ਮੈਂ ਜਿਤਿਆ ਕੈਂਸਰ ਹਾਰ ਗਈ -ਇਕ਼ਬਾਲ ਰਾਮੂਵਾਲੀਆ
ਇਕਬਾਲ ਰਾਮੂਵਾਲੀਆ (ਕੈਨੇਡਾ)
ਕੈਂਸਰ ਖ਼ੌਫ਼ਨਾਕ ਬੀਮਾਰੀ ਹੈ: ਏਨੀ ਖ਼ੌਫ਼ਨਾਕ ਕਿ ਡਾਕਟਰ ਦੇ ਕਲਿਨਿਕ ‘ਚ ਬੈਠਾ ਆਦਮੀ, ਡਾਕਟਰ ਦੇ ਮੂੰਹੋਂ ਕੈਂਸਰ ਦਾ ਨਾਮ ਸੁਣਦਿਆਂ ਹੀ ਆਪਣੇ-ਆਪ ਨੂੰ ਚਿਤਾ ‘ਚ ਬਲਦਾ ਦੇਖਣ ਲੱਗ ਜਾਂਦਾ ਹੈ। ਅਜੇਹੀਆਂ ਮਿਸਾਲਾਂ ਮਿਲਦੀਆਂ ਹਨ ਕਿ ਕਈ ਮਰੀਜ਼ ਡਾਕਟਰ ਮੂੰਹੋਂ ਕੈਂਸਰ ਹੋਣ ਦੀ ਖ਼ਬਰ ਸੁਣਦਿਆਂ ਹੀ, ਹਾਰਟ ਅਟੈਕ ਨਾਲ ਪੂਰੇ ਹੋ ਗਏ।ਮੈਂ ਸਾਰੀ ਜ਼ਿੰਦਗੀ ਰਿਸ਼ਟ-ਪੁਸ਼ਟ ਰਿਹਾ ਹਾਂ; ਕੋਈ ਵੱਡੀ ਬੀਮਾਰੀ ਸਾਰੀ ਜ਼ਿੰਦਗੀ ਮੇਰੇ ਲਾਗਿਓਂ ਵੀ ਨਹੀਂ ਲੰਘੀ ਹਾਂ, ਸਨ 2000 ਵਿੱਚ ਮੇਰੀ ਕਿਡਨੀ ‘ਚ ਉੱਗ ਆਈ ਪਥਰੀ ਨੇ ਮੇਰੀ ਜ਼ਿੰਦਗੀ ਨੂੰ ਹਲੂਣ ਕੇ ਰੱਖ ਦਿੱਤਾ ਸੀ। ਪਥਰੀ ਨੂੰ ਆਪਰੇਸ਼ਨ ਰਾਹੀਂ ਕੱਢਣ ਵੇਲੇ ਡਾਕਟਰ ਦੀ ਅਣਗਹਿਲੀ ਕਾਰਨ ਮੇਰੀ ਸੱਜੀ ਕਿਡਨੀ ਨਾਕਾਰਾ ਹੋ ਗਈ ਸੀ; ਫਿ਼ਰ ਸਾਲ ਕੁ ਬਾਅਦ ਡਾਕਟਰ ਨੇ ਮੈਨੂੰਦੱਸਿਆ ਕਿ ਮੇਰਾ ਪੈਨਕਿਰੀਆਜ਼ ਵੀ ਨਿਢਾਲ਼ ਹੋ ਗਿਆ ਸੀ ਇਸ ਲਈ ਲੋੜੀਂਦੀ ਐਨਸੁਲੀਨ ਪੈਦਾ ਕਰਨ ਤੋਂ ਅਸਮਰੱਥ ਹੋਣ ਕਾਰਨ, ਮੇਰੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ, ਲੋੜ ਤੋਂ ਜਿ਼ਆਦਾ ਹੋ ਰਹੀ ਸੀ। ਬਲੱਡ ਸ਼ੂਗਰ ਨੂੰ ਕਾਬੂ ‘ਚ ਰੱਖਣ ਲਈ 2001 ਚ, ਡਾਕਟਰ ਵੱਲੋਂ ਮੈਨੂੰ ਹਰ ਰੋਜ਼ ਇੱਕ ਗੋਲੀ ਖਾਣ ਦਾ ਆਦੇਸ਼ ਦੇ ਦਿੱਤਾ ਗਿਆ। ਵੀਹ ਸੌ ਦਸ ਦੀ ਜਨਵਰੀ ਤੀਕ ਸਭ ਕੁਝ ਠੀਕ-ਠਾਕ ਚਲਦਾ ਰਿਹਾ; ਲੇਕਿਨ ਫਰਵਰੀ 2010 ਦੇ ਅੰਗੜਾਈ ਭਰਦਿਆਂ ਹੀ ਮੇਰੇ ਡਾਕਟਰਾਂ ਨੇ ਮੈਨੂੰ ਖ਼ਬਰ ਦਿੱਤੀ ਕਿ ਮੇਰੇ ਪਰਾਸਟੇਟ ਵਿੱਚ ਕੈਂਸਰ ਜਨਮ ਲੈ ਚੁੱਕੀ ਹੈ।
