ਤੇਰਾ ਭਾਣਾ ਮੀਠਾ ਲਾਗੇ॥
ਸ਼ਹਾਦਤ ਦੀ ਮਹਾਨ ਪਰੰਪਰਾ ਮੁੱਢ ਕਦੀਮਾਂ ਤੋਂ ਹੀ, ਸਾਡੇ ਮਾਣਮੱਤੇ ਪੰਜਾਬ ਦੇ ਇਤਿਹਾਸ ਦੀ ਸ਼ਾਨ ਰਹੀ ਹੈ।ਪੰਜਾਬ ਬਾਰੇ ਕਿਹਾ ਜਾਂਦਾ ਹੈ ਕਿ ‘ਪੰਜਾਬ ਵਸਦਾ ਗੁਰਾਂ ਦੇ ਨਾਂ’ ਕਿਉਂਕਿ ਇੱਥੋਂ ਦੀ ਧਰਤੀ ਬੇਸ਼ੁਮਾਰ ਕੁਰਬਾਨੀਆਂ,ਸ਼ਹੀਦੀਆਂ,ਸੇਵਾ,ਪਰਉਪਕਾਰ ਦੀ ਮੁੱਢ ਕਦੀਮਾਂ ਤੋਂ ਹੀ ਪ੍ਰਤੱਖ ਗਵਾਹ ਬਣੀ ਹੈ।ਇਸ ਧਰਤੀ ‘ਤੇ ਸੱਚ, ਧਰਮ ਦੀ ਨੀਂਹ ਪੱਕੀ ਕਰਨ ਲਈ ਮਹਾਂਪੁਰਸ਼ ਜੰਜ਼ੀਰਾਂ ‘ਚ ਜਕੜੇ ਗਏ,ਰੰਬੀਆਂ ਨਾਲ ਆਪਣੀਆਂ ਖੋਪੜੀਆਂ ਉਤਰਵਾ ਦਿੱਤੀਆਂ।ਸਿੱਖਾਂ ਦੇ ਪੰਜਵੇਂ ਗੁਰੂ,ਸ੍ਰੀ ਗੁਰੂ ਅਰਜੁਨ ਦੇਵ ਜੀ ਇਸ ਸ਼ਹਾਦਤ ਦੀ ਇਮਾਰਤ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਲੈ ਕੇ ਗਏ।ਉਹਨਾਂ ਨੂੰ ਪਾਪੀ ਜਾਲਮਾਂ ਨੇ ਤੱਤੀ ਤਵੀ ‘ਤੇ ਬਿਠਾ ਕੇ,ਉਬਲਦੇ ਪਾਣੀ ਦੀਆਂ ਦੇਗਾਂ ਵਿੱਚ ਪਾ ਕੇ ਅਤੇ ਸੀਸ ਉੱਪਰ ਗਰਮ ਰੇਤ ਦੇ ਕੜਛੇ ਪਾਉਂਦਿਆਂ ਨਿਰਦੈਅਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਸ਼ਹੀਦ ਕੀਤਾ।ਫਿਰ ਵੀ ਉਹਨਾਂ ਦੇ ਮੁਖਾਰਬਿੰਦ ਚੋਂ ਇਹੀ ਸ਼ਬਦ ਉਚਰਦੇ ਰਹੇ-
ਤੇਰਾ ਭਾਣਾ ਮੀਠਾ ਲਾਗੇ॥
ਸ਼ਹੀਦਾਂ ਦੇ ਸਿਰਤਾਜ,ਅਲੌਕਿਕ ਯੁੱਗ ਪੁਰਸ਼,ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜੁਨ ਦੇਵ ਜੀ ਜਿੰਨਾਂ ਨੇ ਦੇਸ਼, ਕੌਮ ਅਤੇ ਧਰਮ ਦੀ ਰੱਖਿਆ ਲਈ ਮਹਾਨ ਸ਼ਹਾਦਤ ਦਿੱਤੀ।ਜਿਹੋ-ਜਿਹੀ ਸ਼ਹੀਦੀ ਉਹਨਾਂ ਨੇ ਧਰਮ ਦੀ ਰੱਖਿਆ ਹਿੱਤ ਦਿੱਤੀ, ਉਸਦੇ ਲਈ ਫੌਲਾਦ ਵਰਗਾ ਜਿਗਰਾ ‘ਤੇ ਸਿਦਕ ‘ਚ ਹਿਮਾਲਿਆ ਵਰਗੀ ਅਡੋਲਤਾ ਚਾਹੀਦੀ ਹੈ।ਇਸ ਲਈ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਹਿ ਕੇ ਨਿਵਾਜਿਆ ਜਾਂਦਾ ਹੈ।ਆਮ ਤੌਰ ‘ਤੇ ਸ਼ਹੀਦ,ਸ਼ਹੀਦੀ,ਸ਼ਹਾਦਤ ਸ਼ਬਦ ਜੁਬਾਨੀ ਜਾਂ ਕਲਾਮੀ ਤੌਰ ‘ਤੇ ਪ੍ਰਯੋਗ ਕੀਤੇ ਜਾਂਦੇ ਹਨ।ਸ਼ਹੀਦ ਸ਼ਬਦ ਅਰਬੀ ਭਾਸ਼ਾ ਚੋਂ ਲਿਆ ਗਿਆ ਹੈ,ਜਿਸਦਾ ਸ਼ਾਬਦਿਕ ਅਰਥ ਹੁੰਦਾ ਹੈ-ਚਸ਼ਮਦੀਦ ਗਵਾਹ ਜਾਂ ਗਵਾਹੀ। ਕਦੇ ਨਾ ਡੋਲਣ ਵਾਲੇ ਗਵਾਹ ਜਾਂ ਗਵਾਹੀ ਨੂੰ ਸ਼ਾਹਦ ਕਹਿੰਦੇ ਹਨ।ਅਰਬੀ ਉਰਦੂ ‘ਤੇ ਫਾਰਸੀ ਵਿੱਚ ‘ਸ਼ਹੀਦ’ ਦੇ ਸੰਬੰਧ ਵਿੱਚ ਕਈ ਮੁਹਾਵਰੇ ਮਿਲਦੇ ਹਨ ਜਿਵੇਂ ਸ਼ਹਾਦਤ ਤਲਬੀਦਨ,ਸ਼ਹਾਦਤ ਰਸੀਦਨ,ਕਲਮਾ-ਏ-ਸ਼ਹਾਦਤ,ਸ਼ਹਾਦਤ ਗਾਹ,ਸ਼ਹਾਦਤ ਹਜ਼ੂਰੀ ਆਦਿ।
ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਤੋਂ ਗੋਇੰਦਵਾਲ,ਜ਼ਿਲਾ ਅੰਮ੍ਰਿਤਸਰ ਵਿੱਚ ਹੋਇਆ।ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ।ਪ੍ਰਿਥੀ ਚੰਦ ‘ਤੇ ਮਹਾਦੇਵ ਜੀ ਇਹਨਾਂ ਦੇ ਵੱਡੇ ਭਰਾ ਸਨ।ਆਪ ਜੀ ਨੂੰ 18 ਸਾਲ ਦੀ ਉਮਰ ਵਿੱਚ ਸੰਨ 1581 ਨੂੰ ਗੁਰੂ ਗੱਦੀ ਦੀ ਪ੍ਰਾਪਤੀ ਹੋਈ।ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜੁਨ ਦੇਵ ਜੀ ਇੱਕ ਮਹਾਂਪੁਰਸ਼,ਦੇਸ਼ ਕੌਮ ਦੇ ਰਖਵਾਲੇ,ਸੰਤ ਸਤਿਗੁਰੂ ‘ਤੇ ਕਵੀ ਸਨ।ਜਿੰਨਾਂ ਨੇ ਸੱਚੀ ਗੁਰਬਾਣੀ ਦੀ ਰਚਨਾ ਕਰ ਉੱਚੀ ਕੁਰਬਾਨੀ ਦੁਆਰਾ,ਸੁਨਹਿਰੇ ਅਤੇ ਅਦਭੁੱਤ ਇਤਿਹਾਸ ਦੀ ਰਚਨਾ ਕੀਤੀ।
