ਰੀਤ ਕਣਕ ਵੰਨੇ ਰੰਗ ਤਿੱਖੇ ਨੈਣ ਨਕਸ਼ਾਂ ਲੰਬੀ ਗੁੱਤ ਵਾਲੀ ਕੁੜੀ ਦਾ ਜਨਮ ਅਜਿਹੇ ਪਰਿਵਾਰ ਵਿੱਚ ਹੋਇਆ।ਜਿਸ ਵਿੱਚ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਸੀ। ਕਿ ਕੁੜੀਆਂ ਨੂੰ ਘਰ ਦੀਆਂ ਜਿੰਮੇਵਾਰੀਆਂ ਤਕ ਸੀਮਿਤ ਰਹਿਣਾ ਚਾਹੀਦਾ ਹੈ। ਬੇਸ਼ੱਕ ਪੜ੍ਹਨ ਉੱਪਰ ਰੋਕ ਨਹੀਂ ਸੀ। ਪਰ ਉਸਦਾ ਪਰਿਵਾਰ ਮਰਦ ਪ੍ਰਧਾਨ ਸੀ। ਉਸਨੇ ਸ਼ੁਰੂ ਤੋਂ ਹੀ ਉਸਦੇ ਪਿਓ ਨੂੰ ਉਸਦੀ ਮਾਂ ਉੱਪਰ ਜੁਲਮ ਕਰਦੇ ਦੇਖਿਆ। ਮਾਂ ਜੋ ਚੁੱਪ ਚਾਪ ਸਭ ਕੁਝ ਸਹਿੰਦੀ ਰਹੀ ਤੇ ਸਬਰ ਕਰਨਾ ਹੀ ਰੀਤ ਨੂੰ ਵੀ ਸਿਖਾਉਂਦੀ ਰਹੀ । ਰੀਤ ਦਾ ਇੱਕ ਛੋਟਾ ਭਰਾ ਸੀ। ਉਸਦੇ ਘਰ ਵਿੱਚ ਸ਼ੁਰੂ ਤੋਂ ਹੀ ਤਨਾਅ ਪੂਰਨ ਮਾਹੌਲ ਰਿਹਾ। ਜਿਸ ਦਾ ਅਸਰ ਰੀਤ ਉੱਪਰ ਬਹੁਤ ਗਹਿਰਾ ਸੀ। ਅਚਾਨਕ ਸਮਾਂ ਅਜਿਹਾ ਆਉਂਦਾ ਕਿ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਉਸਦੀ ਮਾਂ ਅਣਪੜ੍ਹ ਹੋਣ ਕਰਕੇ ਨੌਕਰੀ ਨਹੀਂ ਸੀ ਕਰ ਸਕਦੀ,ਤਾਂ ਸਾਰੀ ਜਿੰਮੇਵਾਰੀ ਰੀਤ ਉੱਪਰ ਆ ਗਈ ਕਿਉਂਕਿ ਉਸਦਾ ਭਰਾ ਛੋਟਾ ਸੀ। ਉਸਨੂੰ ਪੜਨ ਦੇ ਨਾਲ ਨਾਲ ਨੌਕਰੀ ਵੀ ਕਰਨੀ ਪਈ। ਪਰ ਇਹ ਮਰਦ ਪ੍ਰਧਾਨ ਸਮਾਜ ਵਿਚ ਇੱਕ ਕੁੜੀ ਦਾ ਨੌਕਰੀ ਕਰਨਾ ਬਹੁਤ ਮੁਸ਼ਕਿਲ ਭਰਿਆ ਹੁੰਦਾ ਹੈ।
ਰੀਤ ਭੋਲੀ ਭਾਲੀ ਉਸਨੂੰ ਸਜਣਾ ਸੰਵਰਨਾ ਨਹੀਂ ਸੀ ਆਉਂਦਾ। ਪਰ ਉਸਦੇ ਨੈਣ ਨਕਸ਼ ਲੰਬੀ ਗੁੱਤ ਹਰ ਇੱਕ ਨੂੰ ਮੋਹਿਤ ਕਰਦੀ। ਉਸਦੀ ਮਜਬੂਰੀ ਦਾ ਫਾਇਦਾ ਚੱਕਣ ਲਈ ਤਿਆਰ ਇਹ ਕਾਂ ਰੂਪੀ ਮਰਦ ਇਸ ਗੱਲ ਤੋਂ ਬਾਖੂਬੀ ਜਾਣਦੇ ਸਨ। ਕਿ ਨੌਕਰੀ ਕਰਨਾ ਰੀਤ ਦੀ ਮਜਬੂਰੀ ਹੈ। ਪਰ ਉਹਨੇ ਆਪਣੇ ਆਪ ਨੂੰ ਇਹਨਾ ਕਾਵਾਂ ਤੋਂ ਬਚਾ ਕੇ ਰੱਖਿਆ। ਜਿਸ ਕਰਕੇ ਉਹ ਤਰੱਕੀ ਨਾ ਪ੍ਰਾਪਤ ਕਰ ਸਕੀ। ਕਿਉਂਕਿ ਅੱਜ ਦੇ ਜਮਾਨੇ ਵਿੱਚ ਤਰੱਕੀ ਦਾ ਮਤਲਬ ਕਿ ਆਪਣੇ ਆਪ ਨੂੰ ਆਪਦੇ ਬੋਸ ਅੱਗੇ ਪੇਸ਼ ਕਰਨਾ । ਸਮਾਂ ਲੰਘਦਾ ਗਿਆ ਤੇ ਕੁਝ ਸਮਾਂ ਪੈ ਕੇ ਉਸਦੇ ਰਿਸ਼ਤੇ ਦੀ ਗੱਲ ਹੋਣ ਲੱਗੀ। ਜੋ ਉਹਨਾਂ ਦੇ ਹੀ ਜਾਣ ਪਹਿਚਾਣ ਦੇ ਪਰਿਵਾਰ ਵਿੱਚੋਂ ਸੀ। ਰਾਜ ਅਤੇ ਰੀਤ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ। ਜਿਸ ਵਜ੍ਹਾ ਕਰਕੇ ਮਨ ਹੀ ਮਨ ਰੀਤ ਰਾਜ ਨੂੰ ਆਪਣਾ ਪਤੀ ਮੰਨ ਚੁੱਕੀ ਸੀ।
ਹੌਲੀ ਹੌਲੀ ਉਹ ਇੱਕ ਦੂਜੇ ਨਾਲ ਗੱਲ ਕਰਨ ਲੱਗੇ। ਪਰ ਉਸਦੇ ਸੁਪਨਿਆਂ ਦਾ ਤੰਦ ਉਦੋਂ ਟੁੱਟਿਆ ਜਦੋਂ ਰਾਜ ਨੇ ਫੋਨ ਕਰਕੇ ਦੱਸਿਆ ਕਿ ਉਹ ਰਿਸ਼ਤਾ ਅੱਗੇ ਨਹੀਂ ਵਧਾ ਸਕਦਾ। ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਨੌਕਰੀ ਕਰਨਾ ਇੱਕ ਕੁੜੀ ਲਈ ਚਰਿੱਤਰਹੀਣ ਪੇਸ਼ਾ ਸਮਝਿਆ ਜਾਂਦਾ ਐ। ਤਾਂ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਕਿਉਂਕਿ ਰਾਜ ਨੂੰ ਪਤਾ ਹੈ। ਕਿ ਨੌਕਰੀ ਕਰਨਾ ਉਸਦੀ ਮਜਬੂਰੀ ਹੈ। ਉਸ ਵਿੱਚ ਉਸ ਦਾ ਕੀ ਕਸੂਰ ਹੈ...? ਕੀ ਨੌਕਰੀ ਕਰਨਾ ਚਰਿੱਤਰਹੀਣ ਹੁੰਦਾ ਹੈ? ਇੰਨਾ ਪੜ੍ਹ ਲਿਖ ਕੇ ਵੀ ਲੋਕਾਂ ਦੀ ਸੋਚ ਕਿਉਂ ਨਹੀਂ ਬਦਲਦੀ। ਉਸਨੇ ਆਪਣੇ ਆਪ ਨੂੰ ਕਿਸੇ ਅੱਗੇ ਨਾ ਪਰੋਸ ਕਿ ਮਿਹਨਤ ਨਾਲ ਆਪਣੇ ਕਮਾਈ ਕਰਨ ਨੂੰ ਚੁਣਿਆ । ਇਹ ਸੋਚਦੇ ਸੋਚਦਿਆਂ ਸਮਾਂ ਲੰਘਦਾ ਗਿਆ ਤੇ ਉਸਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਕਰ ਦਿੱਤਾ ਜਾਂਦਾ ਹੈ। ਜਿਸ ਦੀ ਸੋਚ ਸਮਝ ਰਹਿਣੀ ਸਹਿਣੀ ਰੀਤ ਨਾਲੋਂ ਕਿਤੇ ਵੱਖਰੀ ਹੁੰਦੀ ਹੈ। ਉਹ ਪਰਿਵਾਰ ਬਹੁਤ ਪਛੜਿਆ ਹੋਇਆ ਹੁੰਦਾ ਹੈ। ਅਤੀਤ ਨੂੰ ਭੁੱਲ ਕੇ ਰੀਤ ਆਪਣੇ ਜੀਵਨ ਸਾਥੀ ਨਾਲ ਇੱਕ ਨਵੀਂ ਸ਼ੁਰੂਆਤ ਕਰਦੀ ਹੈ। ਉਹ ਖੁਸ਼ਨੁਮਾ ਜਿੰਦਗੀ ਜਿਉਣ ਲੱਗਦੀ ਹੈ ।
ਸੰਵਰਨਾ ਤੇ ਭਵਿੱਖ ਦੇ ਸੁਪਨੇ ਬੁਣਨਾ ਉਸ ਨੂੰ ਚੰਗਾ ਲੱਗਣ ਲੱਗ ਪਿਆ।ਹਰ ਵਕਤ ਉਹ ਰਿਸ਼ਤੇ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਰੱਖਦੀ ਹੈ।ਪਰ ਉਹ ਇਹੀ ਨਹੀਂ ਸੀ ਜਾਣਦੀ ਕਿ ਉਸਦੇ ਖੰਭ ਸਿਰਫ ਕੁਤਰਨ ਲਈ ਬਣੇ ਹਨ। ਨਾ ਕਿ ਉੱਡਣ ਲਈ ਜੋ ਪਤੀ ਉਸਨੂੰ ਪਿਆਰ ਕਰਦਾ ਸੀ ਉਹ ਪਿਆਰ ਨਹੀਂ ਸਿਰਫ ਨਵੇਂ ਵਿਆਹ ਦਾ ਚਾਅ ਸੀ। ਉਸਨੂੰ ਨੂੰਹ ਤੇ ਪਤਨੀ ਹੋਣ ਦਾ ਸਨਮਾਨ ਨਾ ਮਿਲਿਆ। ਕਿਉਂਕਿ ਉਸਦੇ ਮਾਂ ਬਾਪ ਗਰੀਬ ਸੀ ਤੇ ਦਹੇਜ ਦੇਣ ਤੋਂ ਅਸਮਰੱਥ ਸੀ। ਜਿਸ ਦੀ ਵਜ੍ਹਾ ਕਰਕੇ ਉਸਨੂੰ ਹਰ ਰੋਜ਼ ਜਲਾਲਤ ਸਹਿਣੀ ਪੈਂਦੀ।ਉਸਦਾ ਮਜ਼ਾਕ ਬਣਾਇਆ ਜਾਂਦਾ।ਉਸਦਾ ਪਤੀ ਸਿਰਫ ਉਸਨੂੰ ਚੁੱਪ ਰਹਿ ਕੇ ਸਭ ਸਹਿਣ ਲਈ ਕਹਿੰਦਾ ਅਤੇ ਖੁਦ ਵੀ ਚੁੱਪ ਰਹਿੰਦਾ। ਉਸਦੀ ਹਿੰਮਤ ਨਾ ਪੈਂਦੀ,ਇਹ ਕਹਿਣ ਦੀ ਕਿ ਇਹ ਮੇਰੀ ਪਤਨੀ ਹੈ। ਇਸ ਨੂੰ ਇੱਜ਼ਤ ਦਵਾਉਣਾ ਮੇਰਾ ਅਧਿਕਾਰ ਐ।ਉਸਦੇ ਲਈ ਉਸਦਾ ਪਰਿਵਾਰ ਹੀ ਸਭ ਕੁਝ ਸੀ। ਹੌਲੀ ਹੌਲੀ ਰੀਤ ਦੇ ਚਾਅ ਮਰਨੇ ਸ਼ੁਰੂ ਹੋ ਗਏ ।ਉਸਨੇ ਆਪਣੇ ਆਪ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ।
ਰਿਸ਼ਤਿਆਂ ਦਾ ਬੋਝ ਚੁੱਕਦੇ ਉਹਨੇ ਸਜਣਾ ਸੰਵਰਨਾ ਛੱਡ ਦਿੱਤਾ।ਬੱਚਾ ਨਾ ਹੋਣ ਦਾ ਦਬਾਅ ਉਸਨੂੰ ਹੋਰ ਵੀ ਤੋੜ ਰਿਹਾ ਸੀ। ਪਰ ਸਮੇਂ ਨੇ ਆਪਣੀ ਚਾਲ ਬਦਲੀ ਤਿੰਨ ਸਾਲ ਬਾਅਦ ਉਸਦੇ ਘਰ ਪੁੱਤਰ ਨੇ ਜਨਮ ਲਿਆ ਉਸਨੇ ਸੋਚਿਆ ਕਿ ਸ਼ਾਇਦ ਬੱਚੇ ਤੋਂ ਬਾਅਦ ਉਸਨੂੰ ਕਦਰ ਮਿਲੇ। ਪਰ ਨਹੀਂ ਇੱਕ ਪੜੀ ਲਿਖੀ ਸੋਹਣੀ ਸੁਨੱਖੀ ਮੁਟਿਆਰ ਇੱਕ ਜਿੰਦਾ ਲਾਸ਼ ਬਣ ਚੁੱਕੀ ਸੀ।