ਕੈਂਸਰ ਦਾ ਨਾਮ ਸੁਣਦਿਆਂ ਹੀ ਮੇਰੀ ਬੀਵੀ ਤੇ ਦੋ ਜੌੜੀਆਂ ਧੀਆਂ ਦੇ ਚੇਹਰੇ ਉੱਤਰ ਗਏ, ਤੇ ਉਨ੍ਹਾਂ ਦੀਆਂ ਅੱਖਾਂ ‘ਚ ਗਹਿਰੇ ਸਹਿਮ ਨੇ ਛਤਰੀਆਂ ਗੱਡ ਲਈਆਂ। ਲੇਕਿਨ ਕੈਂਸਰ ਦੇ ਡਾਇਗਨੋਜ਼ ਨੂੰ ਮੈਂ ਬਿਲਕੁਲ ਹੀ ਵੱਖਰੇ ਅੰਦਾਜ਼ ਵਿੱਚ ਲਿਆ: ਮੈਂ ਆਪਣੇ-ਆਪ ਨੂੰ ਪਹਿਲੀ ਗੱਲ ਇਹ ਆਖੀ ਕਿ ਦੁਨੀਆਂ ਦੀ ਕੋਈ ਗ਼ੈਬੀ ਸ਼ਕਤੀ ਤੇ ਕੋਈ ਰੱਬ-ਪ੍ਰਮਾਤਮਾ ਮੇਰੇ ਕੈਂਸਰ ਦਾ ਇਲਾਜ ਨਹੀਂ ਕਰ ਸਕਦੇ; ਕੋਈ ਪੂਜਾ-ਪਾਠ, ਕੋਈ ਅਰਦਾਸ ਤੇ ਕੋਈ ਨਾਮ ਸਿਮਰਣ ਮੇਰੇ ਮਾਸ ‘ਚ ਜੜ੍ਹਾਂ ਲਾ ਚੁੱਕੀ ਕੈਂਸਰ ਨੂੰ ਮੇਰੇ ਸਰੀਰ ਵਿੱਚੋਂ ਪੁੱਟਣ ਦੇ ਸਮਰੱਥ ਨਹੀਂ! ਦੂਸਰਾ ਆਪਣੇ ਮਨੋਬਲ ਨੂੰ ਉੱਚਾ ਰੱਖਣ ਲਈ, ਮੈਂ ਆਪਣੇ-ਆਪ ਨੂੰ ਕਹਿਣਾ ਸ਼ੁਰੂ ਕੀਤਾ ਕਿ ਕੈਂਸਰ ਬਾਕੀ ਦੁਨੀਆਂ ਨੂੰ ਤਾਂ ਮਾਰ ਸਕਦੀ ਹੈ, ਪਰ ਮੇਰਾ ਇਹ ਵਾਲ਼ ਵੀ ਵਿੰਗਾ ਨਹੀਂ ਕਰ ਸਕਦੀ! ਕੈਂਸਰੇ, ਤੂੰ ਮੈਨੂੰ ਮਾਰਨ ਨੂੰ ਫਿਰਦੀ ਐਂ? ਲੈ ਸੁਣ ਲੈ ਕੰਨ ਖੋਲ੍ਹ ਕੇ: ਹੁਣ ਮੈਂ ਤੈਨੂੰ ਮਾਰਾਂਗਾ! ਤੀਸਰਾ ਮੈਂ ਆਪਣੇ ਬੀਵੀ-ਬੱਚਿਆਂ ਨੂੰ ਇਹ ਤਰਕ ਦਿੱਤਾ ਕਿ ਅਗਰ ਕੱਲ ਨੂੰ ਐਕਸੀਡੈਂਟ ਹੋ ਕੇ ਇਸ ਸੰਸਾਰ ਤੋਂ ਕੂਚ ਕਰ ਜਾਵਾਂ, ਤਦ ਵੀ ਤਾਂ ਸਬਰ ਕਰੋਗੇ ਹੀ; ਇਸ ਲਈ ਉਦਾਸ ਤੇ ਪ੍ਰੇਸ਼ਾਨ ਹੋਣ ਦੀ ਥਾਂ ਕੈਂਸਰ ਨਾਲ਼ ਲੜਨ ਦੇ ਉਪਰਾਲੇ ਕਰੀਏ। ਇਸ ਤਰ੍ਹਾਂ ਪ੍ਰਵਾਰ ਵਿੱਚੋਂ ਉਦਾਸੀ ਤੇ ਚਿੰਤਾ ਦੇ ਪਹਾੜ ਖੁਰਨ ਲੱਗੇ। ਜੋਤਸ਼ੀਆਂ, ਬਾਬਿਆਂ, ਤੇ ਗ੍ਰਹਿ-ਚਾਲਾਂ ਦੇ ਜਾਲ਼ਾਂ ਵਿੱਚ ਫ਼ਸਣ ਦੀ ਥਾਂ, ਮੇਰੀਆਂ ਦੋਵੇਂ ਧੀਆਂ, ਕੰਪਿਊਟਰਾਂ ਨੂੰ ਗੋਦ ਵਿੱਚ ਬਿਠਾਅ ਕੇ, ਮੇਰੇ ਲਾਹਮੀ ਬੈਠ ਗਈਆਂ ਤੇ ਕੈਂਸਰ ਦੇ ਉਪਾਵਾਂ ਦੀ ਖੋਜ ਲਈ ਇੰਨਟਰਨੈੱਟ ਉੱਪਰ ਵੈੱਬਸਾਈਟਸ ਨੂੰ ਫਰੋਲਣ ਲੱਗੀਆਂ। ਉਧਰੋਂ ਮੇਰੇ ਸਰਜਨ ਨੇ 6 ਅਪਰੈਲ 2010 ਦੀ ਤਾਰੀਖ਼ ਮੇਰੇ ਵੱਡੇ ਆਪਰੇਸ਼ਨ ਲਈ ਨਿਸਚਿਤ ਕਰ ਦਿੱਤੀ।
