ਮੋਹ-ਮੁਹੱਬਤਾਂ ਦਾ ਵਣਜਾਰਾ : ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ
ਮੁਹੱਬਤ ਹੀ ਜੀਵਨ ਹੈ, ਜੀਵਨ ਹੀ ਮੁਹੱਬਤ ਹੈ। ਮੁਹੱਬਤ ਜੀਵਨ ਦਾ ਕੇਂਦਰ ਬਿੰਦੂ ਹੈ। ਜੀਵਨ ਨੂੰ ਸੁਖਾਲਾ ਤੇ ਆਰਾਮਦਾਇਕ ਬਣਾਉਣ ਲਈ ਮੁਹੱਬਤ ਵਰਦਾਨ ਹੈ। ਇਨਸਾਨੀ ਜੀਵਨ ਪਰਮਾਤਮਾ ਦਾ ਨਿਸਚਤ ਸਮੇਂ ਲਈ ਦਿੱਤਾ ਗਿਆ ਇੱਕ ਬੇਸ਼ਕੀਮਤੀ ਤੋਹਫ਼ਾ ਹੈ। ਇਸ ਤੋਹਫ਼ੇ ਦਾ ਸਦਉਪਯੋਗ ਕਰਨਾ ਹਰ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਆਮ ਤੌਰ ‘ਤੇ ਇਸ ਤੋਹਫ਼ੇ ਦੇ ਮਿਲਣ ਤੋਂ ਬਾਅਦ ਇਨਸਾਨ ਲਾਪ੍ਰਵਾਹ ਹੋ ਜਾਂਦਾ ਹੈ। ਖਾਮਖਾਹ ਨਿੱਕੇ -ਨਿੱਕੇ ਝਗੜੇ ਝੇੜਿਆਂ ਵਿੱਚ ਪੈਂਦਾ ਹੋਇਆ ਆਪਣੀ ਜ਼ਿੰਦਗੀ ਲਈ ਦੁੱਖ ਤੇ ਦਰਦ ਸਹੇੜ ਲੈਂਦਾ ਹੈ। ਕੁਝ ਟਾਵੇਂ-ਟਾਵੇਂ ਇਨਸਾਨ ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਮੁਹੱਬਤ ਦੇ ਰੰਗ ਵਿੱਚ ਵਿਲੀਨ ਹੋ ਜਾਂਦੇ ਹਨ। ਉਹ ਹਰ ਪ੍ਰਾਣੀ ਨੂੰ ਮੁਹੱਬਤ ਦੀ ਨਿਗਾਹ ਨਾਲ ਵੇਖਦੇ ਹਨ।
ਅਜਿਹੇ ਇਨਸਾਨਾ ਵਿੱਚ ਸੰਤ ਹਜ਼ਾਰਾ ਸਿੰਘ ਦੀ ਵਿਰਾਸਤ ਦਾ ਪਹਿਰੇਦਾਰ ਤੇ ਚਮਕਦਾ ਸਿਤਾਰਾ ਅਮਰੀਕ ਸਿੰਘ ਛੀਨਾ ਸੀ, ਜਿਹੜਾ ਹਮੇਸ਼ਾ ਸਮਾਜ ਵਿੱਚ ਮੁਹੱਬਤਾਂ ਦੇ ਗੱਫ਼ੇ ਵੰਡਦਾ ਹੋਇਆ ਖ਼ੁਸ਼ਬੋਆਂ ਦੀਆਂ ਛਹਿਬਰਾਂ ਲਗਾਉਂਦਾ ਰਹਿੰਦਾ ਸੀ। ਦੋਸਤਾਂ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ। ਦੋਸਤਾਂ-ਮਿੱਤਰਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਹੁੰਦਾ ਸੀ। ਉਸ ਦਾ ਸੰਗੀਤਕ ਦਿਲ ਸੰਗੀਤ ਦੀਆਂ ਲਹਿਰਾਂ ਦੇ ਵਹਿਣ ਵਿੱਚ ਵਹਿੰਦਾ ਰਹਿੰਦਾ ਸੀ। ਇਸ ਕਰਕੇ ਸੰਗੀਤਕ ਲਹਿਰ ਉਸ ਦੇ ਵਿਅਕਤਿਵ ਦਾ ਹਿੱਸਾ ਬਣ ਗਈ ਸੀ। ਸੰਗੀਤ ਦੀਆਂ ਧੁਨਾਂ ਉਸ ਦੇ ਦਿਲ ਦੀ ਧੜਕਣ ਵਿੱਚ ਸਮਾਈਆਂ ਹੋਈਆਂ ਸਨ।
ਪਟਿਆਲਾ ਦੇ ਸਭਿਆਚਾਰ ਵਿੱਚ ਸੰਗੀਤ ਦਾ ਵਿਸ਼ੇਸ਼ ਸਥਾਨ ਹੈ। ਉਸ ਦੀ ਨਿੱਜੀ ਲਾਇਬ੍ਰੇਰੀ ਵਿੱਚ ਸੰਸਾਰ ਦੇ ਚੋਟੀ ਦੇ ਸੰਗੀਤਕਾਰਾਂ ਦੀਆਂ ਕੈਸਟਾਂ ਮੌਜੂਦ ਸਨ। ਉਹ ਸਿਆਸਤ, ਸੰਗੀਤ ਅਤੇ ਵਿਰਾਸਤ ਦੀ ਤ੍ਰਵੈਣੀ ਸੀ। ਪੰਜਾਬੀ ਖਾਸ ਤੌਰ ‘ਤੇ ਸਿੱਖ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਆਮ ਤੌਰ ਤੇ ਇਨਸਾਨ ਆਪਣੀ ਜ਼ਿੰਦਗੀ ਝਗੜਿਆਂ-ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ। ਅਮਰੀਕ ਸਿੰਘ ਛੀਨਾ ਦੋਸਤਾਂ ਦਾ ਦੋਸਤ ਸੀ। ਉਸ ਨੂੰ ਦੋਸਤੀ ਬਣਾਉਣ ਅਤੇ ਨਿਭਾਉਣ ਦਾ ਸ਼ੌਕ ਸੀ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸ ਦਾ ਸ਼ੌਕ ਸੀ। ਉਸ ਦੀ ਦੋਸਤੀ ਦਾ ਦਾਇਰਾ ਵਿਸ਼ਾਲ ਸੀ। ਉਸ ਦੀ ਦੋਸਤੀ ਦੇ ਦਾਇਰੇ ਵਿਚ ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ।
ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਵੱਡੇ ਤੇ ਛੋਟੇ ਦੋਵੇਂ ਤਰ੍ਹਾਂ ਦੇ ਬੰਦਿਆਂ ਨਾਲ ਦੋਸਤੀ ਦਾ ਭਾਵ ਆਪਣੇ ਵਿਚ ਕੋਈ ਖਾਸ ਗੁਣ ਹੋਣਾ ਹੁੰਦਾ ਹੈ। ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸ ਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸ ਨੇ ਹਰ ਦੁੱਖ ਸੁੱਖ ਵਿਚ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ। ਉਹ ਇਕੱਲਾ ਰਹਿਣ ਵਿਚ ਯਕੀਨ ਨਹੀਂ ਰੱਖਦਾ ਸੀ, ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਵਿਚ ਘਿਰਿਆ ਰਹਿੰਦਾ ਸੀ। ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ ਸਨ, ਜਿਹੜੇ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਸਨ। ਅਮਰੀਕ ਸਿੰਘ ਛੀਨਾ ਦੀ ਵਿਰਾਸਤ ਵੀ ਕਾਫੀ ਅਮੀਰ ਸੀ। ਵਿਰਾਸਤੀ ਪੂੰਜੀ ਦੇ ਨਾਲ ਉਹ ਹਰਫਨ ਮੌਲਾ ਬਣ ਗਿਆ ਅਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਵਿਚ ਨਿਖ਼ਾਰ ਆ ਗਿਆ।
ਪ੍ਰਾਹੁਣਚਾਰੀ ਦੇ ਅਰਥਾਂ ਨੂੰ ਉਹ ਸਮਝਦਾ ਹੀ ਨਹੀਂ ਸਗੋਂ ਪ੍ਰਾਹੁਣਚਾਰੀ ਕਰਨ ਦਾ ਵੀ ਮਾਹਿਰ ਸੀ। ਉਸ ਦੇ ਸਨੌਰ ਨਜ਼ਦੀਕ ਸੰਤ ਹਜ਼ਾਰਾ ਸਿੰਘ ਫਾਰਮ ਵਿੱਚ ਦੇਸ਼ ਵਿਦੇਸ਼ ਤੋਂ ਮਹਿਮਾਨ ਆਏ ਹੀ ਰਹਿੰਦੇ ਸੀ। ਉਹ ਉਨ੍ਹਾਂ ਦਸਤਾਂ ਮਿੱਤਰਾਂ ਦੀ ਮਹਿਮਾਨ ਨਿਵਾਜ਼ੀ ਲਈ ਮਹਿਫ਼ਲਾਂ ਸਜਾਉਂਦਾ ਰਹਿੰਦਾ ਸੀ। ਮਹਿਮਾਨ ਨਿਵਾਜ਼ੀ ਵੀ ਉਸ ਨੂੰ ਵਿਰਾਸਤ ਵਿੱਚੋਂ ਹੀ ਮਿਲੀ ਸੀ। ਪਟਿਆਲਾ ਰਿਆਸਤੀ ਸ਼ਹਿਰ ਹੋਣ ਕਰਕੇ ਇਥੇ ਵਿਦੇਸ਼ਾਂ ਵਿੱਚੋਂ ਸੈਲਾਨੀ ਆਉਂਦੇ ਰਹਿੰਦੇ ਸਨ। ਅਮਰੀਕ ਸਿੰਘ ਛੀਨਾ ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤਕ ਸਕੱਤਰ ਹੋਣ ਕਰਕੇ ਉਨ੍ਹਾਂ ਸੈਲਾਨੀਆਂ ਨੂੰ ਇਤਿਹਾਸਕ ਅਤੇ ਪੁਰਾਤਤਵ ਨਾਲ ਸੰਬੰਧਤ ‘ਤੇ ਲੈ ਕੇ ਜਾਂਦਾ ਸੀ। ਉਸ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਸੈਲਾਨੀ ਉਸ ਦੇ ਫਾਰਮ ਹਾਊਸ ‘ਤੇ ਜਰੂਰ ਆਉਣ, ਫਿਰ ਉਹ ਉਨ੍ਹਾਂ ਦੇ ਮਨੋਰੰਜਨ ਲਈ ਸੰਗੀਤ ਦੀਆਂ ਮਹਿਫਲਾਂ ਦਾ ਪ੍ਰਬੰਧ ਕਰਦਾ ਸੀ। ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ।
ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ। ਪ੍ਰੰਤੂ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਉਸ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦੇ ਉਹ ਜਨਰਲ ਸਕੱਤਰ ਸਨ। 1984 ਵਿਚ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਅਮਰੀਕ ਸਿੰਘ ਛੀਨਾ ਨੂੰ ਇਨਟੈਕ ਦੇ ਪੰਜਾਬ ਚੈਪਟਰ ਦਾ ਕੋ-ਕਨਵੀਨਰ ਬਣਾਇਆ ਗਿਆ।
ਜਿਸ ਕਰਕੇ ਉਨ੍ਹਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ।
ਇਸ ਸੰਬੰਧੀ ਉਹ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਵਿਖਾਉਣ ਲਈ ਲੈ ਕੇ ਆਇਆ ਸੀ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ।
1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ। ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਹੇ ਸਨ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜ੍ਹਿਆ ਲਿਖਿਆ ਅਤੇ ਗੁੜ੍ਹਿਆ ਹੋਇਆ ਵਿਅਕਤੀ ਸਨ, ਜਿਹੜੇ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦੇ ਸਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਸਨ। ਉਨ੍ਹਾਂ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵੋ, ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦੇ ਸਨ। ਉਨ੍ਹਾਂ ਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਦੀ ਪੜ੍ਹਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ।
ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਸਨ। ਭੰਗੜੇ ਦੇ ਵੀ ਸ਼ੌਕੀਨ ਸਨ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦੇ ਸਨ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਏ ਸਨ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ ਸੀ। ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ ਸੀ।
ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਵੰਤ ਕੌਰ ਛੀਨਾ, ਸਪੁੱਤਰ ਕਰਨਬੀਰ ਸਿੰਘ ਛੀਨਾ, ਨੂੰਹ ਖ਼ੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
-94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.