ਇਤਿਹਾਸ ਦੇ ਉਹ ਪੰਨ੍ਹੇ ਸੁਨਿਹਰੇ ਹੋ ਨਿਬੜੇ, ਜਿਸ ਉੱਪਰ ਕਿਸੇ ਤਪੱਸਵੀ,ਤਿਆਗੀ,ਪਰਉਪਕਾਰੀ ਅਤੇ ਸੱਚ ਧਰਮ ਲਈ ਆਪਣੀ ਸ਼ਹਾਦਤ ਦੇਣ ਵਾਲੀ ਕਿਸੇ ਮਹਾਨ ਹਸਤੀ ਦਾ ਨਾਮ ਅੰਕਿਤ ਹੋ ਗਿਆ।ਉਹਨਾਂ ਦੇ ਜੀਵਨ ਦਾ ਹਰ ਪਹਿਲੂ ਸਮੱੁਚੀ ਮਾਨਵਤਾ ਲਈ ਪ੍ਰਕਾਸ਼ ਪੁੰਜ ਬਣ ਗਿਆ।ਜੋ ਕਿ ਆਦਿ ਕਾਲ ਤੱਕ ਉਹਨਾਂ ‘ਤੇ ਸ਼ਰਧਾ ਰੱਖਣ ਵਾਲਿਆਂ ਦੇ, ਵਰਤਮਾਨ ਅਤੇ ਭਵਿੱਖ ਨੂੰ ਰੌਸ਼ਨੀ ਪ੍ਰਦਾਨ ਕਰਦਾ ਰਹੇਗਾ।
ਅਜਿਹੀ ਹੀ ਇੱਕ ਮਹਾਨ ਹਸਤੀ ਨੇ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਰੂਪ ਵਿੱਚ ਇਸ ਧਰਤੀ ‘ਤੇ ਅਵਤਾਰ ਕੀਤਾ।ਜਿੰਨਾਂ ਨੂੰ ਮੀਰੀ-ਪੀਰੀ ਦੇ ਮਾਲਿਕ, ਵੱਡ ਯੋਧਾ ਪਰਉਪਕਾਰੀ ‘ਤੇ ਦਲਭੰਜਨ ਸੂਰਮਾ ਕਹਿ ਦੇ ਸੰਬੋਧਿਤ ਕੀਤਾ ਜਾਂਦਾ ਹੈ।ਉਹ ਅਜਿਹੇ ਯੁੱਗਪੁਰਸ਼ ਹਨ ਜਿੰਨਾਂ ਦੇ ਚਿਹਰੇ ਦਾ ਨੂਰ ਦੇਖ ਕੇ ਸੂਰਜ ਵੀ ਸ਼ਰਮਾ ਜਾਵੇ।ਉਹਨਾਂ ਦੇ ਹਿਰਦੇ ਦੀ ਵਿਸ਼ਾਲਤਾ ਦੇਖ ਕੇ ਸਾਗਰ ਵੀ ਛੋਟਾ ਪੈ ਜਾਵੇ। ਉਹਨਾਂ ਦੀ ਲਲਕਾਰ ਸੁਣ ਕੇ ਇੱਕ ਬੱਬਰ ਸ਼ੇਰ ਵੀ ਡਰ ਜਾਵੇ।ਉਹਨਾਂ ਨੇ ਆਪਣੀ ਅਧਿਆਤਮਿਕ ਉੱਚਤਾ ‘ਤੇ ਰਾਜਨੀਤਿਕ ਸੂਝਬੂਝ ਨਾਲ ਅਨੇਕਾਂ ਹੀ ਲੋਕਾਂ ਦੇ ਜੀਵਨ ਨੂੰ ਪ੍ਰਕਾਸ਼ਿਤ ਕੀਤਾ।ਜਿਸਦੇ ਸਿੱਟੇ ਵਜੋਂ ਸਧਾਰਨ ਲੋਕਾਂ ਅੰਦਰ ਜਬਰ-ਜੁਲਮ ਨਾਲ ਜੂਝਣ ਦਾ ਹੌਂਸਲਾ ਪੈਦਾ ਹੋਇਆ।ਅੱਜ ਅਸੀਂ ਉਸ ਅਲੌਕਿਕ ਹਸਤੀ ਦੇ ਮਾਲਿਕ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨ੍ਹਾ ਰਹੇ ਹਾਂ।
ਸ੍ਰੀ ਹਰਗੋਬਿੰਦ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਸਦਕਾ ਹੋਇਆ।ਜਿਸ ਸਮੇਂ ਮਾਤਾ ਗੰਗਾ ਪੁੱਤਰ ਪ੍ਰਾਪਤੀ ਲਈ ਬਾਬਾ ਬੁੱਢਾ ਜੀ ਦੇ ਪਾਸ ਵਰਦਾਨ ਲੈਣ ਗਈ ਤਾਂ ਉਹਨਾਂ ਨੇ ਖਾਣਾ ਖਾਂਦੇ ਸਮੇਂ ਪਿਆਜ ਉੱਪਰ ਜੋਰ ਦੀ ਮੁੱਕਾ ਮਾਰਦੇ ਹੋਏ ਵਚਨ ਕੀਤਾ-‘ਜਿਸ ਪ੍ਰਕਾਰ ਮੈਂ ਇਸ ਪਿਆਜ਼ ਨੂੰ ਤੋੜਿਆ ਹੈ,ਠੀਕ ਇਸੇ ਤਰ੍ਹਾਂ ਤੇਰਾ ਇਹ ਪੁੱਤਰ ਵੀ ਦੁਸ਼ਮਣਾਂ ਦੇ ਸਿਰ ਭੰਨੇਗਾ।ਉਹ ਇੱਕ ਮਹਾਨ ਸੂਰਬੀਰ ਯੋਧਾ ਹੋਣ ਦੇ ਨਾਲ ਹੀ ਇੱਕ ਪ੍ਰਤਾਪੀ ਗੁਰੂ ਵੀ ਹੋਵੇਗਾ।ਉਹ ਦੋ ਤਲਵਾਰਾਂ ਧਾਰਨ ਕਰੇਗਾ ਅਤੇ ਸਭ ਲੜਾਈਆਂ ਵਿੱਚ ਜਿੱਤ ਪ੍ਰਾਪਤ ਕਰੇਗਾ।’ਇਸ ਪ੍ਰਕਾਰ ਬਾਬਾ ਬੁੱਢਾ ਜੀ ਦੇ ਵਚਨਾਂ ਨਾਲ ਸੰਮਤ 1651 (9 ਜੂਨ 1595) ਨੂੰ ਸ੍ਰੀ ਹਰਗੋਬਿੰਦ ਜੀ ਦਾ ਜਨਮ ਵਡਾਲੀ ਪਿੰਡ (ਅੰਮ੍ਰਿਤਸਰ) ਵਿੱਚ ਹੋਇਆ।
ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ, ਕਿ ਸ਼ਾਂਤਮਈ ਯਤਨਾਂ ਦਾ ਯੁੱਗ ਪਲਟ ਚੁੱਕਾ ਹੈ।ਹੁਣ ਗੁਰੂਦੇਵ ਦੇ ਸਾਹਮਣੇ ਦੋ ਹੀ ਰਸਤੇ ਸਨ, ਜਾਂ ਤਾਂ ਉਹ ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਉਣ ਜਾਂ ਫਿਰ ਸਾਰੇ ਯਤਨ ਬੰਦ ਕਰਕੇ ਚੰਗੇ ਦਿਨ ਆਉਣ ਦਾ ਇੰਤਜਾਰ ਕਰਨ।