ਆਪਰੇਸ਼ਨ ਦੀ ਤਾਰੀਖ਼ ਤੋਂ ਹਫ਼ਤਾ ਕੁ ਪਹਿਲਾਂ, ਮੇਰੀਆਂ ਧੀਆਂ ਨੇ ਇੱਕ ਜਰਮਨ ਡਾਕਟਰ, ਡਾਕਟਰ ਜੋਹਾਨਾ ਬੁਡਵਿੱਗ (Johanna Budwig) ਵੱਲੋਂ ਕਰੜੀ ਖੋਜ ਉਪਰੰਤ ਲੱਭਿਆ ਫਾਰਮੂਲਾ ਤਾਲਾਸ਼ ਲਿਆ। ਮੇਰੇ ਪਰਵਾਰ ਨੂੰ ਮੇਰੇ ਸਰਜਨ ਨੇ ਮਨਾ ਲਿਆ ਕਿ ਕੈਂਸਰ ਕਾਫ਼ੀ ਡੂੰਘਾ ਹੋ ਜਾਣ ਕਾਰਨ, ਸਰਜਰੀ ਕਰ ਕੇ ਪਰਾਸਟੇਟ ਨੂੰ ਜਿਸਮ ਤੋਂ ਅਲਹਿਦਾ ਕਰਨਾ ਜ਼ਰੂਰੀ ਹੈ ਤਾਂ ਕਿ ਕੈਂਸਰ ਕਿਧਰੇ ਬਾਕੀ ਸਰੀਰ ਵੱਲ ਮੁਹਾਰਾਂ ਨਾ ਮੋੜ ਲਵੇ।
ਆਪਰੇਸ਼ਨ ਤੋਂ ਬਾਅਦ ਮੇਰੀਆਂ ਧੀਆਂ ਨੇ ਡਾਕਟਰ ਨੂੰ ਪੁੱਛਿਆ ਕਿ ਪਰਾਸਟੇਟ ਤਾਂ ਨਿੱਕਲ਼ ਗਿਆ ਪਰ ਕੀ ਇਸ ਦਾ ਮਤਲਬ ਹੈ ਕਿ ਕੈਂਸਰ ਦੁਬਾਰਾ ਫੇਰਾ ਨਹੀਂ ਆਵੇਗੀ? ਡਾਕਟਰ ਨੇ ਕਿਹਾ ਕਿ ਕੈਂਸਰ ਦਾ ਕੋਈ ਇਤਬਾਰ ਨਹੀਂ; ਇਹ ਦੁਬਾਰਾ ਵੀ ਆ ਸਕਦੀ ਹੈ। ਇਸ ਲਈ ਅਸੀਂ ਫਟਾਫੱਟ ਡਾਕਟਰ ਬਡਵਿੱਗ ਦਾ ਫਾਰਮੂਲਾਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ਼ ਰੇਡੀਏਸ਼ਨ ਦੇ 32 ਟਰੀਟਮੈਂਟ ਵੀ ਲੱਗੇ ਤੇ ਹੁਣ ਹਰ ਤੀਸਰੇ ਮਹੀਨੇ ਹੋਰਮੋਨਲ ਥੈਰਪੀ ਦਾ ਇੱਕ ਟੀਕਾ ਵੀ ਲਗਦਾ ਹੈ। ਹੋਰਮੋਨਲ ਥੈਰਪੀ ਅਤੇ ਰੇਡੀਏਸ਼ਨ ਤੋਂ ਘਬਰਾਉਣ ਜਾਂ ਤ੍ਰਭਕਣ ਦੀ ਉੱਕਾ ਹੀ ਜ਼ਰੂਰਤ ਨਹੀਂ ਕਿਉਂਕਿ ਇਨ੍ਹਾਂ ਦੇ ਸਾਈਡ-ਅਫ਼ੈਕਟਸ ਬਹੁਤ ਹੀ ਮਾਮੂਲੀ ਹੁੰਦੇ ਨੇ।
ਹੁਣ ਗੱਲ ਏਥੇ ਖਲੋਤੀ ਹੈ ਕਿ ਮੈਂ 90% ਤੰਦਰੁਸਤ ਹਾਂ। ‘ਬੁਡਵਿਗ ਫਾਰਮੂਲਾ’ ਮੈਂ ਦੋ ਵਾਰ ਸੇਵਨ ਕਰਦਾ ਹਾਂ ਤੇ ਹਰ ਰੋਜ਼ ਸਵੇਰੇ ਢਾਈ ਪਾਊਂਡ ਗਾਜਰਾਂ ਦਾ ਜੂਸ ਘਰੇ ਰੱਖੀ ਮਸ਼ੀਨ ਰਾਹੀਂ ਕੱਢ ਕੇ ਪੀਂਦਾ ਹਾਂ: ਹਲਦੀ ਦਾ ਛੋਟਾ ਚਮਚਾ ਤੇ ਅਨਾਰਾਂ ਦਾ ਖ਼ਾਲਸ ਜੂਸ-ਛੋਟਾ ਅੱਧਾ ਗਲਾਸ- (ਜਾਂ ਇੱਕ ਅਨਾਰ) ਅੰਦਰ ਲੰਘਾਅ ਲੈਂਦਾ ਹਾਂ। ਇਹ ਵਸਤੂਆਂ, ਮੇਰੇ ਕੈਂਸਰ ਦੇ ਬਚਦੇ-ਖੁਚਦੇ ਸੈੱਲਾਂ ਦਾ ਹੌਲੀ-ਹੌਲੀ ਸਫ਼ਾਇਆ ਕਰੀ ਜਾ ਰਹੀਆਂ ਹਨ।
