ਅੱਜ ਜਿੱਥੇ ਸਾਰਾ ਦੇਸ਼ ਲੋਕ ਸਭਾ ਚੋਣਾਂ ਪ੍ਰਤੀ ਸਰਗਰਮ ਨਜ਼ਰ ਆ ਰਿਹਾ ਹੈ, ਉੱਥੇ ਸਰਕਾਰੀ ਕਰਮਚਾਰੀ ਵੀ ਇਹਨਾਂ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੱਬਾਂ ਭਾਰ ਨਜ਼ਰ ਆ ਰਹੇ ਹਨ। ਜੇ ਮੈਂ ਅੱਜ ਦੇ ਚੋਣਾਂ ਦੇ ਦੌਰ ਦੀ ਆਪਣੇ ਨੌਕਰੀ ਵਿੱਚ ਆਉਣ ਵੇਲੇ ਦੇ ਚੋਣ ਦੌਰ ਨਾਲ ਤੁਲਨਾ ਕਰਾਂ ਤਾਂ ਚੇਤੇ ਆਉਂਦਾ ਹੈ ਕਿ ਉਸ ਵੇਲੇ ਚੋਣ ਰਿਹਰਸਲਾਂ ਖੁੱਲ੍ਹੇ ਮੈਦਾਨਾਂ ਜਾਂ ਮੰਡੀਆਂ ਵਿੱਚ ਟੈਂਟ ਲਗਾ ਕੇ ਹੋਇਆ ਕਰਦੀਆਂ ਸਨ। ਅਤਿ ਦੀ ਗਰਮੀ ਹੋਵੇ ਜਾਂ ਕੜਾਕੇ ਦੀ ਠੰਢ, ਕਰਮਚਾਰੀਆਂ ਨੂੰ ਔਖੇ-ਸੁਖਾਲੇ ਹੋ ਕੇ ਡਿਊਟੀ ਕਰਨੀ ਹੀ ਪੈਂਦੀ ਸੀ , ਉਸ ਸਮੇਂ ਚੋਣ ਕਰਮਚਾਰੀਆਂ ਲਈ ਪੱਖੇ ਜਾਂ ਚਾਹ-ਪਾਣੀ ਦੇ ਪੁਖਤਾ ਪ੍ਰਬੰਧ ਨਹੀਂ ਸਨ ਹੁੰਦੇ।
ਬੜਾ ਅਜੀਬ ਜਿਹਾ ਨਜ਼ਾਰਾ ਹੁੰਦਾ ਜਦੋਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਕਰਮਚਾਰੀ ਲਾਈਨਾਂ ਵਿੱਚ ਖੜ੍ਹੇ ਹੋ ਕੇ ਚੋਣਾਂ ਸਬੰਧੀ ਜ਼ਰੂਰੀ ਸਮਾਨ ਜਿਵੇਂ ਮੱਤਦਾਨ ਪੇਟੀ, ਬੈਲਟ ਪੇਪਰ, ਮੋਹਰਾਂ ਆਦਿ ਲੈਂਦੇ ਨਜ਼ਰ ਆਉਂਦੇ ਅਤੇ ਖੁੱਲ੍ਹੇ ਆਸਮਾਨ ਹੇਠਾਂ ਸਮਾਨ ਦੀ ਗਿਣਤੀ ਸਾਰੇ ਮਿਲ ਕੇ ਕਰਦੇ । ਸਮਾਨ ਲੈਣ ਉਪਰੰਤ ਕਰਮਚਾਰੀਆਂ ਨੂੰ ਪੋਲਿੰਗ ਸਟੇਸ਼ਨ 'ਤੇ ਪਹੁੰਚਾਉਣ ਲਈ ਚੋਣ ਕਮਿਸ਼ਨ ਜਾਂ ਡੀ.ਟੀ.ਓ. ਵੱਲੋਂ ਟਰੱਕ ਯੂਨੀਅਨ ਵਿੱਚੋ ਟਰੱਕ ਮੰਗਵਾਏ ਜਾਂਦੇ ਸਨ । ਬਠਿੰਡੇ ਡਿਊਟੀ ਕਰਦਿਆਂ ਮੈਨੂੰ ਯਾਦ ਹੈ ਕਿ ਥਰਮਲ ਪਲਾਂਟ ਤੋਂ ਆਏ ਕੋਲੇ ਨਾਲ ਕਾਲੇ ਹੋਏ ਟਰੱਕਾਂ ਵਿੱਚ ਖੜ੍ਹੇ ਹੋ ਕੇ ਕਿਵੇਂ ਕਰਮਚਾਰੀ ਆਪੋ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਦੇ। ਕੁਝ ਕੁ ਪ੍ਰੀਸਾਈਡਿੰਗ ਅਫ਼ਸਰ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠ ਜਾਂਦੇ ਤੇ ਬਾਕੀ ਅਮਲਾ ਟਰੱਕ ਵਿੱਚ ਖੜ੍ਹੇ ਹੋ ਕੇ ਹੀ ਸਫ਼ਰ ਕਰਦਾ ।
