ਵਿਸ਼ਵ ਵਾਤਾਵਰਣ ਦਿਵਸ ਤੇ ਵਿਸ਼ੇਸ਼: ਆਲਮੀ ਤਪਸ਼ ਅਤੇ ਵਿਗੜੇ ਵਾਤਾਵਰਣ ਕਾਰਨ ਸੰਕਟ ਵਿੱਚ ਮਨੁੱਖੀ ਜਿੰਦਗੀ
ਡਿੰਪਲ ਵਰਮਾ
ਧਰਤੀ ਨਾਮਕ ਇਸ ਗ੍ਰਹਿ ਉੱਪਰ ਜਿਉਂਦਾ ਰਹਿਣ ਲਈ ਸਭ ਤੋਂ ਜਰੂਰੀ ਚੀਜ਼ਾਂ ਵਿੱਚੋਂ ਇੱਕ ਹੈ ਵਾਤਾਵਰਣ।ਜਿੰਦਗੀ ਜਿਉਣ ਦੀ ਹਰੇਕ ਮੁੱਢਲੀ ਸ਼ੈਅ ਫਿਰ ਭਾਂਵੇਂ ਉਹ ਪਾਣੀ , ਹਵਾ, ਜਮੀਨ, ਰੁੱਖ ਜਾਂ ਕੁਦਰਤ ਕੁਝ ਵੀ ਹੋਵੇ ਸਭ ਵਾਤਾਵਰਣ ਦਾ ਹੀ ਹਿੱਸਾ ਹੈ।ਹਜਾਰਾਂ ਸਾਲਾਂ ਤੋਂ ਕੁਦਰਤ ਸਾਨੂੰ ਇਹ ਸਭ ਬਿਨਾਂ ਕਿਸੇ ਸ਼ਰਤ ਤੋਂ ਪ੍ਰਦਾਨ ਕਰ ਰਹੀ ਹੈ ਤਾਂ ਜੋ ਮਨੁੱਖੀ ਜੀਵਨ ਸੁਖਾਲਾ ਹੋ ਸਕੇ ਪਰ ਅੱਜ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੂਰੇ ਸੰਸਾਰ ਵਿੱਚ ਵਾਤਾਵਰਣ ਸੰਬੰਧੀ ਹਾਲਾਤ ਸਾਜ਼ਗਾਰ ਨਹੀਂ ਰਹਿ ਗਏ ਹਨ। ਸਨਅਤੀਕਰਨ ਅਤੇ ਸ਼ਹਿਰੀਕਰਨ ਦੇ ਨਾਮ ਤੇ ਮਨੱਖ ਦੁਆਰਾ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਜਮੀਨ ਦੀ ਅਣਉਚਿਤ ਵਰਤੋਂ ਨੇ ਵਾਤਾਵਰਣ ਨੂੰ ਬੁਰੀ ਤਰਾਂ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ । ਵਿਗਿਆਨੀਆਂ ਨੇ ਵੀ ਮੰਨ ਲਿਆ ਹੈ ਕਿ ਮਨੁੱਖ ਅੱਜ ਆਪਣੀਆਂ ਗਲਤੀਆਂ ਕਰਕੇ ਇੱਕ ਖਤਰਨਾਕ ਮੋੜ ਤੇ ਆ ਖਲੋਤਾ ਹੈ।
ਵਿਸ਼ਵ ਭਰ ਵਿੱਚ ਜਿੱਥੇ ਗਲੋਬਲ ਵਾਰਮਿੰਗ ਨੂੰ ਇੱਕ ਵੱਡਾ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ।ਉੱਥੇ ਹੀ ਗਲੇਸ਼ੀਅਰਾਂ ਦੇ ਤੇਜੀ ਨਾਲ ਪਿਘਲਣ ਨਾਲ ਹਾਲਾਤ ਹੋਰ ਵੀ ਚਿੰਤਾਜਨਕ ਬਣ ਚੁੱਕੇ ਹਨ। ਇਸੇ ਕਰਕੇ ਕਦੇ ਪਿੰਡ ਨੂੰ ਲੂਹ ਸੁੱਟਣ ਵਾਲੀ ਗਰਮੀਂ ਪੈਂਦੀ ਹੈ, ਕਦੇ ਬੇਰੁੱਤੇ ਮੀਂਹ ਅਤੇ ਕਦੇ ਬੇ ਮੌਸਮੀ ਕੋਹਰਾ। ਗੱਲ ਕੀ ਹਰੇਕ ਰੁੱਤ, ਹਰੇਕ ਮੌਸਮ ਦਾ ਢਾਚਾਂ ਅਸਤ ਵਿਅਸਤ ਹੋ ਗਿਆ ਹੈ। ਇਸੇ ਤਬਦੀਲੀ ਸਦਕਾ ਹੀ ਪਿਛਲੇ ਕੁਝ ਦਿਨਾਂ ਦੌਰਾਨ ਅਸੀ ਸਭ ਭਿਅੰਕਰ ਗਰਮੀ ਅਤੇ ਆਲਮੀ ਤਪਸ਼ ਨੂੰ ਮਹਿਸੂਸ ਕਰ ਚੁੱਕੇ ਹਾਂ ।ਸ਼ਾਇਦ ਹੀ ਪਿਛਲਾ ਪੱਚੀ ਸਾਲਾਂ ਦੌਰਾਨ “ਹੀਟ ਵੇਵ”ਦਾ ਇਨਾਂ ਪ੍ਰਕੋਪ ਦੇਖਣ ਨੂੰ ਮਿਲਆ ਹੋਵੇ ਜਿਨਾਂ ਅਸੀਂ ਕੁਝ ਦਿਨ ਪਹਿਲ਼ਾਂ ਹੰਢਾ ਕੇ ਹਟੇ ਹਾਂ ।ਕਈ ਥਾਂਵਾਂ ਤੇ ਤਾਂ ਤਾਪਮਾਨ 49 ਡਿਗਰੀ ਨੂੰ ਵੀ ਪਾਰ ਕਰਦਾ ਦੇਖਿਆ ਗਿਆ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
ਇਹ ਹਾਲਾਤ ਤਾਂ ਕੇਵਲ ਧਰਤੀ ਦੇ ਹਨ।ਸਮੁੰਦਰਾਂ ਨਦੀਆਂ ਦੀ ਹਾਲਤ ਤਾਂ ਇਸ ਤੋਂ ਵੀ ਖਸਤਾ ਹੈ। ਮੌਸਮ ਵਿਗਿਆਨੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜਿਸ ਹਿਸਾਬ ਨਾਲ ਆਉਣ ਵਾਲੇ ਸਮੇਂ ਦੌਰਾਨ ਭਾਰਤ,ਚੀਨ ਅਥੇ ਨੇਪਾਲ ਦੀਆਂ ਸੱਤ ਨਦੀਆਂ ਵਿੱਚ ਅਜੀਬੋ-ਗਰੀਬ ਸਥਿਤੀ ਪੈਦਾ ਹੋ ਸਕਦੀ ਹੈ।ਇਹਨਾਂ ਦਾ ਪਾਣੀ ਤੇਜੀ ਨਾਲ ਪਹਿਲਾਂ ਉੱਪਰ ਵੱਲ ਵਧੇਗਾ ਅਤੇ ਫਿਰ ਤੇਜੀ ਨਾਲ ਨੀਵਾਂ ਹੋ ਜਾਵੇਗਾ।ਇਸ ਦੇ ਚਲਦੇ 2050 ਤੱਕ ਭਾਰਤ ਵਿੱਚ ਪ੍ਰਤੀ ਵਿਅਕਤੀ 30 ਫੀਸਦੀ ਪਾਣੀ ਘੱਟ ਮਿਲੇਗਾ।ਗਰਮੀ ਜੇਕਰ ਇਸੇ ਰਫਤਾਰ ਨਾਲ ਵਧਦੀ ਗਈ ਤਾਂ 2100 ਤੱਕ ਪਾਣੀ ਦਾ ਪੱਧਰ 1ਮੀਟਰ ਤੱਕ ਹੋ ਜਾਵੇਗਾ; ਜਿਸ ਦੇ ਚਲਦੇ ਨੀਦਰਲੈਂਡ ਦੇ 6 ਮਿਸਰ ਦਾ ਇੱਕ,ਬੰਗਲਾਦੇਸ਼ ਦੇ ਫੀਸਦੀ ਹਿੱਸੇ ਤੋਂ ਇਲਾਵਾ ਮਾਰਸ਼ਾਨ ਆਈਲੈਂਡ ਦਾ 80 ਫੀਸਦੀ ਹਿੱਸਾ ਪਾਣੀ ਵਿੱਚ ਹਿਮਖੰਡ ਹਰੇਕ ਸਾਲ 10ਤੋਂ15 ਮੀਟਰ ਪਿੱਛੇ ਹਟ ਰਹੇ ਹਨ।
