ਆਓ ਧਰਤੀ ਮਾਤਾ ਦੀ ਹੋਂਦ ਬਚਾਈਏ
ਸੁੱਖੀ ਭਾਰਤੀ
ਪ੍ਰਿਥਵੀ ਸਾਡੇ ਸੌਰ ਮੰਡਲ ਦਾ ਬਹੁਤ ਹੀ ਮਹੱਤਵਪੂਰਨ ਗ੍ਰਹਿ ਹੈ।ਇਸ ਬ੍ਰਹਿਮੰਡ ਅੰਦਰ ਸਿਰਫ ਧਰਤੀ ਹੀ ਹੈ, ਜਿਸ ਉੱਪਰ ਜੀਵਨ ਜਿਊਣ ਲਈ ਸਾਰੀਆਂ ਅਨੁਕੂਲ ਪ੍ਰਸਥਿਤੀਆਂ ਮਿਲਦੀਆਂ ਹਨ।ਇਸ ਲਈ ਸਾਡੇ ਮਹਾਂਪੁਰਸ਼ਾਂ ਨੇ ਇਸ ਧਰਤੀ ਨੂੰ ਮਾਤਾ ਕਹਿ ਕੇ ਵਡਿਆਇਆ।ਗੁਰਬਾਣੀ ਦਾ ਕਥਨ ਹੈ-
ਮਾਤਾ ਧਰਤਿ ਮਹਤੁ
ਧਰਤੀ ਸਾਡੀ ਮਾਤਾ ਹੈ,ਜੋ ਸਾਡੀ ਹਰੇਕ ਲੋੜ ਨੂੰ ਪੂਰੀ ਕਰਦੀ ਹੈ ਫਿਰ ਚਾਹੇ ਉਹ ਭੋਜਨ ਹੋਵੇ ਪਾਣੀ ਹੋਵੇ ਜਾਂ ਫਿਰ ਹਵਾ ਹੋਵੇ।ਕਿਉਂਕਿ ਇੰਨਾਂ ਸਭ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਧਰਤੀ ਜਿੱਥੇ ਆਪਣੀ ਬੁੱਕਲ ਵਿੱਚ ਸਾਫ ਪਾਣੀ ਸਮੇਟ ਕੇ ਬੈਠੀ ਹੈ,ਉੱਥੇ ਹੀ ਇਸਨੇ ਆਪਣੇ ਸੀਨੇ ਅੰਦਰ ਸਾਡੇ ਲਈ ਕਈ ਅਨਮੋਲ ਖਜ਼ਾਨਿਆਂ ਨੂੰ ਸਾਂਭ ਕੇ ਰੱਖਿਆ ਹੈ।ਇਸਦੀ ਕੁੱਖ ਚੋਂ ਸਾਨੂੰ ਫਲ,ਫੁੱਲ,ਮੇਵੇ ਆਦਿ ਪ੍ਰਾਪਤ ਹੁੰਦੇ ਹਨ।ਇਸ ਤੋਂ ਇਲਾਵਾ ਹਰੇ ਭਰੇ ਦਰੱਖਤ ਸਾਡੇ ਲਈ ਸਾਫ ਸੁਥਰੀ ਹਵਾ ਦਾ ਪ੍ਰਬੰਧ ਕਰਦੇ ਹਨ। ਪਰੰਤੂ ਇਹ ਘੋਰ ਚਿੰਤਾ ‘ਤੇ ਚਿੰਤਨ ਦਾ ਵਿਸ਼ਾ ਹੈ ਕਿ ਅੱਜ ਮਨੁੱਖ ਦੀ ਲਾਲਸਾ ਨੇ ਪ੍ਰਿਥਵੀ ਦੇ ਉੱਪਰਲੇ ਹੇਠਲੇ ਵਾਤਾਵਰਣ ਨੂੰ ਜਿੰਨਾਂ ਪ੍ਰਦੂਸ਼ਿਤ ਕੀਤਾ ਹੈ,ਉਹ ਸਿਰਫ ਅੱਜ ਲਈ ਹੀ ਚਿੰਤਾ ਦਾ ਵਿਸ਼ਾ ਨਹੀਂ ਹੈ ਸਗੋਂ ਆਉਣ ਵਾਲੇ ਕੱਲ੍ਹ ਲਈ ਵੀ ਗੰਭੀਰ ਖਤਰੇ ਪੈਦਾ ਹੋ ਗਏ ਹਨ।