ਦੂਸਰਾ ਰਸਤਾ ਆਤਮਘਾਤੀ ਸੀ,ਕਿਉਂਕਿ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੇ ਇਸ ਗੱਲ ਨੂੰ ਪ੍ਰਮਾਣਿਤ ਕਰ ਦਿੱਤਾ ਸੀ, ਕਿ ਜਬਰ-ਜੁਲਮ ਉੱਪਰ ਤਿਆਗ,ਬਲਿਦਾਨ ਜਾਂ ਸਹਿਣਸ਼ੀਲਤਾ ਦੁਆਰਾ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ।ਕਿਉਂਕਿ ਅੰਨ੍ਹਿਆਂ ਨੂੰ ਸੂਰਜ ਦਾ ਤੇਜ ਦਿਖਾਈ ਨਹੀਂ ਦਿੰਦਾ ਅਤੇ ਨਾ ਹੀ ਬੋਲਿਆ ਨੂੰ ਮਾਘ-ਮਲਹਾਰ ਦੇ ਗੀਤ ਸਮਝ ਆਉਂਦੇ ਹਨ।ਦੂਸਰੇ ਪਾਸੇ ਸ਼ਾਂਤੀ ‘ਤੇ ਸਹਿਣਸ਼ੀਲਤਾ ਨਾਲ ਉਹਨਾਂ ਦੇ ਹੰਕਾਰ ਨੂੰ ਹੋਰ ਜਿਆਦਾ ਪੋਸ਼ਣ ਮਿਲਦਾ ਹੈ।ਮੁਗਲਾਂ ਨੇ ਵੀ ਸਿੱਖਾਂ ਦੀ ਇਸੇ ਨਿਮਰਤਾ ਨੂੰ ਕਮਜੋਰੀ ਮੰਨ ਲਿਆ ਸੀ।ੳੇੁਪਰੋਕਤ ਤੱਥ ਇਸੇ ਗੱਲ ਦੀ ਗਵਾਹੀ ਭਰਦੇ ਹਨ ਕਿ ਆਪਣੇ ਧਰਮ ਨੂੰ ਬਚਾ ਕੇ ਰੱਖਣ ਲਈ ਹਥਿਆਰ ਉਠਾਉਣੇ ਹੀ ਪੈਂਦੇ ਹਨ-
ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੈ ਹੇਤ।
ਪੁਰਜਾ-ਪੁਰਜਾ ਕਟ ਮਰੈ ਕਬਹੁੰ ਨਾ ਛਾਡੈ ਖੇਤ॥
ਇਸ ਲਈ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ,ਸਮਾਜ ‘ਤੇ ਮਨੁੱਖਤਾ ਦੀ ਹੋਂਦ ਬਚਾਈ ਰੱਖਣ ਲਈ ਲੋੜ ਪੈਣ ਤੇ ਹਥਿਆਰਬੰਦ ਸੰਘਰਸ਼ ਦਾ ਰਾਹ ਵੀ ਚੁਣਿਆ।ਆਪ ਪੀਰ (ਧਾਰਮਿਕ ਆਗੂ) ਤਾਂ ਸੀ ਹੀ ਇਸਦੇ ਨਾਲ ਹੀ ਆਪ ਮੀਰ (ਰਾਜਨੀਤਿਕ ਲੀਡਰ) ਵੀ ਬਣ ਗਏ।ਆਪ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ,ਰਾਜਨੀਤੀ ‘ਤੇ ਧਰਮ ਦੇ ਸੱਚੇ ਸੁਮੇਲ ਨੂੰ ਪ੍ਰਗਟ ਕੀਤਾ।ਜਾਂ ਇੰਝ ਕਹਿ ਸਕਦੇ ਹਾਂ ਕਿ ਮਾਲਾ-ਭਾਲਾ,ਤਲਵਾਰ-ਤਸਬੀਹ,ਮੀਰੀ ਪੀਰੀ ਨੂੰ ਨਾਲ-ਨਾਲ ਰੱਖਣ ਦਾ ਗੁਣ, ਉਹਨਾਂ ਦੇ ‘ਵਡ ਯੋਧਾ ਪਰਉਪਕਾਰੀ’ਫਲਸਫੇ ਨੂੰ ਪ੍ਰਗਟ ਕਰਦਾ ਹੈ।