ਸ੍ਰੀ ਗੁਰੂ ਅਰਜੁਨ ਦੇਵ ਜੀ ਦੁਆਰਾ ਰਚੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਗੁਰਬਾਣੀ ਜਗੁ ਮਹਿ ਚਾਨਣ’ ‘ਤੇ ‘ਸਰਬ ਸਾਂਝੀ ਗੁਰਬਾਣੀ’ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ।ਇਹ ਅਮੋਲਕ ਗ੍ਰੰਥ ਹਰੇਕ ਧਰਮ, ਜਾਤੀ, ਵਰਗ ਅਤੇ ਸੰਪ੍ਰਦਾਇ ਪ੍ਰੇਰਣਾ ਲਈ ਪ੍ਰੇਰਣਾਸ੍ਰੋਤ ਹੈ।ਇਸਦੇ ਦੁਆਰਾ ਹਿੰਦੂ ਨੂੰ ਪ੍ਰਭੂ ਦੇ ਦਰਸ਼ਨ ਹੁੰਦੇ ਹਨ,ਮੁਸਲਮਾਨ ਨੂੰ ਖੁਦਾ ਅਤੇ ਸਿੱਖ ਨੂੰ ਅਕਾਲ ਪੁਰ ਦੀ ਪ੍ਰਾਪਤੀ ਹੁੰਦੀ ਹੈ।ਇਸ ਮਹਾਨ ਗ੍ਰੰਥ ਦੇ ਅੰਦਰ ਹਰਿ 8344 ਵਾਰ,ਪ੍ਰਭੂ 1371 ਵਾਰ,ਠਾਕੁਰ 216 ਵਾਰ,ਰਾਮ 2533 ਵਾਰ,ਗੋਪਾਲ 491 ਵਾਰ,ਨਾਰਾਇਣ 85 ਵਾਰ,ਅੱਲਾਹ 49 ਵਾਰ,ਵਾਹਿਗੁਰੂ 16 ਵਾਰ,ਪਾਰਬ੍ਰਹਮ 324 ਵਾਰ ਅਤੇ ਕਰਤਾਰ 220 ਵਾਰ ਆਇਆ ਹੈ।ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 31 ਰਾਗਾਂ ਵਿੱਚ ਬਾਣੀ ਦਰਜ ਹੈ।13 ਪ੍ਰਦੇਸ਼ਾਂ ਦੀਆਂ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ।6 ਗੁਰੂਆਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 5ਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਹੈ।
