ਪਾਕਿਸਤਾਨ ਗਿਆ ਤਾਂ ਭਾਵੇਂ ਪਹਿਲੀ ਵਾਰ 1997ਵਿੱਚ ਸਾਂ ਪਰ ਸਾਹਿੱਤ ਦੇ ਹਵਾਲੇ ਨਾਲ ਮੇਰੀ ਪਹਿਲੀ ਫੇਰੀ 2001 ਵਿੱਚ ਸੀ। ਬਹਾਨਾ ਵਿਸ਼ਵ ਪੰਜਾਬੀ ਕਾਨਫਰੰਸ ਦਾ ਸੀ ਜੋ ਉਦੋਂ ਫਲੈਟੀਜ਼ ਹੋਟਲ ਵਿੱਚ ਹੋਈ ਸੀ।
ਉਸ ਕਾਨਫਰੰਸ ਵਿੱਚ ਉਹ ਲਿਖਾਰੀ ਮਿਲੇ ਜਿੰਨ੍ਹਾਂ ਨੂੰ ਪੜ੍ਹਦਿਆਂ ਜਵਾਨ ਹੋਏ ਸਾਂ। ਮੁਨੀਰ ਨਿਆਜ਼ੀ, ਸ਼ਰੀਫ਼ ਕੁੰਜਾਹੀ, ਅਹਿਮਦ ਰਾਹੀ, ਅਬਦੁੱਲਾ ਹੁਸੈਨ ਉਦਾਸ ਨਸਲੇਂ ਵਾਲੇ , ਸਿਬਤੁਲ ਹਸਨ ਜ਼ੈਗਮ, ਸ਼ਾਰਿਬ ਅਨਸਾਰੀ ਤੇ ਅਫ਼ਜ਼ਲ ਅਹਿਸਨ ਰੰਧਾਵਾ ਵਰਗੇ।
1997 ਵਾਲੀ ਫੇਰੀ ਤੇ ਤਾਂ ਸੰਗੀਤ ਦੇ ਮਹਾਂਰਥੀ ਸ਼ੌਕਤ ਅਲੀ, ਇਨਾਇਤ ਹੁਸੈਨ ਭੱਟੀ, ਆਰਫ਼ ਲੋਹਾਰ ਨਾਲ ਮੁਲਾਕਾਤਾਂ ਹੋਈਆਂ। ਭੱਟੀ ਸਾਹਿਬ ਦੇ ਘਰ ਤਾਂ ਗੁਲਾਮ ਅਲੀ,ਹੰਸ ਰਾਜ ਹੰਸ, ਮੇਰੇ ਮਿੱਤਰ ਰੀਤਿੰਦਰ ਸਿੰਘ ਭਿੰਡਰ ਉਨ੍ਹਾਂ ਦੀ ਜੀਵਨ ਸਾਥਣ ਇਨਾਮਿਤ ਕੌਰ ਤੋਂ ਇਲਾਵਾ ਮੇਰੀ ਜੀਵਨ ਸਾਥਣ ਜਸਵਿੰਦਰ ਵੀ ਨਾਲ ਸੀ। ਭੱਟੀ ਸਾਹਿਬ ਦੀਆਂ ਧੀਆਂ ਦਾ ਹੱਥੀ ਬਣਾਇਆ ਹਲਵਾ ਅੱਜ ਵੀ ਚੇਤਿਆਂ ਚ ਮਹਿਕਦਾ ਹੈ। ਸ਼ੌਕਤ ਅਲੀ ਭਾ ਜੀ ਦੇ ਕ੍ਰਿਸ਼ਨ ਨਗਰ ਵਾਲੇ ਘਰ ਦੀ ਯਾਦ ਕਮਾਲ ਹੈ। ਪੂਰੇ ਟੱਬਰ ਨੇ ਸਾਨੂੰ ਤੇਲ ਚੋ ਕੇ ਗੁੜ ਨਾਲ ਮੂੰਹ ਮਿੱਠਾ ਕਰਾ ਕੇ ਆਪਣੇ ਘਰ ਵਾੜਿਆ ਸੀ। ਮੇਰਾ ਮਿੱਤਰ ਜਸਵਿੰਦਰ ਸਿੰਘ ਬਲੀਏਵਾਲ ਕਹਿ ਰਿਹਾ ਸੀ ਕਿ ਘਰ ਆਇਆਂ ਦਾ ਸਤਿਕਾਰ ਤਾਂ ਅਸੀਂ ਵੀ ਕਰਦੇ ਹਾਂ
ਪਰ ਇਹ ਤਾਂ ਹੱਦੋਂ ਪਾਰ ਕਰਦੇ ਨੇ।
ਖ਼ੈਰ! ਗੱਲ ਤਾਂ ਇਹ ਦੱਲਣੀ ਸੀ ਕਿ ਇਸ ਸ਼ਹਿਰ ਵਿੱਚ ਅਫ਼ਜ਼ਲ ਅਹਿਸਨ ਰੰਧਾਵਾ ਸਾਹਿਬ ਨੂੰ ਮੈਂ ਪਹਿਲੀ ਵਾਰ ਮਿਲਿਆ। ਭਾ ਜੀ ਵਰਿਆਮ ਸਿੰਘ ਸੰਧੂ ਦੀ ਸ਼ਾਇਦ ਦੂਸਰੀ ਮਿਲਣੀ ਸੀ। ਇਹ ਤਸਵੀਰ ਉਸ ਮਿਲਣੀ ਵੇਲੇ ਦੀ ਹੈ।
