ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ
ਉਜਾਗਰ ਸਿੰਘ
ਪੰਜਾਬ ਦੇ ਵੋਟਰਾਂ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੀ ਔਕਾਤ ਅਨੁਸਾਰ ਸੀਟਾਂ ਦੇ ਕੇ ਚੁੱਪ ਕਰਾ ਦਿੱਤਾ ਹੈ। ਪ੍ਰੰਤੂ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦੋ ਮਹੀਨਿਆਂ ਲਈ 600 ਯੁਨਿਟਾਂ ਮੁਫ਼ਤ ਦੀ ਸਹੂਲਤ ਦੇ ਕੇ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਮ ਆਦਮੀ ਪਾਰਟੀ ਨੂੰ ਫਿਰ ਵੀ 3 ਸੀਟਾਂ ‘ਤੇ ਹੀ ਸਬਰ ਕਰਨਾ ਪਿਆ। ਲੋਕ ਸਭਾ ਦੀਆਂ ਚੋਣਾ ਵਿੱਚ ਕਈ ਤਰ੍ਹਾਂ ਦੀਆਂ ਵਿਲੱਖਣਤਾਵਾਂ ਵੇਖਣ ਨੂੰ ਮਿਲੀਆਂ ਹਨ। ਹੁਣ ਤੱਕ ਦੀਆਂ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾ ਵਿੱਚ ਹਮੇਸ਼ਾ ਦੋ ਪਾਰਟੀਆਂ ਦੇ ਸਿੱਧੇ ਮੁਕਾਬਲੇ ਹੁੰਦੇ ਰਹੇ ਹਨ। ਕੁੱਝ ਕੁ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਤਾਂ ਹੁੰਦੇ ਸਨ, ਪ੍ਰੰਤੂ ਮੁੱਖ ਮੁਕਾਬਲਾ ਆਮ ਤੌਰ ‘ਤੇ ਦੋ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੁੰਦਾ ਸੀ। ਅਕਾਲੀ ਦਲ ਵੀ ਲਗਪਗ ਹਮੇਸ਼ਾ ਹੀ ਕਿਸੇ ਸਹਿਯੋਗੀ ਪਾਰਟੀ ਨਾਲ ਮਿਲ ਕੇ ਚੋਣ ਲੜਦਾ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਹੀ ਇਕੱਲੀਆਂ-ਇਕੱਲੀਆਂ ਚੋਣਾ ਲੜੀਆਂ ਹਨ। ਅਕਾਲੀ ਦਲ ਇਕ ਵਾਰ ਬਹੁਜਨ ਸਮਾਜ ਪਾਰਟੀ ਅਤੇ ਉਸ ਤੋਂ ਬਾਅਦ ਹਮੇਸ਼ਾ ਹੀ ਜਨ ਸੰਘ/ ਭਾਰਤੀ ਜਨਤਾ ਪਾਰਟੀ ਨਾਲ ਰਲਕੇ ਚੋਣਾ ਲੜਦਾ ਸੀ। ਕਾਂਗਰਸ ਪਾਰਟੀ ਹਮੇਸ਼ਾ ਹੀ ਇਕੱਲਿਆਂ ਚੋਣਾ ਲੜਦੀ ਰਹੀ ਹੈ। ਪਿਛਲੀਆਂ ਦੋ ਚੋਣਾ ਤੋਂ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਆ ਗਈ ਹੈ। ਹਾਲਾਂ ਕਿ ਆਮ ਆਦਮੀ ਪਾਰਟੀ ਪੰਜਾਬ ਤੋਂ ਬਿਨਾ ਸਮੁੱਚੇ ਭਾਰਤ ਵਿੱਚ ਇੰਡੀਆ ਧੜੇ ਵਿੱਚ ਸ਼ਾਮਲ ਹੋ ਕੇ ਚੋਣਾ ਲੜ ਰਹੀ ਹੈ। ਇਸ ਵਾਰ ਦੀ ਚੋਣ ਦੀ ਇਕ ਹੋਰ ਵਿਲੱਖਣਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਖੁਲਮ ਖੁਲ੍ਹਾ ਆਯੋਧਿਆ ਵਿੱਚ ਸਥਾਪਤ ਕੀਤੇ ਰਾਮ ਮੰਦਰ ਦੇ ਨਾਮ ‘ਤੇ ਵੋਟਾਂ ਮੰਗੀਆਂ ਹਨ। ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਹੋਰ ਧੜੇ ਪੰਥ ਦੇ ਨਾਮ ‘ਤੇ ਵੋਟਾਂ ਮੰਗਦੇ ਰਹੇ ਹਨ।