ਇਸ ਤੋਂ ਪਹਿਲਾਂ ਕਿ ਇਸ ਚਰਚਾ ਨੂੰ ਅੱਗੇ ਵਧਾਈਏ,ਆਪਾਂ ਇੱਥੇ ਸਭ ਇੱਕ ਦ੍ਰਿਸ਼ਟਾਂਤ ਬਾਰੇ ਜਾਣਦੇ ਹਾਂ।ਇੱਕ ਵਾਰ ਇੱਕ ਕਿਸਾਨ ਕੀੜਿਆਂ ਦਾ ਭਰਿਆ ਡੱਬਾ ਲੈ ਕੇ ਉਹਨਾਂ ਨੂੰ ਬਾਜਾਰ ਅੰਦਰ ਵੇਚਣ ਜਾ ਰਿਹਾ ਸੀ।ਉਸਨੂੰ ਰਸਤੇ ਵਿੱਚ ਇੱਕ ਚਿੜੀ ਮਿਲੀ ‘ਤੇ ਪੁੱਛਣ ਲੱਗੀ-ਆਪ ਇਹ ਕੀੜੇ ਕਿੱਥੇ ਲੈ ਕੇ ਜਾ ਰਹੇ ਹੋ?ਉਸ ਕਿਸਾਨ ਨੇ ਕਿਹਾ ਕਿ ਮੈਂ ਇੰਨਾਂ ਕੀੜਿਆਂ ਨੂੰ ਵੇਚ ਕੇ ਉੱਥੋਂ ਖੰਭ ਖਰੀਦ ਕੇ ਲਿਆਵਾਂਗਾ।ਚਿੜੀ ਨੇ ਕਿਸਾਨ ਨੂੰ ਕਿਹਾ-ਖੰਭ ਤਾਂ ਮੇਰੇ ਪਾਸ ਵੀ ਹਨ।ਆਪ ਇੰਝ ਕਰੋ ਇਹ ਕੀੜੇ ਮੈਨੂੰ ਦੇ ਦਿਓ ਅਤੇ ਇਹਨਾਂ ਬਦਲੇ ਮੈਥੋਂ ਖੰਭ ਲੈ ਲਓ।
ਚਿੜੀ ਨੇ ਇਹ ਛੋਟਾ ਰਸਤਾ ਇਸ ਲਈ ਚੁਣਿਆ ਕਿਉਂਕਿ ਉਹ ਕੀੜੇ ਲੱਭਣ ਦੇ ਝੰਜਟ ਤੋਂ ਬਚਣਾ ਚਾਹੁੰਦੀ ਸੀ।ਕਿਸਾਨ ਨਾਲ ਸੌਦਾ ਤੈਅ ਹੋਣ ‘ਤੇ ਚਿੜੀ ਹਰ ਰੋਜ ਆਪਣ ਖੰਭ ਦੇ ਦਿੰਦੀ ਅਤੇ ਕੀੜੇ ਲੈ ਕੇ ਖਾ ਲੈਂਦੀ।ਆਖਿਰਕਾਰ ਉਹ ਦਿਨ ਵੀ ਆ ਗਿਆ ਜਦੋਂ ਚਿੜੀ ਦੇ ਪਾਸ ਖੁਦ ਦੇ ਉੱਡਣ ਲਈ ਵੀ ਕੋਈ ਖੰਭ ਨਹੀਂ ਬਚਿਆ ਸੀ।ਅੰਤ ਵਿੱਚ ਉਹ ਚਿੜੀ ਰੱਬ ਨੂੰ ਪਿਆਰੀ ਹੋ ਗਈ।
ਇਹ ਘਟਨਾ ਸਾਡੇ ਜੀਵਨ ਤੇ ਪੂਰੀ ਤਰ੍ਹਾਂ ਸਟੀਕ ਬੈਠਦੀ ਹੈ।ਜੇਕਰ ਅਸੀਂ ਇਸੇ ਪ੍ਰਕਾਰ ਆਪਣੀ ਪ੍ਰਿਥਵੀ ਨੂੰ ਪ੍ਰਦੂਸ਼ਿਤ ਕਰਦੇ ਰਹੇ ਤਾਂ ਇੱਕ ਦਿਨ ਅਜਿਹਾ ਆਵੇਗਾ ਜਦੋਂ ਅਸੀਂ ਇਸ ਸੁੰਦਰ ਗ੍ਰਹਿ ਤੋਂ ਅਨੇਕਾਂ ਅਸਾਧ ਰੋਗਾਂ ਦੀ ਗਠੜੀ ਲੈ ਕੇ ਕਸ਼ਟਦਾਈ ਮੌਤ ਨੂੰ ਪ੍ਰਾਪਤ ਹੋ ਜਾਵਾਂਗੇ।
ਅੱਜ ਜਦੋਂ ਪ੍ਰਦੂਸ਼ਿਤ ਵਾਤਾਵਰਣ ਕਾਰਨ ਹਰੇਕ ਮਨੁੱਖ ਆਪਣੇ ਭੂਤਕਾਲ ਵਿੱਚ ਝਾਤ ਮਾਰ ਕੇ ਦੇਖਦਾ ਹੈ ਤਾਂ ਬਸ ਇਹੀ ਕਹਿੰਦਾ ਹੈ ਕਿ ਪਹਿਲਾਂ ਵਾਲਾ ਸਮਾਂ ਬਹੁਤ ਚੰਗਾ ਸੀ।ਹਵਾ ਪਾਣੀ ਸਭ ਸਾਫ ਸੀ,ਖਾਣੇ ‘ਚ ਇੱਕ ਸਵਾਦ ਹੁੰਦਾ ਸੀ,ਦੁੱਧ ਵੀ ਅੰਮ੍ਰਿਤ ਦੇ ਸਮਾਨ ਮਿਠਾਸ ਭਰਪੂਰ ਸੀ।ਲੋਕ ਕੁਦਰਤ ਦੀ ਗੋਦ ਵਿੱਚ ਰਹਿ ਕੇ,ਕੁਦਰਤ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਦੇ ਸਨ।
ਪਰ ਹੁਣ ਤਾਂ ਸਭ ਕੁੱਝ ਗੰਧਲਾ ਹੋ ਚੁੱਕਾ ਹੈ।ਇੱਥੋਂ ਤੱਕ ਕਿ ਮਾਂ ਦਾ ਦੁੱਧ ਵੀ ਹੁਣ ਬਲਕਾਰਕ ਨਹੀਂ ਰਿਹਾ ਸਗੋਂ ਇਸਦੇ ਅੰਦਰ ਵੀ ਇਸ ਗੰਧਲੇਪਣ ਨੇ ਆਪਣਾ ਸਥਾਨ ਬਣਾ ਲਿਆ ਹੈ।ਇਸਦਾ ਕਾਰਨ ਸਿਰਫ ਇਹੀ ਹੈ ਕਿ ਸਾਡਾ ਹਵਾ ਪਾਣੀ ਕੁੱਝ ਵੀ ਤਾਂ ਸਾਫ ਨਹੀਂ ਰਿਹਾ।ਅਸੀਂ ਜੋ ਵੀ ਖਾ ਪੀ ਰਹੇ ਹਾਂ ਸਭ ਦੇ ਅੰਦਰ ਭਿਆਨਕ ਕੀਟਨਾਸ਼ਕਾਂ ਦਾ ਜ਼ਹਿਰ ਹੈ।
ਜਿਵੇਂ-ਜਿਵੇਂ ਮਨੁੱਖ ਅੱਗੇ ਵਧਦਾ ਗਿਆ ਜੰਗਲਾਂ ਦੀ ਅੰਨਵਾਹ ਕਟਾਈ ਸ਼ੁਰੂ ਹੋ ਗਈ।ਵਿਕਸਿਤ ਦੇਸ਼ਾਂ ਅੰਦਰ ਵੱਡੇ ਪੱਧਰ ‘ਤੇ ਉਦਯੋਗ ਸਥਾਪਿਤ ਕੀਤੇ ਗਏ।ਜਿਸਦੇ ਸਿੱਟੇ ਵਜੋਂ ਵਾਤਾਵਰਣ ਨੂੰ ਦੂਹਰੀ ਮਾਰ ਸਹਿਣੀ ਕਰਨੀ ਪਈ।ਜਿਉਂ-ਜਿਉਂ ਉਦਯੋਗੀਕਰਨ ਵਧਦਾ ਗਿਆ ਵਿਿਗਆਨ ‘ਤੇ ਤਕਨਾਲੋਜੀ ਵਿੱਚ ਪ੍ਰਗਤੀ ਹੁੰਦੀ ਗਈ।ਉਵੇਂ-ਉਵੇਂ ਵਾਤਾਵਰਣ ਨਾਲ ਜੁੜੇ ਕਈ ਕਾਰਨ ਤੇ ਕਾਰਕ ਸਾਹਮਣੇ ਆਉਂਦੇ ਰਹੇ।ਇੰਨਾਂ ਦੇ ਦੁਆਰਾ ਆਧੁਨਿਕ ਪ੍ਰਦੂਸ਼ਿਤ ਵਾਤਾਵਰਣ ਦੀ ਸਥਿਤੀ ਪੈਦਾ ਹੋ ਗਈ।