ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ : ਚਰਨ ਪੁਆਧੀ
ਉਜਾਗਰ ਸਿੰਘ
ਪਟਿਆਲਾ ਜ਼ਿਲ੍ਹਾ ਅਤੇ ਖਾਸ ਕਰਕੇ ਪਟਿਆਲਾ ਸ਼ਹਿਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ। ਇਸ ਜ਼ਿਲ੍ਹੇ ਵਿੱਚ ਲਗਪਗ ਦੋ ਦਰਜਨ ਸਾਹਿਤ ਸਭਾਵਾਂ ਹਨ, ਜਿਨ੍ਹਾਂ ਦੇ ਸਾਹਿਤਕ ਸਮਾਗਮ ਲਗਾਤਾਰ ਹੁੰਦੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਵਿਦਵਾਨ ਹੋਣ ਕਰਕੇ ਸਾਹਿਤਕ ਸਰਗਰਮੀਆਂ ਪੁਸਤਕਾਂ ਦੀ ਘੁੰਡ ਚੁਕਾਈ ਦੇ ਸਮਾਗਮ ਲਗਪਗ ਹਰ ਦੂਜੇ ਦਿਨ ਸਕੂਲਾਂ, ਕਾਲਜਾਂ, ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਹੁੰਦੇ ਰਹਿੰਦੇ ਹਨ। ਵਰਲਡ ਪੰਜਾਬੀ ਸੈਂਟਰ ਵੀ ਸਾਹਿਤਕ ਸਮਾਗਮਾ ਦਾ ਕੇਂਦਰੀ ਬਿੰਦੂ ਹੈ। ਹੈਰਾਨੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਸਾਰੇ ਸਮਾਗਮਾ ਵਿੱਚ ਚਰਨ ਪੁਆਧੀ ਹਾਜ਼ਰ ਹੁੰਦਾ ਹੈ। ਗੋਦੜੀ ਦਾ ਲਾਲ ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ ਚਰਨ ਪੁਆਧੀ ਦੀਆਂ ਦਰਸ਼ਕ ਪੁਆਧੀ ਕਵਿਤਾਵਾਂ ਦਾ ਆਨੰਦ ਮਾਣਦੇ ਰਹਿੰਦੇ ਹਨ। ਉਸ ਦਾ ਕਵਿਤਾ ਕਹਿਣ ਦਾ ਢੰਗ ਵੀ ਨਿਰਾਲਾ ਹੈ। ਉਸਦਾ ਵਿਅੰਗ ਤਿੱਖਾ ਹੁੰਦਾ ਹੈ ਪ੍ਰੰਤੂ ਖੁਦ ਸੰਜੀਦਾ ਰਹਿੰਦਾ ਹੈ। ਚਰਨ ਪੁਆਧੀ ਉਰਫ ਚਰਨਜੀਤ ਸਿੰਘ ਹਰਫ਼ਨ ਮੌਲਾ ਬਹੁ-ਭਾਸ਼ੀ ਤੇ ਬਹੁ-ਪੱਖੀ ਸਰਬਾਂਗੀ ਸਾਹਿਤਕਾਰ ਹੈ। ਉਸ ਦੀ ਵਿਦਵਤਾ ਵੀ ਬਹੁ-ਪੱਖੀ ਹੈ।
