ਡਾ. ਕਰਮ ਸਿੰਘ ਨੰਦਪੁਰੀ ਭਾਰਤ ਵਿੱਚ ਪਹਿਲੇ ਪੂਰ ਦੇ ਸਮਰੱਥ ਸਬਜ਼ੀ ਵਿਗਿਆਨੀਆਂ ਵਿੱਚੋਂ ਇੱਕ ਸਨ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੰਦਪੁਰ ਵਿੱਚ ਪੈਦਾ ਹੋ ਕੇ ਉਨ੍ਹਾਂ ਅਮਰੀਕਨ ਯੂਨੀਵਰਸਿਟੀਆਂ ਵਿੱਚ ਆਪਣੇ ਬਲ ਬੂਤੇ ਡਾਕਟਰੇਟ ਤੀਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।
ਡਾ. ਨੰਦਪੁਰੀ ਜੀ ਭਾਵੇਂ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਨਿਰਦੇਸ਼ਕ (ਖੋਜ) ਤੇ ਨਿਰਦੇਸ਼ਕ (ਪਸਾਰ ਸਿੱਖਿਆ) ਵੀ ਰਹੇ ਪਰ ਉਨ੍ਹਾਂ ਨੇ ਆਪਣੇ ਪਿੰਡ ਨਾਲ ਸਦੀਵੀ ਪਕੇਰਾ ਰਿਸ਼ਤਾ ਰੱਖਿਆ। ਆਪਣੀ ਪਿਤਾ ਪੁਰਖੀ ਜਸ਼ਮੀਨ ਵਿੱਚ ਅਗਾਂਹਵਧੂ ਖੇਤੀ ਦੇ ਨਾਲ ਨਾਲ ਬਾਗ ਲਾ ਕੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਨਵਾਂ ਰਾਹ ਵਿਖਾਇਆ।
ਲੁਧਿਆਣਾ ਵੱਸਦਿਆਂ ਵੀ ਉਨ੍ਹਾਂ ਏਥੇ ਹੋਰ ਜ਼ਮੀਨ ਖ਼ਰੀਦ ਕੇ ਅਗਾਂਹਵਧੂ ਖੇਤੀ ਨੂੰ ਖ਼ੁਦ ਅਪਣਾਇਆ। ਉਚੇਰੀ ਸਿੱਖਿਆ ਦਿਵਾਉਣ ਦੇ ਬਾਵਜੂਦ ਬਾਲ ਪਰਿਵਾਰ ਨੂੰ ਵੀ ਏਸੇ ਰਾਹ ਤੋਰਿਆ। ਕਿਰਤ ਉਨ੍ਹਾਂ ਦਾ ਪਹਿਲਾ ਇਸ਼ਕ ਸੀ।
ਪੇਂਡੂ ਵਿਕਾਸ ਲਈ ਉਨ੍ਹਾਂ ਦੀ ਚਿੰਤਾ ਆਖ਼ਰੀ ਸਵਾਸਾਂ ਤੀਕ ਰਹੀ।
ਤਰਨਤਾਰਨ, ਪੱਟੀ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੈਂਕੜੇ ਨੌਜੁਆਨਾਂ ਨੂੰ ਖੇਤੀਬਾੜੀ ਸਿੱਖਿਆ ਦਾ ਮਾਰਗ ਸੁਝਾਇਆ ਤੇ ਨਵੇਂ ਸੁਪਨਿਆਂ ਦੇ ਬੂਹੇ ਖੋਲ੍ਹੇ।