ਮਹਾਨ ਯੋਧਾ ਹੋਣ ਦੇ ਨਾਲ ਹੀ ਪਰਉਪਕਾਰੀ ਹੋਣਾ ਉਹਨਾਂ ਦੀ ਵਿਲੱਖਣਤਾ ਹੈ।ਆਪ ਜੀ ਦੇ ਸਮੇਂ ਸਿੱਖ ਸਹੀ ਅਰਥਾਂ ‘ਚ ਸੰਤ-ਸਿਪਾਹੀ ਬਣ ਚੁੱਕਾ ਸੀ।
ਸ੍ਰੀ ਗੁਰੂ ਹਰਗੋਬਿੰਦ ਜੀ ਦੀ ਸ਼ਕਤੀ ਨੂੰ ਦੱਬਣ ਲਈ ਜਹਾਂਗੀਰ ਨੇ ਉਹਨਾਂ ਨੂੰ ਕੈਦ ਵੀ ਕੀਤਾ, ਪਰ ਜਾਲਮ ਉਹਨਾਂ ਦੇ ਵੇਗ ਨੂੰ ਕਿਸੇ ਤਰ੍ਹਾਂ ਰੋਕ ਨਹੀਂ ਸਕੇ।ਸਗੋਂ ਉਹਨਾਂ ਦੀ ਇਸ ਕਰਤੂਤ ਨੇ ਸਿੱਖਾਂ ਦੀ ਸ਼ਕਤੀ ਨੂੰ ਹੋਰ ਮਜਬੂਤ ਕਰ ਦਿੱਤਾ।ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜ ਗੁਰੂਆਂ ਵਾਂਗ ਲੋਕਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿੱਛੋਂ ਆਪ ਹੀ ਅਜਿਹੇ ਗੁਰੂ ਸਨ, ਜਿੰਨਾਂ ਨੇ ਦੂਰ-ਦੁਰਾਡੇ ਇਲਾਕਿਆਂ ਦੀਆਂ ਯਾਤਰਾਵਾਂ ਕਰਕੇ ਸਿੱਖ ਮੱਤ ਦਾ ਪ੍ਰਚਾਰ ਕੀਤਾ।ਆਪ ਦੀਨ-ਦੁਖੀਆਂ ਦੇ ਮਸੀਹਾ ਬਣ ਕੇ ਉਹਨਾਂ ਦੇ ਪਾਸ ਪਹੁੰਚੇ ‘ਤੇ ਇੱਕ ਅੰਤਰਯਾਮੀ ਗੁਰੂ ਦੇ ਰੂਪ ਵਿੱਚ ਅਨੇਕਾਂ ਹੀ ਭਗਤਾਂ ਦੀਆਂ ਮਨੋਕਾਮਨਾਵਾਂ ਨੂੰ ਪੂਰਨ ਕੀਤਾ।ਇਸ ਤੋਂ ਇਲਾਵਾ ਗੁਰੂ ਜੀ ਨੇ ਜਾਲਿਮ ਮੁਗਲ ਸ਼ਾਸਕਾਂ ਦਾ ਮੁਕਾਬਲਾ ਕਰਨ ਲਈ ਹਥਿਆਰ,ਬੰਦੂਕਾਂ,ਗੋਲਾ–ਬਰੂਦ, ਘੋੜੇ ਇਕੱਤਰ ਕਰਨੇ ਸ਼ੁਰੂ ਕਰ ਕੇ ਸਿੱਖਾਂ ਦੀ ਇੱਕ ਮਜਬੂਤ ਫੌਜ ਤਿਆਰ ਕੀਤੀ।ਪ੍ਰਾਣਹੀਣ ਹੋਈ ਲੋਕਾਈ ਨੂੰ ਸੈਨਿਕ ਸਿੱਖਿਆ ਵੀ ਦਿੱਤੀ।ਆਪ ਨੇ ਹਥਿਆਰ ਚਲਾਉਣ ਵਿੱਚ ਮਾਹਿਰ 52 ਯੋਧੇ ਵੀ ਆਪਣੇ ਪਾਸ ਰੱਖੇ।ਜੋ ਸਿੱਖਾਂ ਨੂੰ ਯੁੱਧ ਕਲਾ ਸਿਖਾਉਣ ਦੇ ਨਾਲ ਹੀ ਗੁਰੂਦੇਵ ਦੇ ਅੰਗ ਰੱਖਿਅਕਾਂ ਦੀ ਭੂਮਿਕਾ ਵੀ ਅਦਾ ਕਰਦੇ ਸਨ।