ਇੱਕ ਵਾਰ ਉਹ ਲੁਧਿਆਣੇ ਵੀ ਆਏ ਸਨ। ਚੰਡੀਗੜ੍ਹੋਂ ਲਾਹੌਰ ਜਾਂਦਿਆਂ ਸੰਧੂ ਸਟੁਡੀਉ ਤੇ ਰੁਕੇ। ਜਿੱਥੇ ਡਾ. ਕੇਵਲ ਧੀਰ, ਤੇਜ ਪਰਤਾਪ ਸਿੰਘ ਸੰਧੂ, ਪ੍ਰੋ. ਮਹਿੰਦਰ ਸਿੰਘ ਚੀਮਾ ਤੇ ਅਸੀਂ ਸਭ ਦੋਸਤਾਂ ਨੇ ਸੁਆਗਤ ਕੀਤਾ। ਚੰਡੀਗੜ੍ਹੋਂ ਸ. ਗੁਲਜ਼ਾਰ ਸਿੰਘ ਸੰਧੂ ਤੇ ਬਲਬੀਰ ਸਿੰਘ ਐਡਵੋਕੇਟ ਲੈ ਕੇ ਆਏ ਸਨ।
ਤੁਸੀਂ ਪੁੱਛੋਗੇ ਕਿ ਇਹ ਸੱਜਣ ਕੌਣ ਨੇ। ਲਉ ਸੁਣੋ! ਵਿਕੀਪੀਡੀਆ ਦੀ ਜ਼ਬਾਨੀ
ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ 1 ਸਤੰਬਰ 1937 ਨੂੰ ਹੁਸੈਨਪੁਰਾ(ਅੰਮ੍ਰਿਤਸਰ ) ਵਿੱਚ ਹੋਇਆ। ਉਸ ਦਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨੀ ਪੰਜਾਬ) ਵਿੱਚ ਹੈ। ਉਹ ਲੰਮਾ ਸਮਾਂ ਪਾਕਿਸਤਾਨ ਪੰਜਾਬ ਦੇ ਫੈਸਲਾਬਾਦ ਸ਼ਹਿਰ ਵਿੱਚ ਵਕਾਲਤ ਕਰਦੇ ਰਹੇ। 19 ਸਤੰਬਰ 2017 ਨੂੰ ਉਹਨਾਂ ਦੀ ਫ਼ੈਸਲਾਬਾਦ ਵਿਖੇ ਮੌਤ ਹੋ ਗਈ।
ਅਫ਼ਜ਼ਲ ਅਹਿਸਨ ਰੰਧਾਵਾ ਨੇ ਆਪਣੀ ਮੁਢਲੀ ਸਿੱਖਿਆ ਲਾਹੌਰ ਤੋਂ ਹਾਸਲ ਕੀਤੀ। ਫਿਰ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ ਦਸਵੀਂ ਕਰਨ ਉੱਪਰੰਤ, ਮੱਰੇ ਕਾਲਜ ਸਿਆਲਕੋਟ ਤੋਂ ਗ੍ਰੈਜੁਏਸ਼ਨ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਲਾਅ ਦੀ ਡਿਗਰੀ ਲਈ।