ਕਿਉਂਕਿ ਉਸਦਾ ਪੱਖ ਲੈਣ ਲਈ ਉਸਦਾ ਪਤੀ ਕਦੇ ਵੀ ਉਸਦੇ ਨਾਲ ਮੋਢਾ ਜੋੜ ਕੇ ਨਹੀਂ ਖੜਿਆ। ਕਦੀ ਉਸਦੇ ਸੁਪਨਿਆਂ ਉਸਦੇ ਚਾਵਾਂ ਬਾਰੇ ਨਾ ਪੁੱਛਿਆ ਜਾਂਦਾ ।ਉਹ ਸੁਪਨੇ ਜੋਂ ਵਿਆਹ ਤੋਂ ਪਹਿਲਾਂ ਹਰ ਇੱਕ ਕੁੜੀ ਦੇਖਦੀ ਐ। ਉਹ ਸਿਰਫ ਜਿੰਮੇਵਾਰੀ ਦੇ ਬੋਝ ਥੱਲੇ ਦੱਬ ਚੁੱਕੀ ਸੀ। ਕਦੇ ਭੁੱਲ ਭੁਲੇਖੇ ਅਗਰ ਉਸਨੇ ਆਪਣੇ ਬੱਚੇ ਖਾਤਰ ਆਪਣੇ ਸਹੁਰਿਆਂ ਅੱਗੇ ਜੁਬਾਨ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਚਰਿੱਤਰਹੀਣ ਤੇ ਬਾਗੀ ਕਰਾਰ ਕਰ ਦਿੱਤਾ ਗਿਆ । ਉਹ ਜ਼ਿਆਦਾਤਰ ਇਸ ਲਈ ਟੁੱਟ ਗਈ ਸੀ। ਕਿ ਜਿਸ ਦੀ ਵਜ੍ਹਾ ਕਰਕੇ ਉਹ ਨਰਕ ਵਿੱਚ ਜ਼ਿੰਦਗੀ ਕੱਟ ਰਹੀ ਹੈ। ਹਰ ਦੁੱਖ ਸੁੱਖ ਨਾਲ ਖੜੀ ਹੈ। ਉਹੀ ਉਸਦਾ ਸਾਥ ਨਹੀਂ ਦੇ ਰਿਹਾ।
ਇਸ ਚੀਜ਼ ਨੇ ਉਸਨੂੰ ਬਹੁਤ ਡੂੰਗੀ ਸੱਟ ਮਾਰੀ ਹੋਈ ਸੀ।ਹੌਲੀ ਹੌਲੀ ਉਹਨੇ ਆਪਣੇ ਚਾਅ ਮਾਰ ਕੇ ਆਪਣੇ ਬੱਚੇ ਖਾਤਰ ਜਿਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਹੁਣ ਉਹ ਸਿਰਫ ਕਿਸੇ ਦੀ ਕੁੜੀ, ਪਤਨੀ, ਭੈਣ ਜਾਂ ਨੂੰਹ ਨਹੀਂ ਸੀ । ਹੁਣ ਉਹ ਇੱਕ ਮਾਂ ਸੀ, ਇੱਕ ਮਾਂ ਦਾ ਦਰਜਾ ਤਾਂ ਮਿਲਿਆ। ਪਰ ਇੱਕ ਨੂੰਹ, ਭਾਬੀ ਜਾਂ ਪਤਨੀ ਦੀ ਇੱਜਤ ਨਾ ਮਿਲ ਸਕੀ। ਪਰ ਉਸਨੇ ਆਪਦੇ ਪਤੀ ਨੂੰ ਨਹੀਂ ਛੱਡਿਆ। ਬਿਹਤਰੀ ਦੀ ਝਾਕ ਵਿੱਚ ਉਹਨੇ ਹਲਾਤਾਂ ਨਾਲ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ । ਪਰ ਉਹਨੇ ਸ਼ੀਸ਼ਾ ਦੇਖਣਾ ਬੰਦ ਕਰ ਦਿੱਤਾ । ਰਿਸ਼ਤੇ ਨਿਭਾਉਣ ਵਿੱਚ ਕੋਈ ਕਸਰ ਨਾ ਛੱਡੀ। ਉਹ ਆਪਣੇ ਹਰ ਇੱਕ ਰਿਸ਼ਤੇ ਨੂੰ ਬਾਖੂਬੀ ਉਸੇ ਤਰ੍ਹਾਂ ਨਿਭਾਉਂਦੀ ਰਹੀ ਤੇ ਆਪਣੇ ਕਿਸੇ ਵੀ ਦੱਬੇ ਹੋਏ ਚਾਵਾਂ ਦਾ ਅਸਰ ਰਿਸ਼ਤਿਆਂ ਦੇ ਨਾ ਪੈਣ ਦਿੱਤਾ। ਆਲ ਰਾਉਂਡਰ ਟਾਪਰ ਕੁੜੀ ਪਿੰਡ ਦੇ ਕਿਸੇ ਕੋਨੇ ਵਿੱਚ ਆਪਣੇ ਪਹਿਚਾਨ ਨੂੰ ਖੋ ਚੁੱਕੀ ਸੀ। ਪਰ ਆਪਣੇ ਚਰਿੱਤਰ ਤੇ ਕਦੀ ਆਂਚ ਨਾ ਆਉਣ ਦਿੱਤੀ। ਕਹਿੰਦੇ ਨੇ ਨਾ ਰੱਬ ਦੇ ਖੇਡ ਨਿਆਰੇ ਕੋਈ ਪਿਛਲੇ ਜਨਮਾਂ ਦਾ ਸਬੰਧ ਹੁੰਦਾ। ਜੋ ਸਾਨੂੰ ਇਸ ਜਨਮਾਂ ਵਿੱਚ ਭੁਗਤਣਾ ਪੈਂਦਾ। ਰੀਤ ਨਾਲ ਵੀ ਕੁਝ ਅਜਿਹਾ ਹੀ ਹੋਇਆ। ਅਚਾਨਕ ਇਸ ਭੀੜ ਵਿੱਚ ਉਸਦੀ ਮੁਲਾਕਾਤ ਇੱਕ ਅਜਿਹੇ ਅਣਜਾਣ ਵਿਅਕਤੀ ਨਾਲ ਹੁੰਦੀ ਹੈ। ਜੋ ਅਣਜਾਨ ਹੋ ਕੇ ਵੀ ਅਣਜਾਣ ਨਹੀਂ ਸੀ।
ਹੌਲੀ ਹੌਲੀ ਉਹ ਇੱਕ ਦੂਜੇ ਦੇ ਦੋਸਤ ਬਣ ਜਾਂਦੇ ਹਨ।ਇਹ ਦੋਸਤੀ ਇਨੀ ਕ ਗਹਿਰੀ ਹੋ ਜਾਂਦੀ ਹੈ। ਕਿ ਹਰ ਇੱਕ ਦੁੱਖ ਸੁੱਖ ਇੱਕ ਦੂਜੇ ਨਾਲ ਸਾਂਝਾ ਕਰਨ ਲੱਗ ਜਾਂਦੇ ਹਨ। ਅਰੁਣ ਇੱਕ ਤਲਾਕਸ਼ੁਦਾ ਸੀ। ਅਰੁਣ ਹਰ ਸਮੇਂ ਆਪਣੀ ਪਤਨੀ ਦੀ ਬੁਰਾਈਆਂ ਰੀਤ ਅੱਗੇ ਕਰਦਾ ਰਹਿੰਦਾ ਤੇ ਆਪਣੇ ਉੱਤੇ ਹੋਏ ਜ਼ੁਲਮਾਂ ਬਾਰੇ ਜ਼ਿਕਰ ਕਰਦਾ। ਜਿਸ ਕਰਕੇ ਰੀਤ ਇਮੋਸ਼ਨਲੀ ਅਰੁਣ ਨਾਲ ਜੁੜ ਰਹੀ ਸੀ। ਹਰ ਵਕਤ ਰੀਤ ਦੀ ਖੂਬਸੂਰਤੀ ਦੀ ਤਾਰੀਫ ਕਰਦਾ। ਉਸਨੂੰ ਸਜਣ ਸੰਵਰਣ ਤੇ ਉਸਨੂੰ ਆਪਣੇ ਅੰਦਰ ਛੁਪੇ ਹੋਏ ਪ੍ਰਤੀਭਾ ਨੂੰ ਉਜਾਗਰ ਕਰਨ ਲਈ ਪ੍ਰੇਰਿਤ ਕਰਦਾ ।ਇੱਕ ਔਰਤ ਇਹੀ ਸਭ ਤਾਂ ਚਾਹੁੰਦੀ ਹੈ। ਜਿਸ ਦੀ ਵਜ੍ਹਾ ਕਰਕੇ ਹੌਲੀ ਹੌਲੀ ਰੀਤ ਦਾ ਝੁਕਾ ਅਰੁਣ ਵੱਲ ਹੋਣਾ ਸ਼ੁਰੂ ਹੋ ਗਿਆ। ਰੀਤ ਭੁੱਲ ਚੁੱਕੀ ਸੀ। ਕਿ ਇਹ ਰਿਸ਼ਤਾ ਇੱਕ ਨਜਾਇਜ਼ ਰਿਸ਼ਤਾ ਕਹਾਇਆ ਜਾਵੇਗਾ।