ਵਧਦੀ ਆਬਾਦੀ ‘ਤੇ ਉਦਯੋਗੀਕਰਨ ਦੇ ਦੁਆਰਾ ਸ਼ੋਰ ਪ੍ਰਦੂਸ਼ਣ,ਜਲ ਪ੍ਰਦੂਸ਼ਣ,ਗਲੋਬਲ ਵਾਰਮਿੰਗ,ਵਾਯੂ ਪ੍ਰਦੂਸ਼ਣ,ਥਲ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਗਈ।ਕਿਉਂਕਿ ਵਿਕਾਸ ਦੀ ਇਸ ਦੌੜ ਵਿੱਚ ਪ੍ਰਿਥਵੀ ਦੇ ਹਿੱਸੇ ਸਿਰਫ ਗੰਦਗੀ ਹੀ ਆਈ।ਇਹੀ ਨਹੀਂ ਪ੍ਰਮਾਣੂ ਯੁੱਗ ਨੇ ਸਾਨੂੰ ਘਾਤਕ ਰੇਡਿਓਐਕਟਿਵ ਪ੍ਰਦੂਸ਼ਕ ਵੀ ਦਿੱਤੇ ਜਿੰਨਾਂ ਕਰਕੇ ਮਨੁੱਖੀ ਸਿਹਤ ਲਈ ਭਿਆਨਕ ਸੰਕਟ ਖੜ੍ਹੇ ਹੋ ਗਏ।
ਯੁਨੈਸਕੋ ਦੀ ਇੱਕ ਰਿਪੋਰਟ ਦੇ ਅਨੁਸਾਰ ਵਾਯੂਮੰਡਲ ਵਿੱਚ ਹਰ ਸਾਲ ਲੱਗਭੱਗ 2000 ਲੱਖ ਟਨ ਸਲਫਰ ਡਾਇਕਸਾਇਡ,1300 ਲੱਖ ਟਨ ਨਾਈਟ੍ਰੋਜਨ, ਅਤੇ ਅਨੇਕਾਂ ਹੀ ਤਰ੍ਹਾਂ ਦੇ ਆੱਕਸਾਇਡ,700 ਲੱਖ ਟਨ ਦੇ ਕਰੀਬ ਕਾਰਬਨ ਯੋਗਿਕ ਅਤੇ 2800 ਲੱਖ ਟਨ ਰਾਖ ਦੀ ਮਾਤਰਾ ਪਹੁੰਚ ਰਹੀ ਹੈ।ਇਹੀ ਨਹੀਂ ਕਾਰਬਨ ਡਾਇਕਸਾਇਡ ਗੈਸ ਦੀ ਲੱਗਭੱਗ 2500 ਟਨ ਤੋਂ ਵੀ ਜਿਆਦਾ ਮਾਤਰਾ ਵਾਯੂਮੰਡਲ ਨੂੰ ਹਰ ਰੋਜ ਗੰਧਲਾ ਕਰ ਰਹੀ ਹੈ।
ਉਦਯੋਗਿਕ ਇਕਾਈਆਂ ਦੁਆਰਾ ਛੱਡੇ ਜਾ ਰਹੇ ਰਸਾਇਣਿਕ ਪਦਾਰਥ ਜਮੀਨ ਅੰਦਰ ਦਾਖਿਲ ਹੋ ਕੇ ਭੂ-ਜਲ ਨੂੰ ਵਿਹੁਲਾ ਕਰ ਰਹੇ ਹਨ।ਸ਼ਹਿਰੀ ਆਬਾਦੀ ਦੁਆਰਾ ਪੈਦਾ ਕੀਤੀ ਜਾ ਰਹੀ ਗੰਦਗੀ ਦੁਆਰਾ ਨਦੀਆਂ,ਨਾਲੇ, ਨਹਿਰਾਂ,ਦਰਿਆ ਆਦਿ ਗੰਦੇ ਛੱਪੜਾਂ ਦਾ ਰੂਪ ਧਾਰਨ ਕਰ ਰਹੇ ਹਨ।ਅਤੇ ਇੰਨਾਂ ਦੀ ਹਾਲਤ ਦਿਨ-ਬ-ਦਿਨ ਹੋਰ ਖਰਾਬ ਹੁੰਦੀ ਜਾ ਰਹੀ ਹੈ।ਇਸਦੇ ਅੰਦਰ ਉੱਤਰੀ ਭਾਰਤ ਦੀਆਂ ਦੋ ਨਦੀਆਂ ਗੰਗਾ ‘ਤੇ ਜਮਨਾ ਵੀ ਸ਼ਾਮਿਲ ਹਨ।