ਗੁਰੂ ਜੀ ਦਾ ਇਸ ਪ੍ਰਕਾਰ ਫੌਜ ਤਿਆਰ ਕਰਨਾ ਸ਼ਾਹੀ ਹਕੂਮਤ ਨੂੰ ਸਿੱਧੀ ਲਲਕਾਰ ਸੀ।ਇਸ ਤੋਂ ਵੀ ਵੱਡੀ ਲਲਕਾਰ ਉਹਨਾਂ ਨੇ ਅਕਾਲ ਤਖਤ ਦੀ ਸਥਾਪਨਾ ਕਰਕੇ ਦੇ ਦਿੱਤੀ।ਅਕਾਲ ਤਖਤ ਦਾ ਭਾਵ ਉਹ ਤਖਤ ਜੋ ਪ੍ਰਮਾਤਮਾ ਦੀ ਸੱਤਾ ਦੁਆਰਾ ਸੰਚਾਲਿਤ ਹੈ।ਜਿਸਦਾ ਅਧਾਰ ਦੈਵੀ ‘ਤੇ ਨੈਤਿਕ ਗੁਣ ਹੈ ਜੋ ਸੱਚ-ਸਮਾਨਤਾ,ਇਨਸਾਫ ਅਤੇ ਆਪਸੀ ਤਾਲਮੇਲ ‘ਤੇ ਮਿਲਵਰਤਨ ਦਾ ਸੰਦੇਸ਼ ਦਿੰਦਾ ਹੈ।ਅਕਾਲ ਤਖਤ ਰਾਖਸ਼ੀ ਸ਼ਕਤੀਆਂ ‘ਤੇ ਪ੍ਰਬਿਰਤੀਆਂ ਦੇ ਵਿਨਾਸ਼ ਦਾ ਸੰਦੇਸ਼ ਦਿੰਦਾ ਸੀ।
ਦੂਸਰਾ ਤਖਤ ‘ਤੇ ਬੈਠਣ ਦੇ ਅਧਿਕਾਰ ਨੂੰ ਮੁਗਲ ਆਪਣਾ ਜਮਾਂਦਰੂ ਹੱਕ ਸਮਝਦੇ ਸਨ ਕੋਈ ਹੋਰ ਤਖਤ ‘ਤੇ ਬੈਠੇ ਇਹ ਗੱਲ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਸੀ।ਗੁਰੂ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਬਿਰਾਜਮਾਨ ਹੋਏ ਅਤੇ ਸਾਹ ਸੱਤ ਹੀਣ ਹੋਏ ਲੋਕਾਂ ਨੂੰ ਉਪਦੇਸ਼ ਦੇਣ ਲੱਗੇ ‘ਤੇ ਨਾਲ ਹੁਕਮਨਾਮੇ ਵੀ ਜਾਰੀ ਕਰਨ ਲੱਗੇ।ਉਹਨਾਂ ਨੇ ਸ਼ਹਿਰਾਂ ਨੂੰ ਬਾਹਰੀ ਹਮਲਿਆਂ ਤੋਂ ਬਚਾਉਣ ਲਈ ਲੋਹਗੜ੍ਹ ਦੇ ਕਿਲੇ੍ਹ ਦਾ ਨਿਰਮਾਣ ਕਰਵਾਇਆ।
