ਪਤਾ ਨਹੀਂ ਕਿਉਂ ਅੱਜ 2 ਕੁ ਵਜੇ ਆਪਣੇ ਦਫ਼ਤਰ ( ਪ੍ਰੈੱਸ) ਤੇ ਬੈਠੇ ਨੂੰ ਏਸੀ ਦੀ ਠੰਡੀ ਹਵਾ ਕਰਕੇ ਨੀਂਦ ਆਉਣ ਲੱਗੀ। ਘੰਟਾ ਕ਼ੁ ਬੂਥਾ ਪੋਥੀ ਤੇ ਮਗਜ਼ ਮਾਰਿਆ ਨੀਂਦ ਹੋਰ ਜ਼ੋਰ ਫੜ ਗਈ। ਚਲਦੇ ਹੋਏ ਮੋਬਾਈਲ ਫੋਨ ਨੂੰ ਵੀ ਚੁੱਪ ਕਰਾਇਆ ਹੋਇਆ ਸੀ। ਵਧੀਆ ਨੀਂਦ ਆਉਣ ਲੱਗੀ ਸੀ ਤਾਂ ਫੋਨ ਦੀ ਘੰਟੀ ਖੜਕੀ ਇੱਕ ਦਮ ਆਈ ਆਵਾਜ਼ ਸੁਣ ਕੇ ਨੀਂਦ ਖੰਬ ਲਾਕੇ ਉੱਡ ਗਈ। ਫੋਨ ਤੇ ਹੈਲੋ ਕੀਤੀ ਤਾਂ ਅੱਗਿਓਂ ਆਵਾਜ਼ ਆਈ ਕਿ ਰੋਟੀ ਖਾ ਲਈ ਕਿ ਨਹੀਂ? ਮੈਂ ਕਿਹਾ ਕਿ “ਨਹੀਂ ਭੁੱਖ ਜਿਹੀ ਤਾਂ ਹੈਨੀ।” ਮੇਰੇ ਮੂੰਹੋ ਨਿਕਲਿਆ।
“ ਮੈਂ ਰੋਟੀ ਤੁਹਾਡੀ ਪੈਕ ਕਰਕੇ ਤੁਹਾਡੀ ਕਿੱਟ ਵਿੱਚ ਪਾਈ ਹੋਈ ਹੈ ਸ਼ੱਕਰ ਘਿਓ ਨਾਲ ਖਾ ਲਿਓਂ ਰੋਟੀ।” ਅਤੇ ਨਾਲ ਚਾਟੀ ਦੀ ਲੱਸੀ ਉਹ ਵੀ ਪੀ ਲੈਣਾ। ਉਸ ਦੇ ਬੋਲਾਂ ਨੇ ਅੱਖਾਂ ਪੂਰੀ ਤਰਾਂ ਖੋਲ ਦਿੱਤੀਆਂ। ਪਤਾ ਨਹੀਂ ਉਸਦਾ ਆਪਣਾ ਜੀਅ ਸੀ ਖਾਣ ਨੂੰ ਜਾਂ ਮੇਰੀ ਪਸੰਦ ਤੋਂ ਉਹ ਵਾਕਿਫ ਹੈ।
“ਚੰਗਾ।” ਮੇਰੇ ਮੂੰਹੋ ਇੰਨਾ ਹੀ ਨਿਕਲਿਆ।
ਪੰਜ ਕ਼ੁ ਮਿੰਟਾਂ ਬਾਅਦ ਮੈਂ ਰੋਟੀ ਤੇ ਸ਼ੱਕਰ ਘਿਓ ਦੀ ਕੌਲੀ ਮੂਹਰੇ ਰੱਖ ਕੇ ਮੇਰੇ ਸਤਿਕਾਰਯੋਗ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆਂ ਜੀ ਨਾਲ ਖਾਣੀ ਸ਼ੁਰੂ ਕਰ ਦਿੱਤੀ ਦੋ ਰੋਟੀਆਂ ਨਾਲ ਹੀ ਤ੍ਰਿਪਤੀ ਹੋ ਗਈ। ਆਪਣੇ ਸ਼ਹਿਰ ਚੋ ਸ਼ੱਕਰ ਮੈਂ ਰੀਝ ਨਾਲ ਲੈ ਗਿਆ ਸੀ ਘਰ।
