ਅਕਾਲੀਆਂ ਨੂੰ ਮਿਲੀਆਂ ਮਾਫ਼ੀਆਂ ਨੇ ਕੀ ਫ਼ਾਇਦਾ ਤੇ ਕੀ ਨੁਕਸਾਨ ਕੀਤਾ ਪੰਥ ਦਾ? ਗੁਰਪ੍ਰੀਤ ਸਿੰਘ ਮੰਡਿਆਣੀ ਦੀ ਕਲਮ ਤੋਂ
ਲੁਧਿਆਣਾ , 1 ਜੁਲਾਈ 2024 - ਸ਼ਰੋਮਣੀ ਅਕਾਲੀ ਦਲ ਦੇ ਭਰਦਾਨ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਅਕਾਲੀ ਲੀਡਰਾਂ ਦਾ ਇੱਕ ਗਰੁੱਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕਿ ਮੁਆਫ਼ੀ ਦੀ ਮੰਗ ਕੀਤੀ ਹੈ।ਇਹ ਖ਼ਬਰ ਦੇ ਪਿਛੋਕੜ ਤੋਂ ਸਾਰੇ ਪਾਠਕ ਜਾਣੂ ਹਨ।ਇਹੋ ਜਹੇ ਮਾਫੀ ਨਾਮਿਆਂ ਦਾ ਬੜਾ ਲੰਮਾ ਇਤਿਹਾਸ ਹੈ।ਅੱਜ ਵਰਗੀ ਮਾਫ਼ੀ ਵਾਲਿਆਂ ਦਰਖਾਸਾਂ ਦੇ ਗੁੱਝੇ ਮਾਇਨਿਆਂ , ਲੱਗੀਆਂ ਤਨਖਾਹਾਂ ਬਾਰੇ ਮੈਂ ਇੱਕ ਆਰਟੀਕਲ ਮੈਂ 15 ਫਰਵਰੀ 2017 ਨੂੰ ਲਿਖਿਆ ਸੀ।ਉਹ ਆਰਟੀਕਲ ਅੱਜ ਵਾਲੀ ਘਟਨਾ ਤੇ ਪੂਰਾ ਢੁੱਕਦਾ ਹੈ।ਅਕਾਲੀ ਲੀਡਰਾਂ ਅੱਜ ਵਾਲੀ ਮਾਫ਼ੀ ਦੀ ਮੰਗ ਤੇ ਟਿੱਪਣੀ ਕਰਦਾ ਪੇਸ਼ ਹੈ ਹੇਠਾਂ ਦਿੱਤਾ ਉਹ ਆਰਟੀਕਲ : -
ਹੁਕਮਨਾਮੇ ਦੀ ਅਦੂਲੀ ਬਦਲੇ ਤਲਬ ਕਰਨ ਦੀ ਮੰਗ ਹੋਈ ਬੇ- ਮਾਅਨੀ ਸਿਰਫ ਭਾਂਡੇ ਮਾਂਜ ਕੇ ਸੁਰਖਰੂ ਹੋਣ ਦੇ ਦਸਤੂਰ ਨੇ ਵਧਾਈ ਧਾਰਮਿਕ ਅਵੱਗਿਆ ਧਾਰਮਿਕ ਮਰਿਆਦਾ ਦੀ ਉਲੰਘਣਾ
ਗੁਰਪ੍ਰੀਤ ਸਿੰਘ
ਮੰਡਿਆਣੀ -15 ਫਰਵਰੀ 2017 : ਪੰਥਕ ਹਿੱਤਾਂ ਦੇ ਖ਼ਿਲਾਫ਼ ਚੱਲਣ ਬਦਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਜਿੰਨ੍ਹੇ ਵੀ ਸਿਆਸੀ ਬੰਦਿਆਂ ਨੂੰ ਸਜ਼ਾ ਸੁਣਾਈ ਗਈ ਉਹ ਹਕੀਕੀ ਮਾਅਨਿਆਂ ਵਿੱਚ ਸਜ਼ਾ ਨਾ ਹੋ ਕੇ ਉਨ੍ਹਾਂ ਲਈ ਵਰਦਾਨ ਸਾਬਤ ਹੁੰਦੀ ਰਹੀ। ਸਿਆਸੀ ਬੰਦਿਆ ਨੂੰ ਅਸਲੀ ਤਕਲੀਫ ਉਦੋਂ ਹੁੰਦੀ ਹੈ ਜਦੋਂ ਉਨ੍ਹਾਂ ਦੇ ਸਿਆਸੀ ਰੁਤਬੇ ਨੂੰ ਨੁਕਸਾਨ ਪਹੁੰਚਦਾ ਹੈ। ਅਕਾਲ ਤਖਤ ਵੱਲੋਂ ਹੁਣ ਤੱਕ ਸੁਣਾਈਆਂ ਅਜਿਹੀਆਂ ਸਜ਼ਾਵਾਂ ਨਾਲ ਸਿਆਸੀ ਬੰਦਿਆਂ ਦੇ ਸਿਆਸੀ ਨੁਕਸਾਨ ਦਾ ਬਚਾਅ ਹੀ ਹੁੰਦਾ ਆਇਆ ਹੈ। ਅਜਿਹੇ ਮੁਲਜ਼ਮਾਂ ਵੱਲੋਂ ਕੀਤੇ ਗੁਨਾਹ ਬਦਲੇ ਸੰਗਤਾਂ 'ਚ ਭਾਰੀ ਗੁੱਸਾ ਪਾਇਆ ਜਾਂਦਾ ਰਿਹਾ ਹੈ। ਇਨ੍ਹਾਂ ਗੁਨਾਹਗਾਰਾਂ ਨੂੰ ਉਹ ਵੋਟਾਂ ਵਿੱਚ ਹਰਾ ਕੇ ਗੁੱਸਾ ਕੱਢਣ ਦੀ ਸੋਚਦੇ ਰਹੇ। ਪਰ ਚੰਦ ਕੁ ਦਿਨ ਭਾਂਡੇ ਮਾਂਜ ਕੇ, ਜੁੱਤੀਆਂ ਝਾੜ ਕੇ ਅਤੇ ਅਖੀਰ ਵਿੱਚ ਕੁੱਝ ਰੁਪਏ ਗੁਰੁ ਘਰ ਦੀ ਗੋਲਕ ਵਿੱਚ ਪਾ ਕੇ ਉਹ ਬਰੀ ਹੋਣ ਦਾ ਸਰਟੀਫਿਕੇਟ ਅਕਾਲ ਤਖਤ ਤੋਂ ਲੈਂਦੇ ਰਹੇ। ਅਕਾਲ ਤਖਤ ਤੋਂ ਮਿਲੇ ਅਜਿਹੇ ਬਰੀ ਦੇ ਸਰਟੀਫਿਕੇਟਾਂ ਨਾਲ ਸਿੱਖ ਸੰਗਤਾਂ ਕੋਲੋਂ ਅਜਿਹੇ ਗੁਨਾਹਗਾਰਾਂ ਨੂੰ ਵੋਟਾਂ ਵਿੱਚ ਦਿੱਤੇ ਜਾ ਸਕਣ ਵਾਲੇ ਡੰਡ ਦਾ ਹੱਕ ਵੀ ਖੋਹਿਆ ਜਾਂਦਾ ਰਿਹਾ ਹੈ।
ਜੇ ਸੰਗਤਾਂ ਨੇ ਵੋਟਾਂ ਚ ਅਜਿਹੇ ਗੁਨਾਹਗਾਰਾਂ ਵੱਲੋਂ ਕੀਤੀ ਧਾਰਮਿਕ ਅਵੱਗਿਆ ਦੀ ਗੱਲ ਵੋਟਾਂ ਵੇਲੇ ਕੀਤੀ ਤਾਂ ਉਨ੍ਹਾਂ ਨੂੰ ਇਹ ਕਹਿ ਕਿ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਤੁਸੀਂ ਅਕਾਲ ਤਖ਼ਤ ਦੀ ਅਵੱਗਿਆ ਕਰ ਰਹੇ ਹੋ। ਜਦੋਂ ਅਕਾਲ ਤਖ਼ਤ ਨੇ ਉਨ੍ਹਾਂ ਨੂੰ ਸਜ਼ਾ ਲਾ ਕੇ ਮੁਆਫ ਕਰ ਦਿੱਤਾ ਹੈ ਤਾਂ ਤੁਸੀਂ ਉਨ੍ਹਾਂ ਦੇ ਪਿਛਲੇ ਗੁਨਾਹ ਦਾ ਜ਼ਿਕਰ ਕਰਕੇ ਅਕਾਲ ਤਖ਼ਤ ਤੋਂ ਵੱਡੇ ਬਣਦੇ ਹੋ ? ਬਹੁਤੀ ਵਾਰੀ ਇਹ ਹੋਇਆ ਕਿ ਕਿਸੇ ਸਿਆਸੀ ਸ਼ਖਸ ਦੇ ਗੁਨਾਹ ਬਦਲੇ ਅਕਾਲ ਤਖਤ ਨੇ ਨਾ ਕਦੇ ਉਹਨੂੰ ਤਲਬ ਕੀਤਾ ਤੇ ਨਾ ਹੀ ਸਜ਼ਾ ਦਿੱਤੀ। ਜਦੋਂ ਸੰਗਤਾਂ ਨੇ ਅਜਿਹੇ ਸ਼ਖਸ ਦੇ ਕਿਸੇ ਪੰਥ ਵਿਰੋਧੀ ਕਰਮ ਤੇ ਉਜਰ ਕੀਤਾ ਤਾਂ ਉਹ ਅਕਾਲ ਤਖਤ ਪੁੱਜਿਆ ਆਪਦਾ ਗੁਨਾਹ ਦੱਸ ਕੇ ਅਕਾਲ ਤਖ਼ਤ ਤੋਂ ਮੁਆਫੀ ਦੀ ਮੰਗ ਕੀਤੀ ਤਾਂ ਅਕਾਲ ਤਖ਼ਤ ਨੇ ਉਹਨੂੰ ਭਾਂਡੇ ਮਾਜਣ ਵਰਗੀ ਛੋਟੀ ਸਜ਼ਾ ਲਾਈ ਤੇ ਅਜਿਹੀ ਮਾਮੂਲੀ ਸਜ਼ਾ ਭੁਗਤਣ ਤੋਂ ਬਾਅਦ ਉਹ ਬੇਗੁਨਾਹੀ ਦਾ ਸਰਟੀਫਿਕੇਟ ਲੈ ਕੇ ਸੰਗਤਾਂ ਚ ਫੇਰ ਹਾਜ਼ਰ ਹੋ ਗਿਆ । ਅਜਿਹਾ ਕਰਕੇ ਅਕਾਲ ਤਖਤ ਨੇ ਸੰਗਤਾਂ ਕੋਲੋਂ ਉਹਨੂੰ ਪੰਥ ਵਿਰੋਧੀ ਕਾਰਵਾਈ ਦੇ ਬਦਲੇ ਸਜ਼ਾ ਦੇਣ ਦਾ ਹੱਕ ਖੋਹਿਆ। ਇਹਦੀ ਤਾਜ਼ਾ ਮਿਸਾਲ 2014 ਦੀਆਂ ਲੋਕ ਸਭਾ ਚੋਣਾਂ ਨੇ ਅਜਿਹਾ ਅਕਾਲੀ ਵਜ਼ੀਰ ਬਿਕਰਮ ਸਿੰਘ ਮਜੀਠੀਏ ਨੇ ਅਜਿਹਾ ਹੀ ਕੀਤਾ ਸੀ।
ਬੀਬਾ ਅਮਰਜੀਤ ਕੌਰ ਦਾ ਮਾਮਲਾ ਵੀ ਮਜੀਠੀਏ ਨਾਲ ਮੇਲ ਖਾਂਦਾ ਹੈ। 1998 ਚ ਕਾਂਗਰਸ ਦੀ ਐਮ. ਪੀ. ਰਹੀ ਬੀਬਾ ਅਮਰਜੀਤ ਕੌਰ ਨੂੰ ਅਕਾਲੀਆਂ ਨੇ ਰਾਜ ਸਭਾ ਦੀ ਟਿਕਟ ਦੀ ਦਿੱਤੀ। ਅਕਾਲੀਆਂ ਦਾ ਟਿਕਟ ਮਿਲਣ ਤੋਂ ਬਾਅਦ ਬਠਿੰਡਾ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਜਗਰੂਪ ਸਿੰਘ ਗਿੱਲ ਨੇ ਪਾਰਲੀਮੈਂਟ ਦਾ ਰਿਕਾਰਡ ਅਖਬਾਰਾਂ ਵਿੱਚ ਨਸ਼ਰ ਕਰ ਦਿੱਤਾ ਜਿਸ ਵਿੱਚ ਬੀਬਾ ਨੇ ਅਪ੍ਰੇਸ਼ਨ ਬਲਿਊ ਸਟਾਰ ਬਦਲੇ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ। ਇਹ ਗੱਲ ਸਾਹਮਣੇ ਆਉਣ ਕਰਕੇ ਅਕਾਲੀ ਅਤੇ ਬੀਬੀ ਮੁਸ਼ਕਲ ਚ ਫਸ ਗਏ। ਬੀਬੀ ਅਕਾਲ ਤਖ਼ਤ ਤੇ ਬਿਨ ਬੁਲਾਇਆ ਪੁੱਜੀ ਤੇ ਅਕਾਲ ਤਖ਼ਖ ਨੇ ਝਾੜੂ ਮਾਰਨ ਦੀ ਸਜ਼ਾ ਸੁਣਾਈ ਤੇ ਪੰਥ ਪਾਰਲੀਮੈਂਟ ਚ ਪੰਥ ਵਿਰੋਧੀ ਕੀਤੀ ਤਕਰੀਰ ਵਾਲੇ ਗੁਨਾਹ ਤੋਂ ਬਰੀ ਕਰ ਦਿੱਤਾ। ਨਹੀਂ ਤਾਂ ਅਕਾਲ ਤਖ਼ਤ ਦੇ ਜੱਥੇਦਾਰ ਬੀਬੀ ਨੂੰ ਕਹਿ ਸਕਦੇ ਸਨ ਕਿ ਅਸੀਂ ਕਿਹੜਾ ਤੈਨੂੰ ਤਨਖਾਹੀਆ ਕਰਾਰ ਦਿੱਤਾ ਹੈ ਤੇ ਤੈਨੂੰ ਸਜ਼ਾ ਜਾਂ ਮੁਆਫੀ ਕਾਹਦੀ। ਜੇ ਸੰਗਤਾਂ ਤੈਨੂੰ ਗੁਨਾਹਗਾਰ ਮੰਨਦੀਆਂ ਨੇ ਤਾਂ ਤੂੰ ਉਹਨਾਂ ਤੋਂ ਮੁਆਫੀ ਮੰਗ, ਜੇ ਤੂੰ ਸੰਗਤਾਂ ਦੀ ਤਸੱਲੀ ਕਰਾ ਦਿੱਤੀ ਤਾਂ ਖਰੀ ਵਾਹਵਾ ਨਹੀਂ ਜਿਹੜੀ ਸਜ਼ਾ ਤੈਨੂੰ ਸੰਗਤ ਦੇਊਗੀ ਤੂੰ ਉਹ ਭੁਗਤ। ਅਜਿਹਾ ਕਰਕੇ ਅਕਾਲ ਤਖ਼ਤ ਨੇ ਸੰਗਤਾਂ ਤੋਂ ਬੀਬੀ ਅਤੇ ਮਜੀਠੀਏ ਨੂੰ ਸੰਗਤਾਂ ਵੱਲੋਂ ਸਜ਼ਾ ਦੇਣ ਦਾ ਹੱਕ ਖੋਹ ਕੇ ਉਲਟਾ ਉਨ੍ਹਾਂ ਦੀ ਤਰਫਦਾਰੀ ਕੀਤੀ ਹੈ।
ਏਵੇਂ ਹੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ 1998 ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਦੋਸ਼ ਲਾਇਆ ਤੇ ਬਾਦਲ ਵੱਲੋਂ ਅੱਡ ਹੋ ਗਿਆ। 