ਇਸ ਵਾਰ 18 ਦਲ ਦਬਦਲੂਆਂ ਨੇ ਵੀ ਚੋਣ ਲੜੀ ਹੈ, ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਹੁਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨ। ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਵਿੱਚ ਆਪਣੇ ਦਮ ‘ਤੇ ਇਕੱਲਿਆਂ ਚੋਣ ਲੜੀ ਹੈ। ਇਸ ਵਾਰ ਸਾਰੀਆਂ ਪਾਰਟੀਆਂ ਮੁੱਦਿਆਂ ਦੀ ਥਾਂ ਦੂਸ਼ਣਬਾਜ਼ੀ ਹੀ ਕਰਦੀਆਂ ਰਹੀਆਂ ਹਨ। ਪੰਜਾਬ ਦਾ ਵਿਕਾਸ, ਆਰਥਿਕਤਾ, ਨਸ਼ੇ, ਗੈਂਗਸਟਰਵਾਦ, ਜ਼ਮੀਨਦੋਜ਼ ਪਾਣੀ, ਬੇਰੋਜ਼ਗਾਰੀ ਅਤੇ ਭਰਿਸ਼ਟਾਚਾਰ ਵਰਗੇ ਅਹਿਮ ਮੁੱਦੇ ਨਦਾਰਦ ਰਹੇ। ਮੁਫ਼ਤਖ਼ੋਰੀ ਦਾ ਖ਼ੂਬ ਪ੍ਰਚਾਰ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਆਟਾ ਦਾਲ ਸਕੀਮ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਰਹੇ। ਗਰੰਟੀਆਂ ਦਾ ਨਵਾਂ ਮੁੱਦਾ ਵੀ ਭਾਰੀ ਰਿਹਾ। 13 ਲੋਕ ਸਭਾ ਮੈਂਬਰਾਂ ਵਿੱਚੋਂ 8 ਮੈਂਬਰ ਪਹਿਲੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੇ। ਦੋ ਲੋਕ ਸਭਾ ਮੈਂਬਰਾਂ ਨੂੰ ਛੱਡਕੇ 11 ਮੈਂਬਰ ਪੜ੍ਹੇ ਲਿਖੇ ਅਤੇ ਲੋਕਤੰਤਰ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। 18ਵੀਂ ਲੋਕ ਸਭਾ ਚੋਣਾ 2024 ਦੇ ਚੋਣ ਨਤੀਜਿਆਂ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਖਾਸ ਤੌਰ ‘ਤੇ ਰਾਜ ਕਰ ਰਹੀਆਂ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਬਦਲਣ ਲਈ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ। ਜਿਹੜੀਆਂ ਪਾਰਟੀਆਂ ਚੋਣਾਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੇ ਦਮਗਜ਼ੇ ਮਾਰ ਰਹੀਆਂ ਸਨ, ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਪਰਜਾਤੰਤਰਕ ਦੇਸ਼ ਹੈ, ਪ੍ਰੰਤੂ ਇਥੇ ਹਕੂਮਤ ਕਰ ਰਹੀਆਂ ਕੁੱਝ ਸਿਆਸੀ ਪਾਰਟੀਆਂ ਪਰਜਾਤੰਤਰ ਦੇ ਸਿਧਾਂਤਾਂ ‘ਤੇ ਪਹਿਰਾ ਨਹੀਂ ਦੇ ਰਹੀਆਂ, ਸਗੋਂ ਪਰਜਾਤੰਤਰ ਦੀਆਂ ਧਜੀਆਂ ਉਡਾ ਰਹੀਆਂ ਸਨ। ਦੇਸ਼ ਦੇ ਵੋਟਰਾਂ ਨੇ ਆਪਣੇ ਫ਼ੈਸਲਿਆਂ ਵਿੱਚ ਤਾਨਾਸ਼ਾਹੀ ਦੀ ਪ੍ਰਵਿਰਤੀ ਨੂੰ ਕਬੂਲ ਨਹੀਂ ਕੀਤਾ।