ਅਫ਼ਜ਼ਲ ਅਹਿਸਨ ਰੰਧਾਵਾ ਪਹਿਲਾਂ ਤਿੰਨ ਸਾਲ ਲਾਇਲਪੁਰ ਖੇਤੀ ਯੂਨੀਵਰਸਿਟੀ, ਫ਼ੈਸਲਾਬਾਦ ਵਿੱਚ ਕੰਮ ਕਰਦਾ ਰਿਹਾ ਤੇ ਫਿਰ ਵਕੀਲ ਦੇ ਤੌਰ 'ਤੇ ਪੱਕਾ ਪੇਸ਼ਾ ਚੁਣ ਲਿਆ। ਉਹ ਰਾਜਨੀਤੀ ਵਿੱਚ ਵੀ ਸਰਗਰਮ ਹੋ ਗਿਆ। 1970 ਵਿੱਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਲਾਇਲਪੁਰ ਦਾ ਵਾਈਸ-ਚੇਅਰਮੈਨ, ਅਤੇ 1972 ਵਿੱਚ ਉਹ ਫ਼ੈਸਲਾਬਾਦ ਤੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ। ਉਸਨੇ ਪਾਕਿਸਤਾਨ ਦੇ ਪਹਿਲੇ ਜਮਹੂਰੀ ਸੰਵਿਧਾਨ ਦੀ ਉਸਾਰੀ ਵਿੱਚ ਸਰਗਰਮ ਹਿੱਸਾ ਲਿਆ। ਉਹ ਫ਼ੈਸਲਾਬਾਦ ਦੀ ਬਾਰ ਐਸੋਸੀਏਸ਼ਨ ਦਾ ਵਾਈਸ-ਚੇਅਰਮੈਨ, ਅਜ਼ਾਦ ਜੰਮੂ-ਕਸ਼ਮੀਰ ਕੌਂਸਲ ਦਾ ਮੈਂਬਰ, ਕੇਂਦਰੀ ਫ਼ਿਲਮ ਸੈਂਸਰ ਬੋਰਡ ਦਾ ਮੈਂਬਰ, ਰੇਡੀਓ ਤੇ ਟੈਲੀਵੀਜ਼ਨ ਦੀ ਕੇਂਦਰੀ ਕਮੇਟੀ ਦਾ ਮੈਂਬਰ, ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ ਦਾ ਮੈਂਬਰ ਸਮੇਤ ਹੋਰ ਅਨੇਕ ਅਹੁਦਿਆਂ ਤੇ ਰਿਹਾ।
ਅਫ਼ਜ਼ਲ ਅਹਿਸਨ ਰੰਧਾਵਾ ਨੇ 1950 ਦੇ ਦਹਾਕੇ ਵਿੱਚ ਉਰਦੂ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਜੋ ਲਾਹੌਰ ਤੋਂ ਨਿਕਲਣ ਵਾਲੇ ਰਸਾਲਿਆਂ 'ਇਕਦਾਮ' ਔਰ 'ਕੰਦੀਲ' ਵਿੱਚ ਛਪੀਆਂ। ਆਪਣੀ ਪਹਿਲੀ ਉਰਦੂ ਕਹਾਣੀ ਦਾ ਉਸਨੇ ਬਾਦ ਵਿੱਚ ਪੰਜਾਬੀ ਤਰਜਮਾ ਕੀਤਾ ਜੋ “ਰੰਨ, ਤਲਵਾਰ ਤੇ ਘੋੜਾ “ਦੇ ਨਾਮ ਨਾਲ ਮਸ਼ਹੂਰ ਹੋਈ। ਇਸ ਨੂੰ ਆਸਿਫ਼ ਖ਼ਾਨ ਸਾਹਿਬ ਨੇ ਬਾਦ ਵਿੱਚ ਆਪਣੇ ਰਸਾਲੇ ਪੰਜਾਬੀ ਅਦਬ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕਹਾਣੀਕਾਰਾਂ ਦੀਆਂ ਚੋਣਵੀਆਂ ਕਹਾਣੀਆਂ 'ਅਜੋਕੀ ਕਹਾਣੀ' ਵਿੱਚ ਵੀ ਪ੍ਰਕਾਸ਼ਿਤ ਕੀਤਾ। ਰੰਧਾਵਾ ਨੇ 1958 ਤੋਂ ਬਾਕਾਇਦਾ ਤੌਰ 'ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।ਅਫ਼ਜ਼ਲ ਅਹਿਸਨ ਰੰਧਾਵਾ ਆਖ਼ਰੀ ਦਮ ਤੱਕ ਪੂਰੀ ਸਰਗਰਮੀ ਨਾਲ ਲਿਖਦੇ ਆ ਰਹੇ।
