ਦਰਸ਼ਨ ਸਿੰਘ ਭੰਮੇ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’ ਉਸ ਦੀ 10ਵੀਂ ਪੁਸਤਕ ਹੈ। ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਵਿੱਚ ਕਾਫੀ ਲੰਬੇ ਅਰਸੇ ਤੋਂ ਲਿਖੀਆਂ ਜਾ ਰਹੀਆਂ ਹਨ। ਆਮ ਤੌਰ ‘ਤੇ ਵਾਰਤਕ ਵਿੱਚ ਸ਼ਬਦ/ਰੇਖਾ-ਚਿਤਰ ਲਿਖੇ ਜਾਂਦੇ ਹਨ, ਪ੍ਰੰਤੂ ਕੁਝ ਵਿਦਵਾਨਾ ਨੇ ਕਾਵਿਕ ਰੂਪ ਵਿੱਚ ਵੀ ਲਿਖੇ ਹਨ। ਇਹ ਸ਼ਬਦ/ਰੇਖਾ-ਚਿਤਰ ਸਾਹਿਤਕਾਰਾਂ ਦੇ ਹੀ ਲਿਖੇ ਜਾਂਦੇ ਸਨ। ਦਰਸ਼ਨ ਸਿੰਘ ਭੰਮੇ ਨੇ ਭਾਵੇਂ ਕਾਵਿ ਰੂਪ ਵਿੱਚ ਹੀ ਸ਼ਬਦ/ਰੇਖਾ-ਚਿਤਰ ਲਿਖੇ ਹਨ ਪ੍ਰੰਤੂ ਉਨ੍ਹਾਂ ਕਿੱਸਾਕਾਰੀ/ਕਵੀਸ਼ਰੀ ਦਾ ਰੂਪ ਅਪਣਾਇਆ ਹੈ। ਇਸ ਲਈ ਦਰਸ਼ਨ ਸਿੰਘ ਭੰਮੇ ਦੀ ਇਹ ਪੁਸਤਕ ਪਰੰਪਰਾ ਤੋਂ ਹਟ ਕੇ ਲਿਖੀ ਗਈ ਹੈ ਜਾਂ ਇਉਂ ਵੀ ਕਿਹਾ ਸਕਦਾ ਹੈ ਕਿ ਨਵੀਂ ਕਿੱਸਾਕਾਰੀ/ਕਵੀਸ਼ਰੀ ਦੀ ਪਰੰਪਰਾ ਸ਼ੁਰੂ ਕੀਤੀ ਗਈ ਹੈ। ਕਵੀਸ਼ਰੀ/ਕਿਸਾਕਾਰੀ ਪੰਜਾਬੀ ਸਾਹਿਤ ਦਾ ਪੁਰਾਤਨ ਰੂਪ ਹੈ ਪ੍ਰੰਤੂ ਸ਼ਬਦ/ਰੇਖਾ-ਚਿਤਰ ਨੂੰ ਕਵੀਸ਼ਰੀ ਵਿੱਚ ਮੈਂ ਪਹਿਲੀ ਵਾਰ ਪੜ੍ਹਿਆ ਹੈ। ਦਰਸ਼ਨ ਸਿੰਘ ਭੰਮੇ ਨੇ ਇਸ ਪੁਸਤਕ ਵਿੱਚ ਕਈ ਨਵੀਂਆਂ ਪ੍ਰਿਤਾਂ ਪਾਈਆਂ ਹਨ। ਸਾਹਿਤਕਾਰਾਂ ਦੇ ਤਾਂ ਪਹਿਲਾਂ ਵੀ ਸ਼ਬਦ/ਰੇਖਾ-ਚਿਤਰ ਲਿਖੇ ਗਏ ਹਨ ਪ੍ਰੰਤੂ ਸਮਾਜ ਸੇਵਕਾਂ, ਅਧਿਆਪਕਾਂ, ਸੰਸਥਾਵਾਂ ਦੇ ਮੁੱਖੀਆਂ ਬਾਰੇ ਲਿਖਣ ਵਿੱਚ ਉਸ ਨੇ ਪਹਿਲ ਕਦਮੀ ਕੀਤੀ ਹੈ। ਕਵੀਸ਼ਰੀ/ਕਿੱਸਾਕਾਰੀ ਕਿਸੇ ਵਿਅਕਤੀ/ਕੌਮ ਦੀ ਬਹਾਦਰੀ ਬਾਰੇ ਲਿਖੀ ਜਾਂਦੀ ਰਹੀ ਹੈ। ਉਸ ਦੀ ਬਹਾਦਰੀ ਦਾ ਗੁਣ ਗਾਨ ਕੀਤਾ ਜਾਂਦਾ ਹੈ। ਇਸ ਪੁਸਤਕ ਵਿੱਚ 29 ਵਿਅਕਤੀਆਂ ਦੇ ਸ਼ਬਦ/ਰੇਖਾ-ਚਿਤਰ ਹਨ। ਇਨ੍ਹਾਂ 29 ਵਿਅਕਤੀਆਂ ਵਿੱਚੋਂ 4 ਵਿਅਕਤੀ ਅਜਿਹੇ ਹਨ, ਜਿਨ੍ਹਾਂ ਨੂੰ ਇਹ ਪੁਸਤਕ ਸਮਰਪਤ ਕੀਤੀ ਗਈ ਹੈ। ਸਮਰਪਤ ਕਰਦਿਆਂ ਉਨ੍ਹਾਂ ਦੀਆਂ ਤਸਵੀਰਾਂ ਲਗਾਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਵਡਿਆਈ ਲਈ ਵੀ ਦਰਸ਼ਨ ਸਿੰਘ ਭੰਮੇ ਨੇ ਕਵੀਸ਼ਰੀ/ਕਿੱਸਾਕਾਰੀ ਰੂਪ ਹੀ ਅਪਣਾਇਆ ਹੈ। ਇਨ੍ਹਾਂ ਵਿੱਚ ਇੱਕ ਉਸ ਦਾ ਆਪਣਾ ਪਿਤਾ ਰਾਮ ਸਿੰਘ ਭੰਮੇ ਵੀ ਸ਼ਾਮਲ ਹੈ। ਦਰਸ਼ਨ ਸਿੰਘ ਭੰਮੇ ਲਿਖਦਾ ਹੈ ਕਿ ਉਹ ਇਨ੍ਹਾਂ ਮਹਾਨ ਵਿਅਕਤੀਆਂ ਦੀ ਜੀਵਨ ਸ਼ੈਲੀ ਤੋਂ ਅਤਿਅੰਤ ਪ੍ਰਭਾਵਤ ਹੋਇਆ ਹੈ, ਜਿਸ ਕਰਕੇ ਉਸ ਨੇ ਆਪਣੀ ਇਹ ਪੁਸਤਕ ਉਨ੍ਹਾਂ ਨੂੰ ਸਮਰਪਤ ਕੀਤੀ ਹੈ। ਉਹ ਵਿਅਕਤੀ ਹਨ: ਪੰਡਿਤ ਬ੍ਰਹਮਾ ਨੰਦ ਡਿੱਖ ਜੀ, ਜਿਨ੍ਹਾਂ ਨੂੰ ਉਸ ਨੇ ਆਪਣੀ ਕਵਸ਼ਰੀ/ਕਿਸੱਾਕਾਰੀ ਰਾਹੀਂ ਮਹਾਨ ਵਿਦਵਾਨ, ਪੰਡਿਤ ਤੇ ਗਿਆਨੀ ਦੇ ਰੂਪ ਵਿੱਚ ਪ੍ਰਗਟਾਇਆ ਹੈ। ਇਸੇ ਤਰ੍ਹਾਂ ਪੰਡਿਤ ਦੇਵ ਰਾਜ ਜੀ ਬਾਰੇ ਲਿਖਿਆ ਹੈ ਕਿ ਉਹ ਭਗਤੀ ਦਾ ਪੁੰਜ, ਪੰਜਾਂ ਕਾਮ ਕ੍ਰੋਧ, ਲੋਭ, ਮੋਹ ਹੰਕਾਰ ਤੇ ਕਾਬੂ ਪਾਉਣ ਵਾਲਾ ਗੁਣੀ ਗਿਆਨੀ ਸੀ। ਦਲੀਪ ਸਿੰਘ ਚੱਠਾ ਨੂੰ ਉਹ ਦਾਨੀ ਸੱਜਣ ਤੇ ਨਮਰ ਸੁਭਾਅ ਦੇ ਧਾਰਮਿਕ ਵਿਅਕਤੀ ਦੇ ਤੌਰ ‘ਤੇ ਪ੍ਰੋਜੈਕਟ ਕਰਦੇ ਹਨ। ਦਰਸ਼ਨ ਸਿੰਘ ਭੰਮੇ ਆਪਣੇ ਪਿਤਾ ਦੀ ਪ੍ਰਸੰਸਾ ਕਰਦੇ ਲਿਖਦੇ ਹਨ ਕਿ ਉਹ ਗੁਣਾ ਦੀ ਗੁਥਲੀ ਸਨ, ਜਿਨ੍ਹਾਂ ਨੇ ਜੀਵਨ ਜਾਚ ਦੇ ਗੁਣ ਦੱਸੇ। ਸਮਰਪਣ ਕਰਨ ਦੀ ਤਕਨੀਕ ਵੀ ਭੰਮੇ ਨੇ ਨਵੀਂ ਹੀ ਅਪਣਾਈ ਹੈ। ਵੈਸੇ ਤਾਂ ਦਰਸ਼ਨ ਸਿੰਘ ਭੰਮੇ ਨੇ ਸਾਰੇ ਵਿਅਕਤੀਆਂ ਦੀ ਮਹਾਨਤਾ ਨੂੰ ਆਪਣੀ ਕਵੀਸ਼ਰੀ ਵਿੱਚ ਮਹਾਨ ਦਰਸਾਇਆ ਹੈ ਪ੍ਰੰਤੂ ਇਨ੍ਹਾਂ ਵਿੱਚੋਂ ਪ੍ਰੋ.ਅੱਛਰੂ ਸਿੰਘ, ਪ੍ਰੋ.ਨਵਸੰਗੀਤ ਸਿੰਘ, ਸ੍ਰੀ ਨਿਰੰਜਣ ਬੋਹਾ, ਕਰਨੈਲ ਸਿੰਘ ਪਾਰਸ, ਜਸਪਾਲ ਮਾਨਖੇੜਾ, ਹਰੀ ਸਿੰਘ ਜਾਚਕ, ਲਾਭ ਸਿੰਘ ਖੀਵਾ , ਜਗਦੀਸ਼ ਰਾਏ ਕੁਲਰੀਆ ਅਤੇ ਮੰਗਤ ਕੁਲਜਿੰਦ ਦੀਆਂ ਪ੍ਰਾਪਤੀਆਂ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਭੰਮੇ ਨੇ ਇਨ੍ਹਾਂ ਤੋਂ ਇਲਾਵਾ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਦੇ ਕੇ ਮੇਰੇ ਗਿਆਨ ਵਿੱਚ ਵਾਧਾ ਕੀਤਾ ਹੈ, ਜਿਸ ਕਰਕੇ ਮੈਂ ਉਸ ਦਾ ਧੰਨਵਾਦੀ ਹਾਂ। ਇਸ ਤੋਂ ਪਹਿਲਾਂ ਲਿਖੇ ਸ਼ਬਦ/ਰੇਖਾ-ਚਿਤਰਾਂ ਵਿੱਚ ਚਰਚਾ ਅਧੀਨ ਵਿਅਕਤੀ ਦੀਆਂ ਪ੍ਰਾਪਤੀਆਂ/ਵਿਦਵਤਾ/ ਬਹਾਦਰੀ ਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਜਾਂਦੇ ਸਨ ਪ੍ਰੰਤੂ ਦਰਸ਼ਨ ਸਿੰਘ ਭੰਮੇ ਨੇ ਜਨਮ, ਮਾਤਾ ਪਿਤਾ, ਪੜ੍ਹਾਈ, ਸੁਭਾਅ, ਵਿਆਹ, ਪਰਿਵਾਰ/ਬੱਚੇ, ਕਿੱਤਾ, ਸਮਾਜ ਸੇਵਾ ਅਤੇ ਸਾਹਿਤਕ ਦੇਣ ਨੂੰ ਕਾਵਿਕ ਰੂਪ ਵਿੱਚ ਦਰਸਾਇਆ ਹੈ। ਪੁਸਤਕ ਪੜ੍ਹਨ ਤੋਂ ਮਹਿਸੂਸ ਹੋ ਰਿਹਾ ਹੈ, ਸ਼ਬਦ/ਰੇਖਾ-ਚਿਤਰਾਂ ਵਾਲੇ ਵਿਅਕਤੀਆਂ ਨੂੰ ਕਵੀ ਨਿੱਜੀ ਤੌਰ ‘ਤੇ ਜਾਣਦਾ ਹੈ ਕਿਉਂਕਿ ਉਸ ਨੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਹਰ ਕਿਸਮ ਦੀ ਜਾਣਕਾਰੀ ਆਪਣੀ ਕਵੀਸ਼ਰੀ/ਕਿੱਸਾਕਾਰੀ ਵਿੱਚ ਦਿੱਤੀ ਹੈ। ਸ਼ਬਦ/ਰੇਖਾ-ਚਿਤਰਾਂ ਵਾਲੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਅਤੇ ਔਗੁਣਾ ਬਾਰੇ ਵੀ ਲਿਖਿਆ ਜਾਂਦਾ ਰਿਹਾ ਹੈ, ਜਿਸ ਕਰਕੇ ਵਾਦਵਿਵਾਦ ਵੀ ਹੁੰਦੇ ਰਹੇ ਹਨ ਪ੍ਰੰਤੂ ਕਿੱਸਾਕਾਰ/ਕਵੀਸ਼ਰ ਨੇ ਸਿਰਫ ਪ੍ਰਸੰਸਾ ਹੀ ਕੀਤੀ ਹੈ। ਇਹ ਵਿਅਕਤੀ ਸਾਰੇ ਹੀ ਮਾਲਵੇ ਖਾਸ ਤੌਰ ‘ਤੇ ਮਾਨਸਾ ਦੇ ਆਲੇ ਦੁਆਲੇ ਦੇ ਇਲਾਕੇ ਨਾਲ ਸੰਬੰਧਤ ਹਨ। ਕਵੀ ਨੇ ਸੁਰ ਤਾਲ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਅਜੇ ਉਸ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ। ਸ਼ਬਦ/ਰੇਖਾ-ਚਿਤਰ ਅਤੇ ਜੀਵਨੀ ਜਿਉਂਦੇ ਵਿਅਕਤੀਆਂ ਦੇ ਲਿਖਕੇ ਉਨ੍ਹਾਂ ਤੋਂ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪ੍ਰੰਤੂ ਦਰਸ਼ਨ ਸਿੰਘ ਭੰਮੇ ਨੇ ਜੀਵਨ ਬਸਰ ਕਰ ਰਹੇ ਵਿਦਵਾਨਾ ਦੇ ਨਾਲ ਸਵਰਗਵਾਸ ਹੋਏ ਵਿਅਕਤੀਆਂ ਬਾਰੇ ਵੀ ਲਿਖਿਆ ਹੈ, ਜਿਸ ਤੋਂ ਉਸ ਦਾ ਇਨ੍ਹਾਂ ਵਿਅਕਤੀਆਂ ਤੋਂ ਕੋਈ ਲਾਭ ਲੈਣ ਦੀ ਪ੍ਰਵਿਰਤੀ ਦਾ ਅਹਿਸਾਸ ਨਹੀਂ ਹੁੰਦਾ। ਵਰਤਮਾਨ ਕਿੱਸਾਕਾਰੀ/ਕਵੀਸ਼ਰੀ ਦੇ ਵਿਲੱਖਣ ਸ਼ਾਇਰ ਕਰਨੈਲ ਸਿੰਘ ਪਾਰਸ ਬਾਰੇ ਉਸ ਨੇ ਦੱਸਿਆ ਹੈ, ਉਹ ਸਭਿਆਚਾਰ ਦਾ ਰਖਵਾਲਾ, ਛੰਦ ਬੰਦੀ ਵਿੱਚ ਲਿਖਣ ਵਾਲਾ, ਸਾਹਿਤਕ ਖ਼ੁਸ਼ਬੋਆਂ ਵੰਡਣ ਵਾਲਾ ਅਤੇ ਦਿਲ ਨੂੰ ਟੁੰਬਣ ਵਾਲਾ ਕਵੀਸ਼ਰ ਸੀ। ਉਹ ਪਾਰਸ ਬਾਰੇ ਲਿਖਦਾ ਹੈ:
ਕਾਵਿ ਸਮੁੰਦਰ ਗੋਤੇ ਲਾ ਗਿਆ ਪਾਰਸ ਤਾਰੂ ਜੀ,
ਮਾੜਾ ਲਿਖਣਾ ਗਾਉਣਾ ਵਿੱਚ ਸਭਾ ਦੇ ਹਾਰੂ ਜੀ,
ਸਭਿਆਚਾਰ ਬਚਾਇਓ ਕਰ ਇਹ ਇਕਰਾਰ ਗਿਆ,
ਧਨੀ ਕਲਮ ਦਾ ਕਲਮ ਚਲਾਕੇ ਹਿਰਦੇ ਠਾਰ ਗਿਆ।