15 ਜਾਤਾਂ ਦੇ ਭਗਤ,4 ਸੰਤ,11 ਭੱਟਾਂ ਦੀ ਬਾਣੀ ਨੂੰ ਇਸਦੇ ਅੰਦਰ ਸ਼ਾਮਿਲ ਕੀਤਾ ਗਿਆ ਹੈ।ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।ਸਿਰਫ ਪੰਜਾਬੀ ਹੀ ਨਹੀਂ ਸਗੋਂ ਭਾਰਤੀ ਕਵੀਆਂ ‘ਚ ਉਹਨਾਂ ਦਾ ਵਿਲੱਖਣ ਸਥਾਨ ਹੈ, ਇਸਨੂੰ ਪੜ੍ਹਨ, ਸੁਣਨ,ਚਿੰਤਨ ਕਰਨ ਨਾਲ ਸਭ ਪ੍ਰਕਾਰ ਦੇ ਦੁੱਖ ਤਕਲੀਫਾਂ ਤੋਂ ਛੁਟਕਾਰਾ ਮਿਲਦਾ ਹੈ।ਸੰਖੇਪ ਵਿੱਚ ਕਿਹਾ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਦੁਆਰਾ, ਸਮੁੱਚੀ ਮਨੁੱਖ ਜਾਤੀ ਜੀਵਨ ਜਿਊਣ ਦੀ ਕਲਾ,ਭਗਤੀ-ਸ਼ਕਤੀ,ਸੇਵਾ,ਸਮਰਪਣ ਅਤੇ ਪਰਉਪਕਾਰ ਵਰਗੇ ਵਿਲੱਖਣ ਗੁਣਾਂ ਦਾ ਅੰਮ੍ਰਿਤ ਪਾਨ ਕਰਦੀ ਹੈ।
ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਬਹੁਆਯਾਮੀ ਸਖਸ਼ੀਅਤ ਨੂੰ ਬਿਆਨ ਕਰਨਾ ਸਾਡੇ ਲਫਜ਼ਾਂ ਦੀ ਪਹੁੰਚ ਤੋਂ ਪਰ੍ਹੇ ਹੈ।ਕਿਉਂਕਿ ਦੁਨੀਆ ਦਾ ਕੋਈ ਵੀ ਕਾਗਜ਼ ਕਲਮ ਉਹਨਾਂ ਅੱਗੇ ਨਤਮਸਤਕ ਹੈ।ਉਹ ਮਹਾਨ ਗੁਰੂ ਹਨ, ਜਿੰਨਾਂ ਨੇ ਸਮਾਜਿਕ ਭਲਾਈ ‘ਤੇ ਪਰਮਾਰਥ ਦੁਆਰਾ ਮਾਨਵਤਾ ਦੀ ਸੇਵਾ ਕਰਕੇ ਵਿਸ਼ਵ ਨੂੰ ਇੱਕ ਨਵੀਂ ਰੌਸ਼ਨੀ ਪ੍ਰਦਾਨ ਕੀਤੀ।ਉਹ ਮਹਾਨ ਕਵੀ ਹਨ ਜਿੰਨਾਂ ਦੀ ਲੇਖਣੀ ਨੇ ਭਾਰਤੀ ਸੰਤ ਕਾਵਿ ਵਿੱਚ ਇੱਕ ਖਾਸ ਪ੍ਰਕਾਰ ਦੀ ਸੁੰਦਰਤਾ ਰੋਪਿਤ ਕੀਤੀ।43 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਇਸ ਯੁੱਗ ਪੁਰਸ਼ ਨੇ ਇਤਿਹਾਸ,ਧਰਮ, ਸਾਹਿਤ,ਸਮਾਜ,ਸੰਸਕ੍ਰਿਤੀ ਅਤੇ ਕਲਾ ਦੇ ਖੇਤਰ ਵਿੱਚ ਜੋ ਯੋਗਦਾਨ ਦਿੱਤਾ ਉਹ ਵਿਲੱਖਣ ਹੈ।
ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਹਰਵੀਂ ਸਦੀ ਤੋਂ ਲੈ ਕੇ ਸੋਲਹਵੀਂ ਸਦੀ ਤੱਕ ਦੇ ਪੰਜ ਸੌ ਸਾਲਾਂ ਸੰਤ ਸਾਹਿਤ ਨੂੰ ਸੰਪਾਦਿਤ ਕਰਕੇ, ਭਾਰਤੀ ਸੰਸਕ੍ਰਿਤੀ ‘ਤੇ ਇੱਕ ਬਹੁਤ ਮਹਾਨ ਉਪਕਾਰ ਕੀਤਾ।ਉਹਨਾਂ ਨੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਇੱਕ ਸੱਚਾ ਸੰਤ-ਮਹਾਪੁਰਸ਼ ਕਿਸ ਪ੍ਰਕਾਰ ਜਾਲਿਮ,ਜੁਲਮ ‘ਤੇ ਅੱਤਿਆਚਾਰ ਦੇ ਖਿਲਾਫ ਖੁਦ ਨੂੰ ਕੁਰਬਾਨ ਕਰ ਸਕਦਾ ਹੈ।ਅਹਿੰਸਾ, ਹਿੰਸਾ ‘ਤੇ ਜਿੱਤ ਪ੍ਰਾਪਤ ਕਰਕੇ ਕਿਸ ਪ੍ਰਕਾਰ ਸਤਯਮੇਵ ਜਯਤੇ ਦੇ ਸਿਧਾਂਤ ਨੂੰ ਬਰਕਰਾਰ ਰੱਖ ਸਕਦੀ ਹੈ।
ਸ੍ਰੀ ਗੁਰੂਦੇਵ ਜੀ ਦੀ ਸਰਬ ਗੁਣ ਸੰਪੰਨ ਸਖਸ਼ੀਅਤ ਵਿੱਚ ਸਤਿਗੁਰੂ,ਸੁਧਾਰਕ,ਸ਼ਾਂਤੀ ਦੇ ਪੁੰਜ,ਸੁਜਾਨ ਸੰਪਾਦਕ,ਸੰਗੀਤਕਾਰ,ਸ਼ਾਇਰ ਅਤੇ ਵਿਲੱਖਣ ਸ਼ਹੀਦ ਦਾ ਅਨੌਖਾ ਸੰਗਮ ਦੇਖਣ ਨੂੰ ਮਿਲਦਾ ਹੈ।ਉਹਨਾਂ ਨੇ ਆਪਣਾ ਸਾਰਾ ਜੀਵਨ ਸੇਵਾ ‘ਤੇ ਪਰਉਪਕਾਰ ਵਿੱਚ ਹੀ ਬਤੀਤ ਕੀਤਾ।ਲੋਕਾਂ ਦੇ ਸੁੱਖ-ਅਰਾਮ ਲਈ ਬਾਗ,ਬਉਲੀਆਂ,ਸਰਾਵਾਂ,ਸਰੋਵਰ-ਤਲਾਬਾਂ,ਦਵਾਖਾਨੇ ਅਤੇ ਲੰਗਰ ਲਗਾਉਣ ਦੀ ਸੇਵਾ ਕੀਤੀ।ਅੰਤ ਵਿੱਚ ਉਹਨਾਂ ਨੇ ਆਪਣੀ ਦਿਵਯ ਦੇਹ ਧਰਮ ‘ਤੇ ਲੋਕ ਕਲਿਆਣ ਲਈ ਹੀ ਕੁਰਬਾਨ ਕਰ ਦਿੱਤੀ।
ਆਪ ਜੀ ਨੂੰ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਪ੍ਰਤੀ ਵਿਸ਼ੇਸ਼ ਰੁਚੀ ਸੀ।ਆਪ ਜੀ ਦੀ ਪਰਮਾਤਮਾ ਦੇ ਪ੍ਰਤੀ ਅਜਿਹੀ ਬਿਰਤੀ ਦੇਖ ਕੇ ਆਪ ਜੀ ਦੇ ਮਾਤਾ-ਪਿਤਾ ਬੇਹੱਦ ਪ੍ਰਸੰਨ ਹੁੰਦੇ।