ਯਾਦ ਆਇਆ ਬਹੁਤੇ ਵਾਰੀ ਮੇਰੀ ਮਾਂ ਵੀ ਸੁੱਤੇ ਨੂੰ ਉਠਾ ਕੇ ਰੋਟੀ ਖਵਾਉਂਦੀ। ਨੀਂਦ ਵਿੱਚ ਹੋਣ ਕਰਕੇ ਬਥੇਰੀ ਨਾਂਹ ਕਰਦੇ ਪਰ ਓਹ ਕੋਈ ਨਾ ਕੋਈ ਲਾਲਚ ਦੇ ਕੇ ਭਰ ਪੇਟ ਭੋਜਨ ਕਰਾਉਂਦੀ। ਰਾਤੀਂ ਸੁੱਤੇ ਪਏ ਦੇ ਮੂੰਹ ਨੂੰ ਦੁੱਧ ਦਾ ਗਿਲਾਸ ਲਾ ਦਿੰਦੀ ਤੇ ਮੈਂ ਗੱਟ ਗੱਟ ਪੀ ਜਾਂਦਾ। ਉਸੇ ਤਰ੍ਹਾਂ ਅੱਜ ਕੱਲ੍ਹ ਮੇਰੇ ਨਾਲ ਹੋ ਰਹੀ ਹੈ।
ਅੱਜ ਵੀ ਉਹੀ ਗੱਲ ਹੋਈ। ਅੱਜ ਮਾਂ ਨਹੀਂ ਜੁਆਕਾਂ ਦੀ ਮਾਂ ਸੀ। ਓਹੀ ਮਮਤਾ ਹੁੰਦੀ ਹੈ ਹਰ ਮਾਂ ਵਿੱਚ ਚਾਹੇ ਉਹ ਮਾਂ ਮੇਰੀ ਹੋਵੇ ਜਾਂ ਮੇਰੇ ਬੱਚਿਆਂ ਦੀ ਊਂ ਗੱਲ ਆ ਇੱਕ।
ਦਰਅਸਲ ਗੱਲ ਇਹ ਹੈ ਕਿ ਕਿਸੇ ਵੇਲੇ ਮਾਵਾਂ ਆਪਣੇ ਬੱਚਿਆਂ ਨੂੰ ਘਿਓ-ਸ਼ੱਕਰ ਨਾਲ ਪਾਲਦੀਆਂ ਸਨ। ਘਿਓ-ਸ਼ੱਕਰ ਤਾਕਤਵਰ ਭੋਜਨ ਹੈ ਜਿਸ ਨਾਲ ਸਰੀਰ ਨਰੋਆ ਬਣਦਾ ਹੈ। ਇਸ ਨਾਲ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਹੈ। ਇਸ ਲਈ ਪੁਰਾਣੇ ਸਮਿਆਂ ਅੰਦਰ ਲੋਕ ਘੱਟ ਹੀ ਬਿਮਾਰ ਹੁੰਦੇ ਸੀ। ਦੂਜੇ ਪਾਸੇ ਅੱਜ ਦੀ ਪੀੜ੍ਹੀ ਪੀਜ਼ਾ ਕਲਚਰ ਵਿੱਚ ਫਸਣ ਕਰਕੇ ਘਿਓ ਤੇ ਸ਼ੱਕਰ ਦਾ ਕਮਾਲ ਜਾਣਦੀ ਹੀ ਨਹੀਂ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰੀ ਲਾਣੇਦਾਰਨੀ (ਪਤਨੀ) ਅਕਵਿੰਦਰ ਕੌਰ ਆਪਣੀ ਐੱਮ ਏ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਇੰਗਲੈਂਡ ਵਿਖੇ ਵੈਸਟ ਲੰਡਨ ਯੂਨੀਵਰਸਿਟੀ ਤੋਂ ਉੱਚ ਵਿਦਿਆ ਪ੍ਰਾਪਤ ਕਰਨ ਲਈ ਇੰਗਲੈਂਡ ਰਹਿਣ ਲੱਗੀ ਪਰ ਉਹ ਆਪਣੇ ਰਵਾਇਤੀ ਖਾਣੇ, ਆਪਣਾ ਸੱਭਿਆਚਾਰ, ਆਪਣਾ ਪਹਿਰਾਵਾ ਕਦੇ ਨਹੀਂ ਭੁੱਲੇ ਇਸੇ ਕਰਕੇ ਉਹਨਾਂ ਨੂੰ ਪੰਜਾਬ ਦਾ ਮੋਹ ਮੁੜ ਪੰਜਾਬ ਲੈ ਆਇਆ।