ਬੇਸ਼ੱਕ ਅੰਮ੍ਰਿਤਸਰ ਸ਼ਹਿਰ ਪਹਿਲਾਂ ਹੀ ਪ੍ਰਸਿੱਧ ਹੋ ਚੁੱਕਿਆ ਸੀ ਕਿਉਂਕਿ ਸਿੱਖਾਂ ਦਾ ਕਾਅਬਾ ‘ਸ੍ਰੀ ਹਰਿਮੰਦਿਰ ਸਾਹਿਬ’ਇੱਥੇ ਹੀ ਸਥਿਤ ਸੀ।ਜਿਸਦਾ ਨਿਰਮਾਣ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਵਾਇਆ ਸੀ।ਇੱਥੇ ਹੀ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਸੀ।ਹਰਿਮੰਦਿਰ ਸਾਹਿਬ ਸੈਨਿਕ ਕਾਰਵਾਈ ਦਾ ਮੁੱਖ ਕੇਂਦਰ ਬਣ ਚੁੱਕਾ ਸੀ।ਇੱਥੇ ਯੁਵਕਾਂ ਨੂੰ ਭਾਲਾ ਚਲਾਉਣਾ,ਤੀਰਅੰਦਾਜ਼ੀ,ਬੰਦੂਕਬਾਜੀ,ਤਲਵਾਰਬਾਜੀ,ਘੋੜਸਵਾਰੀ,ਮੱਲ ਯੁੱਧ ਆਦਿ ਦੀ ਸਿਖਲਾਈ ਦਿੱਤੀ ਜਾਣ ਲੱਗੀ।ਗੁਰੂ ਜੀ ਤਖਤ ‘ਤੇ ਬੈਠ ਕੇ ਸਾਰੀ ਕਾਰਵਾਈ ਦੇਖਿਆ ਕਰਦੇ ਸਨ।ਗੁਰੂ ਜੀ ਦੁਆਰਾ ਸੈਨਾ ਤਿਆਰ ਕਰਨਾ,ਸ਼ਸ਼ਤਰ ਵਿੱਦਿਆ ਸਿਖਾਉਣਾ, ਕਿਲੇ ਤਿਆਰ ਕਰਵਾਉਣੇ,ਹਥਿਆਰ ਇਕੱਤਰ ਕਰਨਾ,ਹਾਥੀ,ਘੋੜੇ ਇਕੱਤਰ ਕਰਨ ਨਾਲ ਮੁਗਲ ਸਰਕਾਰ ਚੁਕੰਨੀ ਹੋ ਗਈ।ਗੁਰੂ ਜੀ ਨੇ ਨਗਾਰਾ ਵਜਾਉਣ ਦੀ ਪਰੰਪਰਾ ਵੀ ਸ਼ੁਰੂ ਕੀਤੀ ਜਿਸਨੂੰ ਮੁਗਲ ਸੈਨਾ ਅੰਦਰ ਬਲ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ।
ਮੁਗਲਾਂ ਨੇ ਗੁਰੂ ਜੀ ਦੀਆਂ ਇੰਨਾਂ ਗਤੀਵਿਧੀਆਂ ਨੂੰ ਕਿਸੇ ਆਉਣ ਵਾਲੇ ਸਮੇਂ ਦੀ ਤਿਆਰੀ ਸਮਝ ਲਿਆ।ਇਸ ਲਈ ਉਹਨਾਂ ਨੇ ਸ੍ਰੀ ਗੁਰੂਦੇਵ ਨੂੰ ਕੈਦ ਕਰਨ ਦਾ ਫੈਸਲਾ ਲਿਆ।ਆਪਣੇ ਇਸ ਮਕਸਦ ਦੀ ਪੂਰਤੀ ਲਈ ਜਹਾਂਗੀਰ ਨੇ ਆਪਣੇ ਅੱਤਿਆਚਾਰੀ ਮੁਰਤਜ਼ਾ ਖਾਨ ਨੂੰ ਫਿਰ ਤੋਂ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।