2004 ਚ ਜਦੋਂ ਬਾਦਲ ਨਾਲ ਸੁਲਾਹ ਕਰਨੀ ਸੀ ਤਾਂ ਹੁਕਮਨਾਮੇ ਦੀ ਉਲੰਘਣਾ ਵਾਲੀ ਗੱਲ ਨੂੰ ਪਾਸੇ ਕਰਨ ਖਾਤਰ ਬਾਦਲ ਅਤੇ ਟੌਹੜਾ ਇਹ ਕਹਿ ਕੇ ਆਪੇ ਹੀ ਅਕਾਲ ਤਖ਼ਤ ਤੇ ਪੇਸ਼ ਹੋਏ ਤੇ ਕਿਹਾ ਕਿ ਜੇ ਸਾਥੋਂ ਕਦੇ ਕੋਈ ਜਾਣੇ ਜਾਂ ਅਣਜਾਣੇ ਵਿੱਚ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕੀਤਾ ਜਾਵੇ। ਜੱਥੇਦਾਰ ਅਕਾਲ ਤਖ਼ਤ ਨੇ ਪਰਸ਼ਾਦ ਭੇਂਟ ਕਰਨ ਦੀ ਸਜ਼ਾ ਸੁਣਾ ਕੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਹਾਲਾਂਕਿ ਮੁਆਫੀ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਗੁਨਾਹਗਾਰ ਆਪਣਾ ਗੁਨਾਹ ਕਬੂਲ ਕਰੇ ਅਤੇ ਅਗਾਂਹ ਤੋਂ ਅਜਿਹਾ ਗੁਨਾਹ ਨਾ ਕਰਨ ਦਾ ਅਹਿਦ ਕਰੇ। ਪਰ ਇਥੇ ਬਾਦਲ-ਟੌਹੜੇ ਵੱਲੋਂ ਗੁਨਾਹ ਤਸਲੀਮ ਕਰਨਾ ਤਾਂ ਇੱਕ ਪਾਸੇ ਬਲਕਿ ਗੁਨਾਹ ਦੀ ਕਿਸਮ ਵੀ ਨਹੀਂ ਦੱਸੀ। ਇਥੇ ਜੱਥੇਦਾਰ ਸਾਹਿਬ ਵੱਲੋਂ ਇਹ ਪੁੱਛਿਆ ਜਾ ਸਕਦਾ ਸੀ ਕਿ ਜੇ ਥੋਨੂੰ ਆਪਦੇ ਗੁਨਾਹ ਦਾ ਵੀ ਨਹੀਂ ਪਤਾ ਤਾਂ ਮੁਆਫੀ ਕਾਹਦੀ ਮੰਗਣ ਆਏ ਹੋ ? ਪਰ ਗੱਲ ਤਾਂ ਇਹ ਸੀ ਕਿ ਬਾਦਲ ਟੌਹੜੇ ਨੂੰ ਸਿਆਸੀ ਰਾਹਤ ਦੇਣੀ ਸੀ ਕਿ ਸੰਗਤਾਂ ਟੌਹੜੇ ਤੋਂ ਇਹ ਨਾ ਪੁੱਛ ਸਕਣ ਕਿ ਕੱਲ ਤਾਂ ਤੁਸੀਂ ਬਾਦਲ ਨੂੰ ਤਨਖਾਹੀਆ ਦੱਸਦੇ ਸੀ ਤੇ ਅੱਜ ਅਜਿਹੇ ਤਨਖਾਹੀਏ ਨਾਲ ਸੁਲਾਹ ਕਿਵੇ ਗੋ ਗਈ? ਸੰਗਤਾਂ ਤੋਂ ਇਹ ਸਵਾਲ ਪੁੱਛਣ ਦਾ ਹੱਕ ਵੀ ਅਕਾਲ ਤਖ਼ਤ ਦੇ ਨਾ ਹੇਠ ਖੋਹਿਆ ਗਿਆ।