ਅਫ਼ਜ਼ਲ ਅਹਿਸਨ ਰੰਧਾਵਾ ਉਨ੍ਹਾਂ ਚੋਣਵੇ ਬਜੁਰਗ ਲੇਖਕਾਂ ਵਿਚੋਂ ਹਨ ਜੋ ਸਾਹਿਤਕ ਰਚਨਾਵਾਂ ਅਤੇ ਵਿਚਾਰ ਵਟਾਂਦਰੇ ਲਈ ਆਧੁਨਿਕ ਸੂਚਨਾ ਤਕਨੀਕ ਦੀ ਵਰਤੋਂ ਕਰਦੇ ਸਨ। ਸੋਸ਼ਲ ਮੀਡੀਆ ਦੀ ਫੇਸਬੁੱਕ ਸਾਈਟ ਤੇ ਆਪਣੀਆਂ ਰਚਨਾਵਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਸਨ ਜਿਸਨੂੰ ਪਾਠਕਾਂ ਵੱਲੋਂ ਕਾਫੀ ਹੁੰਗਾਰਾ ਮਿਲਦਾ ਸੀ।
ਉਹਨਾਂ ਦਾ ਅਦਬੀ ਯੋਗਦਾਨ ਵੀ ਕਮਾਲ ਸੀ। ਨਾਵਲ ਖੇਤਰ ਵਿੱਚ
ਸੂਰਜ ਗ੍ਰਹਿਣ (1985)ਦੋਆਬਾ (1981)ਦੀਵਾ ਤੇ ਦਰਿਆ (1961)
ਪੰਧ (1998) ਕਮਾਲ ਹਨ।
ਕਹਾਣੀ ਸੰਗ੍ਰਹਿ ਰੰਨ, ਤਲਵਾਰ ਤੇ ਘੋੜਾ (1973)ਮੁੰਨਾ ਕੋਹ ਲਾਹੌਰ (1989)ਪੜ੍ਹਨ ਯੋਗ ਕਿਰਤਾਂ ਹਨ।
ਕਾਵਿ ਸੰਗ੍ਰਹਿ ਸ਼ੀਸ਼ਾ ਇੱਕ ਲਿਸ਼ਕਾਰੇ ਦੋ (1965)ਰੱਤ ਦੇ ਚਾਰ ਸਫ਼ਰ (1975)ਪੰਜਾਬ ਦੀ ਵਾਰ (1979)
ਮਿੱਟੀ ਦੀ ਮਹਿਕ (1983)ਪਿਆਲੀ ਵਿੱਚ ਅਸਮਾਨ (1983)ਛੇਵਾਂ ਦਰਿਆ (1997)
ਨਾਟਕ ਖੇਤਰ ਵਿੱਚ ਸੱਪ ਸ਼ੀਂਹ ਤੇ ਫ਼ਕੀਰ
ਇਕਲੌਤੀ ਰਚਨਾ ਹੈ। ਅਨੁਵਾਦ ਵੀ ਕਮਾਲ ਕੀਤੇ। ਟੁੱਟ-ਭੱਜ (ਅਫ਼ਰੀਕੀ ਨਾਵਲ)ਤਾਰੀਖ ਨਾਲ ਇੰਟਰਵਿਊ (ਯੂਨਾਨੀ) ਕਾਲਾ ਪੈਂਡਾ (19 ਅਫ਼ਰੀਕੀ ਮੁਲਕਾਂ ਦੀਆਂ 82 ਕਵਿਤਾਵਾਂ ਅਤੇ ਅਮਰੀਕਾ ਦੇ 19 ਕਾਲੇ ਕਵੀਆਂ ਦੀਆਂ ਚੋਣਵੀਆਂ ਨਜ਼ਮਾਂ) ਪਹਿਲਾਂ ਦੱਸੀ ਗਈ ਮੌਤ ਦਾ ਰੋਜ਼ਨਾਮਚਾ (ਹਿਸਪਾਨਵੀ ) ਪ੍ਰਮਿੱਖ ਹਨ।
ਉਹ ਤਾਂ ਚਲੇ ਗਏ ਪਰ ਤਸਵੀਰ ਬਹਾਨੇ ਯਾਦ ਸਲਾਮਤ ਹੈ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.