ਮਨੁੱਖ ਦੁਆਰਾ ਕੁਦਰਤੀ ਸਾਧਨਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦੇ ਕਾਰਨ ਗੰਗਾ ਨਦੀ ਦੇ ਗਲੇਸ਼ੀਅਰ ਪਿਘਲ ਕੇ ਹਰ ਸਾਲ ਅੱਧਾ ਮੀਲ ਪਿੱਛੇ ਖਿਸਕ ਰਹੇ ਹਨ।ਇਸੇ ਤਰ੍ਹਾਂ ਬਾਕੀ ਨਦੀਆਂ ਦੇ ਉੱਤਪਤੀ ਸਥਾਨਾਂ ‘ਤੇ ਵੀ ਗਲੇਸ਼ੀਅਰ ਦਿਨ-ਪ੍ਰਤੀ-ਦਿਨ ਪਿਘਲਦੇ ਜਾ ਰਹੇ ਹਨ।
ਸਾਨੂੰ ਸੁਚੇਤ ਹੋਣਾ ਪਵੇਗਾ ਕਿਉਂਕਿ ਵਾਤਾਵਰਣ ਪ੍ਰਦੂਸ਼ਣ ਇੱਕ ਅਜਿਹਾ ਵਿਸ਼ਾ ਹੈ ਜੋ ਮਨੁੱਖ ਦੀਆਂ ਸਾਰੀਆਂ ਪ੍ਰਕਿਿਰਆਵਾਂ ਨੁੰ ਦਰਸਾਉਂਦਾ ਹੈ, ਜੋ ਕੁਦਰਤੀ ਵਾਤਾਵਰਣ ਲਈ ਹਾਨੀਕਾਰਕ ਸਿੱਧ ਹੁੰਦਾ ਹੈ।ਅਸਲ ਵਿੱਚ ਕੁਦਰਤ ਅੰਦਰ ਇਹ ਮਨੁੱਖ ਦੁਆਰਾ ਪੈਦਾ ਕੀਤਾ ਗਿਆ ਅਣਚਾਹਿਆ ਬਦਲਾਅ ਹੈ।ਜੋ ਅੱਜ ਸਾਰੀਆਂ ਪ੍ਰਜਾਤੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।ਇਸ ਪ੍ਰਦੂਸ਼ਣ ਦੇ ਪ੍ਰਭਾਵ ਸਦਕਾ ਅੱਜ ਅਨੇਕਾਂ ਹੀ ਪ੍ਰਜਾਤੀਆਂ ਇਸ ਧਰਤੀ ਤੋਂ ਵਿਦਾ ਹੋ ਚੁੱਕੀਆਂ ਹਨ।ਅੱਜ ਤੋਂ 25-30 ਵਰ੍ਹੇ ਪਹਿਲਾਂ ਅਸੀਂ ਅਸਮਾਨ ‘ਚ ਉੱਡਦੀਆਂ ਇੱਲਾਂ (ਗਿੱਦਾਂ) ਅਕਸਰ ਹੀ ਦੇਖਿਆ ਕਰਦੇ ਸੀ ਪਰ ਹੁਣ ਇਹ ਇਸ ਧਰਤੀ ਤੋਂ ਪੂਰੀ ਤਰ੍ਹਾਂ ਵਿਦਾ ਹੋ ਗਈਆਂ ਹਨ।ਇਸਦਾ ਕਾਰਨ ਹੈ ਕਿ ਇੰਨਾਂ ਇੱਲਾਂ ਨੇ ਮਰੇ ਪਸ਼ੂਆਂ ਦਾ ਮਾਸ ਖਾਧਾ ‘ਤੇ ਪਸ਼ੂਆਂ ਨੇ ਕੀਟਨਾਸ਼ਕਾਂ ਨਾਲ ਭਰਪੂਰ ਚਾਰਾ, ਜਿਸਦੇ ਸਿੱਟੇ ਵਜੋਂ ਇਹਨਾਂ ਪਸ਼ੂਆਂ ਅੰਦਰ ਜ਼ਹਿਰੀਲਾਪਣ ਵਧ ਗਿਆ।ਇਸੇ ਜ਼ਹਿਰੀਲੇ ਮਾਸ ਨੂੰ ਖਾ ਕੇ ਇੱਲਾਂ ਵੀ ਚਲ ਵਸੀਆਂ।