ਇਸ ਦੇ ਨਾਲ਼ ਹੀ ਇਸ ਫਾਰਮੂਲੇ ਨੇ ਮੇਰੀ 9 ਸਾਲ ਪੁਰਾਣੀ ਸ਼ੂਗਰ ਨੂੰ ਕਾਬੂ ਵਿੱਚ ਕਰ ਲਿਆ ਹੈ। ਮਈ 2010 ਤੋਂ ਬਾਅਦ ਮੈਂ ਸ਼ੂਗਰ ਦੀਆਂ ਗੋਲ਼ੀਆਂ ਨੂੰ ਕੂੜੇ ਵਾਲ਼ੀ ਬਾਲ਼ਟੀ ‘ਚ ਝਾੜ ਦਿੱਤਾ; ਤੇ ਫ਼ਾਰਮੇਸੀ ਵਾਲ਼ੇ ਮੇਰੀ ਸ਼ੂਗਰ ਵਾਲ਼ੀ ਪਰਚੀ ਦੀ ਉਡੀਕ ਵਿੱਚ ਮੇਰੇ ‘ਤੇ ਦੰਦੀਆਂ ਕਿਰਚ ਰਹੇ ਨੇ। ਮੈਂ ਦੇਖਦਾ ਹਾਂ ਕਿ ਸਵੇਰ ਵੇਲੇ ਖਾਲੀ ਪੇਟ 7-8 ‘ਤੇ ਰਹਿਣ ਵਾਲ਼ਾ ਮੇਰਾ ਬਲੱਡ-ਸ਼ੂਗਰ ਲੈਵਲ ਲਗਾਤਾਰ 5 ਤੋਂ 6.5 ਚਲਦਾ ਆ ਰਿਹਾ ਹੈ ਜਿਹੜਾ ਕਿ ਬਿਲਕੁਲ ਉਚਿੱਤ ਹੈ। ਇਸੇ ਫਾਰਮੂਲੇ ਨੇਮੇਰਾ ਬਲੱਡ ਪ੍ਰੈਸ਼ਰ ਨੀਚੇ ਲੈ ਆਂਦਾ ਹੈ ਤੇ ਨਾਲ਼ ਹੀ ਮੇਰੇ ਕੋਲੈਸਟਰਾਲ ਨੂੰ ਵੀਟਿਕਾਣੇ ਸਿਰ ਲਿਆ ਖਲ੍ਹਿਆਰਿਆ ਹੈ। ਇਹ ਫਾਰਮੂਲਾ ਏਡਾ ਕਾਮਯਾਬ ਹੈ ਕਿ ਮੇਰੇ 67 ਸਾਲਾ ਜੀਜੇ ਦੀ 12-13 ਵਰ੍ਹੇ ਪੁਰਾਣੀ ਪਾਰਕਿਨਸਨ (ਝੋਲੇ ਦੀ ਬੀਮਾਰੀ) 20-22 ਦਿਨਾਂ ਚ ਹੀ 75% ਠੀਕ ਹੋ ਗਈ ਹੈ। ਉਸ ਨੂੰ ਰੋਜ਼ਾਨਾ ਪੈਣ ਵਾਲ਼ੇ ਤਿੰਨ ਜ਼ਬਰਦਸਤ ਦੌਰੇ ਉਸ ਦੇ ਸਰੀਰ ਨੂੰ ਅਲਵਿਦਾ ਆਖ ਗਏ ਨੇ। ਮੇਰਾ ਪਰਿਵਾਰ ਹੈਰਾਨ ਹੈ ਕਿ ਮੇਰੇ ਟੋਟਣ ਦਾ ਗੰਜ ਵੀ ਅੱਠ ਮਹੀਨੇ ਬਾਅਦ ਹਲਕੀ-ਹਲਕੀ ਰੌਣਕ ਫੜਨ ਲੱਗ ਪਿਆ ਹੈ। ਇਹ ਫਾਰਮੂਲਾ ਹਰ ਕਿਸਮ ਦੀ ਕੈਂਸਰ ਲਈ ਮੁਫ਼ੀਦ ਹੈ; ਅਜੇਹੀਆਂ ਚਿੱਠੀਆਂ ਵੀ ਇੰਟਰਨੈੱਟ ‘ਤੇ ਛਪੀਆਂ ਹਨ ਜਿਹੜੀਆਂ ਦਸਦੀਆਂ ਹਨ ਕਿ ਚੌਥੇ ਸਟੇਜ ‘ਚ ਪਹੁੰਚੇ ਬਰੇਨ ਕੈਂਸਰ, ਗਲ਼ੇ ਦੇ ਕੈਂਸਰ, ਤੇ ਕੋਲਨ ਕੈਂਸਰ ਵਾਲ਼ੇ ਲੋਕ ਪੰਜ ਛੇ ਮਹੀਨਿਆਂ ‘ਚ ਬਡਵਿਗ ਫਾਰਮੂਲਾ ਖਾਣ ਤੇ ਗਾਜਰਾਂ ਦਾ ਤਾਜ਼ਾ ਜੂਸ ਪੀਣ ਨਾਲ਼ ਤੰਦਰੁਸਤ ਹੋ ਗਏ।
ਕੈਂਸਰ ਦੀ ਦੋਬਾਰਾ ਆਮਦ ਨੂੰ ਰੋਕਣ ਲਈ ਮੈਂ ਆਪਣੀ ਤਰਜ਼ੇ-ਜ਼ਿੰਦਗੀ ਵਿੱਚ ਇਨਕਲਾਬੀ ਤਬਦੀਲੀਆਂ ਲੈ ਆਂਦੀਆਂ ਨੇ। ਮੇਰੀਆਂ ਧੀਆਂ ਦੀ ਖੋਜ ਅਨੁਸਾਰ, ਛੇ ਚੀਜ਼ਾਂ ਕੈਂਸਰ ਲਈ ਖਾਦ ਦਾ ਕੰਮ ਕਰਦੀਆਂ ਨੇ: ਮੀਟ, ਸ਼ਰਾਬ, ਆਂਡਾ, ਦੁੱਧ-ਉਤਪਾਦ, ਮਿੱਠਾ (ਹਰ ਕਿਸਮ ਦਾ) ਤੇ ਰੀਫ਼ਾਇਨਡ ਤੇਲ (ਜਿਹੜੇ ਆਪਾਂ ਸਟੋਰਾਂ ਤੋਂਖਰੀਦਦੇ ਹਾਂ); ਇਸ ਲਈ ਇਹ ਸਾਰੇ ਪਦਾਰਥ, ਕਾਲੀ ਚਾਹ ਤੇ ਕਾਫ਼ੀ ਮੈਂ ਆਪਣੀ ਜ਼ਿੰਦਗੀ ‘ਚੋਂ ਉੱਕਾ ਹੀ ਮਨਫ਼ੀ ਕਰ ਮਾਰੇ ਨੇ। ਗਰੀਨ ਟੀਅ ਕਿਉਂਕਿ ਕੈਂਸਰ-ਵਿਰੋਧੀ ਹੈ, ਇਸ ਲਈ ਇਸ ਦੇ ਚਾਰ-ਪੰਜ ਕੱਪ ਮੈਂ ਪੂਰੀ ਦਿਹਾੜੀ ‘ਚ ਪੀ ਜਾਂਦਾ ਹਾਂ। ਏਸ ਤੋਂ ਇਲਾਵਾ ਮੈਂ ਬਰਾਕਲੀ, ਗੋਭੀ ਤੇ ਟਮਾਟਰਾਂ ਨੂੰ ਆਪਣੇ ਭੋਜਨ ਵਿੱਚ ਵਿਸ਼ੇਸ਼ ਦਰਜਾ ਦਿੱਤਾ ਹੋਇਆ ਹੈ। ਅਨਾਰਾਂ ਦੇ ਖ਼ਾਲਸ ਜੂਸ ਦਾ ਛੋਟਾ ਅੱਧਾ ਗਲਾਸ ਕੈਂਸਰ ਨੂੰ ਮਾਰਨ ‘ਚ ਸਹਾਇਕ ਹੁੰਦਾ ਹੈ। ਅਗਰ ਉਪਲਬਧ ਹੋਣ ਤਾਂ ਅਨਾਰ ਖਾਣੇ, ਜੂਸ ਨਾਲੋਂ ਵੀ ਬਿਹਤਰ ਹਨ। ਹਲਦੀ ਤਾਂ ਕੈਂਸਰ ਦੀਆਂ ਜੜ੍ਹਾਂ ‘ਚ ਦਾਤੀ ਦਾ ਕੰਮ ਕਰਦੀ ਹੈ।
ਕੈਂਸਰ ਤੋਂ ਬਚਣ ਲਈ ਹੁਣੇ ਤਿਆਰ ਹੋਵੋ!
ਡਾਕਟਰੀ ਖੋਜ ਮੁਤਾਬਿਕ ਕੈਂਸਰ ਦੇ ਸੈੱਲ ਹਰ ਵਿਅਕਤੀ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੁੰਦੇ ਹਨ, ਲੇਕਿਨ ਜਿੰਨੀ ਦੇਰ ਇਹ ਸੈੱਲ ਕਮਜ਼ੋਰ ਰਹਿੰਦੇ ਹਨ, ਇਹ ਸਰੀਰ ਵਿੱਚ ਡੂੰਘੇ ਪੈਰ ਨਹੀਂ ਜਮਾਅ ਸਕਦੇ, ਪ੍ਰੰਤੂ ਇਹਨਾਂ ਵਿੱਚ ਤਕੜੇ ਹੋ ਜਾਣ ਦੀ ਸਮਰੱਥਾ ਹਮੇਸ਼ਾ ਰਹਿੰਦੀ ਹੈ। ਇਸ ਲਈ ਪਾਠਕਾਂ ਨੂੰ ਮੇਰੀ ਚੇਤਾਵਨੀ ਹੈ ਕਿ ਓਸ ਦਿਨ ਦੀ ਉਡੀਕ ਨਾ ਕਰੋ ਜਦੋਂ ਡਾਕਟਰ ਤੁਹਾਨੂੰ ਇਹ ਆਖ ਦੇਵੇ ਕਿ ਤੁਹਾਡੇ ਅੰਦਰ ਕੈਂਸਰ ਨੇ ਆਲ੍ਹਣਾ ਪਾ ਲਿਆ ਹੈ। ਕੈਂਸਰ ਅਗਰ ਇੱਕ ਵਾਰ ਤੁਹਾਡੇ ਜਿਸਮ ‘ਚ ਖੁੱਡ ਬਣਾ ਲਵੇ ਤਾਂ ਪੰਜਾਬ ਦੇ ਭੂ-ਮਾਫ਼ੀਆ ਵਾਂਗ, ਇਸ ਦਾ ਕਬਜ਼ਾ ਹਟਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਹਰ ਵਿਅਕਤੀ ਨੂੰ ਇਹ ਭੁਲੇਖਾ ਹੈ ਕਿ ਬਾਕੀ ਸੰਸਾਰ ਵਿੱਚ ਹਰ ਵਿਅਕਤੀ ਨੂੰ ਕੈਂਸਰ ਹੋ ਸਕਦੀ ਹੈ, ਮਗਰ ਇਹ ਮੇਰੇ ਸਰੀਰ ਵਿੱਚ ਦਾਖ਼ਲ ਨਹੀਂ ਹੋ ਸਕਦੀ, ਪ੍ਰੰਤੂ ਹਕੀਕਤ ਇਹ ਹੈ ਕਿ ਕੈਂਸਰ ਹਰ ਵਿਅਕਤੀ ਦੇਸਰੀਰ ਵਿੱਚ ਕਿਸੇ ਸਮੇਂ ਵੀ ਆਪਣੀਆਂ ਸੂਲ਼ਾਂ ਉਗਾਅ ਸਕਦੀ ਹੈ, ਇਸ ਲਈ ਕੈਂਸਰ ਦੀਆਂ ਸੂਲ਼ਾਂ ਨੂੰ ਉੱਗਣ ਦਾ ਮੌਕਾ ਹੀ ਨਾ ਦਿਓ!
ਯਾਦ ਰੱਖੋ ਕਿ ਤੁਹਾਡਾ ਜਿਸਮ ਓਹ ਹੈ ਜੋ ਤੁਸੀਂ ਮੂੰਹ ਰਾਹੀਂ, ਸਾਹ ਰਾਹੀਂ, ਜਾਂ ਟੀਕਿਆਂ ਰਾਹੀਂ ਆਪਣੇ ਜਿਸਮ ਚ ਭੇਜਦੇ ਹੋ; ਦੂਸਰੇ ਅਰਥਾਂ ਵਿੱਚ ਅਗਰ ਤੁਸੀਂ ਜੀਭ ਦੇ ਸੁਆਦ ਦੇ ਮਾਰੇ ਅਵਲ਼ਾ-ਸਵਲ਼ਾ ਖਾਂਦੇ ਹੋ, ਤਾਂ ਤੁਸੀਂ ਆਪਣੇ ਸਰੀਰ ਦੀਆਂ ਖਿੜਕੀਆਂ ਨੂੰ ਰੋਗਾਂ ਵਾਸਤੇ ਖੁਲ੍ਹਾ ਕਰ ਰਹੇ ਹੁੰਦੇ ਹੋ! ਕੈਂਸਰ ਦੀ ਨਾਮੁਰਾਦ ਬੀਮਾਰੀ ਕਿਸੇ ਵੀ ਔਰਤ ਅਤੇ ਮਰਦ ਨੂੰ ਕਦੇ ਵੀ ਹੋ ਸਕਦੀ ਹੈ। ਔਰਤਾਂ ਨੂੰ ਛਾਤੀਆਂ ਦੇ ਕੈਂਸਰ ਦੀਆਂ ਸ਼ਕਾਇਤਾਂ ਲਗਾਤਾਰ ਵਧ ਰਹੀਆਂ ਨੇ। ਇਸ ਲਈ ਕੈਂਸਰ ਤੋਂ ਬਚਣ ਲਈ ਡਾਕਟਰਾਂ, ਸਿਹਤਵਿਗਿਆਨੀਆਂ ਤੇ ਖੋਜਕਾਰਾਂ ਦੀ ਸਲਾਹ ਮੰਨ ਕੇ, ਮੀਟ, ਸ਼ਰਾਬ, ਆਂਡੇ, ਦੁੱਧ-ਉਤਪਾਦ, ਮਿੱਠੇ, ਰੀਫ਼ਾਈਂਡ ਤੇਲਾਂ ਅਤੇ ਤਲ਼ੀਆਂ ਵਸਤੂਆਂ ਨੂੰ ਆਪਣੀ ਤੇ ਆਪਣੇ ਪਰਵਾਰਾਂ ਦੀ ਜ਼ਿੰਦਗੀ ‘ਚੋਂ ਦੇਸ਼-ਨਿਕਾਲਾ ਦੇ ਦਿਓ। ਤੰਦੂਰੀ ਮੱਛੀ ਦਾ ਸੇਵਨ ਹਫ਼ਤੇ ‘ਚ ਤਿੰਨ-ਚਾਰ ਵਾਰ ਕਰਨਾ, ਕੈਂਸਰ ਨੂੰ ਦਬਾਉਣ ਲਈ ਅਤੀ ਲਾਭਦਾਇਕ ਹੈ। ਕੱਚੀ ਗੋਭੀ, ਬਰਾਕਲੀ, ਟਮਾਟਰ ਤੇ ਗਾਜਰਾਂ ਦਾ ਘਰ ਕੱਢਿਆ ਜੂਸ ਕੈਂਸਰ ਰੋਗ ਨੂੰ ਢੁੱਡਾਂ ਮਾਰ ਕੇ, ਸਰੀਰ ਦੇ ਨੇੜੇ ਨਹੀਂ ਫੜਕਣ ਦੇਂਦੇ। ਹਰੀਆਂ ਤੇ ਲਾਲ ਸਬਜ਼ੀਆਂ/ਫਲ ਕੈਂਸਰ ਤੋਂ ਇਲਾਵਾ ਹੋਰ ਅਨੇਕਾਂ ਰੋਗਾਂ ਦਾ ਟਾਕਰਾ ਕਰਨ ਲਈ ਸਰੀਰ ਦੀ ਕਿਲੇਬੰਦੀ ਕਰਦੇ ਨੇ। ਏਸ ਤੋਂ ਇਲਾਵਾ ਡਾਕਟਰ ਬੁਡਵਿਗ ਦੇ ਫਾਰਮੂਲੇ ਦਾ ਇਸਤੇਮਾਲ ਬਾਕਾਇਦਗੀ ਨਾਲ਼ ਕਰੋ: ਇਸ ਨਾਲ਼ਜ਼ਿੰਦਗੀ ਵਿੱਚ ਸ਼ੂਗਰ, ਕੈਂਸਰ, ਪਾਰਕਿਸਨ, ਤੇ ਕੋਲੈਸਟਰਾਲ ਤੁਹਾਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ।