ਯਾਦ ਰਹੇ ਕਿ ਇਹ ਉਹੀ ਮੁਰਤਜ਼ਾ ਜਾਂ ਸ਼ੇਖ ਫਰੀਦ ਬੁਖਾਰੀ ਸੀ ਜਿਸਨੇ ਸ੍ਰੀ ਗੁਰੂ ਅਰਜੁਨ ਦੇਵ ਜੀ ‘ਤੇ ਅਣਮਨੁੱਖੀ ਅੱਤਿਆਚਾਰ ਕਰਕੇ ਇਸ ਧਰਤੀ ਦੇ ਹਿਰਦੇ ਨੂੰ ਲਹੂਲੁਹਾਣ ਕਰ ਦਿੱਤਾ।ਉਸਨੂੰ ਮੁਗਲ ਹਕੂਮਤ ਦੁਆਰਾ ਸ੍ਰੀ ਗੁਰੂ ਹਰਗੋਬਿੰਦ ਜੀ ਉੱਪਰ ਨਜ਼ਰ ਰੱਖਣ ਲਈ ਕਿਹਾ ਗਿਆ।
ਜਾਲਿਮ ਮੁਰਤਜ਼ਾ ਖਾਨ ਸਿੱਖਾਂ ਦਾ ਕੱਟੜ ਵਿਰੋਧੀ ਤਾਂ ਸੀ ਹੀ, ਇਸਦੇ ਨਾਲ ਹੀ ਉਸਨੇ ਸਿੱਖ ਲਹਿਰ ਨੂੰ ਦਬਾਉਣ ਦਾ ਇੱਕ ਹੋਰ ਮੌਕਾ ਮਿਲ ਗਿਆ।ਉਸਨੇ ਜਹਾਂਗੀਰ ਨੂੰ ਦੱਸਿਆ ਕਿ ‘ਸਿੱਖਾਂ ਦੇ ਗੁਰੂ ਨੇ ਦਿੱਲੀ ਤਖਤ ਦੇ ਮੁਕਾਬਲੇ ‘ਚ ਅਕਾਲ ਤਖਤ ਬਣਾ ਲਿਆ ਹੈ।ਉਸਦੇ ਸਿਰ ‘ਤੇ ਛਤਰ ਝੂਲਦਾ ਹੈ ‘ਤੇ ਸਿੱਖ ਸੇਵਾਦਾਰ ਉਸਨੂੰ ਚੰਵਰ ਝੁਲਾਉਂਦੇ ਹਨ।ਉਹ ਖੁਦ ਨੂੰ ਸੱਚਾ ਪਾਤਸ਼ਾਹ ਕਹਾਉਂਦਾ ਹੈ।ਉਹ ਹੁਕਮਨਾਮੇ ਜਾਰੀ ਕਰਦਾ ਹੈ ‘ਤੇ ਲੋਕਾਂ ਦੇ ਝਗੜੇ ਨਿਬੇੜਦਾ ਹੈ।ਕਈ ਰਾਜੇ ਵੀ ਉਸਦੇ ਸ਼ਰਧਾਲੂ ਬਣ ਚੁੱਕੇ ਹਨ ‘ਤੇ ਉਸਨੂੰ ਨਜ਼ਰਾਨੇ ਪੇਸ਼ ਕਰਦੇ ਹਨ।’ਉਪਰੋਕਤ ਤੱਥਾਂ ਨੂੰ ਧਿਆਨ ‘ਚ ਰੱਖਦੇ ਹੋਏ ਗੁਰੂ ਜੀ ਨੂੰ ਮੁਗਲਾਂ ਦੁਆਰਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ।ਲੱਗਭੱਗ ਡੇਢ ਸਾਲ ਉੱਥੇ ਰੱਖਣ ਦੇ ਉਪਰੰਤ ਉਹਨਾਂ ਨੂੰ ਰਿਹਾਅ ਕੀਤਾ ਗਿਆ।ਗੁਰੂ ਜੀ ਨੇ ਮਾਨਵਤਾ ਦੀ ਰੱਖਿਆ ਲਈ ਚਾਰ ਯੁੱਧ ‘ਤੇ ਕਈ ਲੜਾਈਆਂ ਲੜੀਆਂ।