ਦੋਸਤੋ ਦਰਅਸਲ ਗੰਨੇ ਦੇ ਰਸ ਨੂੰ ਕਾੜ੍ਹ ਕੇ ਜੋ ਭੁਰ-ਭੁਰੀ ਮਿੱਠੀ ਵਸਤੂ ਬਣਦੀ ਹੈ, ਉਸ ਨੂੰ ਸ਼ੱਕਰ ਕਹਿੰਦੇ ਹਨ। ਮੱਖਣ ਨੂੰ ਗਰਮ ਕਰ ਕੇ ਘਿਉ ਬਣ ਜਾਂਦਾ ਹੈ। ਘਿਉ ਦੇ ਵਿਚ ਸ਼ੱਕਰ ਮਿਲਾਣ ਨਾਲ ਜੋ ਮਿਸ਼ਰਣ ਬਣਦਾ ਹੈ, ਉਸ ਨੂੰ ਸ਼ੱਕਰ-ਘਿਉ ਕਹਿੰਦੇ ਹਨ। ਜਦ ਖੰਡ ਬਣਾਉਣ ਦੀ ਕਾਢ ਨਹੀਂ ਨਿਕਲੀ ਸੀ, ਉਸ ਸਮੇਂ ਆਏ ਪ੍ਰਾਹੁਣੇ ਦੀ ਸ਼ੱਕਰ ਘਿਉ ਨਾਲ ਖਵਾਈ ਰੋਟੀ ਨੂੰ ਵਧੀਆ ਸੇਵਾ ਮੰਨਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਬਰਾਤਾਂ ਨੂੰ ਰੋਟੀ ਵੀ ਸ਼ੱਕਰ ਘਿਉ ਨਾਲ ਹੀ ਖਵਾਈ ਜਾਂਦੀ ਸੀ। ਸ਼ੱਕਰ/ਗੁੜ ਖਾ ਕੇ, ਖਵਾ ਕੇ, ਵੰਡ ਕੇ ਹੀ ਹਰ ਸ਼ਗਨ ਕੀਤਾ ਜਾਂਦਾ ਸੀ। ਸ਼ੱਕਰ ਘਿਉ ਛੋਟੇ ਬੱਚਿਆਂ ਨੂੰ ਇਕੱਲਾ ਵੀ ਖਾਣ ਨੂੰ ਦਿੱਤਾ ਜਾਂਦਾ ਸੀ। ਸ਼ੱਕਰ ਘਿਉ ਦਾ ਲਾਲਚ ਦੇ ਕੇ ਬੱਚਿਆਂ ਤੋਂ ਕਈ ਕੰਮ ਵੀ ਕਰਵਾ ਲਏ ਜਾਂਦੇ ਸਨ।
ਗਰਮੀਆਂ ਵਿੱਚ ਲੂਅ ਤੋਂ ਬਚਣ ਲਈ ਕੱਚੇ ਦੁੱਧ ਦੀ ਲੂਣ ਵਾਲੀ ਲੱਸੀ, ਮਿੱਠੀ ਲੱਸੀ, ਸ਼ੱਕਰ/ਖੰਡ ਦਾ ਮਿੱਠਾ ਪਾਣੀ, ਦਹੀਂ ਰਿੜਕ ਕੇ ਬਣਾਈ ਚਾਟੀ ਦੀ ਲੱਸੀ, ਨਿੰਬੂ ਦੀ ਸਿਕੰਜਵੀ ਦੀ ਵਰਤੋਂ ਆਮ ਹੁੰਦੀ। ਕਹਾਵਤ ਸੀ:
ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ
*ਮੈਂ ਤੇ ਅੱਜ ਇਹ ਹੀ ਕਹਿ ਸਕਦਾ ਕਿ
ਜੁਗ ਜੁਗ ਜੀਵੇ ਭਾਗਵਾਨੇ ਇਨਾ ਖਿਆਲ ਰੱਖਣ ਲਈ
-
ਬਲਵਿੰਦਰ ਸਿੰਘ ਧਾਲੀਵਾਲ , ਲੇਖਕ
balwinderdhaliwal127@gmail.com
8699608000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.