ਆਪ ਜੀ ਦਾ ਸਰੀਰ ਬਲਵਾਨ,ਆਪ ਲੰਮੇ ਕੱਦ ਦੇ,ਮੱਥੇ ਤੇ ਅਲੌਕਿਕ ਨੂਰ ਅਤੇ ਨੈਣਾਂ ‘ਚ ਅਥਾਹ ਸ਼ਾਂਤੀ ਅਤੇ ਦਇਆ ਨਿਵਾਸ ਕਰਦੀ ਸੀ।ਆਪ ਜੀ ਦੇ ਮੁਖਾਰਵਿੰਦ ‘ਤੇ ਸਦਾ ਹੀ ਇੱਕ ਪਿਆਰੀ ਮੁਸਕਾਨ ਬਿਰਾਜਮਾਨ ਰਹਿੰਦੀ।ਆਪ ਮਿੱਠ ਬੋਲੜੇ ‘ਤੇ ਉੱਚੇ ਵਿਅਕਤੀਤੱਵ ਦੇ ਸੁਆਮੀ ਸਨ।ਆਪ ਸਵਾਰਥ ਤੋਂ ਦੂਰ ਰਹਿ ਕੇ ਸਦਾ ਹੀ ਤਿਆਗ ਦੀ ਭਾਵਨਾ ‘ਚ ਓਤਪ੍ਰੋਤ ਰਹਿੰਦੇ।ਆਪ ਨਿਮਰਤਾ ਦੇ ਸਾਗਰ ਸਨ।ਗੁਰੂ ਦਰਬਾਰ ਦੇ ਸੇਵਾ ਕਾਰਜਾਂ ‘ਚ ਆਪ ਨੂੰ ਬਹੁਤ ਹੀ ਆਨੰਦ ਪ੍ਰਾਪਤ ਹੁੰਦਾ।ਇਸ ਲਈ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਣੇ ਆਗਿਆਕਾਰੀ ਪੁੱਤਰ ਪ੍ਰਤੀ ਵਿਸ਼ੇਸ਼ ਲਗਾਓ ਸੀ।
ਉਹਨਾਂ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਲਈ ਵਚਨ ਕੀਤਾ ਸੀ-‘ਦੋਹਿਤਾ ਬਾਣੀ ਦਾ ਬੋਹਿਥਾ’ ਭਾਵ ਮੇਰਾ ਦੋਹਤਾ ਬਾਣੀ ਦਾ ਜਹਾਜ ਬਣੇਗਾ ਜੋ ਇਸਦੇ ਦੁਆਰਾ ਖੁਦ ਵੀ ਤਰੇਗਾ ‘ਤੇ ਸੰਪੂਰਨ ਜਗਤ ਲਈ ਤਾਰਨਹਾਰ ਬਣੇਗਾ।ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਤਖਤ ‘ਤੇ ਬੈਠੇ ਧਿਆਨ ਕਰ ਰਹੇ ਸਨ।ਬਾਲਕ ਅਰਜੁਨ ਆਪਣੇ ਸਾਥੀਆਂ ਨਾਲ ਘਰ ਦੇ ਵਿਹੜੇ ਵਿੱਚ ਗੇਂਦ ਨਾਲ ਖੇਡ ਰਹੇ ਸਨ।ਅਚਾਨਕ ਉਹਨਾਂ ਦੀ ਗੇਂਦ ਉੱਛਲੀ ‘ਤੇ ਗੁਰੂਦੇਵ ਦੇ ਆਸਣ ਦੇ ਪਾਸ ਆ ਕੇ ਡਿੱਗ ਗਈ।ਜਦੋਂ ਕਾਫੀ ਸਮਾਂ ਇੱਧਰ-ਉੱਧਰ ਤਲਾਸ਼ਣ ਤੋਂ ਬਾਅਦ ਉਹਨਾਂ ਨੂੰ ਆਪਣੀ ਗੇਂਦ ਨਾ ਮਿਲੀ ਤਾਂ ਬਾਲਕ ਅਰਜੁਨ ਨੇ ਸੋਚਿਆ ਕਿਤੇ ਗੇਂਦ ਨਾਨਾ ਜੀ ਦੇ ਤਖਤ ਤੇ ਨਾ ਚਲੀ ਗਈ ਹੋਵੇ? ਫਿਰ ਕੀ ਸੀ ਉਹਨਾਂ ਨੇ ਗੁਰੂਦੇਵ ਦੇ ਤਖਤ ਤੱਕ ਉਛਲਣ ਦੀ ਕੋਸ਼ਿਸ਼ ਕੀਤੀ।