ਇਹ ਫਾਰਮੂਲਾ ਦਵਾਈ ਨਹੀਂ ਸਗੋਂ ਤੁਹਾਡੇ ਬ੍ਰੇਕਫ਼ਾਸਟ ਦਾ ਬਦਲ ਹੈ:ਪਰਾਉਠਿਆਂ, ਆਮਲੇਟਾਂ ਤੇ ਸੀਰੀਅਲਾਂ ਦਾ ਖਹਿੜਾ ਛੱਡ ਕੇ ਬੁਡਵਿਗ ਖੁਰਾਕ ਨੂੰ ਅਪਣਾਵੋ! ਇਸ ਨਾਲ ਅਨੇਕਾਂ ਬੀਮਾਰੀਆਂ ਤੋਂ ਖਹਿੜਾ ਛੁੱਟਣ ਦੇ ਨਾਲ-ਨਾਲ ਸਰੀਰ ਵਿੱਚ ਥੱਕੀ ਹੋਈ ਤਾਕਤ ਅੰਗੜਾਈਆਂ ਲੈਣ ਲਗਦੀ ਹੈ।
ਬੁਡਵਿਗ ਫਾਰਮੂਲੇ ਨੂੰ ਤਿਆਰ ਕਰਨ ਦਾ ਢੰਗ:
ਜਰਮਨ ਡਾਕਟਰ ਜੋਹਾਨਾ ਬੁਡਵਿਗ
(ਸਤੰਬਰ 30, 1908-ਮਈ 19, 2003)
ਇੱਕ ਵੱਡਾ ਕੌਲਾ (ਬੋਅਲ) ਤੇ ਇੱਕ ਬਿਜਲੀ ਦਾ ਘੋਟਣਾ ਜਿਸ ਦੀ ਸ਼ਕਲ ਫੂਕਾਂ ਮਾਰਨ ਵਾਲ਼ੇ ਭੂਖਣੇ ਵਰਗੀ ਹੁੰਦੀ ਹੈ ਅਤੇ ਇਸ ਨੂੰ ਅੰਗਰੇਜ਼ੀ ਵਿੱਚ ‘ਹੈਂਡ ਬਲੈਂਡਰ’ ਆਖਦੇ ਹਨ, ਖ਼ਰੀਦੋ। ਕਿਸੇ ਵੀ ਸਟੋਰ ਤੋਂ ‘ਕੋਲਡ ਪਰੈੱਸਡ ਫ਼ਲੈਕਸ ਆਇਲ’ (ਅਲ਼ਸੀ ਦਾ ਤੇਲ) ਖ਼ਰੀਦੋ: ਸਟੋਰਾਂ ਤੋਂ ਮਿਲ਼ਦਾ ਆਮ ਅਲਸੀ-ਤੇਲ, ਕੋਲਡ-ਪ੍ਰੈੱਸਡ ਨਹੀਂ ਹੁੰਦਾ, ਇਸ ਲਈ ਯਕੀਨੀ ਬਣਾਓ ਕਿ ਖ਼ਰੀਦਿਆ ਜਾਣ ਵਾਲਾ ਤੇਲ ਕੋਲਡ-ਪ੍ਰੈੱਸਡ (ਯਾਨੀ ਕੱਚੀ ਘਾਣੀ ਦਾ) ਹੋਵੇ। ਭਾਰਤ ਵਿੱਚ ਇਹ ਤੇਲ ਕੋਹਲੂ ਤੋਂ ਕਢਵਾਇਆ ਜਾ ਸਕਦਾ ਹੈ। ਕਿਸੇ ਵੀ ਗਰੋਸਰੀ ਸਟੋਰ ਤੋਂ ਫ਼ੈਟ-ਫਰੀ ‘ਕਾਟਿਜ ਚੀਜ਼’ (ਇੰਡੀਆ ਵਿੱਚ ਸਪਰੇਟੇ ਦੁੱਧ ਦਾ ਦਾਣੇਦਾਰ ਪਨੀਰ) ਲਵੋ। ਬਦਾਮ, ਅਖਰੋਟ, ਪਿਸਤਾ, ਤੇ ਕਾਜੂ ਆਦਿਕ ਬਰਾਬਰ ਮਾਤਰਾ ‘ਚ ਲੈ ਕੇ ਗਰਾਈਂਡਰ ਵਿੱਚਮੋਟੇ-ਮੋਟੇ ਦਲ਼ੋ ਤੇ ਕਿਸੇ ਡੱਬੇ ‘ਚ ਸਾਂਭ ਲਵੋ ਤਾਂ ਕਿ ਤੁਸੀਂ ਇਸ ਨੂੰ ਦੋ ਕੁ ਚਮਚੇਮਾਤਰਾ ਵਿੱਚ ਹਰ ਰੋਜ਼ ਵਰਤ ਸਕੋਂ।