ਇੱਕ ਔਰਤ ਨੂੰ ਔਰਤ ਦੀ ਦੁਸ਼ਮਣ ਸਮਝਿਆ ਜਾਊਗਾ। ਪਰ ਉਹ ਮਜਬੂਰ ਸੀ। ਕਿਉਂਕਿ ਉਸਦੇ ਅੱਗੇ ਸਿਰਫ ਅਰੁਣ ਦਾ ਪੱਖ ਰਖਿਆ ਜਾ ਰਿਹਾ ਸੀ । ਅਰੁਣ ਦੀਆਂ ਨਜ਼ਰਾਂ ਨਾਲ ਜੋ ਦਿਖਾਇਆ ਜਾ ਰਿਹਾ ਸੀ। ਉਹ ਉਸੇ ਨੂੰ ਸੱਚ ਮੰਨ ਰਹੀ ਸੀ । ਰੀਤ ਆਪਣੇ ਆਪ ਨੂੰ ਅਰੁਣ ਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਈ। ਕਿਉਂਕਿ ਰੀਤ ਨੂੰ ਅਰੁਣ ਦੇ ਦੁਖ ਆਪਣੇ ਲੱਗਣ ਲਗ ਪਏ। ਕਿਉਂਕਿ ਬਚਪਨ ਤੋਂ ਉਸਨੇ ਵੀ ਇਹੀ ਸਭ ਦੇਖਿਆ।ਉਸਨੂੰ ਆਪਣੇ ਆਪ ਤੋਂ ਸੋਹਣਾ ਹੋਰ ਕੁਝ ਵੀ ਨਾ ਲੱਗਦਾ। ਉਸਨੂੰ ਐਵੇਂ ਲੱਗਦਾ ਕਿ ਉਹ ਦੁਨੀਆਂ ਦੀ ਸਭ ਤੋਂ ਸੋਹਣੀ ਤੇ ਪ੍ਰਤਿਭਾਸ਼ਾਲੀ ਕੁੜੀ ਐ । ਉਸਦੇ ਮਰ ਰਹੇ ਸੁਪਨੇ ਇੱਕ ਵਾਰ ਫਿਰ ਤੋਂ ਸਾਂਹ ਭਰਨ ਲੱਗੇ। ਉਸਨੂੰ ਉਹ ਇੱਜ਼ਤ ,ਕਦਰ ਤੇ ਪਿਆਰ ਮਿਲਣਾ ਸ਼ੁਰੂ ਹੋ ਗਿਆ। ਜੋ ਸ਼ਾਇਦ ਕਿਤੇ ਨਾ ਕਿਤੇ ਬਚਪਨ ਤੋਂ ਹੁਣ ਤੱਕ ਉਸਨੂੰ ਨਹੀਂ ਸੀ ਮਿਲਿਆ। ਉਹ ਅਣਜਾਣ ਸੀ, ਕਿ ਅਰੁਣ ਇਹ ਸਿਰਫ ਤਾਂ ਕਰ ਰਿਹਾ ਕਿਉਂਕਿ ਉਹ ਤਲਾਕਸ਼ੁਦਾ ਹੈ ਤੇ ਉਸਨੂੰ ਸਿਰਫ ਇਕ ਔਰਤ ਦੀ ਜਰੂਰਤ ਹੈ। ਜੋ ਉਸਦੀ ਕਮੀ ਪੂਰਾ ਕਰ ਸਕੇ। ਨਾ ਕਿ ਉਸਨੂੰ ਪਿਆਰ ਦੀ ਜਰੂਰਤ ਹੈ।
ਉਹ ਹਰ ਸਮੇਂ ਰੀਤ ਨੂੰ ਕਹਿੰਦਾ ਕਿ ਰੱਬ ਨੇ ਸ਼ਾਇਦ ਤੈਨੂੰ ਮੇਰੇ ਲਈ ਬਣਾਇਆ। ਅਰੁਣ ਇਕ ਵਿਗੜਿਆ ਹੋਇਆ ਇਨਸਾਨ ਸੀ। ਉਹ ਰੀਤ ਨੂੰ ਹਮੇਸ਼ਾ ਇਹੀ ਜਤਾਉਂਦਾ, ਕਿ ਰੀਤ ਹੀ ਹੈ, ਜੋ ਉਸਨੂੰ ਸੁਧਾਰ ਸਕਦੀ ਹੈ। ਅਰੁਣ ਬਾਰੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਅਰੁਣ ਦਾ ਉਹਨਾਂ ਥਾਵਾਂ ਤੇ ਸਾਥ ਦਿੰਦੀ ਰਹੀ। ਜਿੱਥੇ ਅਰੁਣ ਦੇ ਆਪਦੇ ਵੀ ਸਾਥ ਛੱਡ ਗਏ। ਹਰ ਇੱਕ ਉਸ ਨੂੰ ਮਾੜਾ ਕਹਿੰਦਾ ।