ਜਿਸ ਸਕੂਲ ਵਿੱਚ ਪੋਲਿੰਗ ਸਟੇਸ਼ਨ ਬਣਿਆ ਹੁੰਦਾ, ਉੱਥੇ ਵੀ ਪ੍ਰਬੰਧ ਬਹੁਤੇ ਸੁਚੱਜੇ ਨਹੀਂ ਸਨ ਹੁੰਦੇ। ਕਈ ਵਾਰ ਪੱਖੇ ਨਾ ਹੋਣੇ, ਕਦੇ ਬਾਥਰੂਮ ਵਿੱਚ ਬਲਬ ਨਾ ਹੋਣਾ, ਕਦੇ ਰੋਟੀ ਦਾ ਢੁਕਵਾਂ ਪ੍ਰਬੰਧ ਨਾ ਹੋਣਾ। ਇੱਥੋਂ ਤੱਕ ਕਿ ਚੋਣ ਕਰਵਾਉਣ ਲਈ ਕਈ ਵਾਰ ਮੇਜ-ਕੁਰਸੀਆਂ ਵੀ ਆਸੇ-ਪਾਸੇ ਤੋਂ ਮੰਗਣੇ ਪੈਂਦੇ ਸਨ । ਚੋਣਾਂ ਉਪਰੰਤ ਜਦੋਂ ਸਮਾਨ ਮੁੜ ਜਮ੍ਹਾਂ ਕਰਵਾਉਣ ਲਈ ਪਹੁੰਚਦੇ ਤਾਂ ਨਿੱਕਾ-ਨਿੱਕਾ ਸਮਾਨ ਜਿਵੇਂ ਮੋਮਬੱਤੀ, ਮਾਚਸ, ਲਾਖ, ਸਕਰੀਨ ਆਦਿ ਜਦੋਂ ਤੱਕ ਗਿਣਤੀ ਵਿੱਚ ਪੂਰਾ ਨਾ ਹੁੰਦਾ, ਉਦੋਂ ਤੱਕ ਚੋਣ ਕਰਮਚਾਰੀ ਪਰੇਸ਼ਾਨ ਹੁੰਦੇ ਰਹਿੰਦੇ। ਬੜੇ ਸੰਘਰਸ਼ ਤੋਂ ਬਾਅਦ ਮੱਤਦਾਨ ਪੇਟੀ, ਪ੍ਰੀਜ਼ਾਈਡਿੰਗ ਡਾਇਰੀ,ਪ੍ਰੀਜ਼ਾਈਡਿੰਗ ਹੈਡ ਬੁੱਕ ਹੋਰ ਜ਼ਰੂਰੀ ਅਤੇ ਗੈਰ ਜਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ਉਪਰੰਤ ਹੀ ਸਾਹ ਆਉਂਦਾ ਸੀ । ਇਸ ਤੋਂ ਬਾਅਦ ਕੁਵੇਲੇ ਰਾਤ ਹੋਏ ਘਰ ਪਹੁੰਚਣ ਲਈ ਵੀ ਕਿਸੇ ਸਾਧਨ ਦਾ ਪ੍ਰਬੰਧ ਨਹੀਂ ਸੀ ਹੁੰਦਾ । ਇਸਦੇ ਉਲਟ ਅੱਜ ਚੋਣ ਰਿਹਰਸਲਾਂ ਵਧੀਆ ਇਮਾਰਤਾਂ ਦੇ ਏ. ਸੀ. ਜਾਂ ਪੱਖੇ ਵਾਲੇ ਕਮਰਿਆਂ ਵਿੱਚ ਹੁੰਦੀਆਂ ਹਨ । ਕਰਮਚਾਰੀਆਂ ਲਈ ਲੋੜ ਅਨੁਸਾਰ ਚਾਹ-ਪਾਣੀ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੁੰਦਾ ਹੈ । ਪੂਰੀ ਕੁਸ਼ਲਤਾ ਨਾਲ ਟ੍ਰੇਨਿੰਗ ਦੇਣ ਅਤੇ ਕਰਮਚਾਰੀਆਂ ਦੀ ਸਹਾਇਤਾ ਲਈ ਚੋਣ ਅਮਲਾ ਪੱਬਾਂ ਭਾਰ ਨਜ਼ਰ ਆਉਂਦਾ ਹੈ ।
ਚੋਣਾਂ ਤੋਂ ਇੱਕ ਦਿਨ ਪਹਿਲਾਂ ਸਮਾਨ ਸਮੇਤ ਚੋਣ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ ਤੇ ਪਹੁੰਚਾਉਣ ਲਈ ਵਧੀਆ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੁੰਦਾ ਹੈ । ਪੋਲਿੰਗ ਸਟੇਸ਼ਨ ਤੇ ਵੀ ਵਧੀਆ ਪ੍ਰਬੰਧ ਦੇਖਣ ਨੂੰ ਮਿਲਦੇ ਹਨ । ਕਰਮਚਾਰੀਆਂ ਦੀ ਸਹੂਲਤ ਲਈ ਚੋਣਾਂ ਸਬੰਧੀ ਦਸਤਾਵੇਜ਼ ਪਾਉਣ ਲਈ ਪਹਿਲਾਂ ਤੋਂ ਹੀ ਛਪਾਈ ਵਾਲੇ ਲਿਫ਼ਾਫ਼ੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਕਿ ਚਿੰਤਾ ਨਾ ਕਰੋ ਕੋਈ ਸਮਾਨ ਘੱਟ ਹੋਵੇ ਤਾਂ ਵੈਟਸਐਪ ਮੈਸਜ਼ ਕਰੋਂ ਸਮਾਨ ਪੋਲਿੰਗ ਸਟੇਸ਼ਨ ਤੇ ਅਸੀਂ ਖ਼ੁਦ ਪਹੁੰਚਾਂਵਾਂਗੇ । ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਕਰਮਚਾਰੀਆਂ ਨੂੰ ਚੋਣਾਂ ਸਬੰਧੀ ਸਮਾਨ ਜਮ੍ਹਾਂ ਕਰਵਾਉਣ ਲਈ ਬੱਸਾਂ ਵਿੱਚ ਹੀ ਲਿਜਾਇਆ ਜਾਂਦਾ ਹੈ। ਸਮਾਨ ਵਾਪਸ ਲੈਣ ਵੇਲੇ ਕਰਮਚਾਰੀਆਂ ਵੱਲੋਂ ਪੋਲਿੰਗ ਪਾਰਟੀਆਂ ਨੂੰ ਤੰਗ ਨਹੀਂ ਕੀਤਾ ਜਾਂਦਾ, ਸਗੋ ਜੇਕਰ ਕੋਈ ਗੈਰ-ਜ਼ਰੂਰੀ ਚੀਜ਼ ਘੱਟ ਵੀ ਪਾਈ ਜਾਵੇ ਤਾਂ ਵੀ ਅਕਸਰ ਇਹ ਮੰਨ ਲਿਆ ਜਾਂਦਾ ਹੈ ਕਿ ਉਹ ਪੋਲਿੰਗ ਪਾਰਟੀ ਨੂੰ ਪ੍ਰਾਪਤ ਹੀ ਨਹੀਂ ਸੀ ਹੋਈ ।
ਬੈਲਟ ਪੇਪਰ, ਕੰਟਰੋਲ ਯੂਨਿਟ,ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਹੈ ਅਤੇ ਹੋਰ ਜ਼ਰੂਰੀ ਸਮਾਨ ਬੜੇ ਵਧੀਆ ਤਰੀਕੇ ਨਾਲ ਜਮ੍ਹਾਂ ਕਰਵਾਉਣ ਲਈ ਚੰਗਾ ਪ੍ਰਬੰਧ ਹੁੰਦਾ ਹੈ । ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਕਿ ਪਹਿਲੇ ਵੇਲਿਆਂ ਨਾਲੋਂ ਚੋਣ ਪ੍ਰਕਿਰਿਆ ਵਿੱਚ ਕਾਫ਼ੀ ਸੁਧਾਰ ਆਏ ਹਨ, ਜਿਨ੍ਹਾਂ ਦੇ ਚੱਲਦਿਆਂ ਹੁਣ ਚੋਣ ਡਿਊਟੀ ਕਰਨੀ ਕੋਈ ਬਹੁਤੀ ਔਖੀ ਨਹੀਂ ਜਾਪਦੀ। ਇਸ ਲਈ ਵਧੇਰੇ ਕਰਮਚਾਰੀ ਖੁਸ਼ੀ-ਖੁਸ਼ੀ ਆਪਣੀ ਚੋਣ ਡਿਊਟੀ ਦਿੰਦੇ ਹਨ। ਪਰ ਕੁਝ ਕੁ ਹਾਲੇ ਵੀ ਅਜਿਹੇ ਇਨਸਾਨ ਹਨ, ਜਿਹੜੇ ਕੰਮ ਭਾਂਵੇਂ ਕੋਈ ਵੀ ਹੋਵੇ, ਉਸਨੂੰ ਬੋਝ ਮੰਨਣਾ ਉਹਨਾਂ ਦੀ ਜਿਵੇਂ ਆਦਤ ਹੀ ਬਣ ਗਈ ਹੋਵੇ।
-
ਪ੍ਰਿੰਸੀਪਲ ਰੰਧਾਵਾ ਸਿੰਘ , ਪ੍ਰਿੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.