ਉਨ੍ਹਾਂ ਦੀ ਇੱਛਾ ਮੁਤਾਬਕ ਲੁਧਿਆਣਾ ਵਾਸ ਦੇ ਬਾਵਜੂਦ ਉਨ੍ਹਾਂ ਦਾ ਅੰਤਿਮ ਸੰਸਕਾਰ ਤੇ ਅਰਦਾਸ ਵੀ ਪਿੰਡ ਨੰਦਪੁਰ ਵਿੱਚ ਹੀ ਕੀਤੀ ਗਈ।
1983 ਵਿੱਚ ਜਦ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੇਵਾ ਵਿੱਚ ਆਉਣ ਦਾ ਮਨ ਬਣਾਇਆ ਤਾਂ ਉਸ ਪਿਛਲਾ ਕਾਰਨ ਵੀ ਡਾ. ਨੰਦਪੁਰੀ ਜੀ ਦੀ ਹੀ ਸਨ ਕਿਉਂਕਿ ਉਨ੍ਹਾਂ ਬਾਰੇ ਹਰ ਆਦਮੀ ਇਹੀ ਕਹਿੰਦਾ ਸੀ ਕਿ ਉਹ ਮੈਰਿਟ ਅੱਖੋਂ ਓਹਲੇ ਨਹੀਂ ਹੋਣ ਦਿੰਦੇ। ਉਹ ਉਦੋਂ ਡਾਇਰੈਕਟਰ(ਪਸਾਰ ਸਿੱਖਿਆ) ਸਨ ਤੇ ਡਾ. ਖੇਮ ਸਿੰਘ ਗਿੱਲ ਡਾਇਰੈਕਟਰ (ਖੋਜ)ਸਨ ਉਦੋਂ। ਦੋਵੇਂ ਮੇਰੀ ਚੋਣ ਕਮੇਟੀ ਵਿੱਚ ਸਨ। ਮੈਨੂੰ ਵੀ ਆਪਣੀ ਮੈਰਿਟ ਤੇ ਮਾਣ ਸੀ। ਡਾ. ਸ ਸ ਦੋਸਾਂਝ ਤੇ ਡਾ. ਰਣਜੀਤ ਸਿੰਘ ਨੇ ਮੇਰੇ ਮਿੱਤਰ ਪੁਰਦਮਨ ਸਿੰਘ ਬੇਦੀ ਕਾਰਨ ਮੈਨੂੰ ਪ੍ਰੇਰਨਾ ਦਿੱਤੀ ਕਿ ਇੰਟਰਵਿਊ ਤੇ ਜ਼ਰੂਰ ਆਵੀਂ। ਡਾ. ਰਣਜੀਤ ਸਿੰਘ ਤਾਂ ਉਸ ਸਕੀਮ ਦੇ ਇੰਚਾਰਜ ਸਨ, ਜਿਸ ਵਿੱਚ ਮੈਂ ਨੌਕਰੀ ਲੱਗਣਾ ਸੀ। ਮੇਰੀ ਚੋਣ ਹੋਈ ਤਾਂ ਮੈਂ ਡਾ. ਕਰਮ ਸਿੰਘ ਨੰਦਪੁਰੀ ਜੀ ਦੇ ਦਫ਼ਤਰ ਮਿਲਣ ਗਿਆ। ਉਨ੍ਹਾਂ ਆਸ਼ੀਰਵਾਦ ਦਿੰਦਿਆਂ ਮਾਝੇ ਵਾਲੇ ਅੰਦਾਜ਼ ਵਿੱਚ ਮੈਨੂੰ ਕਿਹਾ, ਧਿਆਨੂੰ ਹੁਣ ਮਾਝੇ ਦੀ ਲੱਜ ਪਾਲਣੀ ਪਊ। ਇਥੇ ਹਰ ਭਾਊ ਮਿਹਨਤ ਦਾ ਦੂਜਾ ਨਾਮ ਹੈ। ਉਨ੍ਹਾਂ ਮੈਨੂੰ ਕਈ ਨਾਮ ਗਿਣਾਏ। ਉਹ ਬੰਦੇ ਅੰਦਰਲੀ ਤਾਕਤ ਜਗਾਉਣਾ ਜਾਣਦੇ ਸਨ।
ਉਨ੍ਹਾਂ ਦੀ ਡਾਇਰੈਕਟਰਸ਼ਿਪ ਵੇਲੇ ਹੀ ਮੈਂ ਪਸਾਰ ਸਿੱਖਿਆ ਵਿਭਾਗ ਵਿੱਚੋਂ ਸੰਚਾਰ ਕੇਂਦਰ ਵਿੱਚ ਡਾ. ਰਣਜੀਤ ਸਿੰਘ ਦੇ ਸਹਿਯੋਗ ਲਈ ਤਬਦੀਲ ਹੋਇਆ। ਬਹੁਤ ਮੁਹੱਬਤੀ ਰੂਹ ਸਨ। ਕੰਮ ਕੰਮ ਕੰਮ, ਸਿਰਫ਼ ਕੰਮ। ਚੁਗਲੀ ਨਿੰਦਿਆ ਤੇ ਬਖ਼ੀਲੀ ਕਰਨ ਵਾਲੇ ਉਨ੍ਹਾਂ ਦੇ ਨੇੜੇ ਨਹੀਂ ਸਨ ਲੱਗਦੇ।
ਡਾ. ਕਰਮ ਸਿੰਘ ਨੰਦਪੁਰੀ ਜੀ ਦੇ ਜਾਣ ਤੇ ਮਨ ਉਦਾਸ ਹੋਇਆ ਹੈ। ਮਿੱਠੇ ਖਰਬੂਜ਼ਿਆਂ ਤੇ ਟਮਾਟਰਾਂ ਦੀਆਂ ਅਨੇਕ ਕਿਸਮਾਂ ਵਿਕਸਤ ਕਰਕੇ ਉਨ੍ਹਾਂ ਸਬਜ਼ੀਆਂ ਦੀ ਖੇਤੀ ਨੂੰ ਨਵਾਂ ਮੁਹਾਂਦਰਾ ਦਿੱਤਾ।
ਉਨ੍ਹਾਂ ਦੇ ਜਾਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸੋਗ ਸੁਨੇਹੇ ਵਿੱਚ ਸਹੀ ਕਿਹਾ ਹੈ ਕਿ
ਪੀ.ਏ.ਯੂ. ਦੇ ਉੱਘੇ ਸਬਜ਼ੀ ਵਿਗਿਆਨੀ ਅਤੇ ਖਰਬੂਜ਼ਿਆਂ ਦੇ ਖੇਤਰ ਵਿਚ ਪਿਤਾਮਾ ਕਹੇ ਜਾਣ ਵਾਲੇ ਡਾ. ਕੇ ਐੱਸ ਨੰਦਪੁਰੀ ਬੀਤੇ ਦਿਨੀਂ ਇਸ ਦੁਨੀਆਂ ਨੂੰ ਤਿਆਗ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਖੇਤੀ ਕਰਦੇ ਪਰਿਵਾਰ ਵਿਚ 15 ਅਗਸਤ 1931 ਨੂੰ ਪੈਦਾ ਹੋਏ ਡਾ. ਨੰਦਪੁਰੀ ਨੇ 1952 ਵਿਚ ਬੀ ਐੱਸ ਸੀ ਅਤੇ 1955 ਵਿਚ ਐੱਮ ਐੱਸ ਸੀ ਕੀਤੀ। ਅਮਰੀਕਾ ਦੀ ਔਰੇਗੋਨ ਰਾਜ ਯੂਨੀਵਰਸਿਟੀ ਤੋਂ 1958 ਵਿਚ ਪੀ ਐੱਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਇਸ ਖੇਤੀ ਵਿਗਿਆਨੀ ਨੇ ਬਿਨਾਂ ਕਿਸੇ ਮਾਇਕ ਇਮਦਾਦ ਲਏ ਆਪਣਾ ਅਕਾਦਮਿਕ ਕਾਰਜ ਜਾਰੀ ਰੱਖਿਆ। ਦੱਸਦੇ ਹਨ ਕਿ ਉਹ ਸਮੁੰਦਰੀ ਜ਼ਹਾਜ ਰਾਹੀਂ ਅਮਰੀਕਾ ਗਏ ਸਨ ਅਤੇ ਆਪਣੀਆਂ ਫੀਸਾਂ ਦੇਣ ਲਈ ਉਥੇ ਖੇਤਾਂ ਵਿਚ ਵੀ ਕੰਮ ਕਰਦੇ ਰਹੇ।
