ਸਾਹਿਤ (ਸਾ+ਹਿਤ) ਦੋ ਸ਼ਬਦਾਂ ਦਾ ਸੁਮੇਲ ਹੈ। ਉਹ ਰਚਨਾ ਜੋ ਸਾਰਿਆਂ ਦੇ ਹਿੱਤ ਨੂੰ ਧਿਆਨ ’ਚ ਰੱਖ ਕੇ ਰਚੀ ਜਾਵੇ, ਉਹੀ ਅਸਲ ਸਾਹਿਤ ਅਖਵਾਉਂਦਾ ਹੈ। ਸਾਹਿਤ ਦੀਆਂ ਪ੍ਰਮੁੱਖ ਵੰਨਗੀਆਂ ਹਨ ਗਦ ਅਤੇ ਪਦ। ਗਦ ਅਧੀਨ ਸਾਡਾ ਵਾਰਤਕ ਸਾਹਿਤ ਹੁੰਦਾ ਹੈ ਤੇ ਪਦ ਅਧੀਨ ਕਵਿਤਾ, ਗ਼ਜ਼ਲ, ਰੁਬਾਈ ਆਦਿ ਸ਼ਾਮਲ ਹਨ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ ਸੱਤਿਅਮ, ਸ਼ਿਵਮ, ਸੁੰਦਰਮ ਕਿਹਾ ਗਿਆ ਹੈ। ਸੱਤਿਅਮ ਦਾ ਅਰਥ ਹੈ ਸੱਚ, ਸ਼ਿਵਮ ਦਾ ਅਰਥ ਹੈ ਕਲਿਆਣਕਾਰੀ ਤੇ ਸੁੰਦਰਮ ਦਾ ਅਰਥ ਹੈ ਸੁੰਦਰ ਅਤੇ ਸੁਹਜਮਈ। ਬਾਲ ਸਾਹਿਤ ਬਾਲਾਂ ਲਈ ਰਚਿਆ ਜਾਣ ਵਾਲਾ ਸਾਹਿਤ ਹੈ। ਬਾਲ ਸਾਹਿਤ ਦੀ ਰਚਨਾ ਬਾਲਾਂ ਨੂੰ ਹੀ ਧੁਰਾ ਮੰਨ ਕੇ ਕੀਤੀ ਜਾਂਦੀ ਹੈ। ਇਹ ਮੁੱਢ ਤੋਂ ਹੀ ਮੌਖਿਕ ਰੂਪ ’ਚ ਚੱਲਦਾ ਰਿਹਾ ਹੈ। ਛਾਪਾਖ਼ਾਨਾ ਆਉਣ ਤੋਂ ਬਾਅਦ ਇਹ ਲਿਖਤੀ ਰੂਪ ’ਚ ਸਾਹਮਣੇ ਆਇਆ ਹੈ।
ਕੀ ਹੁੰਦੀ ਹੈ ਸਾਹਿਤਕ ਰੁਚੀ?
ਰੁਚੀ ਦਾ ਅਰਥ ਹੈ ਕਿਸੇ ਚੀਜ਼ ਪ੍ਰਤੀ ਦਿਲਚਸਪੀ ਰੱਖਣਾ। ਹਰ ਇਨਸਾਨ ਦੀਆਂ ਵੱਖਰੀਆਂ-ਵੱਖਰੀਆਂ ਰੁਚੀਆਂ ਹੁੰਦੀਆਂ ਹਨ। ਜੋ ਵਿਅਕਤੀ ਸਾਹਿਤ ਪੜ੍ਹਨ-ਲਿਖਣ ਜਾਂ ਸੁਣਨ ਪ੍ਰਤੀ ਮੋਹ-ਪਿਆਰ ਰੱਖਦਾ ਹੈ, ਇਹ ਉਸ ਦੀ ਸਾਹਿਤਕ ਰੁਚੀ ਅਖਵਾਉਂਦੀ ਹੈ। ਇਹ ਤਿੰਨ ਪ੍ਰਕਾਰ ਦੀਆਂ ਰੁਚੀਆਂ ਵਿੱਚੋਂ ਇਕ ਵੀ ਹੋ ਸਕਦੀ ਹੈ, ਦੋ ਵੀ ਹੋ ਸਕਦੀਆਂ ਹਨ ਤੇ ਤਿੰਨੋਂ ਵੀ ਹੋ ਸਕਦੀਆਂ ਹਨ।
ਸਹਿਤਕ ਮੋਹ-ਪਿਆਰ ਦੀ ਸਥਿਤੀ
ਅਜੋਕੇ ਸਮੇਂ ’ਚ ਸਾਹਿਤਕ ਰੁਚੀਆਂ ਦੀ ਸਥਿਤੀ ਬਹੁਤੀ ਸੰਤੋਖਜਨਕ ਨਹੀਂ ਹੈ। ਸੋਸ਼ਲ ਮੀਡੀਆ ਦੇ ਪਸਾਰ ਨੇ ਬੱਚਿਆਂ ਨੂੰ ਤਾਂ ਕਿਤਾਬਾਂ ਤੋਂ ਦੂਰ ਕੀਤਾ ਹੀ ਹੈ ਸਗੋਂ ਬੱਚਿਆਂ ਨੇ ਖ਼ੁਦ ਨੂੰ ਵੀ ਸਵੈ-ਕੇਂਦਰਿਤ ਕਰ ਲਿਆ ਹੈ। ਬੱਚੇ ਤਾਂ ਬੱਚੇ ਸਗੋਂ ਬਾਲਗ ਵੀ ਇਸ ਦੀ ਲਪੇਟ ’ਚ ਆ ਰਹੇ ਹਨ ਤੇ ਪਾਠਕਾਂ ਦੀ ਗਿਣਤੀ ਘਟ ਰਹੀ ਹੈ।