ਅੰਤ ਵਿੱਚ ਅਸੀਂ ਇਹੀ ਕਹਾਂਗੇ ਕਿ ਗੁਰੂਦੇਵ ਵਰਗਾ ਕੋਈ ਯੋਧਾ ਨਹੀਂ ਜਿੰਨਾਂ ਨੇ ਸਭ ਮੁਗਲ ਅੱਤਵਾਦੀਆਂ ਨੂੰ ਖਤਮ ਕੀਤਾ।ਉਹਨਾਂ ਵਰਗਾ ਕੋਈ ਦਾਨੀ ਪਰਉਪਕਾਰੀ ਨਹੀਂ, ਉਹਨਾਂ ਨੇ ਸ਼ਰਨ ਵਿੱਚ ਆਏ ਕਿਸੇ ਜਾਚਕ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆ।ਉਹਨਾਂ ਵਰਗਾ ਕੋਈ ਸ਼ਾਂਤ ਚਿੱਤ ਨਹੀਂ ਜਿੰਨਾਂ ਨੇ ਮੈਦਾਨ-ਏ-ਜੰਗ ‘ਚ ਵੀ ਆਪਣਾ ਸੰਤੁਲਨ ਨਹੀਂ ਗਵਾਇਆ।ਉਹਨਾਂ ਨੇ ਮੁਰਦਾ ਰੂਹਾਂ ‘ਚ ਪ੍ਰਾਣ ਫੂਕ ਦਿੱਤੇ।ਉਹਨਾਂ ਨੇ ਦੇਸ਼,ਕੌਮ ਨੂੰ ਨਿਡਰ ਹੋ ਕੇ ਆਪਣੇ ਪੈਰਾਂ ਤੇ ਖੜੇ ਹੋਣਾ ਸਿਖਾਇਆ।ਉਹ ਨਿਮਰਤਾ ‘ਤੇ ਧੀਰਜ ਦਾ ਸਿਖਰ ਸਨ।ਉਹਨਾਂ ਨੇ ਸਿੱਖੀ ਦੇ ਮਹਿਲ ਨੂੰ ਇੰਨਾਂ ਉੱਚਾ ਚੁੱਕ ਦਿੱਤਾ ਕਿ ਕੋਈ ਵੱਡੇ ਤੋਂ ਵੱਡਾ ਭੂਚਾਲ ਵੀ ਇਸਨੂੰ ਡੇਗ ਨਹੀਂ ਸਕਿਆ।ਭਾਈ ਨੰਦ ਲਾਲ ਜੀ ਉਹਨਾਂ ਦੀ ਮਹਿਮਾ ਦਾ ਵਖਿਆਣ ਕਰਦੇ ਹੋਏ ਲਿਖਦੇ ਹਨ-
ਗੁਰੂ ਹਰਿਗੋਬਿੰਦ ਆਂ ਸਰਾਯਾ ਕਰਮ।
ਕਿ ਮਕਬੂਲ ਸ਼ੂਦ ਜੂ ਸਕੀ ਓ ਦਜ਼ਮ॥
ਭਾਵ ਉਹ ਇਸ ਜਗਤ ਤੇ ਪ੍ਰਮਾਤਮਾ ਦੀ ਅਲੌਕਿਕ ਬਖਸ਼ਿਸ਼ ਸਨ ਜਿੰਨਾਂ ਦੇ ਪ੍ਰਤਾਪ ਨਾਲ ਮੰਦਭਾਗੇ ਤੇ ਮੁਰਝਾਏ ਹੋਏ ਲੋਕ ਵੀ ਪ੍ਰਭੂ ਦੇ ਦਰ ‘ਤੇ ਨਿਵਾਜੇ ਗਏ।ਇਸ ਪ੍ਰਕਾਰ ਗੁਰੂ ਜੀ ਜਨਮਾਨਸ ਅੰਦਰ ਭਗਤੀ-ਸ਼ਕਤੀ ਦੇ ਪ੍ਰਾਣਾਂ ਦਾ ਸੰਚਾਰ ਕਰਦੇ ਹੋਏ 19 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ।
-
Balwinder Singh Dhaliwal, writer
balwinderdhaliwal127@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.