ਪਰ ਰੀਤ ਉਸਦੇ ਸਾਰੀਆਂ ਬੁਰਾਈਆਂ ਨੂੰ ਪਿੱਛੇ ਛੱਡ ਕੇ ਤੂੰ ਉਸਨੂੰ ਸੁਧਾਰਨ ਵਿੱਚ ਲੱਗ ਗਈ ਤੇ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ । ਜਿਸ ਦਿਨ ਕਦੇ ਰੀਤ ਅਰੁਣ ਨਾਲ ਗੱਲ ਨਾ ਕਰ ਪਾਉਂਦੀ ਤਾਂ ਅਰੁਣ ਰੋ ਰੋ ਕੇ ਉਸਨੂੰ ਮਿੰਨਤਾਂ ਕਰਦਾ। ਕਿ ਉਹ ਉਸਦੇ ਬਿਨਾਂ ਮਰ ਜਾਵੇਗਾ। ਉਹ ਉਸਨੂੰ ਪਿਆਰ ਕਰਦਾ ਹੈ। ਹੌਲੀ ਹੌਲੀ ਅਰੁਣ ਨੇ ਉਸਨੂੰ ਵਿਆਹ ਦਾ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ।
ਉਸਨੂੰ ਇਹ ਦਿਲਾਸਾ ਦਿੰਦਾ। ਕਿ ਮੈਂ ਉਸਦੀਆਂ ਹਰ ਰੀਝਾਂ ਹਰ ਸ਼ੌਕ ਪੁਗਾਵਾਂਗਾ। ਜਿਨ੍ਹਾਂ ਤੋਂ ਰੀਤ ਬਚਪਨ ਤੋਂ ਵਾਂਝੀ ਐ।ਰੀਤ ਵੀ ਅਰੁਣ ਤੇ ਬੇਹੱਦ ਵਿਸ਼ਵਾਸ ਕਰਨ ਲੱਗ ਪਈ। ਕਿਉਂਕਿ ਇੱਕ ਔਰਤ ਪੈਸੇ ਨਾਲੋਂ ਪਿਆਰ ਤੇ ਇੱਜਤ ਦੀ ਭੁੱਖੀ ਹੁੰਦੀ ਹੈ। ਜੋ ਉਸਨੂੰ ਇੰਨੇ ਸਾਲਾਂ ਵਿੱਚ ਨਹੀਂ ਸੀ ਮਿਲੀ। ਉਹ ਕੁਝ ਮਹੀਨਿਆਂ ਦੀ ਦੋਸਤੀ ਤੋਂ ਮਿਲ ਰਹੀ ਸੀ । ਰੀਤ ਭੁੱਲ ਚੁੱਕੀ ਸੀ। ਕਿ ਇਹ ਰਿਸ਼ਤਾ ਹੋਣਾ ਚਰਿੱਤਰਹੀਣ ਦਾ ਟੈਗ ਲਗਵਾ ਸਕਦਾ। ਪਰ ਰੀਤ ਦੀ ਕਿਸਮਤ..? ਕਿਸੇ ਕਾਰਨਾਂ ਕਰਕੇ ਅਰੁਣ ਨੂੰ ਆਪਣੀ ਘਰਵਾਲੀ ਨੂੰ ਵਾਪਸ ਲਿਆਉਣਾ ਪੈਂਦਾ ਹੈ। ਉਹ ਅਰੁਣ ਜਿਹੜਾ ਰੀਤ ਬਿਨਾਂ ਸਾਹ ਨਹੀਂ ਸੀ ਲੈਂਦਾ। ਉਹ ਰੀਤ ਨੂੰ ਪਹਿਚਾਣ ਤੋਂ ਇਨਕਾਰ ਕਰਨ ਲੱਗਿਆ। ਕਿਉਂਕਿ ਉਹ ਆਪਣਾ ਘਰ ਫਿਰ ਤੋਂ ਨਹੀਂ ਸੀ ਉਜਾੜਣਾ ਚਾਹੰਦਾ।ਉਹ ਭੁੱਲ ਚੁੱਕਿਆ ਸੀ। ਕਿ ਇਹ ਉਹੀ ਰੀਤ ਜਿਸਨੇ ਆਪਣੇ ਪਰਿਵਾਰ ਤੇ ਬੱਚੇ ਦੀ ਪਰਵਾਹ ਕੀਤੇ, ਬਿਨਾਂ ਉਸਦਾ ਹਰ ਪ੍ਰਸਥਿਤੀ ਵਿੱਚ ਸਾਥ ਦਿੱਤਾ। ਜਿੱਥੇ ਲੋਕ ਉਸਨੂੰ ਮਾੜਾ ਕਹਿੰਦੇ ਸੀ । ਇਹ ਸਭ ਕਰਕੇ ਰੀਤ ਇੰਨਾ ਕੁ ਟੁੱਟ ਚੁੱਕੀ ਸੀ। ਕਿ ਉਹ ਹੌਲੀ ਹੌਲੀ ਮੌਤ ਵੱਲ ਜਾਣ ਲਗੀ।