ਅੱਜ ਵਧ ਰਹੇ ਗ੍ਰੀਨ ਹਾਊਸ ਨਾਲ ਧਰਤੀ ‘ਤੇ ਸੂਰਜ ਵਿਚਕਾਰ ਰੱਖਿਆ ਕਵਚ ਦਾ ਕੰਮ ਕਰ ਰਹੀ ਓਜ਼ੋਨ ਪਰਤ ਪਤਲੀ ਪੈ ਰਹੀ ਹੈ,ਉਸਦੇ ਅੰਦਰ ਵੱਡੇ-ਵੱਡੇ ਮਘੋਰੇ ਪੈ ਗਏ।ਜਿਸਦੇ ਸਿੱਟੇ ਵਜੋਂ ਵਾਤਾਵਰਣ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਖਾਣ ਵਾਲੀਆਂ ਚੀਜ਼ਾਂ ‘ਚ ਕੀਟਨਾਸ਼ਕਾਂ ਦੇ ਜ਼ਹਿਰ ਵਧਣ ਕਾਰਨ ਨਵੀਂ ਪੀੜ੍ਹੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਪੀੜਿਤ ਹੋ ਰਹੀ ਹੈ।ਅੱਜ ਅਜਿਹੀਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਗਈਆਂ ਹਨ ਜਿੰਨਾਂ ਦਾ ਵਿਗਿਆਨ ਦੇ ਪਾਸ ਵੀ ਕੋਈ ਤੋੜ ਨਹੀਂ
ਬੇਸ਼ੱਕ ਹੁਣ ਪੂਰੇ ਸੰਸਾਰ ਅੰਦਰ ਵਾਤਾਵਰਣ ਪ੍ਰੇਮਿਆਂ ਦੁਆਰਾ ਲੋਕਾਂ ਨੂੰ ਵਾਤਾਵਰਣ ਦੇ ਵਧ ਰਹੇ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ ਕੀਤਾ ਜਾ ਰਿਹਾ ਹੈ, ਪਰੰਤੂ ਫਿਰ ਵੀ ਇਸਨੂੰ ਪੂਰੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।ਅੱਜ ਵੀ ਜੇਕਰ ਅਸੀਂ ਵਾਤਾਵਰਣ ਦੀ ਸਿਹਤ ਪ੍ਰਤੀ ਜਾਗਰੂਕ ਨਾ ਹੋਏ ਤਾਂ ਫਿਰ ਆਉਣ ਵਾਲੀਆਂ ਨਸਲਾਂ ਸ਼ਾਇਦ ਕਦੇ ਇਸ ਧਰਤੀ ‘ਤੇ ਆ ਹੀ ਨਾ ਸਕਣ।
ਜੇਕਰ ਅਸੀਂ ਇਸੇ ਪ੍ਰਕਾਰ ਕੁਦਰਤ ਦਾ ਸ਼ੋਸ਼ਣ ਕਰਦੇ ਰਹੇ ਤਾਂ ਇਹ ਧਰਤੀ ਜਿਉਣ ਲਾਇਕ ਨਹੀ ਰਹੇਗੀ।ਕੀ ਅਸੀਂ ਕਦੇ ਵਿਚਾਰ ਕੀਤਾ ਹੈ ਕਿ ਧਰਤੀ ‘ਤੇ ਪੈਦਾ ਹੋ ਰਹੀ ਗਰਮੀ, ਇੱਕ ਦਿਨ ਸਾਰੀ ਪ੍ਰਿਥਵੀ ਦੇ ਵਿਨਾਸ਼ ਦਾ ਕਾਰਨ ਬਣ ਜਾਵੇਗੀ।