ਡਾ. ਨੰਦਪੁਰੀ ਨੇ ਵੱਖ-ਵੱਖ ਵਿਸ਼ਿਆਂ ਵਿਚ ਖੋਜ ਸਹਾਇਕ ਵਜੋਂ ਕੰਮ ਕੀਤਾ। ਉਹ 1970 ਤੋਂ 1974 ਤੱਕ ਬਾਗਬਾਨੀ ਵਿਭਾਗ ਦੇ ਮੁਖੀ ਵਜੋਂ ਕਾਰਜਸ਼ੀਲ ਰਹੇ। ਸਬਜ਼ੀਆਂ ਦੀਆਂ ਫਸਲਾਂ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਦੇ 1983 ਵਿਚ ਮੁਖੀ ਬਣੇ ਡਾ. ਨੰਦਪੁਰੀ ਨੇ ਦਸੰਬਰ 1980 ਤੋਂ ਫਰਵਰੀ 1983 ਤੱਕ ਨਿਰਦੇਸ਼ਕ ਪਸਾਰ ਸਿੱਖਿਆ ਦੀ ਜ਼ਿੰਮੇਵਾਰੀ ਵੀ ਸੰਭਾਲੀ। ਇਸੇ ਦੌਰਾਨ ਉਹ ਦੋ ਵਰ੍ਹਿਆਂ ਤੱਕ ਆਈ ਸੀ ਏ ਆਰ ਦੇ ਜ਼ਮੀਨੀ ਪ੍ਰੋਗਰਾਮ ਦੇ ਜ਼ੋਨਲ ਕੁਆਰਡੀਨੇਟਰ ਵਜੋਂ ਕਾਰਜ ਕਰਦੇ ਰਹੇ। 1983 ਤੋਂ 1987 ਤੱਕ ਉਹ ਪੀ.ਏ.ਯੂ. ਦੇ ਬਕਾਇਦਾ ਨਿਰਦੇਸ਼ਕ ਪਸਾਰ ਸਿੱਖਿਆ ਬਣੇ। 1987 ਤੋਂ ਅਗਸਤ 1991 ਵਿਚ ਹੋਈ ਸੇਵਾ ਮੁਕਤੀ ਤੱਕ ਡਾ. ਨੰਦਪੁਰੀ ਨੇ ਨਿਰਦੇਸ਼ਕ ਖੋਜ ਦਾ ਕਾਰਜ ਭਾਰ ਸੰਭਾਲਿਆ। 45 ਦੇ ਕਰੀਬ ਵਿਦਿਆਰਥੀਆਂ ਨੂੰ ਉਹਨਾਂ ਨੂੰ ਪੀ ਐੱਚ ਡੀ ਅਤੇ ਐੱਮ ਐੱਸ ਸੀ ਖੋਜ ਵਿਚ ਅਗਵਾਈ ਦਿੱਤੀ।
ਡਾ. ਨੰਦਪੁਰੀ ਨੇ ਹਰਾ ਮਧੂ, ਪੰਜਾਬ ਸੁਨਹਿਰੀ ਅਤੇ ਪੰਜਾਬ ਹਾਈਬ੍ਰਿਡ ਆਦਿ ਖਰਬੂਜ਼ਿਆਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ। ਇਸ ਤੋਂ ਇਲਾਵਾ ਐੱਸ-12, ਪੰਜਾਬ ਛੁਹਾਰਾ ਅਤੇ ਪੰਜਾਬ ਕੇਸਰੀ ਟਮਾਟਰਾਂ ਦੀਆਂ ਕਿਸਮਾਂ ਅਤੇ ਮਟਰਾਂ ਦੀ ਕਿਸਮ ਪੰਜਾਬ-88 ਪੈਦਾ ਕਰਨ ਵਿਚ ਯੋਗਦਾਨ ਪਾਇਆ। ਮੂਲੀ ਦੀ ਕਿਸਮ ਪੰਜਾਬ ਸਫੇਦ ਅਤੇ ਗਾਜਰਾਂ ਦੀ ਕਿਸਮ ਐੱਸ-233 ਦੇ ਵਿਕਾਸ ਵਿਚ ਡਾ. ਨੰਦਪੁਰੀ ਦਾ ਯੋਗਦਾਨ ਜ਼ਿਕਰਯੋਗ ਹੈ।
ਡਾ. ਨੰਦਪੁਰੀ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ 1969 ਵਿਚ ਪੀ.ਏ.ਯੂ. ਵੱਲੋਂ ਦਿੱਤਾ ਗਿਆ ਸਨਮਾਨ ਚਿੰਨ੍ਹ ਸ਼ਾਮਿਲ ਹੈ। 1972 ਵਿਚ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ। 1971 ਤੋਂ 1974 ਤੱਕ ਉਹ ਆਈ ਸੀ ਏ ਆਰ ਵੱਲੋਂ ਡਾ. ਪੀ.ਬੀ. ਸਰਕਾਰ ਐਂਡੋਮੈਂਟ ਦੇ ਹੱਕਦਾਰ ਬਣੇ ਰਹੇ। 1980-81 ਵਿਚ ਪੀ.ਏ.ਯੂ. ਤੋਂ ਉਹਨਾਂ ਨੂੰ 10000 ਰੁਪਏ ਦਾ ਇਨਾਮ ਹਾਸਲ ਹੋਇਆ। ਇਸ ਤੋਂ ਇਲਾਵਾ ਰਫੀ ਅਹਿਮਦ ਕਿਦਵਈ ਅਤੇ ਪੰਜਾਬ ਸਰਕਾਰ ਪ੍ਰਮਾਣ ਪੱਤਰ ਐਵਾਰਡ ਵੀ ਉਹਨਾਂ ਨੂੰ ਮਿਲੇ। ਉਹ ਭਾਰਤੀ ਸਬਜ਼ੀ ਵਿਗਿਆਨ ਸੁਸਾਇਟੀ ਦੇ ਫੈਲੋ ਸਨ ਅਤੇ ਪੰਜਾਬ ਸਬਜ਼ੀ ਉਤਪਾਦਕ ਨਾਂ ਦੇ ਰਸਾਲੇ ਦੇ ਸੰਪਾਦਕ ਵਜੋਂ ਕੰਮ ਕਰਦੇ ਰਹੇ। 300 ਤੋਂ ਵਧੇਰੇ ਖੋਜ ਪੱਤਰ ਅਤੇ ਪਸਾਰ ਲੇਖਾਂ ਦੇ ਨਾਲ-ਨਾਲ 30 ਕਿਤਾਬਾਂ ਅਤੇ ਕਿਤਾਬਚੇ ਉਹਨਾਂ ਦੇ ਨਾਂ ਹੇਠ ਦਰਜ਼ ਹਨ।
2010 ਵਿਚ ਉਹਨਾਂ ਨੂੰ ਐੱਨ ਪੀ ਫਰੈਸ਼ ਫੂਡਜ਼ ਪ੍ਰਾਈਵੇਟ ਲਿਮਿਟਡ ਲੁਧਿਆਣਾ ਦੇ ਨਿਰਦੇਸ਼ਕ ਨਿਯੁਕਤ ਕੀਤਾ ਗਿਆ।
ਏਡੇ ਕੱਦਾਵਰ ਵਿਗਿਆਨੀ ਦੇ ਜਾਣ ਤੇ ਮਨ ਤਾਂ ਉਦਾਸ ਹੈ ਹੀ ਪਰ ਨਾਲ ਦੀ ਨਾਲ ਤਸੱਲੀ ਵੀ ਹੈ ਕਿ ਉਨ੍ਹਾਂ ਮਿਸਾਲੀ ਵਿਗਿਆਨੀ, ਅਗਾਂਹਵਧੂ ਕਿਸਾਨ, ਪ੍ਰੇਰਕ ਸਮਾਜਿਕ ਆਗੂ ਅਤੇ ਮਾਝੇ ਦੇ ਲੱਜਪਾਲ ਪੁੱਤਰ ਵਜੋਂ ਨਿਵੇਕਲੀਆਂ ਪੈੜਾਂ ਕਰਕੇ ਕੀਰਤੀ ਖੱਟੀ।