ਓਮੇ ਜਿਵੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਪੰਥ ਵਿਰੋਧੀ ਐਕਸ਼ਨ ਵੀ ਕਰਦਾ ਰਿਹਾ ਹੁਕਮਨਾਮੇ ਦੀ ਉਲੰਘਣਾ ਵੀ ਕਰਦਾ ਰਿਹਾ ਤੇ ਭਾਂਡੇ ਮਾਂਜ ਕੇ ਬੇਗੁਨਾਹੀ ਦੇ ਸਰਟੀਫਿਕੇਟ ਲੈ ਕੇ ਸਿੱਖ ਸੰਗਤਾਂ ਦੀ ਅਲੋਚਨਾ ਕਰਨ ਦੀ ਬੋਲਤੀ ਬੰਦ ਕਰਾ ਕੇ ਫੇਰ ਸਿਆਸੀ ਤਾਕਤ ਹਾਸਲ ਕਰਦਾ ਰਿਹਾ। ਬਰਨਾਲੇ ਨੇ ਅਕਤੂਬਰ 1985 ਚ ਦਰਬਾਰ ਸਾਹਿਬ ਕੰਪਲੈਕਸ ਦੀਆਂ ਸਰਾਵਾਂ ਵਿੱਚ ਪੁਲਿਸ ਵਾੜੀ ਤੇ 30 ਅਪ੍ਰੈਲ 1986 ਨੂੰ ਫੇਰ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਪੁਲਿਸ ਵਾੜ ਕੇ ਗੋਲੀ ਤੇ ਬੰਬ ਚਲਵਾਏ। ਇਹ ਤੋਂ ਪਹਿਲਾਂ 19 ਜਨਵਰੀ ਤੇ 21 ਜਨਵਰੀ ਨੂੰ ਬਰਨਾਲੇ ਦੇ ਮੁੰਡੇ ਗਗਨਦੀਪ ਸਿੰਘ ਨੇ ਅਕਾਲ ਤਖਤ ਤੇ ਜਾ ਕੇ ਹੁਲੜਬਾਜ਼ੀ ਕੀਤੀ ਗੋਲੀਆ ਚਲਾਈਆਂ ਤੇ ਬੰਦੇ ਜਖਮੀ ਕੀਤੇ। 15 ਮਈ 1986 ਨੂੰ ਉਹਨੂੰ ਬਰਨਾਲੇ ਨੂੰ ਸਿਰਫ ਪੁਲਿਸ ਵਾੜਨ ਦੇ ਗੁਨਾਹ ਬਦਲੇ ਜੋੜੇ ਝਾੜਣ, ਇੱਕ ਅਖੰਡ ਪਾਠ ਕਰਾਉਣ, 24 ਜਪੁਜੀ ਸਾਹਿਬ ਦੇ ਪਾਠ ਕਰਨ, ਪੰਜ ਸੌ ਰੁਪਏ ਅਕਾਲ ਤਖਤ ਦੀ ਗੋਲਕ ਚ ਪਾਉਣ , ਅਤੇ 101 ਰੁਪਏ ਦਾ ਕੜਾਹ ਪ੍ਰਸ਼ਾਦਿ ਕਰਵਾਉਣ ਦੀ ਸਜ਼ਾ ਸੁਣਾ ਕੇ ਅਕਾਲ ਤਖ਼ਤ ਵੱਲੋਂ ਮੁਆਫ ਕਰ ਦਿੱਤਾ ਗਿਆ। ਹਾਲਾਂਕਿ ਬਰਨਾਲੇ ਨੇ ਨਾ ਤਾਂ ਆਪਣਾ ਗੁਨਾਹ ਕਬੂਲ ਕੀਤਾ ਸੀ ਤੇ ਨਾ ਹੀ ਅਗਾਂਹ ਤੋਂ ਅਜਿਹਾ ਕਰਨ ਦੀ ਤੋਬਾ ਕੀਤੀ। ਪਰ ਇਹ ਗੁਨਾਹ ਬਦਲੇ ਸੰਗਤਾਂ ਵੱਲੋਂ ਹੋਣ ਵਾਲੀ ਅਲੋਚਨਾ ਬੰਦ ਕਰਾ ਦਿੱਤੀ। ਫਰਵਰੀ 1987 ਚ ਅਕਾਲ ਤਖ਼ਤ ਤੋਂ ਜਾਰੀ ਹੋਏ ਇੱਕ ਹੁਕਮਨਾਮੇ ਚ ਸਾਰੇ ਅਕਾਲੀਆ ਦੇ ਪ੍ਰਧਾਨਾਂ ਤੋ ਅਸਤੀਫੇ ਮੰਗੇ ਗਏ ਪਰ ਬਰਨਾਲਾ ਮੁੱਕਰ ਗਿਆ ਤੇ ਅਕਾਲ ਤਖਤ ਵੱਲੋਂ ਤਲਬ ਕੀਤੇ ਜਾਣ ਤੇ ਵੀ ਪੇਸ਼ ਨਹੀਂ ਹੋਇਆ। ਅਕਾਲ ਤਖਤ ਨੇ ਬਰਨਾਲੇ ਨੂੰ ਪੰਥ ਚੋਂ ਛੇਕ ਦਿੱਤਾ। ਅਜਿਹਾ ਕਰਕੇ ਉਹਨਾਂ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਦੀ ਵਾਹ ਵਾਹ ਖੱਟੀ ਤੇ ਆਪਦੀ ਗੱਦੀ ਸਲਾਮਤ ਰੱਖੀ।
ਜਦੋਂ ਬਰਨਾਲੇ ਦੀ ਗੱਦੀ ਖੁੱਸ ਗਈ ਤਾਂ ਇੱਕ ਵਾਰ ਫੇਰ ਅਕਾਲ ਤਖ਼ਤ ਪੇਸ਼ ਹੋਇਆ ਤੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ ਸਿਰਫ ਏਨਾ ਹੀ ਕਿਹਾ ਕਿ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕੀਤੀ ਜਾਵੇ। ਭਾਵੇਂ ਜੱਥੇਦਾਰਾਂ ਨੇ ਉਹਨੂੰ ਥਮਲੇ ਨਾਲ ਨੂੰੜ ਕੇ ਉਹਦੇ ਗਲ ਚ ਗੁਨਾਹਗਾਰ ਦੀ ਸਜ਼ਾ ਦਿੱਤੀ ਪਰ ਸੰਗਤਾਂ ਵੱਲੋਂ ਉਹਨੂੰ ਸਿਆਸੀ ਸਜ਼ਾ ਦੇਣ ਦਾ ਹੱਕ ਇੱਕ ਵਾਰ ਫੇਰ ਖੋਹ ਲਿਆ। ਜਿਸ ਕਰਕੇ ਉਹ ਬਾਅਦ ਚ 2 ਦਫਾ ਸਿੱਖਾ ਦੀਆਂ ਵੋਟਾਂ ਨਾਲ ਐਮ ਪੀ ਤੇ ਉਹ ਕੇਂਦਰੀ ਵਜ਼ੀਰ ਬਣਿਆ ਅਤੇ ਸਿੱਖਾਂ ਦਾ ਨੁਮਾਇੰਦਾ ਬਣਕੇ ਕਈ ਦਹਾਕੇ ਗਵਰਨਰੀ ਵੀ ਹੰਢਾਉਂਦਾ ਰਿਹਾ। ਏਹੀ ਕੰਮ ਕੇਂਦਰੀ ਗ੍ਰਹਿ ਮੰਤਰੀ ਰਹਿ ਚੁੱਕੇ ਤੇ ਸਿੱਖੀ ਤੋਂ ਖਾਰਜ ਹੋਏ ਬੂਟਾ ਸਿੰਘ ਨੇ ਕੀਤਾ ਸੀ। ਇਥੋਂ ਸਿੱਖਾਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਕਿਸੇ ਨੂੰ ਉਹ ਸਜ਼ਾ ਨਹੀਂ ਮਿਲਦੀ ਜੀਹਦੇ ਨਾਲ ਉਹਨੂੰ ਕੋਈ ਤਕਲੀਫ ਹੁੰਦੀ ਹੋਵੇ ਤਾਂ ਅਗਾਂਹ ਤੋਂ ਅਜਿਹੇ ਗੁਨਾਹਾਂ ਨੂੰ ਠੱਲ ਨਹੀਂ ਪੈਣੀ।