ਹਰ ਰੋਜ਼ ਸਵੇਰੇ ਤਿੰਨ ਵੱਡੇ ਚਮਚੇ ਤੇਲ ਤੇ ਛੇ ਚਮਚੇ ਕਾਟਿਜ ਚੀਜ਼ (ਪਨੀਰ), ਕੌਲੇ ‘ਚ ਪਾਵੋ: ਚਮਚੇ ਟੀਸੀ-ਕੱਢਵੇਂ ਨਹੀਂ ਸਗੋਂ ਪੱਧਰੇ ਰੱਖਣੇ ਹਨ। ਇਨ੍ਹਾਂ ਦੋਹਾਂ ਪਦਾਰਥਾਂ ਨੂੰ ਹੈਂਡ ਬਲੈਂਡਰ ਨਾਲ ਤਕਰੀਬਨ 45-50 ਸਕਿੰਟ ਘੋਟੋ ਤਾਂ ਇਹ ਗਾੜ੍ਹਾ ਪੇਸਟ ਬਣ ਜਾਵੇਗਾ ਜਿਸ ਵਿੱਚ ਤੇਲ ਦਾ ਨਾਮੋਨਿਸ਼ਾਨ ਨਹੀਂ ਦਿੱਸਣਾ ਚਾਹੀਦਾ; ਅਗਰ ਪੇਸਟ ਬਹੁਤਾ ਹੀ ਸੰਘਣਾਂ ਹੋਵੇ ਤਾਂ ਇਸ ਵਿਚ ਸੋਇਆ ਦਾ ਦੁੱਧ ਜਾਂ ਗਾਜਰ ਦਾ ਜੂਸ ਪਾਇਆ ਜਾ ਸਕਦਾ ਹੈ। ਤੁਹਾਡਾ ਕੈਂਸਰ ਦਾ ਫਾਰਮੂਲਾ ਤਿਆਰ ਹੈ। ਹੁਣ ਇਸ ਵਿੱਚ ਮਰਜ਼ੀ ਅਨੁਸਾਰ ਬਦਾਮ, ਅਖ਼ਰੋਟ, ਕਾਜੂ ਆਦਿਕ ਦੇ ਚੂਰੇ ਦਾ ਇੱਕ-ਡੇਢ ਚਮਚਾ ਮਿਲਾਵੋ; ਸੇਬ, ਨਾਸ਼ਪਾਤੀ, ਬਲਿਊ ਬੈਰੀ, ਆੜੂ, ਅਲੂਚਾ (ਪਲੱਮ) ਜਾਂ ਆਪਣੀ ਪਸੰਦ ਦੇ ਕੋਈ ਵੀ ਹੋਰ ਫਰੂਟ ਥੋੜ੍ਹੀ-ਥੋੜ੍ਹੀ ਮਾਤਰਾ ‘ਚ ਬਰੀਕ-ਬਰੀਕ ਕੱਟ ਕੇ ਸੁੱਟ ਲਵੋ। ਜਿਨ੍ਹਾਂ ਲੋਕਾਂ ਨੂੰ ਸ਼ੂਗਰ/ਕੈਂਸਰ ਦੀ ਸ਼ਕਾਇਤ ਹੈ, ਉਹ ਦਿਹਾੜੀ ਚ ਦੋ ਵਾਰੀ; ਤੇ ਜਿਨ੍ਹਾਂ ਨੇ ਇਹਨਾਂ ਬੀਮਾਰੀਆਂ ਤੋਂ ਬਚਣ ਦਾ ਅਗਾਊਂ ਇੰਤਜ਼ਾਮ ਕਰਨਾ ਹੈ ਉਹ ਸਵੇਰੇ ਇੱਕ ਵਾਰੀ ਖਾਣ। ਇਹ ਫਾਰਮੂਲਾ ਬਣਾਉਣ ਵੇਲੇ ਯਾਦ ਰੱਖੋ ਕਿ ਫ਼ਰੂਟ ਤਾਂ ਰਾਤ ਨੂੰ ਕੱਟ ਕੇ ਰੱਖੇ ਜਾ ਸਕਦੇ ਨੇ, ਮਗਰ ਤੇਲ ਤੇ ਚੀਜ਼ (ਪਨੀਰ) ਨੂੰ ਹਰ ਰੋਜ਼ ਤਾਜ਼ਾ ਇੱਕ-ਜਾਨ ਕਰਨਾ ਹੈ ਅਤੇ ਵੀਹ-ਪੰਝੀ ਮਿੰਟਾਂ ਦੇ ਅੰਦਰ-ਅੰਦਰ ਸੇਵਨ ਕਰ ਲੈਣਾ ਹੈ।
ਮੈਨੂੰ ਫ਼ੋਨ ਸਿਰਫ਼ ਉਸੇ ਹਾਲਤ ‘ਚ ਕਰਨਾ ਹੈ ਅਗਰ ਕਿਸੇ ਗੱਲ ਦੀ ਸਮਝ ਨਾ ਲੱਗੇ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਰੁਝੇਵਿਆਂ ‘ਚ ਬਹੁਤ ਖੁੱਭਿਆ ਹੋਇਆ ਹਾਂ। (ਕੈਨਡਾ 905-792-7357)
-
ਇਕਬਾਲ ਰਾਮੂਵਾਲੀਆ (ਕੈਨੇਡਾ), ਲੇਖਕ
baljindersekha247@gmail.com
ਕੈਨਡਾ 905-792-7357
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.