ਅੱਜ ਮੈਂ ਆਪਣੀ ਬਾਈਕ ਤੇ ਰਾਜਪੁਰੇ ਜਾ ਰਿਹਾ ਸੀ । ਹਵਾ ਅੱਗੋਂ ਦੀ ਕਾਫੀ ਤੇਜ਼ ਚੱਲ ਰਹੀ ਸੀ। ਰਸਤੇ ਵਿੱਚ ਇੱਕ ਘੁੱਗੀ ਉੱਡਦੀ-ਉੱਡਦੀ ਥੱਲੇ ਡਿੱਗ ਗਈ।
ਮੈਂ ਜਦੋਂ ਬਾਈਕ ਰੋਕ ਕੇ ਦੇਖਿਆ ਉਸਦੀ ਹਾਲਤ ਖਰਾਬ ਸੀ । ਮੇਰੇ ਕੋਲ ਪਾਣੀ ਵਾਲੀ ਬੋਤਲ ਸੀ। ਉਸ ਨੂੰ ਮੈਂ ਪਾਣੀ ਪਿਆਇਆ ਤੇ ਉਸਦੀਆਂ ਅੱਖਾਂ ਵੱਲ ਤੱਕਿਆ ਇੰਝ ਲੱਗਿਆ ਜਿਵੇਂ ਉਹ ਰੋ ਰਹੀ ਸੀ ਅਤੇ ਕੁਝ ਕਹਿਣਾ ਚਾਹੁੰਦੀ ਸੀ । ਫਿਰ ਮੈਂ ਜਦੋਂ ਆਲੇ-ਦੁਆਲੇ ਤੱਕਿਆ ਤਾਂ ਸਾਰੇ ਪਾਸੇ ਧੂੰਆਂ ਹੀ ਧੂੰਆਂ ਸੀ। ਕਿਉਂਕਿ ਕਿਸੇ ਨੇ ਆਪਣੇ ਖੇਤਾਂ ਵਿੱਚ ਅੱਗ ਲਗਾਈ ਹੋਈ ਸੀ। ਉਸ ਨਾਲ ਕਾਫੀ ਦਰੱਖਤ ਵੀ ਸੜ ਰਹੇ ਸੀ । ਮੈਂ ਸੋਚਿਆ ਸ਼ਾਇਦ ਘੁੱਗੀ ਦਾ ਘਰ (ਆਲਣਾ), ਬੱਚੇ ਵੀ ਇਹਨਾਂ ਦਰੱਖਤਾਂ ਤੇ ਸੜ ਗਏ ਹੋਣਗੇ ਅਤੇ ਹੋਰ ਕਈ ਪੰਛੀਆਂ ਦੇ ਵੀ। ਜਦੋਂ ਮੈਂ ਖੇਤ ਵਾਲੇ ਪਾਸੇ ਦੇਖਿਆ, ਕਿ ਇਹ ਤਾਂ ਚਾਨਣ ਸਿੰਘ ਹੈ। ਜਿਹੜਾ ਹਰ ਰੋਜ਼ ਗੁਰੂਘਰ ਆਉਂਦਾ ਤੇ ਪੜਦਾ ਹੈ " ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ " ਅਤੇ ਇਹ ਤਾਂ ਹਰ ਸਾਲ ਸ਼ਬੀਲ ਵੀ ਲਾਉਂਦਾ ਏ। ਮੈਂ ਕੋਲ ਜਾ ਕੇ ਚਾਨਣ ਸਿੰਘ ਨੂੰ ਕਿਹਾ, ਕਿ ਇਹ ਤੁਸੀਂ ਕੀ ਕਰ ਰਹੇ ਓ..? ਤਾਂ ਉਹ ਕਹਿਣ ਲੱਗਾ ਕਿ ਸਾਰੇ ਹੀ ਅੱਗ ਲਾ ਰਹੇ ਨੇ।ਇਸ ਨਾਲ ਖੇਤ ਵਧੀਆ ਵਾਹਿਆ ਜਾਂਦਾ । ਨਾਲੇ ਫੈਕਟਰੀਆ ਦਾ ਵੀ ਤਾਂ ਧੂੰਆਂ ਹੈ ।
ਮੈਂ ਕਿਹਾ ਤੁਸੀਂ ਤਾਂ ਰੋਜ ਮੇਰੇ ਨਾਲ ਪੜਦੇ ਓ ' ਪਵਣ ਗੁਰੂ ਪਾਣੀ ਪਿਤਾ..... ' ਮਤਲਬ ਪਵਣ ਨੂੰ ਗੁਰੂ ਤਾਂ ਕਿਹਾ ,ਕਿਉਂਕਿ ਗੁਰੂ ਹਵਾ ਵਰਗਾ ਹੈ । ਬਿਨਾਂ ਭੇਦ-ਭਾਵ ਸਾਰਿਆਂ ਲਈ ਇੱਕੋ ਜਿਹਾ ਤੇ ਸਰਵ ਵਿਆਪਕ। `ਪਾਣੀ` ਪਿਤਾ ਇਸ ਲਈ ਕਿਉਂਕਿ ਪਿਤਾ ਸਾਡੀ ਸੰਭਾਲ ਕਰਦਾ ਏ ਤੇ ਜਦੋਂ ਪਿਤਾ ਬਜੁਰਗ ਹੋਵੇ। ਉਦੋਂ ਅਸੀਂ ਸੰਭਾਲ ਕਰਦੇ ਹਾਂ। ਇਸੇ ਤਰਾਂ ਪਾਣੀ ਵੀ ਸਾਡੀ ਸੰਭਾਲ ਕਰਦਾ ਏ ਅਤੇ ਅਸੀਂ ਵੀ ਪਾਣੀ ਦੀ ਸੰਭਾਲ ਕਰਨੀ ਏ । "ਮਾਤਾ' ਧਰਤਿ ਇਸ ਲਈ ਕਿਉਂਕਿ ਧਰਤੀ ਦਾ ਜਿਗਰਾ ਮਾਂ ਵਰਗਾ ਹੁੰਦਾ। ਸਭ ਕੁੱਝ ਸਹਿੰਦੀ ਹੈ ਤੇ ਫਿਰ ਵੀ ਸਾਨੂੰ ਹਰ ਚੀਜ਼ ਦਿੰਦੀ ਏ। ਪਰ ਮਾਫ ਕਰਨਾ ਚਾਨਣ ਸਿੰਘ ਜੀ ਆਪਾਂ ਤਾਂ ਸਾਰਾ ਕੁਝ ਹੀ ਖ਼ਤਮ ਕਰ ਲਿਆ। ਮਾਤਾ ਦਾ ਹਿਰਦਾ ਓਦੋ ਸੜਦਾ ਜਦੋਂ ਉਸਦਾ ਪੁੱਤਰ ਮਾੜੇ ਪਾਸੇ ਜਾਂ ਨਸ਼ੇ ਕਰਨ ਲੱਗ ਜਾਂਦਾ ਹੈ।ਇਸੇ ਤਰਾਂ ਧਰਤੀ ਮਾਂ ਦਾ ਹਿਰਦਾ ਵੀ ਸੜਦਾ ਹੋਵੇਗਾ। ਜਦੋਂ ਤੁਸੀਂ ਉਸਦੀ ਹਿੱਕ ਤੇ ਅੱਗ ਲਾਉਂਦੇ ਹੋ। ਨਾਲੇ ਦਰੱਖਤ ਵੀ ਸਾੜਦੇ ਹੋ। ਇਹਨੂੰ ਵਿਚਾਰੇ ਪੰਛੀਆਂ ਦੇ ਘਰ ਵੀ ਸਾੜ ਦਿੱਤੇ , ਹੋ ਸਕਦਾ ਇਨਾਂ ਦੇ ਬੱਚੇ ਵੀ ਸੜ ਗਏ ਹੋਣ। ਪਰ ਯਾਦ ਰੱਖਿਓ ਚਾਨਣ ਸਿੰਘ ਕੁਦਰਤ ਹਮੇਸ਼ਾ ਨਿਆਂ ਕਰਦੀ ਏ। ਇਸ ਘੁੱਗੀ ਨੂੰ ਵੀ ਨਿਆਂ ਮਿਲਣਾ ਤੇ ਤੁਹਾਨੂੰ ਆਪਣੇ ਕੀਤੇ ਦੀ ਸਜ਼ਾ। ਕੁੱਝ ਸਮੇਂ ਬਾਅਦ ਘੁੱਗੀ ਤਾਂ ਉੱਡ ਗਈ। ਪਰ ਮੈਂ ਆਪਣੇ ਮਨ ਵਿਚ ਕਿਹਾ,ਕਿ ਇਸ ਵਿਚਾਰੀ ਦਾ ਨਿਆਂ ਕੁਦਰਤ ਹੀ ਕਰੇਗੀ। ਅਸੀਂ ਕਿਹੜੇ ਪਾਸੇ ਚੱਲ ਪਏ ਹਾਂ। ਚਲੋ ਮੰਨ ਲਿਆ ਅੱਗ ਲਾ ਕੇ ਖੇਤ ਵਧੀਆ ਵਾਹਿਆ ਗਿਆ। ਅਗਲੀ ਫਸਲ ਵਧੀਆ ਹੋ ਗਈ।ਚੱਲੋ ਕੁਝ ਮੁਨਾਫ਼ਾ ਵੀ ਵੱਧ ਹੋ ਗਿਆ। ਪਰ ਮਾਫ ਕਰਨਾ। ਜੇਕਰ ਇਹ ਮੁਨਾਫੇ ਨਾਲ ਕੱਲ ਨੂੰ ਆਪਣੇ ਬੱਚਿਆਂ ਦੇ ਸਾਹ ਹੀ ਖਰੀਦਣੇ ਪਏ ਤਾਂ ਕਿੰਨੀ ਕੁ ਸਮਝਦਾਰੀ ਵਾਲੀ ਗੱਲ ਏ । ਕਿਉਂਕਿ ਇਹ ਤਾਂ ਬਿਲਕੁਲ ਸੱਚ ਹੈ। ਕਿ ਆਪਣੇ ਬੱਚਿਆਂ ਨੂੰ ਅਗਾਂਹ ਸਾਂਹ ਲੈਣਾ ਵੀ ਔਖਾ ਹੋ ਜਾਣਾ ਅਤੇ ਤਾਪਮਾਨ ਵੀ 50 ਡਿਗਰੀ ਤੋਂ ਪਾਰ ਹੁੰਦਿਆਂ ਦੇਰ ਨੀ ਲੱਗਣੀ।