਰਿਵਾਰ ਦਾ ਉਧਾਰ ਕਰ ਸਕਦੀ ਹੈ। ਸਾਰੇ ਮੈਂਬਰ ਵਿਕਾਰਾਂ ਨੂੰ ਤਿਲਾਂਜ਼ਲੀ ਦੇ ਦੇਣ ਤਾਂ ਆਨੰਦ ਦੀ ਪ੍ਰਾਪਤੀ ਹੋਵੇਗੀ। ਪ੍ਰੇਮ ਗ੍ਰਿਹਸਥ ਜੀਵਨ ਦਾ ਮੂਲ ਸਿਧਾਂਤ ਹੈ। ਤੀਜਾ ਲੇਖ ‘ਗ੍ਰਿਹਸਥ ਜੀਵਨ ਵਿੱਚ ਗੁਣਾਂ ਦੀ ਭੂਮਿਕਾ’ ਵਿੱਚ ਲੇਖਕ ਨੇ ਲਿਖਿਆ ਹੈ, ਪਰਿਵਾਰ ਦੇ ਸਾਰੇ ਮੈਂਬਰਾਂ ਦੇ ਗੁਣ ਵੱਖਰੇ-ਵੱਖਰੇ ਹੁੰਦੇ ਹਨ। ਜੇਕਰ ਇਨ੍ਹਾਂ ਗੁਣਾਂ ਨਾਲ ਮਾਣ ਮਿਲੇ ਤਾਂ ਚੰਗੀ ਗੱਲ ਹੈ ਪ੍ਰੰਤੂ ਜੇਕਰ ਮਾਣ ਆਪਣੇ ਗੁਣਾਂ, ਸਮਰੱਥਾ ਦੇ ਗਿਆਨ ਤੱਕ ਸੀਮਤ ਹੈ ਤਾਂ ਕਰਤਵ ਬੋਧ ਕਿਹਾ ਜਾਵੇਗਾ। ਜਦੋਂ ਮਾਣ ਆਪਣੇ ਗੁਣਾਂ ਕਰਕੇ ਆਪਣੀ ਵੱਖਰੀ ਹੋਂਦ ਵਲ ਲਿਜਾਣ ਵਾਲਾ ਬਣ ਜਾਵੇ ਤਾਂ ਹੰਕਾਰ ਬਣ ਜਾਂਦਾ ਹੈ। ਮਾਣ ਤੇ ਹੰਕਾਰ ਵਿੱਚ ਬਹੁਤ ਬਾਰੀਕ ਕੰਧ ਹੈ। ਪ੍ਰੇਮ, ਸੰਤੋਖ, ਦਇਆ ਅਤੇ ਨਿਮਰਤਾ ਗਹਿਣੇ ਹਨ, ਜਿਹੜੇ ਹਰ ਮੈਂਬਰ ਵਿੱਚ ਹੋਣੇ ਚਾਹੀਦੇ ਹਨ। ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਮਹੱਤਵਪੂਰਨ ਹੈ। ਚੌਥਾ ਲੇਖ ‘ਪਰਿਵਾਰ ਅੰਦਰ ਇਸਤ੍ਰੀ ਦੀ ਸ੍ਰੇਸ਼ਟਤਾ’ ਹੈ, ਇਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਇਸਤਰੀ ਦਾ ਪੁਰਾਤਨ ਸਮੇਂ ਵਿੱਚ ਸਤਿਕਾਰ ਨਹੀਂ ਕੀਤਾ ਜਾਂਦਾ ਸੀ, ਬਲਕਿ ਦੁਰਕਾਰਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਸਤਰੀ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਤੇ ਗੁਰਬਾਣੀ ਵਿੱਚ ਕਿਹਾ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਉਸ ਤੋਂ ਬਾਅਦ ਬਾਕੀ ਹੋਰ ਗੁਰੂ ਸਾਹਿਬਾਨ ਨੇ ਵੀ ਇਸਤਰੀ ਦੀ ਪ੍ਰਸੰਸਾ ਵਿੱਚ ਸ਼ਬਦ ਕਹੇ। ਇਸਤਰੀ ਗ੍ਰਿਹਸਥ ਜੀਵਨ ਦਾ ਧੁਰਾ ਹੁੰਦੀ ਹੈ। ਪਰਿਵਾਰ ਦੀ ਮੁੱਖ ਤੌਰ ‘ਤੇ ਜ਼ਿੰਮੇਵਾਰੀ ਇਸਤਰੀ ਦੀ ਹੁੰਦੀ ਹੈ। ਲੇਖਕ ਨੇ ਇਸ ਲੇਖ ਵਿੱਚ ਇਸਤਰੀ ਬਾਰੇ ਆਮ ਲੋਕਾਂ ਦੀਆਂ ਪ੍ਰੀਕ੍ਰਿÇਆਵਾਂ ਦਿੰਦਿਆਂ ਗੁਰਬਾਣੀ ਦੀਆਂ ਉਦਾਹਰਣਾ ਦੇ ਕੇ ਇਸਤਰੀ ਨੂੰ ਕੁਚੱਜੀ ਦੀ ਥਾਂ ਸੁਚੱਜੀ ਅਤੇ ਗੁਣਵੰਤੀ ਕਿਹਾ ਹੈ। ਇਸਤਰੀ ਆਪਣੀ ਔਲਾਦ ਵਿੱਚ ਸੁਚੱਜੇ ਗੁਣ ਧਾਰਨ ਕਰਵਾਉਂਦੀ ਹੈ। ਉਹ ਆਪ ਪਰਿਵਾਰ ਲਈ ਉਦਾਹਰਣ ਬਣਦੀ ਹੈ। ਗੁਰਬਾਣੀ ਦੀਆਂ ਰਹਿਤ ਮਰਿਆਦਾਵਾਂ ਧਾਰਨ ਕਰਕੇ ਪਰਿਵਾਰ ਦੀ ਜ਼ਿੰਦਗੀ ਸੁਖਦ ਬਣ ਜਾਂਦੀ ਹੈ। ‘ਸੰਜਮ ਦੀ ਮਹੱਤਾ’ ਵਿੱਚ ਲੇਖਕ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਵਿੱਚ ਸੰਜਮ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ ਹੈ ਕਿਉਂਕਿ ਗੁਰਬਾਣੀ ਇਨਸਾਨ ਨੂੰ ਸੰਜਮ ਵਿੱਚ ਰਹਿਣ ਦੀ ਸਿੱਖਿਆ ਦਿੰਦੀ ਹੈ। ਲਾਲਸਾ ਅਧੀਨ ਮਨੁੱਖ ਵੱਧ ਤੋਂ ਵੱਧ ਦੌਲਤ, ਜਾਇਦਾਦ ਇਕੱਤਰ ਕਰਨੀ ਚਾਹੁੰਦਾ ਹੈ ਤੇ ਦੁੱਖੀ ਹੁੰਦਾ ਹੈ। ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਉਦਾਹਰਣ ਦੇ ਕੇ ਸੰਜਮ ਦਾ ਪੱਲਾ ਫੜ੍ਹਨ ਲਈ ਪ੍ਰੇਰਿਆ ਹੈ; ‘ਜਤੁ ਪਹਾਰਾ ਧੀਰਜੁ ਸੁਨਿਆਰ’। ਸੰਜਮ ਤੇ ਹੰਕਾਰ ਇਕੱਠੇ ਨਹੀਂ ਰਹਿ ਸਕਦੇ। ਸੰਜਮ ਨੂੰ ਵਿਵਹਾਰ ਵਿੱਚ ਉਤਾਰਨਾ ਚਾਹੀਦਾ ਹੈ। ਗੁਰਸਿੱਖ ਜੀਵਨ ਦੀ ਭੌਤਿਕਤਾ ਨੂੰ ਸੰਜਮ ਨਾਲ ਮਰਿਆਦਾ ਵਿੱਚ ਬੰਨ੍ਹ ਲੈਂਦਾ ਹੈ ਤੇ ਸੰਬੰਧਾਂ ਨੂੰ ਸੰਵੇਦਨਹੀਨ, ਮ੍ਰਿਤ ਹੋਣ ਤੋਂ ਬਚਾ ਲੈਂਦਾ ਹੈ। ਔਗੁਣਾਂ, ਵਿਕਾਰਾਂ ਹੰਕਾਰ ਨੂੰ ਤਿਆਗਕੇ ਹੀ ਸੰਜਮ ਪਾਇਆ ਜਾ ਸਕਦਾ ਹੈ। ਗੁਰਸਿੱਖ ਨਿਡਰ ਹੋ ਕੇ ਗੁਣਾਂ ਤੇ ਪਹਿਰਾ ਦਿੰਦਾ ਹੈ ਅਤੇ ਸੰਜਮ ਅੰਦਰ ਰਹਿੰਦਾ ਹੈ। ਇੰਦ੍ਰੀਆਂ ਦਾ ਸੰਜਮ ਵੀ ਜ਼ਰੂਰੀ ਹੈ। ਸੰਜਮ ਦੁੱਖ ਅਤੇ ਸੁੱਖ ਦੋਹਾਂ ਵਿੱਚ ਰੱਖਣਾ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਬਦ ਵਿੱਚ ਖਾਣਾ ਖਾਣ ਸਮੇਂ ਸੰਜਮ ਵਰਤਣ ਲਈ ਕਹਿੰਦੇ ਹਨ; ਬਾਬਾ ਹੋਰੁ ਖਾਣਾ ਖੁਸੀ ਖੁਆਰ॥ ਏਸੇ ਤਰ੍ਹਾ ਸੌਣ ਬਾਰੇ ਕਹਿੰਦੇ ਹਨ; ਬਾਬਾ ਹੋਰੁ ਸਉਣਾ ਖੁਸੀ ਖੁਆਰ॥ ਗੁਰਬਾਣੀ ਹਰ ਖੇਤਰ ਵਿੱਚ ਸੰਜਮ ਵਰਤਣ ਦੀ ਪ੍ਰੇਰਨਾ ਦਿੰਦੀ ਹੈ। ‘ਗੁਰਬਾਣੀ ਦੇ ਹੁਕਮ’ ਲੇਖ ਵਿੱਚ ਲੇਖਕ ਨੇ ਦੱਸਿਆ ਕਿ ਸਫਲ ਜੀਵਨ ਲਈ ਗੁਰਸਿੱਖ ਨੂੰ ਗੁਰਬਾਣੀ ਵਿੱਚ ਦਿੱਤੇ ਗਏ ਹੁਕਮਾ ਦੀ ਪਾਲਣਾ ਕਰਨ ਨਾਲ ਮਾਨਸਿਕ ਸੁੱਖ ਦੀ ਪ੍ਰਾਪਤੀ ਹੋਵੇਗੀ। ਲੇਖਕ ਨੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਉਦਾਹਰਨਾ ਦੇ ਕੇ ਗੁਰਸਿੱਖਾਂ ਨੂੰ ਸਿੱਧੇ ਰਸਤੇ ਪਾਉਣ ਦਾ ਉਪਰਾਲਾ ਕੀਤਾ ਹੈ। ਸੱਚ ਕੇਵਲ ਪਰਮਾਤਮਾ ਹੈ। ਪਰਮਾਤਮਾ ਲਈ ਭਾਵਨਾ ਹੋਵੇ ਤਾਂ ਮਾਇਆ ਜਾਲ ਤੋਂ ਬਚਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ॥ 1॥ ਪਰਮਾਤਮਾ ਨਾਲ ਜੁੜਨ ਦਾ ਅਰਥ ਹੈ, ਉਸ ਅੱਗੇ ਸਮਰਪਣ। ਪਰਮਾਤਮਾ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਪਰਮਾਤਮਾ ਦੇ ਸਨਮੁਖ ਹੋ ਪ੍ਰੇਮ ਭਾਵਨਾ ਨਾਲ ਭਿੱਜ ਜਾਏ ਤਾਂ ਵਿਕਾਰ ਵਾਸ਼ਨਾਵਾਂ ਸ਼ਾਂਤ ਹੋ ਜਾਂਦੀਆਂ ਹਨ। ਜਿਨ ਸੇਵਿਆ ਤਿਨਿ ਪਾਇਆ ਮਾਨ॥ ਗੁਰਬਾਣੀ ਧਿਆਨ ਟਿਕਾ ਕੇ ਇਕਾਗਰ ਚਿਤ ਹੋ ਕੇ ਸੁਣੀ ਤੇ ਪੜ੍ਹੀ ਜਾਵੇ। ਸਹਿਜ ਆ ਜਾਂਦਾ ਹੈ। ਸਹਿਜਤਾ ਦਾ ਗੁਣ ਸ੍ਰਿਸ਼ਟੀ ਦਾ ਪਹਿਲਾ ਤੇ ਮੂਲ ਗੁਣ ਹੈ। ਮਨੁੱਖ ਗਰੂ ਦੇ ਹੁਕਮ ਮੰਨ ਕੇ ਉਦਮ ਕਰੇ। ਪਰਮਾਤਮਾ ਹੀ ਸੰਸਾਰ ਦਾ ਸੱਚ ਹੈ। ਮਨੁੱਖ ਨੂੰ ਕਰਮਾ ਦਾ ਫਲ ਮਿਲਦਾ ਹੈ। ਗੁਣਾਂ ਬਿਨਾਂ ਭਗਤੀ ਨਹੀਂ ਹੋ ਸਕਦੀ। ਮਨ ਸਦਾ ਹਾਂ ਪੱਖੀ ਸੋਚ ਰੱਖੇ। ਗੁਰਬਾਣੀ ਦੀ ਰਾਸ ਪੂੰਜੀ ਮਨੁੱਖ ਦੇ ਆਚਾਰ ਵਿੱਚ ਉਤਰਨ ਨਾਲ ਹੀ ਪ੍ਰਗਟ ਹੁੰਦੀ ਹੈ। ਗੁਣਾਂ ਦੀ ਪਰਪੱਕਤਾ ਮਨੁੱਖ ਮਾਤਰ ਦਾ ਸਨਮਾਨ ਸੁੱਖ ਲਈ ਜ਼ਰੂਰੀ ਸੰਕਲਪ ਹੈ। ਮਨੁੱਖ ਦੇ ਗੁਣ ਸਦਾ ਹੀ ਸਮਾਜ ਦੀ ਭਲਾਈ ਲਈ ਲਾਹੇਬੰਦ ਹੋਣਗੇ। ‘ਸਿੱਖ ਰਹਿਤ ਮਰਯਾਦਾ’ ਲੇਖ ਗੁਰਸਿੱਖ ਨੂੰ ਰਹਿਤ ਮਰਯਾਦਾ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਪਰਿਵਾਰਿਕ ਜੀਵਨ ਦੇ ਸੰਦਰਭ ਵਿੱਚ ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। ਗੁਰਬਾਣੀ ਦਾ ਸ਼ਬਦ ਹੈ; ‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਕਈ ਨੇਮ ਦਾ ਪਾਬੰਦ ਕੀਤਾ ਹੈ। ਸਿੱਖ ਜਗਤ ਨੂੰ ਉਨ੍ਹਾਂ ਨਿਯਮਾ ਦੀ ਪਾਲਣਾ ਜ਼ਰੂਰੀ ਹੈ। ‘ਘਰੇ ਤੇ ਅੰਮ੍ਰਿਤਸਰ’ ਲੇਖ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾ ਕੇ ਸੰਸਾਰ ਨੂੰ ਜਿਉਣ ਦੀ ਜਾਚ ਸਿਖਾਈ ਸੀ। ਇਸ ਨਗਰ ਵਿੱਚ ਕਿਰਤ ਦਾ ਸਨਮਾਨ ਤੇ ਕਿਰਤੀ ਦਾ ਸਤਿਕਾਰ, ਭਗਤੀ ਤੇ ਸ਼ਕਤੀ ਦਾ ਕੇਂਦਰ, ਸਚਿਆਰਾ ਜੀਵਨ ਜਿਓਣ ਦਾ ਪ੍ਰਤੀਕ ਬਣਾਇਆ ਗਿਆ ਸੀ। ਘਰ ਸ੍ਰੀ ਅੰਮ੍ਰਿਤਸਰ ਤਾਂ ਬਣਦਾ ਹੈ, ਜਦੋਂ ਘਰ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਹੋਵੇ, ਪਰਮਾਤਮਾ ਦੇ ਗੁਣਾਂ ਦੀ ਚਰਚਾ ਹੋਵੇ। ਗਰੁਸਿੱਖ ਆਪਣੇ ਘਰ ਵਿੱਚ ਧਰਮਸਾਲ ਬਣਾਵੇ। ਵਾਹਿਗੁਰੂ ਦੀ ਨਦਰ ਹੋਵੇ ਤਾਂ ਆਪ ਸਰਿਆਂ ਦੇ ਘਰ ਸਚੇ ਆਨੰਦ ਦੇ ਘਰ ਬਣ ਜਾਣ। ਇਹ ਪੁਸਤਕ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਬਣ ਸਕਦੀ ਹੈ।
150 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਲੇਖਕ ਦੀਆਂ ਬਾਕੀ ਪੁਸਤਕਾਂ ਦੀ ਤਰ੍ਹਾਂ ਭਾ.ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.