ਪਿਆਰੇ ਬੱਚਿਓ ਗਰਮੀਆਂ ਦੀਆਂ ਛੁੱਟੀਆਂ ਨੂੰ ਹਰੇਕ ਦੇ ਮਨ ਵਿੱਚ ਮਾਨਣ ਦਾ ਨਜ਼ਰੀਆ ਵੱਖੋ-ਵੱਖਰਾ ਹੁੰਦਾ ਹੈ ਪਰ ਬੱਚਿਆਂ ਦਾ ਨਜ਼ਰੀਆ ਗਰਮੀਆਂ ਦੀਆਂ ਛੁੱਟੀਆਂ ਨੂੰ ਮਾਨਣ ਦਾ ਕਿਹੋ-ਜਿਹਾ ਹੋਣਾ ਚਾਹੀਂਦਾ ਹੈ।ਇਸ ਨੂੰ ਇੱਕ ਅਧਿਆਪਕ ਦੇ ਨਜ਼ਰੀਏ ਤੋਂ ਵੇਖਣ ਦੀ ਬਹੁਤ ਲੋੜ ਹੈ। ਕਿਉਂਕਿ ਮੈਂ ਆਪ ਵੀ ਅਧਿਆਪਕ ਦੇ ਕਿੱਤੇ ਨਾਲ ਜੁੜਿਆ ਹੋਣ ਕਰਕੇ ਬੱਚਿਆਂ ਨਾਲ ਡੂੰਘੀ ਨੇੜਤਾ ਰੱਖਦਾ ਹਾਂ|
ਗਰਮੀਆਂ ਦੀਆਂ ਛੁੱਟੀਆਂ ਆਉਂਦੇ ਹੀ ਬੱਚਿਆਂ ਦੇ ਖਿਆਲੀ ਪੜਾਅ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ ਕਿ ਮੈਂ ਨਾਨਕੀ ਜਾਵਾਂਗਾ, ਭੂਆ ਜੀ ਕੋਲ ਜਾਵਾਂਗਾ, ਹੋਰ ਪਤਾ ਨਹੀਂ ਕਿਹੜੀਆਂ- ਕਿਹੜੀਆਂ ਰਿਸ਼ਤੇਦਾਰੀਆਂ ਨੂੰ ਬਿਆਨ ਕਰ ਦਿੰਦੇ ਹਨ ਪਰ ਨਾਲ ਦੀ ਨਾਲ ਪੜ੍ਹਾਈ ਤੋਂ ਵੀ ਸੱਖਣੇ ਹੋ ਜਾਂਦੇ ਹਨ|
ਸੋ ਆਓ ਹੁਣ ਗਰਮੀਆਂ ਦੀਆਂ ਛੁੱਟੀਆਂ ਨੂੰ ਮਾਨਣ ਦਾ ਨਜ਼ਰੀਆ ਬਣਾਈਏ ਜੋ ਕਿ ਬੱਚਿਆਂ ਲਈ ਹੀ ਨਹੀਂ ਮਾਪਿਆਂ ਲਈ ਵੀ ਕਾਰਗਰ ਸਿੱਧ ਹੋਵੇਗਾ।
ਪਿਆਰੇ ਬੱਚਿਓ ਸਕੂਲ ਤੋਂ ਮਿਲੇ ਕੰਮ ਦੀ ਸਭ ਤੋਂ ਪਹਿਲਾਂ ਵੰਡ ਕਰ ਲੈਣੀ ਚਾਹੀਂਦੀ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਪਹਿਲੇ ਹਫਤੇ ਹੀ ਦਿਨ-ਰਾਤ ਇੱਕ ਕਰਕੇ ਕੰਮ ਨੂੰ ਖਤਮ ਕਰ ਦਈਏ ਤੇ ਬਾਅਦ ਵਿੱਚ ਕਿਤਾਬਾਂ ਨੂੰ ਦੇਖੀਏ ਹੀ ਨਾ ਹਰੇਕ ਵਿਸ਼ੇ ਅਨੁਸਾਰ ਹਰ ਰੋਜ਼ ਥੋੜਾ- ਥੋੜਾ ਕੰਮ ਕਰਨਾ ਚਾਹੀਂਦਾ ਹੈ।ਜਿਸ ਦੇ ਨਾਲ ਬੱਚਿਓ ਤੁਸੀਂ ਪੜ੍ਹਾਈ ਨਾਲ ਜੁੜੇ ਵੀ ਰਹੋਂਗੇ ਤੇ ਕੰਮ ਦਾ ਬੋਝ ਵੀ ਨਹੀਂ ਲੱਗੇਗਾ|
ਉਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਦਾ ਇਹ ਵੀ ਫਾਇਦਾ ਹੋ ਸਕਦਾ ਹੈ ਕਿ ਜਿਹੜਾ ਵਿਸ਼ਾ ਬੱਚਿਓ ਤੁਹਾਨੂੰ ਘੱਟ ਆਉਂਦਾ ਹੈ ਉਸ ਤੇ ਤੁਸੀਂ ਵਧੀਆ ਧਿਆਨ ਦੇ ਕੇ ਬਾਕੀ ਬੱਚਿਆਂ ਦੇ ਬਰਾਬਰ ਆ ਸਕਦੇ ਹੋ।
ਜੇਕਰ ਬੱਚਿਓ ਤੁਹਾਨੂੰ ਸਕੂਲ ਵੱਲੋਂ ਪ੍ਰੋਜੈਕਟ ਵਰਕ ਮਿਲਿਆ ਹੈ ਤਾਂ ਉਸ ਨੂੰ ਵੀ ਰੀਝ ਨਾਲ ਕਰਨ ਦੀ ਕੋਸ਼ਿਸ਼ ਕਰੋ। ਛੁੱਟੀਆਂ ਵਿੱਚ ਜੇਕਰ ਰਿਸ਼ਤੇਦਾਰੀ ਵਿੱਚ ਜਾਂਦੇ ਹੋ ਤਾਂ ਸਕੂਲ ਦਾ ਕੰਮ ਨਾਲ ਲੈ ਕੇ ਜਾਣਾ ਚਾਹੀਂਦਾ ਹੈ।
ਬੱਚਿਓ ਜੇਕਰ ਤੁਸੀਂ ਕਿਸੇ ਜਗ੍ਹਾ ਨੂੰ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਮਾਤਾ-ਪਿਤਾ ਨਾਲ ਜਰੂਰ ਗੱਲ ਕਰੋ।ਮਾਤਾ- ਪਿਤਾ ਨੂੰ ਵੀ ਚਾਹੀਂਦਾ ਹੈ ਕਿ ਛੁੱਟੀਆਂ ਵਿੱਚ ਬੱਚਿਆਂ ਦੀ ਤਮੰਨਾ ਪੂਰੀ ਕਰਨ।
ਬੱਚਿਓ ਧੁੱਪ ਵਿੱਚ ਜਿਆਦਾ ਬਾਹਰ ਨਹੀਂ ਨਿਕਲਣਾ ਚਾਹੀਂਦਾ ਜਿਸ ਨਾਲ ਲੂ ਲੱਗਣ ਦਾ ਖਤਰਾ ਰਹਿੰਦਾ ਹੈ। ਬਾਕੀ ਭੁੱਲ ਕੇ ਵੀ ਕਦੇ ਨਹਿਰਾਂ, ਸੂਏ ਵਿੱਚ ਨਹਾਉਣ ਤੋਂ ਗਰੇਜ਼ ਕਰਨਾ ਚਾਹੀਂਦਾ ਹੈ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ।
ਸੋ ਅਖੀਰ ਵਿੱਚ ਪਿਆਰੇ ਬੱਚਿਓ ਇਸ ਨਜ਼ਰੀਏ ਨਾਲ ਤੁਸੀਂ ਪੜ੍ਹਾਈ ਤੋਂ ਵੀ ਲਾਂਭੇ ਨਹੀਂ ਹੋਵੋਂਗੇ ਤੇ ਛੁੱਟੀਆਂ ਦਾ ਵੀ ਭਰਪੂਰ ਆਨੰਦ ਮਾਣ ਸਕੋਂਗੇ। ਮੈਨੂੰ ਪੂਰਨ ਉਮੀਦ ਹੈ ਕਿ ਇਹ ਨਜ਼ਰੀਆ ਬੱਚਿਆਂ ਲਈ ਤੇ ਮਾਪਿਆਂ ਲਈ ਬਹੁਤ ਹੀ ਕਾਰਗਰ ਸਿੱਧ ਹੋਵੇਗਾ|
-
ਕਮਲਜੀਤ ਸਿੰਘ ਮਤੋਈ, (ਸਕੂਲ ਇੰਚਾਰਜ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੁੜਕਾ। ਸੈਂਟਰ-ਮਹਿਬੂਬਪੁਰਾ ,ਬਲਾਕ ਮਾਲੇਰਕੋਟਲਾ-2
Kamaljeetsinghmatoi@gmail.com
98516-62000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.