ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ। ਪੰਜਾਬ ਦਾ ਵੀ ਸਿਆਸੀ ਵਾਤਵਰਨ ਗਰਮ ਹੈ ਪ੍ਰੰਤੂ ਚੰਗੇ ਬੁਲਾਰਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਵਰਤਮਾਨ ਬੁਲਾਰਿਆਂ ਦਾ ਸਿਰਫ਼ ਦੁਸ਼ਣਬਾਜ਼ੀ ‘ਤੇ ਹੀ ਜ਼ੋਰ ਹੈ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੂਟਾ ਸਿੰਘ ਅਤੇ ਜਸਵੀਰ ਸਿੰਘ ਸੰਗਰੂਰ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਗਮੀਤ ਸਿੰਘ ਬਰਾੜ ਚੁੱਪ ਹਨ, ਬਲਵੰਤ ਸਿੰਘ ਰਾਮੂਵਾਲੀਆ ਉਤਰ ਪ੍ਰਦੇਸ਼ ਵਿੱਚ ਮਸ਼ਰੂਫ਼ ਹਨ, ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰ ਰਹੇ ਹਨ । ਪ੍ਰਮੁੱਖ ਬੁਲਾਰਿਆਂ ਵਿੱਚੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਪਾਲ ਸਿੰਘ ਖਹਿਰਾ ਹੀ ਚੋਣ ਮੈਦਾਨ ਵਿੱਚ ਗਰਜ ਰਹੇ ਹਨ। ਪੰਜਾਬ ਦੇ ਸਿਆਸਤਦਾਨ ਦੇਸ਼ ਦੀ ਸਿਆਸਤ ਵਿੱਚ ਹਮੇਸ਼ਾ ਹੀ ਨਾਮਣਾ ਖੱਟਦੇ ਰਹੇ ਹਨ।
ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਸਿਆਸਤਦਾਨਾਂ ਅਤੇ ਸਿਆਸੀ ਬੁਲਾਰਿਆਂ ਦੀ ਨਰਸਰੀ ਰਹੀ ਹੈ। ਅਜ਼ਾਦੀ ਤੋਂ ਪਹਿਲਾਂ ਅਤੇ ਥੋੜ੍ਹੀ ਦੇਰ ਬਾਅਦ ਅਕਾਲੀ ਦਲ ਅਤੇ ਕਾਂਗਰਸੀ ਇਕੱਠੇ ਰਲ ਕੇ ਚੋਣਾ ਲੜਦੇ ਰਹੇ ਹਨ। ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸੀ, ਇਸ ਲਈ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣਾ ਲੜਦੇ ਸਨ। ਇਥੋਂ ਤੱਕ ਕਾਂਗਰਸ ਦੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ। ਭਾਵ ਇੱਕੋ ਸਮੇਂ ਦੋਵੇਂ ਅਹੁਦਿਆਂ ਤੇ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵਧੀਆ ਬੁਲਾਰੇ ਅਕਾਲੀ ਦਲ ਵਿੱਚੋਂ ਟਰੇਨਿੰਗ ਲੈ ਕੇ ਆਏ ਹੋਏ ਹਨ। ਮੇਰਾ ਇਥੇ ਇਹ ਦੱਸਣ ਦਾ ਭਾਵ ਹੈ ਕਿ ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਅਤੇ ਉਸ ਦੇ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਪ੍ਰਬੁੱਧ ਵਿਆਖਿਆਕਾਰ ਬਣਦੇ ਹਨ। ਪ੍ਰਮੁੱਖ ਬੁਲਾਰਿਆਂ ਵਿੱਚ ਗਿਆਨੀ ਜ਼ੈਲ ਸਿੰਘ, ਸ੍ਰ.ਬੂਟਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬਲਵੰਤ ਸਿੰਘ ਰਾਮੂਵਾਲੀਆ, ਸ੍ਰ. ਬੀਰ ਦਵਿੰਦਰ ਸਿੰਘ, ਸ੍ਰ੍ਰ. ਜਗਮੀਤ ਸਿੰਘ ਬਰਾੜ ਅਤੇ ਸ੍ਰ. ਜਸਵੀਰ ਸਿੰਘ ਸੰਗਰੂਰ ਆਦਿ ਵਰਣਨਯੋਗ ਹਨ।
ਇਨ੍ਹਾਂ ਸਾਰੇ ਸਿਆਸਤਦਾਨਾਂ ਦੀ ਵਿਰਾਸਤ ਅਕਾਲੀ ਦਲ ਰਿਹਾ ਹੈ। ਇਨ੍ਹਾਂ ਵਿੱਚ ਇਕ ਨਵਾਂ ਬੁਲਾਰਾ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਇਆ ਹੈ, ਜਿਹੜਾ ਲੱਛੇਦਾਰ ਵਿਸ਼ੇਸ਼ਣਾ ਦਾ ਸਹਾਰਾ ਲੈਂਦਾ ਹੈ ਪ੍ਰੰਤੂ ਸੰਜੀਦਗੀ ਦੀ ਘਾਟ ਮਹਿਸੂਸ ਹੁੰਦੀ ਹੈ। ਭਾਵੇਂ ਇਨ੍ਹਾਂ ਵਿੱਚੋਂ ਕੁਝ ਕੁ ਕਿਸੇ ਇਕ ਪਾਰਟੀ ਵਿੱਚ ਟਿਕ ਕੇ ਰਹਿ ਨਹੀਂ ਸਕੇ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ੍ਰ.ਬੂਟਾ ਸਿੰਘ ਧਾਰਮਿਕ ਸ਼ਬਦਾਵਲੀ ਦਾ ਸਹਾਰਾ ਲੈਂਦੇ ਸਨ। ਗਿਆਨੀ ਜ਼ੈਲ ਸਿੰਘ ਸਾਹਿਤਕ ਪਿਉਂਦ ਵੀ ਦੇ ਦਿੰਦੇ ਸਨ। ਇਹ ਵੀ ਜ਼ਰੂਰੀ ਨਹੀਂ ਰਿਹਾ ਕਿ ਸਰਵੋਤਮ ਬੁਲਾਰੇ ਸਿਆਸੀ ਪਿੜ ਵਿੱਚ ਸਫਲ ਹੋਏ ਹੋਣ। ਜਥੇਦਾਰ ਗੁਰਚਰਨ ਸਿੰਘ ਟੌਹੜਾ ਧਾਰਮਿਕ ਖੇਤਰ ਵਿੱਚ ਵਧੇਰੇ ਸਫਲ ਰਹੇ ਹਨ। ਸਿਆਸਤ ਵਿੱਚ ਸਫਲਤਾ ਲਈ ਬੁਲਾਰੇ ਹੋਣ ਤੋਂ ਇਲਾਵਾ ਤਿਗੜਬਾਜ਼ੀ ਜ਼ਰੂਰੀ ਸਾਬਤ ਹੁੰਦੀ ਹੈ।
ਸਿਰਫ਼ ਚਾਰ-ਪੰਜ ਬੁਲਾਰੇ ਸਰਵੋਤਮ ਬੁਲਾਰਿਆਂ ਦੀ ਕੈਟੇਗਰੀ ਵਿੱਚ ਮੇਰੀ ਸਮਝ ਮੁਤਾਬਕ ਆਉਂਦੇ ਹਨ, ਉਨ੍ਹਾਂ ਵਿੱਚ ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਜਗਮੀਤ ਸਿੰਘ ਬਰਾੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਨ। ਸ੍ਰ.ਬੀਰ ਦਵਿੰਦਰ ਸਿੰਘ ਪਿਛਲੇ ਸਾਲ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਵਰਤਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਚੰਗਾ ਬੁਲਾਰਾ ਹੈ ਪਰੰਤੂ ਉਸਦਾ ਭਾਸ਼ਣ ਹਿਊਮਰ ਕਰਕੇ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਸਰਵੋਤਮ ਸਿਆਸੀ ਬੁਲਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਸਿਆਸਤ ਵਿੱਚ ਸੰਜੀਦਗੀ ਵੀ ਅਤਿਅੰਤ ਜ਼ਰੂਰੀ ਹੁੰਦੀ ਹੈ। ਮੇਰਾ ਭਾਵ ਇਹ ਵੀ ਨਹੀਂ ਹੈ ਕਿ ਬਾਕੀ ਸਿਆਸਤਦਾਨ ਚੰਗੇ ਬੁਲਾਰੇ ਨਹੀਂ ਹਨ। ਇਹ ਮੇਰੇ ਵਰਗਿਆਂ ਦੇ ਲਿਖਣ ਨਾਲ ਚੰਗੇ ਮਾੜੇ ਨਹੀਂ ਬਣਦੇ। ਸਰਵੋਤਮ ਬੁਲਾਰੇ ਤਾਂ ਆਪਣੇ ਆਪ ਸਮਾਜ ‘ਤੇ ਪ੍ਰਭਾਵ ਪਾ ਕੇ ਸਿਆਸੀ ਮੈਦਾਨ ਵਿੱਚ ਨਾਮਣਾ ਖੱਟਦੇ ਹਨ। ਸਰੋਤੇ ਉਨ੍ਹਾਂ ਨੂੰ ਸੁਣਕੇ ਅਸ਼-ਅਸ਼ ਕਰ ਉਠਦੇ ਹਨ। ਇਨ੍ਹਾਂ ਵਿੱਚੋਂ ਦੋ ਸ੍ਰ. ਬੀਰ ਦਵਿੰਦਰ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੀ ਪੈਦਾਇਸ਼ ਹਨ।
ਉਨ੍ਹਾਂ ਤੋਂ ਸਿਆਸੀ ਗੁੜ੍ਹਤੀ ਅਤੇ ਸਿਖਿਆ ਲੈ ਕੇ ਸਿਆਸੀ ਮੈਦਾਨ ਵਿੱਚ ਨਿਤਰੇ ਹਨ। ਭਾਵੇਂ ਬਾਅਦ ਵਿੱਚ ਇਹ ਦੋਵੇਂ ਜਥੇਦਾਰ ਟੌਹੜਾ ਦੀ ਟਕਸਾਲ ਵਿੱਚੋਂ ਬਾਹਰ ਆ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸਰਦਾਰ ਬੀਰ ਦਵਿੰਦਰ ਸਿੰਘ ਨੂੰ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਕਾਂਗਰਸ ਪਾਰਟੀ ਵਿੱਚ ਸਿਆਸੀ ਖਲਾਆ ਭਰਨ ਲਈ ਭੇਜਿਆ ਸੀ। ਇਨ੍ਹਾਂ ਸਾਰਿਆਂ ਵਿੱਚੋਂ ਬੀਰ ਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਹੈ। ਉਨ੍ਹਾਂ ਦੀ ਹਰ ਖੇਤਰ ਦੀ ਜਾਣਕਾਰੀ ਵਿਸ਼ਾਲ ਹੁੰਦੀ ਸੀ, ਜਿਵੇਂ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾ ਦੀ ਡੂੰਘਾਈ ਤੱਕ ਜਾਣਕਾਰੀ। ਉਨ੍ਹਾਂ ਦਾ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿਤਰ ਧਰਤੀ ਦੇ ਨਜ਼ਦੀਕ ਹੋਣ ਕਰਕੇ, ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ।