ਵਾਤਾਵਰਣ ਨੂੰ ਖਰਾਬ ਕਰਨ ਵਿੱਚ ਮਨੁੱਖ ਦੁਆਰਾ ਵਾਤਾਵਰਣ ਵਿੱਚ ਛੱਡੀ ਕਾਰਬਨਡਾਈਆਕਸਾਈਡ ਦਾ ਰੋਲ ਵੀ ਬਹੁਤ ਵੱਡਾ ਹੈ।ਹਰ ਸਾਲ ਹਜ਼ਾਰਾਂ ਮੀਟਰਿਕ ਟਨ ਦੇ ਕਰੀਬ ਜਹਿਰੀਲੀ ਗੈਸ ਵਾਤਾਵਰਨ ਵਿੱਚ ਛੱਡੀ ਜਾ ਰਹੀ ਹੈ।ਜਿਸ ਵਿੱਚ ਸਭ ਤੋਂ ਪਹਿਲਾਂ ਨੰਬਰ ਗੁਆਢੀ ਮੁਲਕ ਚਾਇਨਾਂ,ਦੂਜਾ ਅਮਰੀਕਾ ਤੀਸਰਾ ਸਥਾਨ ਭਾਰਤ ਦਾ ਹੈ।ਵਾਤਾਵਰਣ ਅਤੇ ਇਸ ਦੀ ਆਬੋ-ਹਵਾ ਵਿੱਚ ਆ ਰਹੇ ਭੇਜ ਪਰਿਵਰਤਨਾ ਨੇ ਦੁਨੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜਲਵਾਯੂ ਵਿੱਚ ਆ ਰਹੇ ਬਦਲਾਅ ਅੱਗੇ ਵਿਕਸਿਤ ਅਤੇ ਵਿਕਾਸਸ਼ੀਲਤਾ ਵਰਗੀਆਂ ਗੱਲਾਂ ਬੇ-ਮਾਨੀਆਂ ਹਨ।ਵਿਸ਼ਵ ਬੈਂਕ ਵੱਲੋਂ ਕਰਵਾਏ ਇੱਕ ਅਧੀਐਨ ਦੀ ਮੰਨੀਏ ਤਾਂ ਸਾਫ ਜਾਹਿਰ ਹੈ ਕਿ ਜੇ ਵਾਤਾਵਰਣ ਦੇ ਵਿਗਾੜ ਤੋਂ ਹੋਏ ਨੁਕਸਾਨ ਨੂੰ ਖਤਮ ਕਰਨਾ ਹੈ ਤਾਂ ਦੁਨੀਆਂ ਨੂੰ ਆਪਣੀ ਆਰਥਿਕ ਵਿਕਾਸ ਦੀ ਦਰ ਦਾ ਘੱਟ ਤੋਂ ਘੱਟ 5 ਫੀਸਦੀ ਹਿੱਸਾ ਪ੍ਰਦੂਸ਼ਣ ਮੁਕਤ ਤਕਨੀਕਾਂ ਅਤੇ ਜਲਵਾਯੂ ਦੀ ਸੁਰੱਖਿਆ ਲਈ ਖਰਚ ਕਰਨਾ ਹੋਵੇਗਾ।ਦੁਨੀਆਂ ਦੀ ਸਭ ਤੋਂ ਵੱਡੀ ਪੰਚਾਇਤ ਸੰਯਾਕਤ ਰਾਸ਼ਟਰ ਸੰਘ ਵੱਲੋਂ ਕਰਵਾਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਵਾਤਾਵਰਣ ਬਦਲਦੇ ਮਿਜਾਜ਼ ਦੀ ਸਭ ਤੋਂ ਵੱਡੀ ਕੀਮਤ ਏਸ਼ੀਆ ਅਤੇ ਅਫਰੀਕਾ ਦੀ ਉਸ ਅਬਾਦੀ ਨੂੰ ਤਾਰਨੀ ਪਵੇਗੀ ਜੋ ਪਹਿਲਾਂ ਹੀ ਆਪਣੀ ਜਿੰਦਗੀ ਬਸਰ ਕਰਨ ਲਈ ਸੰਘਰਸ਼ ਕਰ ਰਹੀ ਹੈ।
“ਸੌ ਹੱਥ ਰੱਸਾ,ਸਿਰੇ ਤੇ ਗੰਢ”,ਜੇਕਰ ਧਰਤੀ ਅਤੇ ਮਨੁੱਖ ਇਸ ੳਾਫਤ ਤੋਂ ਬਚਾਉਣਾ ਹੈ ਤਾਂ 2050 ਤੱਕ ਕਾਰਬਨ ਦੀ ਮਾਤਰਾ ਅੱਧੀ ਕਰਨੀ ਹੋਵੇਗੀ। ਹਰੇਕ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਨੂਮ ਚਾਹਿਦਾ ਹੈ ਕਿ ਉਹ ਅੰਕੜਿਆ ਦੀ ਪਿੱਠ ਥਾਪੜਨਾ ਛੱਡ ਕੇ,ਵਿਸ਼ਵ ਨੂੰ ਬਚਾਉਣ ਲਈ ਇਕਸਰ ਹੋਣ। ਕੇਵਲ ਵਿਸ਼ਵ ਤੱਧਰ ਤੇ ਹੀ ਨਹੀਂ ਸਗੋਂ ਹੁਣ ਜਰੂਰਤ ਹੈ ਵਿਅਕਤੀਗਤ ਪੱਧਰ ਤੇ ਆ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ।ਇੱਕ ਪਾਸੇ ਜਿੱਥੇ ਕਾਰਬਨ ਦੇ ਵਾਤਾਵਰਣ ਵਿੱਚ ਮਿਲਣ ਤੇ ਕੰਟਰੋਲ ਕਰਨ ਦੀ ਜਰੂਰਤ ਹੈ ਉੱਥੇ ਹੀ ਹੋ ਚੁੱਕੇ ਨੁਕਸਾਨ ਨੂੰ ਠੀਕ ਕਰਨ ਲਈ ਵੀ ਯਤਨ ਕਰਨੇ ਬਣਦੇ ਹਨ।ਅਤੇ ਇਸ ਦਾ ਸਭ ਤੋਂ ਸੌਖਾ ਅਤੇ ਸਰਲ ਤਰੀਕਾ ਹੈ ਦਰੱਖਤ ਲਗਾਉਣਾ।ਜੇਕਰ ਅਸੀਂ ਸਭ ਇਸ ਵਾਤਾਵਰਣਦਿਵਸ ਤੇ ਬੀੜਾ ਚੁੱਕੀਏ ਕਿ ਅਸੀਂ ਨਾ ਸਿਰਫ ਦਰੱਖਤ ਲਗਵਾਂਗੇ ਸਗੋਂ ਵੱਧ ਤੋਂ ਵੱਧ ਉਨਾਂ ਦਾ ਪੋਸ਼ਣ ਵੀ ਕਰਾਂਗੇ ਤਾਂ ਹੋ ਸਕਦਾ ਹੈ ਅਸੀਂ ਇਸ ਆਲਮੀ ਤਪਸ਼ ਨੂੰ ਕੁੱਝ ਘੱਟ ਕਰਨ ਵਿੱਚ ਕਾਮਯਾਬ ਹੋ ਸਕੀਏ।
-
ਡਿੰਪਲ ਵਰਮਾ, ਹੈਡਮਿਸਟਰੈਸ ਸਰਕਾਰੀ ਹਾਈ ਸਕੂਲ ਕਰਮਗੜ੍ਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
dimple_86j@yahoo.com
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.