ਕੀ ਤੁਸੀਂ ਜਾਣਦੇ ਹੋ ਕਿ ਸਾਡੀ ਧਰਤੀ ਦਾ ਔਸਤ ਤਾਪਮਾਨ 15-20 ਡਿਗਰੀ ਹ,ੈ ਜੋ ਕੁੱਝ ਹੀ ਸਾਲਾਂ ਵਿੱਚ 2-3 ਡਿਗਰੀ ਤੱਕ ਵਧ ਗਿਆ ਹੈ।ਇਸੇ ਵਧੇ ਹੋਏ ਤਾਪਮਾਨ ਨੂੰ ਹੀ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ।ਜਦੋਂ ਦੁਨੀਆ ਦੇ ਕਿਸੇ ਹਿੱਸੇ ‘ਚ ਕੁਦਰਤ ਆਪਣਾ ਤਾਂਡਵ ਕਰਦੀ ਹੈ ਤਾਂ ਫਿਰ ਦੁਨੀਆ ਦੇ ਕਿਸੇ ਹਿੱਸੇ ‘ਚ ਹੜ੍ਹ ਆ ਜਾਂਦੇ ਹਨ ਅਤੇ ਕਿਤੇ ਸੋਕਾ ਪੈ ਜਾਂਦਾ ਹੈ।ਅੱਜ ਵਧ ਰਹੀ ਗਲੋਬਲ ਵਾਰਮਿੰਗ ਤੋਂ ਸਾਡੇ ਵਿਗਿਆਨਿਕ ਵਿਗਆਨਿਕ ਵੀ ਚਿੰਤਿਤ ਹਨ।ਅੱਜ ਇਸ ਛੋਟੇ ਜਿਹੇ ਸ਼ਬਦ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।ਕਿਉਂਕਿ ਹੁਣ ਇਹ ਇਸ ਹੱਦ ਤੱਕ ਵਧ ਗਈ ਹੈ, ਕਿ ਹੁਣ ਇਸਨੂੰ ਕਾਬੂ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾਨਮੁਮਕਿਨ ਲੱਗ ਰਿਹਾ ਹੈ।
ਵਿਸ਼ਵ ਬੈਂਕ ਦੇ ਅਰਥ ਸ਼ਾਸ਼ਤਰੀ ਸਰ ਨਿਕੋਲਸ ਨੇ ਆਪਣੀ ਇੱਕ ਰਿਪੋਰਟ ਅੰਦਰ ਚੇਤਾਵਨੀ ਦਿੱਤੀ ਹੈ, ਕਿ ਸੰਸਾਰ ਦੇ ਲੋਕਾਂ ਦੀਆਂ ਗੈਰਕੁਦਰਤੀ ਗਤੀਵਿਧੀਆਂ ਕਰਕੇ ਜਲਵਾਯੂ ਦੇ ਵਰਤਾਰੇ ਅੰਦਰ ਭਿੰਨਤਾ ਆਈ ਹੈ।ਉਹਨਾਂ ਨੇ ਕਿਹਾ ਕਿ ਗਲੋਬਲ ਵਾਰਮਿੰਗ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਲੋੜ ਹੈ।ਇੱਕ ਹੋਰ ਰਿਪੋਰਟ ਦੇ ਅਨੁਸਾਰ 2050 ਤੱਕ ਸੰਸਾਰ ਦੀ ਅਰਥ ਵਿਵਸਥਾ 6 ਟ੍ਰਿਲੀਅਨ ਡਾਲਰ ਦੇ ਬਰਾਬਰ ਘੱਟ ਹੋ ਜਾਵੇਗੀ।ਅਤੇ ਇਸਦਾ ਕਾਰਨ ਸਿਰਫ ਸਾਡੀਆਂ ਗਤੀਵਿਧੀਆਂ ਨਾਲ ਬਦਲ ਰਿਹਾ ਵਾਤਾਵਰਣ ਹੀ ਹੋਵੇਗਾ।