ਹੁਣ ਵੋਟਾਂ ਦੀ ਖਾਤਰ ਹੁਕਮਨਾਮੇ ਦੀ ਉਲੰਘਣਾ ਕਰਕੇ ਸਰਸੇ ਵਾਲੇ ਡੇਰੇ ਦੇ ਦਰ ਤੇ ਜਾਣ ਵਾਲੇ ਭਾਂਡੇ ਮਾਂਜ ਕੇ ਬਰੀ ਹੋਣ ਦੀ ਤਾਕ ਵਿੱਚ ਹੋਣਗੇ। ਇਸ ਸਭ ਕਾਸੇ ਦੇ ਮੱਦੇ ਨਜ਼ਰ ਸਿੱਖਾਂ ਨੂੰ ਕਦੇ ਇਹ ਮੰਗ ਨਹੀਂ ਕਰਨੀ ਚਾਹੀਦੀ ਕਿ ਧਾਰਮਿਕ ਅਵੱਗਿਆ ਕਰਨ ਵਾਲੇ ਨੂੰ ਅਕਾਲ ਤਖ਼ਤ ਤੋਂ ਸਜ਼ਾ ਦਿੱਤੀ ਜਾਵੇ। ਵੱਧ ਤੋਂ ਵੱਧ ਅਕਾਲ ਤਖਤ ਤੋਂ ਅਜਿਹੀ ਕਲੈਰੀਫੇਸ਼ਨ ਮੰਗੀ ਜਾ ਸਕਦੀ ਹੈ ਕਿ ਅਕਾਲ ਤਖ਼ਤ ਇਹ ਕਲੀਅਰ ਕਰੇ ਤੇ ਇਹ ਗੁਨਾਹ ਬਣਦਾ ਹੈ ਜਾ ਨਹੀਂ ਜੇ ਗੁਨਾਹ ਬਣਦਾ ਹੈ ਤਾਂ ਸਜ਼ਾ ਦਾ ਫੈਸਲਾ ਸੰਗਤਾਂ ਦੇ ਹੱਥ ਹੋਵੇ ਤਾਂ ਹੀ ਗੁਨਾਹ ਕਰਨ ਵਾਲਿਆ ਦੇ ਮਨ ਚ ਕੋਈ ਡਰ ਬੈਠ ਸਕਦਾ ਹੈ ਵਰਨਾ ਭਾਂਡੇ ਮਾਂਜਣ ਦੀ ਸਜ਼ਾ ਨਾਲ ਕੋਈ ਡਰਨ ਵਾਲਾ ਨਹੀਂ ਅਤੇ ਨਾ ਹੀ ਅੱਜ ਥਾਂਈ ਕੋਈ ਡਰਿਆ ਹੈ। ਸਿਆਸੀ ਬੰਦਿਆ ਨੂੰ ਸਭ ਤੋਂ ਵੱਡਾ ਡਰ ਵੋਟਾਂ ਦਾ ਹੁੰਦਾ ਹੈ। ਸੋ ਸੰਗਤਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਅਕਾਲ ਤਖ਼ਤ ਸਿਰਫ ਇਨ੍ਹਾਂ ਦਾ ਗੁਨਾਹ ਤੈਅ ਕਰੇ ਤੇ ਸਜ਼ਾ ਅਸੀਂ ਆਪੇ ਵੋਟਾਂ ਚ ਦਿਆਂਗੇ ਤੇ ਗੁਨਾਹਗਾਰ ਨੇ ਜੇ ਕੋਈ ਮੁਆਫੀ ਮੰਗਣੀ ਹੋਵੇ ਤਾਂ ਸੰਗਤਾਂ ਤੋਂ ਹੀ ਮੰਗੇ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ/ ਪੱਤਰਕਾਰ
gurpreetmandiani@gmail.com
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.