ਯੂਨੀਵਰਸਿਟੀ ਸੇਵਾ ਦੌਰਾਨ ਮੈਂ ਬਹੁਤ ਲੋਕਾਂ ਦੇ ਮੂੰਹੋਂ ਖ਼ੁਦ ਸੁਣਿਆ ਕਿ ਉਹ ਬੜੇ ਆਰਾਮ ਨਾਲ ਆਪਣੇ ਖੋਜ ਕਾਰਜਾਂ ਕਾਰਨ ਵਾਈਸ ਚਾਂਸਲਰ ਬਣ ਸਕਦੇ ਸਨ ਪਰ ਉਨ੍ਹਾਂ ਨੂੰ ਖ਼ੁਦਪ੍ਰਸਤੀ ਨੇ ਹਮੇਸ਼ਾਂ ਹੋੜਿਆ।
ਪ੍ਰੋ. ਮੋਹਨ ਸਿੰਘ ਜੀ ਦੀ ਗ਼ਜ਼ਲ ਦਾ ਇਹ ਸ਼ਿਅਰ ਉਨ੍ਹਾਂ ਦੀ ਸੋਚ ਦਾ ਮੁਹਾਂਦਰਾ ਪੇਸ਼ ਕਰਦਾ ਹੈ।
ਜੇ ਰਲ਼ਦੇ ਭੀੜ ਵਿੱਚ ਕਾਂ ਇੱਕ ਦੋ ਭੇਰਾ ਲੈ ਮਰਦੇ,
ਅਸੀਂ ਆਦਰਸ਼ ਦੀ ਚੋਟੀ ਤੋਂ ਥੱਲੇ ਲਹਿ ਨਾ ਸਕੇ।
ਸਬਜ਼ੀਆਂ ਵਿਭਾਗ ਦੇ ਮੁਖੀ ਤੇ ਬੇਹੱਦ ਮਿਹਨਤੀ ਵਿਗਿਆਨੀ ਡਾ. ਤਰਸੇਮ ਸਿੰਘ ਢਿੱਲੋਂ ਨੇ ਜਦ ਮੈਨੂੰ ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਸੁਣਾਈ ਤਾਂ ਯਾਦਾਂ ਦੇ ਚਿਤਰਪੱਟ ਤੇ ਬਹੁਤ ਕੁਝ ਲਿਸ਼ਕਿਆ। ਨਾਲ ਹੀ ਪਛਤਾਵਾ ਵੀ ਹੋਇਆ ਕਿ ਏਡੇ ਵੱਡੇ ਕਰਮਯੋਗੀ ਦੇ ਜਾਣ ਤੇ ਜਿੰਨਾ ਚੇਤੇ ਕਰਨਾ ਬਣਦਾ ਸੀ, ਉਸ ਵਿੱਚ ਅਸੀਂ ਸਭ ਨਾਕਾਮ ਰਹੇ ਹਾਂ। ਮੁਆਫ਼ ਕਰਨਾ ਸਾਡੇ ਵਡਪੁਰਖੇ ਡਾ. ਕਰਮ ਸਿੰਘ ਨੰਦਪੁਰੀ ਜੀ। ਅਸੀਂ ਅਲਵਿਦਾ ਵੇਲੇ ਪੂਰੀ ਸੰਵੇਦਨਾ ਸਹਿਤ ਹਾਜ਼ਰ ਨਹੀਂ ਹੋ ਸਕੇ ਪਰ ਫਿਰ ਪ੍ਰੋ. ਮੋਹਨ ਸਿੰਘ ਹੀ ਮੇਰਾ ਸਾਥ ਦੇ ਰਹੇ ਨੇ , ਇਹ ਕਹਿੰਦੇ ਹੋਏ ਕਿ
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਸੱਚੀਂ ਮਨ ਦੀ ਕੈਫ਼ੀਅਤ ਲਗਪਗ ਇਹੋ ਜਹੀ ਹੀ ਹੈ। ਹਰ ਸਾਲ ਜਦ ਖਰਬੂਜ਼ਿਆਂ ਦੀ ਰੁੱਤ ਆਵੇਗੀ ਤਾਂ ਸਾਨੂੰ ਤੁਹਾਡਾ ਹੀ ਚੇਤਾ ਆਵੇਗਾ।
ਅਲਵਿਦਾ!
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.