ਆਪਣੀ ਵੋਟ ਪਾਓ ਤੇ ਨਵੀ ਸਰਕਾਰ ਬਣਾਓ
ਵੋਟਰਾਂ ਨੂੰ ਖੁਲ੍ਹ ਉਮੀਦਵਾਰ ਨਹੀ ਪਸੰਦ ਤਾਂ ਦਬਾਓ ਨੋਟਾ
ਭਾਰਤ ਦੀਆਂ ਕੌਮੀ ਸਿਆਸੀ ਪਾਰਟੀਆਂ ਦੇ ਮੁੱਖੀਆਂ ਦਾ ਰੁੱਖ ਪੰਜਾਬ ਵੱਲ
ਪੰਜਾਬ ਵਿਚ 13 ਸੀਟਾਂ ਲਈ 328 ਉਮੀਦਵਾਰ ਹੋਣਗੇ ਬਹੁਕੋਨੀ ਮੁਕਾਬਲੇ
ਸਿਆਸੀ ਪਾਰਟੀਆਂ ਦੇ ਚੋਣ ਮੈਨੀਫਿਸਟੋ, ਲੋਕਾਂ ਦੇ ਮੁੱਦੇ ਗਾਇਬ
------------------------------------------------
ਜਾਗੋ ਵੋਟਰੋ ਜਾਗੋ,ਜਾਗਣ ਦਾ ਆ ਗਿਆ ਵੇਲਾ,ਆਪਣੀਆਂ ਵੋਟਾਂ ਦੇ ਅਧਿਕਾਰ ਦੀ ਵਰਤੋਂ ਕਰੋ
ਤੇ ਨਵੀ ਸਰਕਾਰ ਬਣਾਓ। ਲੋਕ ਸਭਾ ਦੀਆਂ ਚੋਣਾਂ ਦਾ ਆਖਰੀ ਪੜ੍ਹਾ ਰਹਿ ਗਿਆ, ਸਾਰੀਆਂ
ਸਿਆਸੀ ਪਾਰਟੀਆਂ ਸਰਗਰਮ ਹਨ।ਅੰਤਮ ਪੜਾ੍ਹ ਵਿਚ ਪੰਜਾਬ ਵਿਚ 13 ਸੀਟਾਂ ਲਈ 328
ਉਮੀਦਵਾਰ ਚੋਣ ਮੈਦਾਨ ਵਿਚ ਹੋਣ ਕਰਕੇ ਹੋਣਗੇ ਬਹੁਕੋਨੀ ਮੁਕਾਬਲੇ ਹੋਣਗੇ। 1 ਜੂਨ ਨੂੰ
ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਆਵੇਗਾ ਨਵੀਂ ਲੋਕ ਸਭਾ ਦੇ ਉਮੀਦਵਾਰਾਂ ਦੀ ਚੋਣ ਦਾ
ਨਤੀਜਾ।ਪੰਜਾਬ ਵਿਚ ਸਭ ਤੋਂ ਲੰਬਾ ਸਮਾਂ ਉਮੀਦਵਾਰਾਂ ਨੂੰ ਚਲਾਉਣੀ ਪਈ ਚੋਣ
ਮੁਹਿੰਮ।ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੁਹਿੰਮ
ਵਿਚ ਉਤਾਰਨ ਤੋਂ ਪਹਿਲਾਂ ਉਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜੋੜ੍ਹ ਤੋੜ੍ਹ ਵਿਚ
ਲੱਗੀਆਂ ਰਹੀਆਂ। ਪਾਰਟੀਆਂ ਅੰਦਰ ਚੋਣ ਲੜ੍ਹਨ ਲਈ ਬਹੁਗਿਣਤੀ ਉਮੀਦਵਾਰਾਂ ਦੀ ਹੋਣ
ਕਰਕੇ, ਜਦੋਂ ਕਿਸੇ ਉਮੀਦਵਾਰ ਦੇ ਨਾਮ ਦੀ ਚਰਚਾ ਚਲਦੀ ਦੂਸਰੇ ਟਿਕਟਾਂ ਦੇ ਚਾਹਵਾਨ
ਵਿਚੋਲਿਆਂ ਰਾਂਹੀ ਲਾਲਚਵੱਸ ਦੱਲਬਦਲੀ ਕਰਕੇ ਦੂਜੀ ਪਾਰਟੀ ਵਿਚ ਜਾ ਸਾਮਲ ਹੁੰਦੇ। ਇਸ