ਨਿਰੋਏ ਸਰੀਰ ਦੇ ਮਾਲਿਕ, ਬਾਲਕ ਅਰਜੁਨ ਸਹੀ ਤਰੀਕੇ ਨਾਲ ਛਾਲ ਨਹੀਂ ਮਾਰ ਸਕੇ। ਜਾਂ ਸ਼ਾਇਦ ਉਹ ਆਪਣੇ ਨਾਨਾ ਜੀ ਦਾ ਧਿਆਨ ਭੰਗ ਨਹੀਂ ਕਰਨਾ ਚਾਹ ਰਹੇ ਸੀ।
ਫਿਰ ਉਹਨਾਂ ਨੇ ਹੌਲੀ ਜਿਹੀ ਤਖਤ ‘ਤੇ ਪੈਰ ਰੱਖ ਕੇ ਉੱਪਰ ਝਾਕਣ ਦੀ ਕੋਸ਼ਿਸ਼ ਕੀਤੀ।ਜਿਸਦੇ ਨਾਲ ਗੁਰੂਦੇਵ ਦਾ ਆਸਣ ਡੋਲ ਗਿਆ ‘ਤੇ ਗੁਰੂਦੇਵ ਦਾ ਧਿਆਨ ਭੰਗ ਹੋ ਗਿਆ।ਉਹਨਾਂ ਨੇ ਪ੍ਰੇਮ ਨਾਲ ਕਿਹਾ ਕਿ ਇਹ ਕੌਣ ਮਹਾਨ ਪੁਰਖ ਹੈ, ਜਿਸਨੇ ਮੇਰੀ ਸਾਰੀ ਸੱਤਾ ਹੀ ਹਿਲਾ ਕੇ ਰੱਖ ਦਿੱਤੀ।ਗੁਰੂ ਅਮਰਦਾਸ ਜੀ ਪਾਸ ਹੀ ਖੜ੍ਹੇ ਆਪਣੇ ਦੋਹਤੇ ਅਰਜੁਨ ਦੇਵ ਨੂੰ ਕਲਾਵੇ ਵਿੱਚ ਭਰ ਕੇ ਪਿਆਰ ਕਰਨ ਲੱਗੇ।ਉਹਨਾਂ ਨੇ ਵਚਨ ਕੀਤਾ-ਪੁੱਤਰ ਇੱਕ ਦਿਨ ਆਵੇਗਾ ਜਦੋਂ ਤੁਸੀਂ ਬਹੁਤ ਮਹਾਨ ਕੰਮ ਕਰੋਂਗੇ।ਦੀਨ ਦੁਖੀਆਂ ‘ਤੇ ਧਰਮ ਦੀ ਰੱਖਿਆ ਕਰਕੇ ਨਵੇਂ ਕੀਰਤੀਮਾਨ ਸਥਾਪਿਤ ਕਰੋਂਗੇ। ਸਮਾਂ ਪਾ ਕੇ ਗੁਰੂਦੇਵ ਦੇ ਵਚਨ ਪੂਰਨ ਹੋਏ।ਗੁਰੂ ਅਰਜੁਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਕੇ ਬਾਣੀ ਦਾ ਬੋਹਿਥਾ ਵੀ ਬਣੇ ਅਤੇ ਉਹਨਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਬਲਿਦਾਨ ਦੇ ਕੇ ਇਸ ਦੁਨੀਆ ਦੇ ਮਹਾਨ ਸ਼ਹੀਦ ਅਖਵਾਏ।
-
ਸੰਜਿੰਦਰ ਸਿੰਘ, ਲੇਖਕ
ashusukhi@gmail.com
77173-51633
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.