ਆਪ ਸਭ ਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਵੇਗੀ, ਕਿ ਇਸ ਵਧੇ ਹੋਏ ਤਾਪਮਾਨ ਨਾਲ ਇਸ ਧਰਤੀ ਦਾ ਪੂਰਾ ਹੈਬੀਟੈਟ ਹੀ ਬਦਲ ਜਾਵੇਗਾ।ਜਿਸਦੇ ਸਿੱਟੇ ਵਜੋਂ ਪੂਰਾ ਈਕੋ ਸਿਸਟਮ ਖਰਾਬ ਹੋ ਜਾਵੇਗਾ।ਇਹਨਾਂ ਸਭ ਦੇ ਪਿੱਛੇ ਇੱਕ ਹੀ ਕਾਰਨ ਹੈ ਕਿ ਮਨੁੱਖ ਨੇ ਇਸ ਧਰਤੀ ਉੱਪਰ ਬੇਹੱਦ ਪ੍ਰਦੂਸ਼ਣ ਫੈਲਾਇਆ ਹੈ।ਮਨੁੱਖ ਨੂੰ ਸਮਝਣਾ ਪਵੇਗਾ ਕਿ ਹੁਣ ਧਰਤੀ ਸਾਡੀ ਲਾਲਸਾ ਦੀ ਹੋਰ ਪੂਰਤੀ ਨਹੀਂ ਕਰ ਪਾਵੇਗੀ।
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਧਰਤੀ ਦੀ ਗਰਮੀ ਘਟੇ ਤਾਂ ਇਸਦੇ ਲਈ ਸਾਨੂੰ ਜਿਆਦਾ ਤੋਂ ਜਿਆਦਾ ਬਿਰਖ ਲਗਾਉਣੇ ਚਾਹੀਦੇ ਹਨ।ਅਸੀਂ ਆਪਣੇ ਘਰ ‘ਚ ਕੋਈ ਵੀ ਖੁਸ਼ੀ ਦਾ ਸਮਾਗਮ ਕਰੀਏ ਤਾਂ ਸਾਨੂੰ ਕੁੱਝ ਬਿਰਖ ਜਰੂਰ ਲਗਾਉਣੇ ਚਾਹੀਦੇ ਹਨ।ਤਾਂ ਕਿ ਸਾਡੀ ਬਿਮਾਰ ਹੋ ਚੁੱਕੀ ਧਰਤੀ ਦੇ ਫੇਫੜੇ ਫਿਰ ਤੋਂ ਸਾਫ ਤਾਜੀ ਹਵਾ ਨਾਲ ਨਰੋਏ ਹੋ ਜਾਣ ਅਤੇ ਅਸੀਂ ਫਿਰ ਤੋਂ ਪਹੁ-ਫੁੱਟਦੇ ਹੀ ਚਿੜੀਆਂ ਦੀ ਚਹਿਚਹਾਹਟ ਨੂੰ ਸੁਣ ਸਕੀਏ।ਇਸ ਲਈ ਆਓ ਸਾਰੇ ਰਲ ਮਿਲ ਕੇ ਆਓ ਵੱਧ ਤੋਂ ਵੱਧ ਰੁੱਖ ਲਗਾਈਏ ਆਪਣੀ ਧਰਤੀ ਮਾਤਾ ਦੀ ਹੋਂਦ ਨੂੰ ਬਚਾਈਏ।
-
ਸੁੱਖੀ ਭਾਰਤੀ, ਲੇਖਕ
ashusukhi@gmail.com
7814189668
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.