ਲੋਕ ਸਭਾ ਚੋਣਾਂ ਦੌਰਾਨ ਦੱਲ ਬਦਲੀਆਂ ਨੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਕੌਮੀ ਤੇ
ਖੇਤਰੀ ਪਾਰਟੀਆਂ ਨੇ ਟਿਕਟਾਂ ਦੇਣ ਲਈ ਦੱਲ ਬਦਲੀ ਕਰਕੇ ਆਏ ਸਰਮਾਏਦਾਰ ਉਮੀਦਵਾਰਾਂ ਨੂੰ
ਤਰਜੀਹ ਦਿੱਤੀ। ਪੰਜਾਬ ਵਿਚ ਕੌਮੀ ਪਾਰਟੀਆਂ ਦੇ ਮੁਖੀਆਂ ਨੇ ਚੋਣ ਮੁਹਿੰਮ ਨੂੰ ਪੂਰਾ
ਸਰਗਰਮ ਕਰਨ ਲਈ ਗਰਮ ਮੌਸਮ ਦੀ ਪ੍ਰਵਾਹ ਨਾ ਕਰਦਿਆਂ ਪੂਰਾ ਤਾਣ ਲਾਇਆ ਹੋਇਆ ਹੈ।ਕੇਂਦਰ
ਵਿਚ ਰਾਜ ਕਰ ਰਹੀ ਭਾਜਪਾ ਸਰਕਾਰ ਆਪਣੀਆਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਨਵੀਆਂ
ਗਰੰਟੀਆਂ ਐਲਾਨ ਕਰਕੇ,ਪੰਜਾਬ ਦੀ ਆਪ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਲੋਕਾਂ ਨਾਲ
ਪੂਰੇ ਕੀਤੇ ਵਾਅਦੇ ਤੇ ਰਹਿੰਦੇ ਕੰਮ ਪੂਰੇ ਕਰਨ ਦਾ ਵਿਸਵਾਸ ਦੇ ਕੇ, ਕਾਂਗਰਸ ਤੇ
ਸ੍ਰੋਮਣੀ ਅਕਾਲੀ ਦੱਲ ਆਪਣੇ ਪਹਿਲੇ ਰਾਜਭਾਗ ਸਮੇ ਦੌਰਾਨ ਲੋਕਾਂ ਲਈ ਕੀਤੇ ਕੰਮਾਂ ਦੀ
ਗਿਣਤੀ ਮਿਣਤੀ ਕਰ ਰਹੇ ਹਨ।ਪੰਜਾਬ ਦੇ ਚੋਣ ਮੈਦਾਨ ਵਿਚ ਸਾਮਲ ਆਜ਼ਾਦ ਉਮੀਦਵਾਰ ਆਪਣਾ
ਨਾਮ ਚਮਕਾਉਣ ਲਈ, ਕਿਸੇ ਹੋਰ ਸਿਆਸੀ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਜਾਂ ਫਿਰ ਲੋਕਾਂ
ਦੀਆਂ ਭਾਵਨਾਵਾਂ ਨੂੰ ਉਤੇਜਤ ਕਰਕੇ ਸਿਆਸੀ ਲਾਹਾ ਲੈਣ ਦਾ ਯਤਨ ਕਰ ਰਹੇ ਹਨ।ਮੌਜੂਦਾ ਆਮ
ਆਦਮੀ ਸਰਕਾਰ ਨੇ ਆਪਣੇ ਪੰਜ ਮੰਤਰੀ ਤੇ ਇੱਕ ਵਧਾਇਕ ਨੂੰ ਚੋਣ ਮੈਦਾਨ ਵਿਚ
ਉਤਾਰਿਆ।ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਕੋਈ ਸਿਆਸੀ ਪਾਰਟੀ 400 ਤੋਂ ਪਾਰ ਤੇ