ਉਸ ਨੂੰ ਇੰਝ ਲੱਗਣ ਲੱਗ ਪਿਆ,ਕਿ ਉਹ ਸੱਚੀ ਚਰਿੱਤਰਹੀਣ ਹੈ ? ਕੀ ਇੱਕ ਔਰਤ ਹੋਣਾ ਗੁਨਾਹ ਹੈ..? ਕਿ ਔਰਤ ਇੱਜ਼ਤ ਤੇ ਕਦਰ ਦੀ ਹੱਕਦਾਰ ਨਹੀਂ ? ਕੀ ਉਹ ਸੱਚੀ ਬਾਗੀ ਹੈ ? ਕੀ ਇਸ ਵਿੱਚ ਉਸਦੇ ਪਿਤਾ ਦਾ ਕਸੂਰ ਨਹੀਂ। ਜੋ ਹਰ ਵੇਲੇ ਮਰਦ ਪ੍ਰਧਾਨ ਹੋਣ ਦਾ ਅਹਿਸਾਸ ਦਵਾਉਂਦਾ ਰਿਹਾ ਤੇ ਉਸ ਦੀ ਮਾਂ ਤੇ ਜ਼ੁਲਮ ਕਰਦਾ ਰਿਹਾ । ਕਿ ਇਸ ਵਿੱਚ ਰਾਜ ਦਾ ਕਸੂਰ ਨਹੀਂ। ਜੋ ਇੱਕ ਔਰਤ ਦੀ ਮਜਬੂਰੀ ਨੂੰ ਨਾ ਸਮਝ ਕੇ ਆਪਣੇ ਘਰ ਦਿਆਂ ਦਾ ਸਾਥ ਦਿੱਤਾ। ਕੀ ਇਸ ਵਿੱਚ ਉਹ ਮਰਦਾਂ ਦਾ ਕਸੂਰ ਨਹੀਂ। ਜੋ ਉਸਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸਨੂੰ ਕਾਂ ਵਾਂਗ ਨੋਚਣਾ ਚਾਹੁੰਦੇ ਸਨ? ਕਿ ਇਸ ਵਿੱਚ ਉਸਦੇ ਪਤੀ ਦਾ ਕਸੂਰ ਨਹੀਂ। ਜਿਸਦੀ ਖਾਤਰ ਉਹ ਸਭ ਕੁਝ ਛੱਡ ਕੇ ਆਈ। ਪਰ ਉਹ ਉਸਨੂੰ ਇੱਜਤ ਨਾ ਦਵਾ ਸਕਿਆ ? ਕਿ ਇਸ ਵਿੱਚ ਉਸਦਾ ਕਸੂਰ ਹੈ। ਆਪਣੇ ਬੱਚੇ ਖਾਤਰ ਸਭ ਕੁਝ ਸਹਿੰਦੀ ਰਹੀ। ਆਪਣੇ ਚਾਅ ਮਾਰਦੀ ਰਹੀ ? ਕੀ ਇਸ ਵਿਚ ਅਰੁਣ ਦਾ ਕਸੂਰ ਨਹੀਂ। ਜਿਸ ਤੇ ਉਹ ਇੰਨਾ ਵਿਸ਼ਵਾਸ ਕਰਦੀ ਰਹੀ ਤੇ ਉਸਨੇ ਇਹ ਅਣਜਾਣ ਤੇ ਨਜਾਇਜ਼ ਰਿਸ਼ਤੇ ਨੂੰ ਦੁਨੀਆਂ ਦੀ ਪਰਵਾਹ ਨਾ ਕਰਕੇ ਨਿਭਾਇਆ। ਇਹ ਸਭ ਕੁਝ ਉਸ ਉੱਪਰ ਇੰਨਾ ਹਾਵੀ ਹੋ ਗਿਆ ਸੀ। ਕਿ ਉਸਨੇ ਮੌਤ ਨੂੰ ਅਪਣਾ ਲਿਆ ਆਖਰੀ ਸਾਹ ਭਰਦੇ ਸਿਰਫ ਉਸਦੀ ਜੁਬਾਨ ਤੇ ਇਹੀ ਸੀ ਕਿ ਮੇਰਾ ਕਸੂਰ ਕੀ ਹੈ..? ਮੇਰਾ ਕਸੂਰ ਕੀ ਹੈ?
ਪਿਆਰੇ ਪਾਠਕੋ ਆਪਣੀ ਰਾਏ ਜ਼ਰੂਰ ਦਵੋ ਇਸ ਵਿਚ ਕਿਸਦਾ ਕਸੂਰ ਹੈ?
-
ਗੁਰਪ੍ਰੀਤ ਕੌਰ ਕੱਟੂ, ਲੇਖਕ
Preetsharma4833@instagram
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.