ਉਸ ਦੇ ਕਿਸੇ ਇੱਕ ਪੱਖ ਬਾਰੇ ਜਾਣਕਾਰੀ ਦੇ ਕੇ ਉਸ ਦੇ ਵਿਅਕਤਿਵ ਨਾਲ ਬੇਇਨਸਾਫ਼ੀ ਹੋਵੇਗੀ। ਉਸ ਨੂੰ ‘ਵਨ ਇਨ ਟਵੈਲਵ’ ਕਿਹਾ ਜਾ ਸਕਦਾ ਹੈ। ਉਹ ਪੰਜਾਬੀ ਤੇ ਹਿੰਦੀ ਦਾ ਕਵੀ, ਕਲਾਕਾਰ, ਅਦਾਕਾਰ, ਗੀਤਕਾਰ, ਨਾਵਲਿਸਟ, ਪੇਂਟਰ, ਚਿਤਰਕਾਰ, ਕਾਰਟੂਨਿਸਟ, ਨਕਸ਼ਾ ਨਵੀਸ, ਮੂਰਤੀਕਾਰ, ਡਾਕ ਟਿਕਟਾਂ, ਮਾਚਸਾਂ, ਸਿੱਕਿਆਂ, ਵਿਜਿਟੰਗ ਕਾਰਡ, ਸੱਦਾ ਪੱਤਰ, ਰੈਪਰ, ਅੰਕੜਿਆਂ ਅਤੇ ਨੋਟਾਂ ਦਾ ਸੰਗ੍ਰਹਿ ਕਰਤਾ, ਲਾਇਬਰੇਰੀਅਨ, ਪੱਤਰਕਾਰ, ਸਿੱਖ ਧਰਮ ਦਾ ਅਧਿਐਨਕਾਰ ਅਤੇ ਕਲਮਕਾਰ ਹੈ। ਉਹ ਬੋਤਲਾਂ ਵਿੱਚ ਚਿਤਰਕਾਰੀ ਕਰਨ ਦਾ ਵੀ ਮਾਹਿਰ ਹੈ। ਚਰਨ ਪੁਆਧੀ ਦੀ ਲਾਇਬਰੇਰੀ ਵਿੱਚ 40 ਬੋਲੀਆਂ ਦੀਆਂ ਇਕ ਸੌ ਤੋਂ ਵੱਧੇਰੇ ਪੁਸਤਕਾਂ ਅਤੇ 250 ਪੰਜਾਬੀ ਅਤੇ 400 ਹਿੰਦੀ ਰਸਾਲੇ ਵੀ ਹਨ। ਉਸ ਦੀਆਂ ਪੰਜਾਬੀ ਤੇ ਹਿੰਦੀ ਵਿੱਚ 32 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ 16 ਮੌਲਿਕ ਅਤੇ 10 ਸੰਪਾਦਿਤ ਪੁਸਤਕਾਂ ਹਨ। ਇਨ੍ਹਾਂ ਵਿੱਚ 7 ਕਾਵਿ ਸੰਗ੍ਰਹਿ, 3 ਨਾਵਲ, 8 ਬਾਲ ਪੁਸਤਕਾਂ, 2 ਲੋਕ ਬੋਲੀਆਂ ਸੰਗ੍ਰਹਿ, 2 ਪੁਆਧੀ ਗੀਤ ਸੰਗ੍ਰਹਿ ਅਤੇ 2 ਚੁਟਕਲਾ ਸੰਗ੍ਰਹਿ ਸ਼ਾਮਲ ਹਨ। ਇਸ ਤੋਂ ਇਲਾਵਾ 22 ਸਾਂਝੇ ਕਾਵਿ ਸੰਗ੍ਰਹਿ ਜਿਨ੍ਹਾਂ ਵਿੱਚ 14 ਪੰਜਾਬੀ ਅਤੇ 8 ਹਿੰਦੀ ਵਿੱਚ ਵੀ ਉਸ ਦੀਆਂ ਰਚਨਾਵਾਂ ਪ੍ਰਕਾਸ਼ਤ ਹੋਈਆਂ ਹਨ। ਉਸ ਦੀ ਨਵੀਂ ਪੁਸਤਕ ‘ ਘੱਗਰ ਕੇ ਢਾਹੇ ਢਾਹੇ’ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਤੋਂ ਇਲਾਵਾ ਲਗਪਗ 4 ਦਰਜਨਾ ਪੁਸਤਕਾਂ ਦਾ ਮੈਟਰ ਤਿਆਰ ਹੈ, ਜੋ ਆਰਥਿਕ ਤੰਗੀਆਂ ਤਰੁਸ਼ੀਆਂ ਕਰਕੇ ਲਟਕਿਆ ਹੋਇਆ ਹੈ। ਉਹ ਪਟਿਆਲਾ ਵਿਖੇ ਹੋਣ ਵਾਲੇ ਸਾਹਿਤਕ ਸਮਾਗਮਾ ਦਾ ਸ਼ਿੰਗਾਰ ਹੁੰਦਾ ਹੈ। ਸਰੋਤੇ ਉਸ ਦੀ ਪੁਆਧੀ ਬੋਲੀ ਦੀਆਂ ਕਵਿਤਾਵਾਂ ਦਾ ਹਮੇਸ਼ਾ ਆਨੰਦ ਮਾਣਦੇ ਹਨ। ਉਸ ਦਾ ਚਿਹਰਾ ਮੋਹਰਾ ਇਕ ਸਾਊ ਇਨਸਾਨ ਦਾ ਪ੍ਰਗਟਾਵਾ ਕਰਦਾ ਹੈ ਪ੍ਰੰਤੂ ਉਸ ਦੀ ਕਵਿਤਾ ਵਿੱਚ ਸਾਧਾਰਣਤਾ ਨਾਲ ਤਿੱਖਾ ਵਿਅੰਗ ਹੁੰਦਾ, ਜੋ ਹਾਸਿਆਂ ਦੇ ਫੁਹਾਰੇ ਛੱਡਦਾ ਹੈ। ਇਸ ਤੋਂ ਇਲਾਵਾ ਉਹ ਨਾਟਕਾਂ ਅਤੇ ਦਸਤਾਵੇਜ਼ੀ ਪੁਆਧੀ ਫਿਲਮਾ ਵਿੱਚ ਅਦਾਕਾਰੀ ਵੀ ਕਰਦਾ ਹੈ। ਹੁਣ ਤੱਕ ਉਹ ਇਕ ਦਰਜਨ ਪੁਆਧੀ ਫਿਲਮਾ ਵਿੱਚ ਅਦਾਕਾਰੀ ਕਰ ਚੁੱਕਿਆ ਹੈ। ਉਹ ਗੁਜਰਤੀ, ਬੰਗਾਲੀ ਅਤੇ ਉਰਦੂ ਵੀ ਲਿਖ ਤੇ ਪੜ੍ਹ ਸਕਦਾ ਹੈ ਪ੍ਰੰਤੂ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਪੁਆਧੀ ਪੜ੍ਹਨ ਲਿਖਣ ਤੋਂ ਇਲਾਵਾ ਆਮ ਬੋਲ ਚਾਲ ਲਈ ਵੀ ਵਰਤ ਸਕਦਾ ਹੈ। ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਤੋਂ ਬਾਅਦ ਉਸ ਨੇ ਉਰਦੂ ਦਾ ਡਿਪਲੋਮਾ, ਦੋ ਸਾਲਾ ਸਿੱਖ ਅਧਿਐਨ ਕੋਰਸ ਅਤੇ ਪੱਤਰਕਾਰੀ ਦਾ ਕੋਰਸ ਕੀਤਾ। ਕਿੱਤੇ ਦੇ ਤੌਰ ‘ਤੇ ਉਹ ਦੁਕਾਨਦਾਰੀ ਕਰਦਾ ਹੈ। ਉਸ ਦਾ ਇਕ ਬੈਹਿਰਾ ਨਾਮ ਦਾ ਪੈਲਸ ਵੀ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਉਸ ਦਾ ਸਾਹਿਤਕ ਮਸ ਉਸ ਨੂੰ ਟਿਕ ਕੇ ਦੁਕਾਨਦਾਰੀ ਵੀ ਨਹੀਂ ਕਰਨ ਦਿੰਦਾ। ਉਸ ਦੇ ਪੈਰਾਂ ਵਿੱਚ ਐਸੀ ਘੁੰਮਣਘੇਰੀ ਹੈ ਕਿ ਉਹ ਹਰ ਰੋਜ਼ ਕਿਸੇ ਨਾ ਕਿਸੇ ਸਾਹਿਤਕ ਰੁਝੇਵੇਂ ਲਈ ਤੁਰਿਆ ਹੀ ਰਹਿੰਦਾ ਹੈ। ਉਸ ਨੂੰ ਪੈਰਾਂ ਦਾ ਵੈਰੀ ਕਿਹਾ ਜਾ ਸਕਦਾ ਹੈ। ਬੱਸਾਂ ਦਾ ਸਫਰ ਵੀ ਉਸ ਨੂੰ ਤਕਲੀਫ਼ ਨਹੀਂ ਦਿੰਦਾ ਪ੍ਰੰਤੂ ਤਕਲੀਫ ਉਦੋਂ ਹੁੰਦੀ ਹੈ, ਜਦੋਂ ਉਸ ਨੂੰ ਕਵਿਤਾ ਕਹਿਣ ਦਾ ਮੌਕਾ ਨਾ ਮਿਲੇ। ਕਵਿਤਾ ਕਹਿਣ ਲਈ ਉਹ ਮੀਲਾਂ ਦਾ ਸਫਰ ਤਹਿ ਕਰ ਸਕਦਾ ਹੈ। ਉਸ ਦੀ ਰਹਿਣੀ ਬਹਿਣੀ ਬਹੁਤ ਹੀ ਸਾਧਾਰਨ ਹੈ। ਉਹ ਪਹਿਰਾਵੇ ਲਈ ਬਹੁਤਾ ਸ਼ੌਕੀਨ ਨਹੀਂ ਹੈ। ਸਾਧਾਰਣ ਦਿੱਖ ਵਾਲਾ ਚਰਨ ਪੁਆਧੀ ਸਿਆਣਪ ਅਤੇ ਵਿਦਵਤਾ ਦਾ ਮੁਜੱਸਮਾ ਹੈ। ਉਸ ਦਾ ਕਵਿਤਾ ਕਹਿਣ ਦਾ ਢੰਗ ਵੀ ਨਿਰਾਲਾ ਹੀ ਹੈ, ਉਹ ਮਲੂਕ ਜਿਹੇ ਢੰਗ ਨਾਲ ਗੁੱਝਾ ਵਿਅੰਗ ਮਾਰ ਜਾਂਦਾ ਹੈ, ਜਿਸ ਦਾ ਦਰਸ਼ਕ ਆਨੰਦ ਮਾਣਦੇ ਰਹਿੰਦੇ ਹਨ। ਚਰਨ ਪੁਆਧੀ ਦੇ ਸ਼ੌਕ ਵੀ ਵਿਲੱਖਣ ਹਨ। ਕਈ ਗੱਲਾਂ ਵਿੱਚ ਉਹ ਚਮਤਕਾਰੀ ਲੱਗਦਾ ਹੈ। ਉਹ ਪੁੱਠੇ ਹੱਥ ਨਾਲ ਸਿੱਧਾ ਅਤੇ ਸਿੱਧੇ ਹੱਥ ਨਾਲ ਪੁੱਠਾ ਲਿਖ ਸਕਦਾ ਹੈ। ਨਿੰਮ ਦੇ ਪੱਤੇ ਵਿੱਚੋਂ ਦੀ ਪੈਪਸੀ ਦੀ ਵੱਡੀ ਬੋਤਲ ਕੱਢ ਦਿੰਦਾ ਹੈ। ਉਸ ਦੀ ਇੱਕ ਕਵਿਤਾ ‘ਵੋਟਾਂ ਆਈਆਂ ਫੇਰ’ ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਸਿਆਤਦਾਨਾ ਦੇ ਆਪਣੇ ਵੋਟਰਾਂ ਬਾਰੇ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦੀ ਹੈ:
ਦੇਖੋ ਵੋਟਾਂ ਆਈਆਂ ਫੇਰ, ਗਊਆਂ ਮਾਰ ਰੁਸ਼ਨਾਈਆਂ ਫੇਰ।
ਕੰਧਾਂ ਪਰ ਇਸ਼ਤਿਹਾਰਾਂ ਚਿਪਕਾਈਆਂ, ਵਰਕਰ ਝੰਡੀਆਂ ਵੰਡੀਆਂ ਜਾਵਾਂ।
ਬੈਜ ਗੇਜਾਂ ਪਰ ਟੰਗੀ ਜਾਵਾਂ, ਝੰਡੀਆਂ ਪਕੜਾਈਆਂ ਫੇਰ।
ਦੇਖੋ ਵੋਟਾਂ ਆਈਆਂ ਫੇਰ.. .. .. .. ..।
ਚਿੱਟੇ ਲੀੜੇ ਨੇਤਾ ਆਵਾਂ, ਹਾਲ ਵੇਖਕੇ ਹੰਝੂ ਵਹਾਵਾਂ।
ਘੁੱਟ ਜੱਫੀਆਂ ਪਾਈਆਂ ਫੇਰ, ਦੇਖੋ ਵੋਟਾਂ ਆਈਆਂ ਫੇਰ.. ..।
ਗੈਲ ਬੈਠ ਕੇ ਰੋਟੀਆਂ ਖਾਵਾਂ, ਪਾਣੀ ਪੀਵਾਂ ਚਾਹ ਬਣਵਾਵਾਂ।
ਫੋਟੋ ਗੈਲ ਖਿਚਵਾਈਆਂ ਫੇਰ, ਧੋਖਾ ਖਾ ਕੇ ਪਿਛਲੀ ਵਾਰੀ।
ਤਹਾਂ ਨਹੀਂ ਸੀ ਸਰਕਾਰ ਹਮਾਰੀ, ਦਿਕਤਾਂ ਗਿਣਵਾਈਆਂ ਢੇਰ ਫੇਰ।
ਦੇਖੀਆਂ ਸੜਕਾਂ ਗੋਹਰਾਂ ਲੀਹਾਂ, ਕੱਚੇ ਕੋਠੜੇ ਨਾਲੀਆਂ ਬੀਹਾਂ।
ਸਹੂਲਤਾਂ ਦੇਣੀਆਂ ਗਿਣਵਾਈਆਂ ਫੇਰ.. ..