ਗੱਠਬੰਧਨ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ।ਇੱਥੇ ਵਰਨਣਯੋਗ ਹੈ ਕਿ ਔਰਤਾਂ
ਦੀ ਤਰੱਕੀ ਲਈ ਸਾਰੀਆਂ ਸਿਆਸੀ ਪਾਰਟੀਆਂ ਦਮਗੱਜੇ ਮਾਰਦੀਆਂ ਪਰ ਲੋਕਸਭਾ ਚੋਣ ਟਿਕਟਾਂ
ਦੇਣ ਸਮੇਂ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਤੋਂ ਵਾਂਝਾ ਰੱਖਿਆ ਗਿਆ।ਕੁਝ ਸਿਆਸੀ
ਪਾਰਟੀਆਂ ਔਰਤਾਂ ਲਈ ਲੋਕਸਭਾ/ਵਿਧਾਨ ਸਭਾਵਾਂ ਵਿਚ 33 ਪ੍ਰਤੀਸ਼ਤ ਤੇ ਸਥਾਨਿਕ ਸਰਕਾਰਾਂ
ਨਗਰ ਕੌਸ਼ਿਲਾਂ/ਪੰਚਾਇਤੀ ਰਾਜ ਵਿਚ 50 ਪ੍ਰਤੀਸ਼ਤ ਰਾਖਵਾਂਕਰਨ ਦੀਆਂ ਗੱਲਾਂ ਕਰਦੇ
ਹਨ।ਪੱਛੜੀਆਂ ਸ੍ਰੇਣੀਆਂ ਨੂੰ ਵੀ ਬਣਦਾ ਹਿੱਸਾ ਦੇਣ ਦਾ ਕਿਸੇ ਪਾਰਟੀ ਨੇ ਯਤਨ ਨਹੀਂ
ਕੀਤਾ।
ਭਾਰਤ ਵਿਚ ਜਦੋਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ
ਸਨ ਉਸ ਵੇਲੇ ਅਜਿਹੇ ਅਜਿਹੇ ਉਮੀਦਵਾਰ ਲੋਕ ਸਭਾ ਲਈ ਚੁਣੇ ਗਏ ਜਿਹੜੇ ਸਰਪੰਚੀ ਦੇ ਵੀ
ਕਾਬਲ ਨਹੀ ਸਨ। ਭਾਰਤ ਵਿਚ ਵੱਖ ਵੱਖ ਚੋਣਾਂ ਹੋਣ ਨਾਲ ਵੋਟਰਾਂ ਨੂੰ ਲੋਕ ਸਭਾ ਮੈਂਬਰ
ਦੀ ਅਹਿਮੀਅਤ ਦਾ ਪਤਾ ਲਗਣ ਲਗਾ। ਉਸ ਵੇਲੇ ਤੋਂ ਚੋਣਾਂ ਦੇ ਪ੍ਰਚਾਰ ਦੇ ਢੰਗ ਬਦਲ ਗਏੇ,
ਤਾਕਤ ਦਾ ਪ੍ਰਦਰਸਨ ਕਰਨ ਲਈ ਰੋੜ ਮਾਰਚਾਂ ਤੇ ਜੋਰ ਦਿੱਤਾ ਜਾ ਰਿਹਾ। ਭਾਰਤ ਦੀਆਂ ਕੌਮੀ
ਸਿਆਸੀ ਪਾਰਟੀਆਂ ਦੇ ਮੁੱਖੀਆਂ ਨੇ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਪੰਜਾਬ ਵਿਚ ਪੁਰਾਣੀਆਂ ਭਾਈਵਾਲ ਸਿਆਸੀ ਪਾਰਟੀਆਂ ਦਾ ਗੱਠਜੋੜ ਨਾ ਹੋਣ ਕਰਕੇ,ਮੈਂਬਰ
ਪਾਰਲੀਮੈਂਟ ਦੀ ਚੋਣ ਨਗਰ ਕੌਸ਼ਿਲਾਂ/ ਪੰਚਾਇਤੀ ਚੋਣਾਂ ਦਾ ਅਖਾੜਾ ਬਣ ਗਿਆ। ਉਮੀਂਦਵਾਰ
ਸ਼ਹਿਰਾਂ ਤੇ ਪਿੰਡਾਂ ਦੀਆਂ ਗਲੀਆਂ ਮਹੱਲਿਆਂ ਵਿਚ ਵੋਟਰਾਂ ਦੇ ਬੂਹੇ ਤੇ ਦਸਤਕ ਦੇ ਰਹੇ