ਬੱਚੇ ਦਾ ਬਣਨਾ ਪੈਂਦਾ ਹਾਣੀ
ਬਾਲ ਸਾਹਿਤ ਹਾਲੇ ਉਸ ਪੱਧਰ ’ਤੇ ਨਹੀਂ ਰਚਿਆ ਜਾ ਰਿਹਾ, ਜਿਸ ਪੱਧਰ ਤਕ ਲਿਖਿਆ ਜਾਣਾ ਚਾਹੀਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਰਚਿਆ ਜਾ ਰਿਹਾ ਹੈ। ਜੇ ਬਾਲ ਸਾਹਿਤ ਲੇਖਕਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਗਿਣਵੇਂ-ਚੁਣਵੇਂ ਨਾਂ ਸਾਡੇ ਸਾਹਮਣੇ ਆਉਂਦੇ ਹਨ, ਜਿਵੇਂ ਡਾ. ਦਰਸ਼ਨ ਸਿੰਘ ਆਸ਼ਟ, ਮੋਹਨ ਸਿੰਘ ਦਾਊਂ, ਸਤਪਾਲ ਭੀਖੀ, ਬਲਜਿੰਦਰ ਮਾਨ ਆਦਿ। ਬਾਲ ਸਾਹਿਤ ਦੀ ਸਿਰਜਣਾ ਕਰਨੀ ਬੜਾ ਔਖਾ ਕੰਮ ਹੈ। ਇਸ ਦੀ ਰਚਨਾ ਕਰਨ ਲਈ ਸਾਨੂੰ ਬੱਚੇ ਦੇ ਪੱਧਰ ’ਤੇ
ਆ ਕੇ ਉਸ ਦੇ ਹਾਣ ਦਾ ਬਣਨਾ ਪੈਂਦਾ ਹੈ। ਉਨ੍ਹਾਂ ਦੇ ਪੱਧਰ ਦੀ ਬੋਲੀ ਤੇ ਭਾਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ। ਓਨਾ ਜ਼ੋਰ ਬਾਲਗ ਸਾਹਿਤ ਲਿਖਣ ਵੇਲੇ ਨਹੀਂ ਲੱਗਦਾ, ਜਿੰਨਾ ਬਾਲ ਸਾਹਿਤ ਦੀ ਰਚਨਾ ਕਰਨ ਵੇਲੇ ਲੱਗਦਾ ਹੈ।
ਕਿਹੋ ਜਿਹੇ ਹੋਣੇ ਚਾਹੀਦੇ ਬਾਲ ਸਾਹਿਤ ਦੇ ਵਿਸ਼ੇ
ਬਾਲਾਂ ਸਬੰਧੀ ਵਿਸ਼ਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪ੍ਰਸਿੱਧ ਮਨੋਵਿਗਿਆਨੀ ਫਰਾਇਡ ਅਨੁਸਾਰ ਬੱਚੇ ਦੇ ਮੁੱਢਲੇ ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ, ਜਿਸ ਦੇ ਅਧਾਰ ’ਤੇ ਉਹਦੀ ਪੂਰੀ ਜ਼ਿੰਦਗੀ ਨਿਰਭਰ ਕਰਦੀ ਹੈ। ਬਾਲ ਸਾਹਿਤ ਦੇ ਵਿਸ਼ੇ ਸੂਝ ਨੂੰ ਵਿਕਸਤ ਕਰਨ ਵਾਲੇ ਹੋਣੇ ਚਾਹੀਦੇ ਹਨ। ਕਲਪਨਾ-ਸ਼ਕਤੀ ਨੂੰ ਪ੍ਰਚੰਡ ਕਰਨ ਵਾਲੇ ਹੋਣੇ ਚਾਹੀਦੇ ਹਨ। ਅਜਿਹੇ ਵਿਸ਼ੇ ਚੁਣਨੇ ਚਾਹੀਦੇ ਹਨ, ਜਿਸ ਨਾਲ ਉਸ ਦਾ ਸਰਬਪੱਖੀ ਵਿਕਾਸ ਹੋ ਸਕੇ।
ਲੇਖਕ ਦੀ ਮਨੋਦਸ਼ਾ