ਪਿਛਲੀ ਜੋ ਸਰਕਾਰ ਸੀ ਰੱਦੀ, ਉਹ ਬਹਿ ਗਈ ਮੱਲ ਕੇ ਗੱਦੀ।
ਗਾਲਾਂ ਖੂਬ ਛਕਾਈਆਂ ਫੇਰ, ਇਵ ਧੋਖਾ ਨਾ ਖਾਵਾਂਗੇ।
ਭਲੇ ਕਾ ਬਟਨ ਦਬਾਇਓ ਵੀਰ, ਇਵ ਨਾ ਧੋਖਾ ਲਿਓ ਵੀਰ।
ਪੁਆਧੀ ਲਿਸਟਾਂ ਬਣਾਈਆਂ ਫੇਰ.. ..।
ਚਰਨ ਪੁਆਧੀ ਦਾ ਇੱਕ ਹੋਰ ਵੱਡਾ ਗੁਣ ਹੈ ਕਿ ਉਹ ਪੰਜਾਬ ਦੇ ਪਿੰਡਾਂ ਦੇ ਬਲਾਕਾਂ, ਜ਼ਿਲਿ੍ਹਆਂ ਦੀ ਵਿਰਾਸਤ, ਰਹਿਤਲ, ਪਹਿਰਾਵਾ ਅਤੇ ਸਭਿਆਚਾਰ ਬਾਰੇ ਟੱਪੇ ਲਿਖੇ ਹਨ, ਜਿਹੜੇ ਬਹੁਤ ਹੀ ਦਿਲਚਸਪ ਹਨ। ਉਸ ਨੂੰ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ, ਜਿਨ੍ਹਾਂ ਵਿੱਚ ਪਟਿਆਲਾ ਸਥਿਤ ਸਾਹਿਤਕ ਸੰਸਥਾਵਾਂ, ਮਾਨਸਰੋਵਰ ਪੰਜਾਬੀ ਸਾਹਿਤ ਅਕਾਦਮੀ ਰਾਜਸਥਾਨ, ਲਖਵੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਚਰਨ ਪੁਆਧੀ ਦਾ ਜਨਮ ਮਾਤਾ ਦਲਬੀਰ ਕੌਰ ਪਿਤਾ ਜੋਗਿੰਦਰ ਸਿੰਘ ਰੈਹਲ ਦੇ ਘਰ 9 ਜਨਵਰੀ 1967 ਨੂੰ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿਖੇ ਹੋਇਆ।
ਇਹ ਉਸ ਦਾ ਸਾਹਿਤਕ ਨਾਮ ਹੈ। ਸਰਕਾਰੀ ਰਿਕਾਰਡ ਵਿੱਚ ਉਸ ਦਾ ਨਾਮ ਚਰਨਜੀਤ ਸਿੰਘ ਹੈ। ਉਸ ਦਾ ਬਚਪਨ ਸੰਗਰੂਰ ਜਿਲ੍ਹੇ ਦੇ ਭਵਾਨੀਗੜ੍ਹ ਕਸਬੇ ਵਿੱਚ ਬੀਤਿਆ। ਇਸ ਸਮੇਂ ਉਹ ਆਪਣੀ ਪਤਨੀ ਮਨਜੀਤ ਕੌਰ ਦੋ ਬੱਚੇ ਸੁਖਮਣੀ ਅਤੇ ਇਸ਼ਮੀਤ ਨਾਲ ਹਰਿਆਣਾ ਦੇ ਕੈਥਲ ਨੇੜੇ ਅਰਨੌਲੀ ਭਾਈ ਕੇ ਪਿੰਡ ਵਿੱਚ ਰਹਿ ਰਿਹਾ ਹੈ। ਚਰਨ ਪੁਆਧੀ ਦੀ ਜਦੋਜਹਿਦ ਵਾਲੀ ਜ਼ਿੰਦਗੀ ਨੂੰ ਵੇਖਦਿਆਂ ਦਾਦ ਦੇਣੀ ਬਣਦੀ ਹੈ ਕਿ ਇਤਨੀਆਂ ਤੰਗੀਆਂ ਹੋਣ ਦੇ ਬਾਵਜੂਦ ਉਹ ਗੋਦੜੀ ਦੇ ਲਾਲ ਦੀ ਤਰ੍ਹਾਂ ਰੌਸ਼ਨੀ ਦੇ ਰਿਹਾ ਹੈ। ਉਹ ਪੱਲੇਦਾਰੀ, ਦਿਹਾੜੀ ਦੱਪਾ, ਵੈਲਡਿੰਗ, ਕੰਬਾਈਨਾਂ ਤੇ ਹੈਲਪਰ, ਟਰੱਕ ਕਲੀਨਰੀ, ਜੈਨਰੇਟਰੀ ਅਪ੍ਰੇਟਰੀ ਅਤੇ ਫਿਰ ਪ੍ਰਾਈਵੇਟ ਸਕੂਲ ਦੀ ਨੌਕਰੀ ਕਰਕੇ ਆਪਣਾ ਸਾਹਿਤਕ ਸ਼ੌਕ ਪਾਲਦਾ ਰਿਹਾ।
ਇਸ ਤੋਂ ਬਾਅਦ ਫ਼ੋਟੋਗ੍ਰਾਫ਼ੀ, ਪੇਂਟਿੰਗ, ਨਕਸ਼ਾ ਨਵੀਸੀ, ਕੰਧਾਂ ਤੇ ਸਲੋਗਨ ਲਿਖਣੇ, ਦੁਕਾਨਾ ਦੇ ਬੋਰਡ ਫਿਰ 1997 ਵਿੱਚ ਕਿਤਾਬਾਂ ਤੇ ਪੇਂਟਿੰਗ ਦੀ ਦੁਕਾਨ ‘ਪਪਰਾਲਾ ਪੁਸਤਕ ਭੰਡਾਰ ਅਰਨੌਲੀ’ ਖੋਲ੍ਹ ਲਈ। ਇਹ ਦੁਕਾਨ ਨੇ ਬਹੁਤ ਨਾਮਣਾ ਖੱਟਿਆ। ਪਿੰਡਾਂ ਦੇ ਲੋਕਾਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ। ਲੋਕਾਂ ਦੇ ਮਨ ਭਾਉਂਦੇ ਸਟਿਕਰ ਬਣਾਕੇ ਵੀ ਵੇਚਦਾ ਰਿਹਾ ਇਤਨੀ ਆਰਥਿਕ ਕਮਜ਼ੋਰੀ ਹੋਣ ਦ ਬਾਵਜੂਦ ਆਪਣੇ ਸਾਹਿਤਕ ਸ਼ੌਕ ਦੀ ਪੂਰਤੀ ਕਰਨ ਤੋਂ ਪਾਸਾ ਨੀਂ ਵੱਟਿਆ। ਇਸ ਸਮੇਂ ਵੀ ਘਰ ਫੂਕ ਕੇ ਤਮਾਸ਼ਾ ਵੇਖ ਰਿਹਾ ਹੈ। ਉਸ ਨੂੰ ਲਿਖਣ ਦੀ ਚੇਟਕ 15 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਈ ਸੀ। ਸ਼ੁਰੂ ਵਿੱਚ ਦੋ ਗਾਣਾ, ਕਵੀਸ਼ਰੀ ਅਤੇ ਅਖ਼ੀਰ ਵਿੱਚ ਸ਼ਾਇਰੀ ਦੇ ਖੇਤਰ ਵਿੱਚ ਪਿੜ ਮੱਲ ਲਿਆ, ਜੋ ਹੋਰ ਕਲਾਵਾਂ ਤੋਂ ਇਲਾਵਾ ਅਜੇ ਤੱਕ ਜ਼ਾਰੀ ਹੈ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.