ਹਨ।ਉਮੀਦਵਾਰਾਂ ਦੇ ਪਰਿਵਾਰਕ ਮੈਬਰ,ਰਿਸਤੇਦਾਰ ਤੇ ਪਾਰਟੀ ਵਰਕਰ ਪੂਰੀ ਤਰਾਂ ਸਰਗਰਮ
ਹਨ। ਲੋਕ ਸਭਾ ਚੋਣਾਂ ਦੇ ਨਾਲ ਨਾਲ ਦਿਨੋ ਦਿਨ ਗਰਮੀ ਦਾ ਪ੍ਰਕੋਪ ਵੱਧ ਰਿਹਾ।
ਸਿਆਸੀ ਪਾਰਟੀਆਂ ਗਰੰਟੀਆਂ,ਪ੍ਰਾਪਤੀਆਂ,ਧਾਰਮਿਕ ਤੇ ਰਾਜਨੀਤਿਕ ਮਸਲੇ ਉਭਾਰ
ਰਹੀਆਂ।ਸਿਆਸੀ ਪਾਰਟੀਆਂ ਦੇ ਵੱਖਰੇ ਵੱਖਰੇ ਚੋਣ ਮੈਨੀਫਿਸਟੋ ਤੇ ਆਪੋ ਆਪਣੀਆਂ ਨੀਤੀਆਂ
ਹਨ ਜਿਨ੍ਹਾ ਵਿਚੋਂ ਲੋਕਾਂ ਦੇ ਮੁੱਦੇ ਗਾਇਬ ਹਨ।ਸਿਆਸੀ ਪਾਰਟੀਆਂ ਕੋਈ ਦੇਸ਼ ਨੂੰ
ਤੋੜ੍ਹਨ, ਕੋਈ ਦੇਸ਼ ਨੂੰ ਬਚਾਉਣ ਤੇ ਕੋਈ ਸੰਵਿਧਾਨ ਨੂੰ ਬਚਾ ਕਿ ਦੇਸ਼ ਨੂੰ ਬਰਾਬਰਤਾ ਦੇ
ਰਾਹ ਤੇ ਲੈ ਜਾਣ ਦੀ ਗੱਲ ਕਰਦੇ ਹਨ। ਇਸ ਵਾਰ ਜਿਸ ਤਰਾਂ੍ਹ ਸਿਆਸੀ ਪਾਰਟੀਆਂ ਦੇ
ਨੇਤਾਵਾਂ ਦੀਆਂ ਵਫਾਦਾਰੀਆਂ ਵਿਚ ਤੇਜੀ ਨਾਲ ਬਦਲੀ ਆਈ ਹੈ ਉਸੇ ਤਰਾਂ੍ਹ ਵੋਟਰ ਵੀ
ਜਾਗਰੂਕ ਹੋ ਚੁੱਕਾ ਹੈ ਤੇ ਬੂਹੇ ਤੇ ਆਏ ਕਿਸੇ ਵੀ ਉਮੀਂਦਵਾਰ ਨੂੰ ਨਿਰਾਸ ਨਹੀ ਜਾਣ
ਦਿੰਦਾ।ਸਿਆਸੀ ਪਾਰਟੀਆਂ ਦੇ ਪੱਕੇ ਸਮੱਰਥਿਕਾਂ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ਵਧੇਰੇ
ਹੈ। ਵੋਟਰ ਘਰਾਂ ਵਿਚ ਬੈਠਕੇ ਨਾਪਤੋਲ ਕਰ ਰਹੇ ਹਨ,ਆਪਣੇ ਮੁੱਦਿਆਂ ਨੂੰ ਸਾਹਮਣੇ ਰੱਖ
ਕੇ ਫੈਸਲਾ ਕਰ ਸਕਦੇ ਹਨ।ਚੋਣ ਪ੍ਰਚਾਰ ਮੁਹਿੰਮ ਦੌਰਾਨ ਕੁੱਝ ਜੱਥੇਬੰਦੀਆਂ ਆਪਣੇ ਤੌਰ
ਤੇ ਜਾਂ ਕਿਸੇ ਸਿਆਸੀ ਪਾਰਟੀ ਦੀ ਸਹਿ ਤੇ ਵਿਖਾਵੇ ਕਰ ਰਹੀਆਂ ਹਨ। ਉਹਨਾਂ ਜੱਥੇਬੰਦੀਆਂ
ਨੂੰ ਚਾਹੀਦਾ ਕਿ ਕਿਸੇ ਪਾਰਟੀ ਨਾਲ ਵਿਰੋਧ ਹੈ ਤਾਂ ਵੋਟਰਾਂ ਨੂੰ ਪ੍ਰੇਰਤ ਕਰਕੇ ਉਸ
ਪਾਰਟੀ ਦੇ ਵਿਰੁੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ, ਕਈ ਵਾਰ ਸਿੱਧਾ ਵਿਰੋਧ ਕਰਨ ਸਮੇ
ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ।ਭਾਰਤੀ ਵੋਟਰਾਂ ਨੂੰ ਇਹ ਵੀ ਹੱਕ ਦਿੱਤਾ
ਗਿਆ ਕਿ ਜੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀ ਕਰਦੇ ਤਾਂ ਨੋਟਾ ਦਾ ਬਟਨ ਦਬਾ ਕਿ
ਆਪਣੀਆਂ ਭਾਵਨਾਵਾਂ ਜਾਹਰ ਕਰ ਸਕਦੇ ਹਨ।ਪੰਜ ਸਾਲ ਬਾਅਦ ਮੌਕਾ ਮਿਲਦਾ ਵੋਟਰਾਂ ਨੂੰ
ਆਪਣੀ ਵੋਟ ਦੇ ਹੱਕ ਨੂੰ ਵਰਤਣਾ ਜਰੂਰ ਚਾਹੀਦਾ।
ਭਾਰਤ ਦੇ ਸੰਵਿਧਾਨ ਅਨੁਸਾਰ ਹਰ ਬਾਲਗ ਨੂੰ ਗੁਪਤ ਵੋਟ ਦਾ ਅਧਿਕਾਰ
ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵਲੋਂ ਵੋਟਾਂ ਦੇ ਭੁਗਤਾਨ ਦੀ ਗਿਣਤੀ 70 ਪ੍ਰਤੀਸ਼ਤ
ਤੋਂ ਪਾਰ ਲੈ ਜਾਣ ਦਾ ਟੀਚਾ ਮਿਿਥਆ ਗਿਆ ਸੀ ਜੋ ਅਜੇ ਤੱਕ ਪੂਰਾ ਨਹੀ ਹੋ ਸਕਿਆ। ਪੰਜਾਬ
ਵਿਚ 70% ਟੀਚਾ ਪਾਰ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।ਪੰਜਾਬ ਵਿਚ ਸਾਰੇ ਵੋਟਰਾਂ
ਤੱਕ ਪਹੁੰਚ ਕਰਨ ਲਈ ਸਵੀਪ ਮੁਹਿੰਮ ਚਲਾਈ ਗਈ। ਵੱਖ ਵੱਖ ਢੰਗ ਤਰੀਕਿਆਂ ਨਾਲ ਵੋਟਰਾਂ
ਨੂੰ ਜਾਗਰਿਤ ਕਰਨ ਲਈ ਟੀਮਾਂ ਬਣਾਈਆਂ ਗਈਆਂ।ਬਜੁਰਗਾਂ ਤੇ ਅੰਗਹੀਣ ਵਿਅਕਤੀਆਂ ਨੂੰ
ਆਪਣੀ ਰਹਾਇਸ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ। ਡਿਊਟੀ ਤੇ ਤਾਇਨਾਤ ਅਮਲੇ ਤੇ
ਪੱਤਰਕਾਰਾਂ ਨੂੰ ਡਾਕ ਰਾਂਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਪਹਿਲੀਵਾਰ ਵੋਟ
ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਪੋਲੰਗ ਬੂਥਾਂ ਤੇ ਪੁੱਜਣ ਤੇ
ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।ਵੋਟਾਂ ਦੇ ਕੰਮ ਨੂੰ ਤਸੱਲੀ ਬਖਸ ਤਰੀਕੇ ਨਾਲ
ਮਕੁੰਮਲ ਕਰਨ ਲਈ ਬੂਥ ਲੈਵਲ ਅਫਸਰ ਲਗਾਏ ਗਏ ਹਨ।ਉਹਨਾਂ ਵਲੋਂ ਕੀਤੇ ਕੰਮ ਦਾ ਮੁਲਾਂਕਣ
ਕਰਨ ਲਈ 1 ਜੂਨ ਨੂੰ ਜਿਸ ਪੋਲੰਗ ਬੂਥ ਤੇ ਵਧੇਰੇ ਪ੍ਰਤੀਸ਼ਤ ਵੋਟਾਂ ਪੈਣਗੀਆਂ ਉਥੋ ਦੇ
ਬੀ ਐਲ ਓ ਨੂੰ 5000 ਰੁਪੈ ਦਾ ਵਿਸ਼ੇਸ ਇਨਾਮ ਦਿੱਤਾ ਜਾਵੇਗਾ।
ਭਾਰਤ ਦੇ ਚੋਣ ਕਮਿਸ਼ਨ ਵਲੋਂ ਵੋਟਾਂ ਦੇ ਕੰਮ ਨੂੰ ਸ਼ਾਂਤੀ ਪੂਰਵਿਕ ਢੰਗ ਨਾਲ
ਸੰਪੂਰਨ ਕਰਨ ਲਈ ਵੱਖ ਵੱਖ ਜਰਨਲ ਤੇ ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ ਜੋ ਚੋਣ
ਮੁਹਿੰਮ ਦਾ ਮੁਲਾਂਕਨ ਕਰ ਰਹੇ ਹਨ। ਪੁਲਿਸ ਫੋਰਸ ਦੇ ਨਾਲ ਅਰਧ ਸੈਨਿਕ ਦੱਸਤੇ ਤਾਇਨਾਤ
ਕੀਤੇ ਗਏ ਹਨ। 13 ਲੋਕ ਸਭਾ ਹਲਕਿਆਂ ਵਿਚ ਸਾਂਤੀ ਪੂਰਵਿਕ ਚੋਣਾਂ ਕਰਵਾਉਣ ਲਈ ਨਸ਼ਿਆ ਤੇ
ਅਣਅਧਿਕਾਰਤ ਕਰੰਸੀ ਨੂੰ ਰੋਕਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ।ਪੰਜਾਬ ਨਾਲ ਲੱਗਦੀਆਂ
ਦੂਜੇ ਸੂਬਿਆਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ।ਅਸਲਾ ਧਾਰਕਾਂ ਦਾ ਅਸਲਾ
ਜਬਤ ਕਰ ਲਿਆ ਗਿਆ ਹੈ।ਗਰਮੀ ਨੂੰ ਦੇਖਦੇ ਹੋਏ ਸਾਰੇ ਪੋਲੰਗ ਬੂਥਾਂ ਤੇ ਲੋੜੀਦੇ ਪ੍ਰਬੰਧ
ਕੀਤੇ ਜਾ ਰਹੇ ਹਨ। ਆਓ ਸਾਰੇ ਪੰਜਾਬ ਵਾਸੀ ਮਿਲ ਜੁਲ ਕੇ ਲੋਕ ਸਭਾ ਵੋਟਾਂ ਦੇ ਕਾਰਜ
ਨੂੰ ਨਿਰਵਿਘਣ ਮੁਕੰਮਲ ਕਰੀਏ ਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ।
-
ਗਿਆਨ ਸਿੰਘ, ਜਿਲਾ੍ ਲੋਕ ਸੰਪਰਕ ਅਫਸਰ (ਸੇਵਾਮੁਕਤ)
gyankhiva@gmail.com
919815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.