ਉਹ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ। ਜਦੋਂ ਉਹ ਉਦਾਹਰਨਾ ਦੇਣ ਲੱਗਦੇ ਸਨ ਤਾਂ ਕਈ ਵਾਰ ਇਉਂ ਲਗਦਾ ਸੀ, ਜਿਵੇਂ ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਅਥਾਹ ਭਰਪੂਰ ਹੋਵੇ। ਧਾਰਮਿਕ ਉਦਾਹਰਨਾ ਦੇਣ ਸਮੇਂ ਉਹ ਅਧਿਆਤਮਿਕ ਰੂਹਾਨੀ ਵਿਦਵਾਨ ਲੱਗਦੇ ਹਨ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ, ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿੱਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਹਨ। ਉਦਾਹਰਣਾ, ਲੁਕੋਕਤੀਆਂ, ਵਿਸ਼ੇਸ਼ਣ, ਕੁਟੇਸ਼ਨਾ, ਧਾਰਮਿਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਹਨ। ਉਹ ਦਬੰਗ ਸਿਆਸਤਦਾਨ ਸਨ ਪਰੰਤੂ ਉਨ੍ਹਾਂ ਦਾ ਰਾਹ ਸਿਆਸਤਦਾਨ ਰੋਕਦੇ ਰਹੇ ਤਾਂ ਜੋ ਕਿਤੇ ਉਨ੍ਹਾਂ ਨੂੰ ਮਾਤ ਨਾ ਪਾ ਜਾਣ। ਬਲਵੰਤ ਸਿੰਘ ਰਾਮੂਵਾਲੀਆ ਵੀ ਬਿਹਤਰੀਨ ਬੁਲਾਰੇ ਹਨ। ਉਨ੍ਹਾਂ ਦੀ ਵਿਰਾਸਤ ਵੀ ਧਾਰਮਿਕ ਹੈ।
ਉਹ ਸ਼ਾਤਰ ਸਿਆਸਤਦਾਨ ਹਨ। ਪਰੰਤੂ ਉਹ ਵੀ ਕਿਸੇ ਇਕ ਪਾਰਟੀ ਨਾਲ ਜੁੜਕੇ ਨਹੀਂ ਰਹਿ ਸਕੇ। ਉਹ ਆਪਣੀ ਭਾਸ਼ਣ ਦੀ ਕਲਾ ਕਰਕੇ ਵੱਖੋ-ਵੱਖਰੀਆਂ ਪਾਰਟੀਆਂ ਦੀ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹਿੰਦੇ ਹਨ। ਜਗਮੀਤ ਸਿੰਘ ਬਰਾੜ ਆਪਣੇ ਪਿਤਾ ਦੀ ਟਕਸਾਲ ਵਿੱਚੋਂ ਸਿਆਸੀ ਗੁੜ੍ਹਤੀ ਲੈ ਕੇ ਸਿਆਸਤ ਵਿੱਚ ਆਏ ਹਨ ਪਰੰਤੂ ਉਨ੍ਹਾਂ ਦੀ ਤ੍ਰਾਸਦੀ ਵੀ ਇਹੋ ਹੈ ਕਿ ਉਹ ਕਿਸੇ ਇਕ ਪਾਰਟੀ ਵਿੱਚ ਟਿਕ ਨਹੀਂ ਸਕੇ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਹੈ ਪ੍ਰੰਤੂ ਬੇਬਾਕ ਸਿਆਸਤਦਾਨ ਹੋਣ ਕਰਕੇ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਭਵਿਖ ਨੂੰ ਖ਼ਤਰੇ ਵਿੱਚ ਮਹਿਸੂਸ ਕਰਦਿਆਂ ਬਰਦਾਸ਼ਤ ਨਹੀਂ ਕੀਤਾ। ਆਰਥਿਕ ਤੌਰ ‘ਤੇ ਬਹੁਤਾ ਤਾਕਤਵਰ ਨਾ ਹੋਣਾ ਵੀ ਉਨ੍ਹਾਂ ਦੀ ਸਿਆਸਤ ਦੇ ਰਸਤੇ ਵਿੱਚ ਰੁਕਾਵਟ ਬਣਿਆਂ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਿਆਸਤ ਵਿੱਚ ਤਰਜੀਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਦਿੱਤੀ।
ਵੈਸੇ ਵੀ ਉਨ੍ਹਾਂ ਦਾ ਪਿੰਡ ਵੀ ਧਾਰਮਿਕ ਤੌਰ ‘ਤੇ ਜਾਗ੍ਰਤ ਇਲਾਕੇ ਵਿੱਚ ਪੈਂਦਾ ਹੈ, ਜਿਥੋਂ ਧਾਰਮਿਕ ਰੌਸ਼ਨੀ ਦੀ ਚਿਣਗ ਮਿਲਦੀ ਰਹੀ। ਸਿਆਸੀ ਪਿੜ ਵਿੱਚ ਉਤਾਰਨ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਉਨ੍ਹਾਂ ਤੋਂ ਮੂੰਹ ਮੋੜ ਗਏ ਸਨ। ਸੁਖਪਾਲ ਸਿੰਘ ਖਹਿਰਾ ਕੋਲ ਦਲੀਲ ਹੁੰਦੀ ਹੈ, ਤੱਥਾਂ ‘ਤੇ ਅਧਾਰਤ ਗੱਲ ਕਰਦਾ ਹੈ ਪ੍ਰੰਤੂ ਲੱਛੇਦਾਰ ਸ਼ਬਦਾਵਲੀ ਦੀ ਘਾਟ ਰੜਕਦੀ ਹੈ। ਸਿਆਸਤਦਾਨਾਂ ਨੂੰ ਪ੍ਰਬੁੱਧ ਬੁਲਾਰਾ ਬਣਨ ਲਈ ਇਤਿਹਾਸ ਅਤੇ ਧਾਰਮਿਕ ਗ੍ਰੰਥ ਪੜ੍ਹਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੀਦਾ ਹੈ। ਤੂਹਮਤਾਂ ਲਗਾ ਕੇ ਚੰਗਾ ਬੁਲਾਰਾ ਨਹੀਂ ਬਣਿਆਂ ਜਾ ਸਕਦਾ। ਤੱਥਾਂ ‘ਤੇ ਅਧਾਰਤ ਦਲੀਲ ਦੇਣ ਨਾਲ ਸਾਰਥਿਕਤਾ ਬਣਦੀ ਹੈ। ਇਸ ਲਈ ਸਿਆਸਤਦਾਨਾ ਦੀ ਨਵੀਂ ਪਨੀਰੀ ਨੂੰ ਸਰਵੋਤਮ ਬੁਲਾਰਿਆਂ ਦੇ ਭਾਸ਼ਣ ਸੁਣਕੇ ਉਨ੍ਹਾਂ ਦੀ ਤਰਜ ‘ਤੇ ਭਾਸ਼ਣ ਦੇਣ ਦੀ ਕਲਾ ਸਿੱਖਣੀ ਚਾਹੀਦੀ ਹੈ। ਗੁਮਰਾਹਕੁਨ ਵਿਚਾਰ ਬੁਲਾਰਿਆਂ ਦੀ ਕਲਾ ਨੂੰ ਗ੍ਰਹਿਣ ਲਗਾਉਂਦੇ ਹਨ, ਬੇਸ਼ਕ ਵਕਤੀ ਤੌਰ ‘ਤੇ ਉਹ ਲੋਕਾਂ ਦੀ ਸ਼ਾਹਵਾ ਵਾਹਵਾ ਲੈਣ ਵਿੱਚ ਸਫਲ ਹੋ ਜਾਣ ਪ੍ਰੰਤੂ ਆਪਣਾ ਕਿਰਦਾਰ ਉਘਾੜਨ ਵਿੱਚ ਅਸਫਲ ਰਹਿਣਗੇ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.