ਭਾਰਤ ਦੀਆਂ ਇਤਿਹਾਸਕ, ਧਾਰਮਿਕ, ਮਿਥਹਾਸਿਕ, ਭਾਈਚਾਰਕ ਸਾਂਝ, ਭਰਾਤਰੀ ਸ਼ਹਣਿਸ਼ੀਲਤਾ, ਮਿਲਵਤਨ, ਆਪਸੀ ਸਹਿਯੋਗ, ਸਹਿਹੋਂਦ ਅਤੇ ਸਦਭਾਵਨਾ ਵਾਲੀਆਂ ਪਰੰਪਰਾਵਾਂ ਹਨ, ਪ੍ਰੰਤੂ ਕੁੱਝ ਸਿਆਸੀ ਪਾਰਟੀਆਂ ਇਨ੍ਹਾਂ ਪਰੰਪਰਾਵਾਂ ‘ਤੇ ਪਹਿਰਾ ਦੇਣ ਦੀ ਥਾਂ ਇਨ੍ਹਾਂ ਦੇ ਵਿਰੁੱਧ ਲੋਕਾਂ ਨੂੰ ਉਕਸਾ ਰਹੀਆਂ ਸਨ। ਭਾਰਤ ਦੇ ਵੋਟਰਾਂ ਨੇ ਅਜਿਹੀਆਂ ਪਾਰਟੀਆਂ ਨੂੰ ਸਬਕ ਸਿਖਾ ਦਿੱਤਾ ਹੈ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 123 ਚੋਣਾ ਵਿੱਚ ਧਰਮ ਅਤੇ ਜ਼ਾਤ ਪਾਤ ਦੀ ਵਰਤੋਂ ਦੀ ਮਨਾਹੀ ਕਰਦੀ ਹੈ ਪ੍ਰੰਤੂ ਇਨ੍ਹਾਂ ਲੋਕ ਸਭਾ ਚੋਣਾ ਵਿੱਚ ਧਰਮ ਅਤੇ ਜ਼ਾਤ ਪਾਤ ਦੀ ਪ੍ਰਮੁੱਖਤਾ ਨਾਲ ਵਰਤੋਂ ਕੀਤੀ ਗਈ। ਧਰਮ ਦੇ ਨਾਮ ‘ਤੇ ਵੋਟਾਂ ਮੰਗੀਆਂ ਗਈਆਂ ਪ੍ਰੰਤੂ ਸੂਝਵਾਨ ਵੋਟਰਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਸਿਆਸਤਦਾਨਾ ਦੀ ਚਾਲਾਂ ਵਿੱਚ ਫਸੇ ਨਹੀਂ, ਸਗੋਂ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕੀਤੀ ਹੈ। ਉਤਰ ਪ੍ਰਦੇਸ ਦੀ ਫੈਜਾਵਾਦ ਲੋਕ ਸਭਾ ਦੀ ਸੀਟ ਤੋਂ ਜਿਥੇ ਆਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਕੀਤੀ ਗਈ ਹੈ, ਉਥੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਚੋਣ ਹਾਰ ਗਏ ਹਨ। ਧਰਮ ਅਤੇ ਜ਼ਾਤ ਪਾਤ ਦੀ ਆੜ ਵਿੱਚ ਵੋਟਾਂ ਵਟੋਰਨ ਦੀ ਪ੍ਰਵਿਰਤੀ ਨੂੰ ਵੋਟਰਾਂ ਨੇ ਪ੍ਰਵਾਨ ਨਹੀਂ ਕੀਤਾ। ਭਾਰਤੀ ਜਨਤਾ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾ ਵਿੱਚ 303 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ, ਇਸ ਦੇ ਮੁਕਾਬਲੇ ਇਸ ਵਾਰ 239 ਸੀਟਾਂ ਤੇ ਹੀ ਸਬਰ ਕਰਨਾ ਪਿਆ। ਇਕੱਲੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਜਿਸ ਤੋਂ ਬਾਅਦ ਗੱਠਜੋੜ ਦੀ ਸਿਆਸਤ ਦੁਬਾਰਾ ਸ਼ੁਰੂ ਹੋ ਗਈ ਹੈ। ਭਾਵ ਭਾਰਤੀ ਜਨਤਾ ਪਾਰਟੀ ਆਪਣੇ ਸਹਿਯੋਗੀਆਂ ਨਿਤਿਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਦੀਆਂ ਵਿਸਾਖੀਆਂ ਨਾਲ ਸਰਕਾਰ ਬਣਾਉਣ ਲਈ ਮਜ਼ਬੂਰ ਹੋਵੇਗੀ। ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਾਨਾਸ਼ਾਹੀ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣੀ ਪਵੇਗੀ ਕਿਉਂਕਿ ਉਹ ਹੁਣ ਮਨਮਰਜ਼ੀ ਨਹੀਂ ਕਰ ਸਕੇਗੀ।
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਕੁਰਬਾਨੀਆਂ ਦੇਣ ਵਾਲੀ ਰੀਜਨਲ ਪਾਰਟੀ ਹੈ। ਇਨ੍ਹਾਂ ਲੋਕ ਸਭਾ ਚੋਣਾ ਵਿੱਚ ਉਸ ਨੇ 13 ਉਮੀਦਵਾਰ ਖੜ੍ਹੇ ਕੀਤੇ ਸਨ, ਉਨ੍ਹਾਂ ਵਿੱਚੋਂ ਦੋ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਬਠਿੰਡਾ ਅਤੇ ਬੌਬੀ ਮਾਨ ਫ਼ੀਰੋਜ਼ਪੁਰ ਨੂੰ ਛੱਡਕੇ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ, ਪਾਰਟੀ ਦੇ ਦਿਗਜ਼ ਉਮੀਦਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਡਾ.ਦਲਜੀਤ ਸਿੰਘ ਚੀਮਾ ਅਤੇ ਵਿਰਸਾ ਸਿੰਘ ਵਲਟੋਹਾ ਜ਼ਮਾਨਤਾਂ ਜ਼ਬਤ ਹੋਣ ਵਾਲਿਆਂ ਵਿੱਚ ਸ਼ਾਮਲ ਹਨ। ਜੇਕਰ ਅਜੇ ਵੀ ਉਹ ਆਪਣੀਆਂ ਨੀਤੀਆਂ, ਕਾਰਗੁਜ਼ਾਰੀ ਅਤੇ ਮੁੱਖੀ ਨੂੰ ਬਦਲਣ ਲਈ ਤਿਆਰ ਨਹੀਂ ਹਨ, ਤਾਂ ਉਨ੍ਹਾਂ ਨੂੰ ਇਸ ਦਾ ਇਵਜ਼ਾਨਾ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਭੁਗਤਣਾ ਪਵੇਗਾ। ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਨੀਤੀਆਂ ਬਦਲਣ ਦੇ ਸੰਕੇਤ ਦੇ ਦਿੱਤੇ ਹਨ, ਜੇਕਰ ਅਜੇ ਵੀ ਨਾ ਸਮਝੇ ਤਾਂ ਵੋਟਰਾਂ ਨੇ ਪੜ੍ਹਨੇ ਪਾ ਦੇਣਾ ਹੈ। ਸ਼੍ਰੋਮਣੀ ਅਕਾਲੀ ਦਲ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਾਲੀ ਬਠਿੰਡਾ ਇੱਕ ਸੀਟ ਜਿੱਤਕੇ ਦਮਗਜ਼ੇ ਮਾਰਨ ਦਾ ਨਤੀਜਾ ਵੀ ਅਗਲੀਆਂ ਚੋਣਾਂ ਵਿੱਚ ਭਾਰੂ ਪੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਵੋਟਾਂ ਦੀ ਪ੍ਰਤੀਸ਼ਤ 2014 ਦੀ 26.30 ਫ਼ੀ ਸਦੀ ਤੇ 2019 ਦੀ 27.76 ਫ਼ੀ ਸਦੀ ਤੋਂ ਘੱਟ ਕੇ 13.42 ਫ਼ੀ ਸਦੀ ਰਹਿ ਗਈ ਹੈ, ਜੋ ਪਹਿਲੀ ਵਾਰ ਸਾਰੀਆਂ ਸੀਟਾਂ ‘ਤੇ ਚੋਣ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਤੋਂ ਵੀ ਘੱਟ ਹੈ। 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ 18.38 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ, ਭਾਵੇਂ ਉਸ ਨੇ 3 ਸੀਟਾਂ ਹੀ ਜਿੱਤੀਆਂ ਸਨ। ਇਸੇ ਤਰ੍ਹਾਂ ਦੋ ਸਾਲ ਪਹਿਲਾਂ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13 ਜ਼ੀਰੋ ਦੀ ਫੜ੍ਹ ਮਾਰਦੇ ਸਨ ਪ੍ਰੰਤੂ ਨਤੀਜੇ ਸਿਰਫ 13 ਦੀ ਥਾਂ 3 ‘ਤੇ ਆ ਕੇ ਅਟਕ ਗਏ।
ਆਮ ਆਦਮੀ ਪਾਰਟੀ ਜਿਹੜੀ ਲਤੀਫ਼ਿਆਂ ਅਤੇ ਇਸ਼ਤਿਹਾਰਾਂ ਦੇ ਪ੍ਰਚਾਰ ਨਾਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਗਟਾਵਾ ਕਰਦੀ ਸੀ, ਉਨ੍ਹਾਂ ਦੀ ਪ੍ਰਤੀਸ਼ਤ ਸਿਰਫ਼ 26.02 ਫ਼ੀ ਸਦੀ ਰਹਿ ਗਈ ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ 42.01 ਫੀ ਸਦੀ ਸੀ। ਭਾਰਤੀ ਜਨਤਾ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ 73 ਉਮੀਦਵਾਰ ਖੜ੍ਹੇ ਕੀਤੇ ਸਨ ਤੇ ਵੋਟ ਫ਼ੀ ਸਦੀ 6.60 ਸੀ, ਇਸ ਵਾਰ ਲੋਕ ਸਭਾ ਲਈ ਸਾਰੀਆਂ 13 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਤੇ ਫ਼ੀ ਸਦੀ 18.56 ਹੋ ਗਈ। ਪ੍ਰੰਤੂ ਉਨ੍ਹਾਂ ਦੇ ਕੁੱਝ ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋ ਗਈ ਹੈ। ਕਾਂਗਰਸ ਪਾਰਟੀ ਨੇ ਵੀ 13 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚੋਂ 7 ਜਿੱਤ ਗਏ ਹਨ ਤੇ ਵੋਟ 26.30 ਫ਼ੀ ਸਦੀ ਰਹੀ। ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਨੂੰ 40 ਫ਼ੀ ਸਦੀ ਵੋਟ ਪੋਲ ਹੋਈ ਸੀ। ਕਾਂਗਰਸ ਪਾਰਟੀ ਨੂੰ ਵੋਟਾਂ ਵਧੇਰੇ ਨਹੀਂ ਪਈਆਂ ਪ੍ਰੰਤੂ ਚਾਰ ਕੋਨੇ ਮੁਕਾਬਲਿਆਂ ਕਰਕੇ ਉਨ੍ਹਾਂ ਦੇ ਉਮੀਦਵਾਰ ਚੋਣ ਜਿੱਤ ਗਏ। ਕਿਸਾਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਫ਼ਸਲਾਂ ਦੀ ਕਾਨੂੰਨੀ ਘੱਟੋ ਘੱਟ ਕੀਮਤ ਨਿਸਚਤ ਕਰਨ ਦਾ ਐਲਾਨ ਕਰਨ ਕਰਕੇ ਵੋਟਾਂ ਪਾ ਦਿੱਤੀਆਂ। ਇਨ੍ਹਾਂ ਲੋਕ ਸਭਾ ਚੋਣਾ ਵਿੱਚ ਦਲ ਬਦਲੀਆਂ ਦਾ ਜ਼ੋਰ ਰਿਹਾ। 18 ਦਲਬਦਲੂਆਂ ਨੇ ਚੋਣ ਲੜੀ ਸੀ ਪ੍ਰੰਤੂ ਪੰਜਾਬ ਦੇ ਵੋਟਰਾਂ ਨੇ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਇਆ। 18 ਉਮੀਦਵਾਰਾਂ ਵਿੱਚੋਂ ਮੁੱਖ ਉਮੀਦਵਾਰ ਸ਼੍ਰੀਮਤੀ ਪਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਸ਼ੁਸ਼ੀਲ ਕੁਮਾਰ ਰਿੰਕੂ, ਪਵਨ ਕੁਮਾਰ ਟੀਨੂ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਰਾਜ ਕੁਮਾਰ ਚੱਬੇਵਾਲ ਨੇ ਪਾਰਟੀਆਂ ਬਦਲਕੇ ਚੋਣ ਲੜੀ ਸੀ, ਰਾਜ ਕੁਮਰ ਚੱਬੇਵਾਲ ਤੋਂ ਇਲਾਵਾ ਸਾਰਿਆਂ ਨੂੰ ਵੋਟਰਾਂ ਨੇ ਹਰਾ ਦਿੱਤਾ ਹੈ। 1989 ਦੀ ਤਰ੍ਹਾਂ ਦੋ ਪੰਥਕ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਜਿੱਤ ਗਏ ਹਨ। ਪੰਥਕ ਉਮੀਦਵਾਰਾਂ ਨੇ ਇਸ ਵਾਰ ਭਾਰਤੀ ਸੰਵਿਧਾਨ ਦੇ ਰਿੁੱਧ ਪ੍ਰਚਾਰ ਨਹੀਂ ਕੀਤਾ ਪ੍ਰੰਤੂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ਰੂਰ ਭਾਰੂ ਰਿਹਾ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.