ਛੰਦ ਦੋਤਾਰੇ ਅਤੇ ਦਵੱਈਏ ਉਸ ਦੇ ਪਿਆਰੇ ਨੇ,
ਕਾਵਿ ਬਾਗ਼ ਦੇ ਅੰਦਰ ਟਹਿਕਦੇ ਫੁੱਲ ਨਿਆਰੇ ਨੇ,
ਦੇ ਖ਼ੁਸ਼ਬੋਆਂ ਚੰਦਨ ਬਾਂਸਾਂ ਤਾਈਂ ਤਾਰ ਗਿਆ,
ਧਨੀ ਕਲਮ ਦਾ ਕਲਮ ਚਲਾਕੇ ਹਿਰਦੇ ਠਾਰ ਗਿਆ।
ਪ੍ਰਸਿੱਧ ਸਿਖਿਆ ਸ਼ਾਸਤਰੀ ਅਤੇ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਪ੍ਰੋ.ਅੱਛਰੂ ਸਿੰਘ ਬਾਰੇ ਕਵੀ ਲਿਖਦਾ ਹੈ, ਉਹ ਸਭਿਆਚਾਰ ਤੇ ਸਮਾਜਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲਾ ਵਿਦਵਾਨ ਹੈ:
ਸ਼੍ਰੋਮਣੀ ਸਾਹਿਤਕਾਰ ਦਾ ਇਹਨ੍ਹਾਂ ਨੂੰ ਮਿਲਿਆ ਦਰਜਾ ਜੀ,
ਪਾ ਕੇ ਮਾਤ ਪਿਤਾ ਦੀ ਝੋਲੀ ਦੁੱਧ ਦਾ ਲਾਹਿਆ ਕਰਜ਼ਾ ਜੀ,
ਹਨ ਦੇਸ਼ ਕੌਮ ਦੇ ਹੀਰੇ ਮਿਹਨਤ ਕਰ ਬਾਜ਼ੀ ਮਾਰੀ ਐ,
ਅੱਛਰੂ ਸਿੰਘ ਜੀ ਵਰਗੇ ਜ਼ਮੀਨੀ ਘੱਟ ਲਿਖਾਰੀ ਐ।
ਬਹੁਮੁਖੀ ਤੇ ਬਹੁਪਰਤੀ ਲੇਖਕ ਤੇ ਪੱਤਰਕਾਰ ਨਿਰੰਜਣ ਬੋਹਾ ਬਾਰੇ ਕਵੀ ਲਿਖਦਾ ਹੈ, ਉਹ ਲੋਕਾਈ ਦੇ ਦੁੱਖ ਦਰਦ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਉਂਦਾ ਹੋਇਆ, ਉਨ੍ਹਾਂ ਤੋਂ ਨਿਜਾਪ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਨਿਰੰਜਣ ਬੋਹਾ ਦੀ ਤੀਸਰੀ ਖਿੜਕੀ ਦੀ ਹਰਮਨ ਪਿਆਰਤਾ ਉਸ ਦੇ ਸਾਹਿਤਕ ਸਫਰ ਦੀ ਗਵਾਹ ਭਰਦੀ ਹੈ।
ਮਾਂ ਪੰਜਾਬੀ ਝੋਲੀ ਪਾਈਆਂ ਪੁਸਤਕਾਂ ਤਮਾਮ ਲਿਖ,
ਪੂਰਾ ਮਰਦ ਪੜ੍ਹੋ ਯਾਰੋ ਨਮੂਨਾ ਵਿਦਵਾਨੀ ਜੀ,
ਅਦਬ ਦੀਆਂ ਪਰਤਾਂ ਤੀਸਰੀ ਖਿੜਕੀ ਭਾਈ,
ਮੇਰੇ ਹਿੱਸੇ ਦਾ ਅਦਬੀ ਸੱਚ ਸਾਹਿਤਕ ਨਿਸ਼ਾਨੀ ਜੀ।
ਲÑੋਕਾਂ ਵਾਲੇ ਦਰਦਾਂ ਨੂੰ ਤੁਕਾਂ ‘ਚ ਪ੍ਰੋਕੇ ਦੱਸੇ,
ਇੱਕ ਇੱਕ ਸ਼ਬਦ ਪੜ੍ਹੋ ਪੂਰਾ ਸਭਿਆਚਾਰੀ ਜੀ।
ਹੌਲੀ ਹੌਲੀ ਬੋਲਦਾ ਹੈ ਮਿੱਠੇ ਮਿੱਠੇ ਬੋਲ ਬਾਈ,
ਔਲੇ ਦੀ ਤਸੀਰ ਵਾਂਗ ਪੂਰੇ ਗੁਣਕਾਰੀ ਜੀ।
Êਪ੍ਰੋ. ਨਵ ਸੰਗੀਤ ਸਿੰਘ ਨੂੰ ਭੰਮੇ ਵੱਡਾ ਵਿਦਵਾਨ, ਨਮਰ ਸੁਭਾਅ ਵਾਲਾ, ਬਹੁ ਚਰਚਿਤ ਲੇਖਕ ਅਤੇ ਗੁਣਾ ਦੀ ਗੁਥਲੀ ਕਹਿੰਦਾ ਹੈ। ਪ੍ਰੋ.ਨਵ ਸੰਗੀਤ ਆਪਣੇ ਵਿਦਿਆਰਥੀਆਂ ਲਈ ਗਿਆਨ ਦਾ ਭੰਡਾਰ, ਸੰਜਮੀ ਅਤੇ ਸ਼ਰਾਫ਼ਤ ਦਾ ਪੁਤਲਾ ਹੈ। ਆਲੋਚਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲਾ ਬਿਹਤਰੀਨ ਇਨਸਾਨ ਹੈ:
ਸੱਚੋ ਸੱਚ ਲਿਖ ਦੇਣਾ ਧਰਮ ਲਿਖਾਰੀਆਂ ਦਾ,
ਕੱਚੀਆਂ ਕੰਧਾਂ ਦੇ ਉਤੇ ਰੰਗ ਨੀ ਚੜ੍ਹਾਈ ਦਾ,
ਬਹੁਤਾ ਚਿਰ ਰਹਿੰਦਾ ਨਹੀਂ ਬਣਕੇ ਲਿਉੜ ਡਿੱਗੇ,
ਰੱਤੀ ਨਹੀਂ ਲਾਭ ਹੁੰਦਾ ਐਸੀ ਚਤੁਰਾਈ ਦਾ।
ਅੰਦਰੋਂ ਤੇ ਬਾਹਰੋਂ ਓਹੀ ਰੰਗ ਚ ਫਰਕ ਨਾਹੀਂ,
ਾਾਂਹੀ ਲੋਕ ਆਖਦੇ ਨੇ ਉਸ ਨੂੰ ਨਿਧਾਨ ਜੀ।
ਨਾਂ ਨਵ ਸੰਗੀਤ ਸਿੰਘ ਚੁਸਤ ਸਰੀਰ ਜੀਹਦਾ,
ਗਿਆਨ ਭੰਡਾਰ ਜਾਣੋ ਪੁਰਸ਼ ਮਹਾਨ ਜੀ।
ਦਰਸ਼ਨ ਸਿੰਘ ਭੰਮੇ ਦਾ ਕਿੱਸਾਕਾਰੀ/ਕਵੀਸ਼ਰੀ ਦੇ ਸਾਹਿਤਕ ਰੂਪ ਰਾਹੀਂ ਸ਼ਬਦ/ਰੇਖਾ-ਚਿਤਰ ਲਿਖਣਾ ਚੰਗਾ ਉਦਮ ਹੈ ਪ੍ਰੰਤੂ ਉਸ ਨੂੰ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ। ਉਮੀਦ ਹੈ ਭਵਿਖ ਵਿੱਚ ਹੋਰ ਵਧੀਆ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਵੇਗਾ।
98 ਪੰਨਿਆਂ, 250 ਕੀਮਤ ਵਾਲੀ ਇਹ ਪੁਸਤਕ ਗੁਡਵਿਲ ਪਬਲੀਕੇਸ਼ਨ ਮਾਨਸਾ ਨੇ ਪ੍ਰਕਾਸ਼ਤ ਕੀਤੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.