ਜੇਕਰ ਇਸੇ ਤਰਾਂ ਚੱਲਦਾ ਰਿਹਾ। ਕਿਤੇ ਸਾਨੂੰ ਬੱਚਿਆਂ ਲਈ ਆਕਸੀਜਨ ਵਾਲੇ ਸਲੰਡਰ ਨਾ ਖਰੀਦਣੇ ਪੈਣ ।ਕੀ ਫਾਇਦਾ ਇਹੋ ਜਿਹੇ ਮੁਨਾਫੇ ਦਾ। ਚਲੋ ਕੁਝ ਘਾਟਾ ਸਰਕਾਰਾਂ ਵਿੱਚ ਵੀ ਨੇ। ਜੋ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਕੱਢਦੀਆਂ। ਫੈਕਟਰੀਆ ਵਾਲਿਆ ਨੂੰ ਸਰਕਾਰ ਲਾਜ਼ਮੀ ਕਰੇ। ਜੇ ਉਹ ਫੈਕਟਰੀ ਲਾਉਣ ਵੇਲੇ ਇਕ ਰੁੱਖ ਕੱਟਦੇ ਨੇ ਤਾਂ ਦੋ ਰੁੱਖ ਹੋਰ ਲਾਉਣ ।ਵਿਕਾਸ ਤੇ ਨਾਮ ਤੇ ਸਰਕਾਰਾਂ ਵੀ ਕੁਦਰਤੀ ਚੀਜ਼ਾਂ ਨੂੰ ਖਤਮ ਕਰ ਰਹੀਆਂ ਨੇ। ਪਰ ਅਸੀਂ ਤਾਂ ਚੰਗੇ ਕੰਮ ਦੀ ਪਹਿਲ ਕਰ ਸਕਦੇ ਹਾਂ। ਅਸੀਂ ਤਾਂ ਸਭ ਦਾ ਭਲਾ ਮੰਗਣ ਵਾਲੇ ਹਾਂ। ਬਾਬੇ ਨਾਨਕ ਨੇ ਖੇਤੀ ਨੂੰ ਉੱਤਮ ਕਿਹਾ। ਕਿਉਕਿ ਕਿਸਾਨ ਸਭ ਦਾ ਪੇਟ ਭਰਦਾ ਏ। ਸਭ ਦਾ ਭਲਾ ਮੰਗਦਾ ਏ।ਬਾਕੀ ਕੁਦਰਤ ਨੇ ਤਾਂ ਨਿਆਂ ਸਭ ਨਾਲ ਕਰਨਾ ਹੀ ਹੈ। ਕਿਉਂਕਿ ਗੁਰਬਾਣੀ ਕਹਿੰਦੀ ਹੈ " ਤੇਰੈ ਘਰੁ ਸਦਾ ਸਦਾ ਹੈ ਨਿਆਉ "। ਹਜੇ ਵੀ ਵੇਲਾ ਹੈ ਸਮਝ ਜਾਈਏ । ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਓਹਨਾ ਦੀ ਸੰਭਾਲ ਵੀ ਕਰੀਏ (ਧਰਤੀ , ਪਾਣੀ ਤੇ ਹਵਾ ਬਚਾਈਏ) ਅਤੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਸਿਰਫ ਪੜੀਏ ਨਾ ਸਗੋਂ ਅਮਲ ਵੀ ਕਰੀਏ। ਕਿਸੇ ਕਿਸਾਨ ਦੇ ਖਿਲਾਫ ਨਹੀ ਹਾਂ। ਸਿਰਫ ਏਨਾ ਮਕਸਦ ਹੈ। ਕਿ ਕੁਦਰਤੀ ਸੋਮੇ ਬਚੇ ਰਹਿਣ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਵਧੀਆ ਵਾਤਾਵਰਨ ਮਿਲੇ। ਬਾਕੀ ਇਸ ਬਾਰੇ ਤੁਹਾਡੇ ਆਪਣੇ-ਆਪਣੇ ਵਿਚਾਰ ,ਤਰਕ ਹੋਣਗੇ।
ਭੁੱਲ ਚੁੱਕ ਦੀ ਖਿਮਾ ।
-
ਕੁਲਦੀਪ ਸਿੰਘ (ਸ਼ੇਖੂਪੁਰ), writer
jakhwali89@gmail.com
9463545970
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.