ਲੇਖਕ ਦੀ ਮਨੋਦਸ਼ਾ ਬਾਲਕਾਂ ਦੀ ਮਨੋਦਸ਼ਾ ਦੇ ਹਾਣ ਦੀ ਹੋਣੀ ਚਾਹੀਦੀ ਹੈ। ਲੇਖਕ ਆਪਣੀਆਂ ਰਚਨਾਵਾਂ ਵਿਚ ਔਖੀ ਸ਼ਬਦਾਵਲੀ ਨਾ ਵਰਤੇ। ਇਹ ਨਾ ਹੋਵੇ ਕਿ ਲੇਖਕਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਉਨ੍ਹਾਂ ਦੇ ਸਮਝ ਨਾ ਆਵੇ। ਜੇ ਔਖੇ ਸ਼ਬਦ ਵਰਤੇ ਜਾਣਗੇ ਤਾਂ ਪੱਲੇ ਨਹੀਂ ਪੈਣਗੇ, ਜਿਸ ਕਰਕੇ ਬੱਚਿਆਂ ਦਾ ਮੋਹ ਕਿਤਾਬਾਂ ਨਾਲ ਨਹੀਂ ਪਵੇਗਾ।
ਮਾਪਿਆਂ ਦੀ ਜ਼ਿੰਮੇਵਾਰੀ
ਜੇ ਮਾਪੇ ਖ਼ੁਦ ਸਾਹਿਤਕ ਰੁਚੀ ਨਹੀਂ ਰੱਖਦੇ ਤਾਂ ਬੱਚੇ ਨੂੰ ਸਾਹਿਤ ਨਾਲ ਕਿਵੇਂ ਜੋੜ ਸਕਦੇ ਹਨ। ਸਾਡੇ ਘਰਾਂ ’ਚ ਸਕੂਲੀ ਕਿਤਾਬਾਂ ਤੋਂ ਇਲਾਵਾ ਕੋਈ ਹੋਰ ਕਿਤਾਬੀ ਕੋਨਾ ਨਹੀਂ ਹੁੰਦਾ, ਜਿੱਥੇ ਸਿਲੇਬਸ ਤੋਂ ਬਾਹਰੀ ਕਿਤਾਬਾਂ ਸ਼ਾਮਿਲ ਹੋਣ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਘਰ ਵਿਚ ਮਿੰਨੀ ਲਾਇਬ੍ਰੇਰੀ ਸਥਾਪਿਤ ਕਰਨ। ਪੁਸਤਕ ਮੇਲੇ ’ਚ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੀਆਂ ਪਸੰਦ ਦੀਆਂ ਕਿਤਾਬਾਂ ਖ਼ਰੀਦ ਕੇ ਦੇਣ। ਇਹ ਕਿਤਾਬਾਂ ਨਾਲ ਜੋੜਨ ਦਾ ਵੱਡਾ ਉਪਰਾਲਾ ਹੋ ਸਕਦਾ ਹੈ।
ਲੇਖਕਾਂ ਦੀ ਜ਼ਿੰਮੇਵਾਰੀ
ਲੇਖਕ ਬਾਲ ਸਾਹਿਤ ਦੀ ਰਚਨਾ ਵੀ ਵੱਧ ਤੋਂ ਵੱਧ ਕਰਨ, ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕਣ। ਸਾਹਿਤਕਾਰ ਬੌਧਿਕ ਸੋਚ ਵਾਲੇ ਵਿਸ਼ੇ ਦੀ ਚੋਣ ਕਰਨ। ਜਿੰਨ, ਭੂਤ, ਪਰੀਆਂ, ਰਾਖ਼ਸ਼ਾਂ ਆਦਿ ਪਾਤਰਾਂ ਨੂੰ ਤਿਲਾਂਜਲੀ
ਦੇਣੀ ਚਾਹੀਦੀ ਹੈ। ਏਸ ਵਲਗਣ ਨੂੰ ਤੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਸੱਚੀਆਂ ਦੋਸਤ ਹੁੰਦੀਆਂ ਹਨ ਕਿਤਾਬਾਂ
ਪਹਿਲਾਂ ਸਕੂਲਾਂ ਵਿਚ ਬਾਲ ਸਭਾਵਾਂ ਲੱਗਦੀਆਂ ਸਨ। ਬੱਚੇ ਆਪਣੀਆਂ ਛੋਟੀਆਂ-ਛੋਟੀਆਂ ਰਚਨਾਵਾਂ ਪੇਸ਼ ਕਰਦੇ ਸਨ ਪਰ ਹੁਣ ਇਹ ਰਿਵਾਜ ਖ਼ਤਮ ਹੋ ਰਿਹਾ ਹੈ। ਕਈ ਵਾਰ ਵਿਦਿਆਰਥੀ ਕੁਝ ਅਜਿਹੀ ਪੇਸ਼ਕਾਰੀ ਕਰਦੇ ਹਨ, ਜਿਸ ਨੂੰ ਸੁਣ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਰਮਿਕ ਸਮਾਗਮਾਂ ਵਿਚ ਬੱਚੇ ਸ਼ਬਦ-ਕੀਰਤਨ ਵੀ ਵਧੀਆ ਢੰਗ ਨਾਲ ਕਰਦੇ ਹਨ। ਕਵੀਸ਼ਰੀ ਗਾਉਂਦੇ ਵੀ ਵੇਖੇ ਜਾ ਸਕਦੇ ਹਨ। ਪਿਛਲੇ ਸਮੇਂ ’ਚ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਸਮੇਂ ਛੋਟੀਆਂ ਬੱਚੀਆਂ ਸਿੱਖਿਆ ਬੋਲਦੀਆਂ ਸਨ ਪਰ ਇਹ ਰਿਵਾਜ ਵੀ ਬਿਲਕੁਲ ਖ਼ਤਮ ਕਰ ਹੋ ਚੁੱਕਾ ਹੈ। ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹੁੰਦੀਆਂ ਹਨ, ਜੋ ਸਾਡੇ ਨਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੀਆਂ ਹਨ। ਸਾਨੂੰ ਚੰਗੇ ਮਾਪਿਆਂ ਵਾਂਗ ਸਿੱਖਿਆ ਦੇਣ ਦਾ ਕੰਮ ਕਰਦੀਆਂ ਹਨ। ਸੋ ਬਾਲਕਾਂ ਤੇ ਬਾਲਗਾਂ ਦੋਵਾਂ ਵਰਗਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ।
ਸੰਸਥਾਵਾਂ ਤੇ ਅਧਿਆਪਕਾਂ ਦੀ ਭੂਮਿਕਾ
ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਵਿਭਾਗ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਪ੍ਰਾਇਮਰੀ ਤੋਂ ਸੈਕੰਡਰੀ ਸਕੂਲ ਪੱਧਰ ਤਕ ਲਾਇਬ੍ਰੇਰੀ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ, ਤਾਂ ਜੋ ਵਿਦਿਆਰਥੀ ਕਿਤਾਬਾਂ ਨਾਲ ਜੁੜ ਸਕਣ ਤੇ ਸਾਹਿਤਕ ਰੁਚੀਆਂ ਪੈਦਾ ਹੋ ਸਕਣ। ਜਿੱਥੋਂ ਤਕ ਅਧਿਆਪਕਾਂ ਦੀ ਭੂਮਿਕਾ ਹੈ, ਉਸ ਦਾ ਪ੍ਰਭਾਵ ਵਿਦਿਆਰਥੀ ਵੱਧ ਕਬੂਲਦੇ ਹਨ। ਜੇ ਅਧਿਆਪਕ ਵੀ ਲੇਖਕ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਕ ਅਧਿਆਪਕ ਬਾਲ-ਲੇਖਕ ਵੀ ਪੈਦਾ ਕਰ ਸਕਦਾ ਹੈ। ਸਕੂਲ ’ਚ ਪੁਸਤਕ ਪ੍ਰਦਰਸ਼ਨੀਆਂ ਵੀ ਲਾਈਆਂ ਜਾ ਸਕਦੀਆਂ ਹਨ। ਕਿਸੇ ਨਾ ਕਿਸੇ ਲੇਖਕ ਨੂੰ ਬੱਚਿਆਂ ਦੇ ਰੂਬਰੂ ਵੀ ਕਰਵਾਉਣਾ ਚਾਹੀਦਾ ਹੈ। ਸਾਹਿਤਕ ਰੁਚੀ ਦੀ ਕੋਈ ਉਮਰ ਨਹੀਂ ਹੁੰਦੀ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.