ਵਿਜੈ ਗਰਗ
ਦਸਵੀਂ ਪਾਸ ਕਰਨ ਤੋਂ ਬਾਅਦ ਮਾਪੇ-ਵਿਦਿਆਰਥੀ ਉਸ ਚੁਰਸਤੇ ’ਤੇ ਆ ਖੜ੍ਹਦੇ ਹਨ, ਜਿੱਥੋਂ ਕਈ ਰਸਤੇ ਵੱਖ-ਵੱਖ ਵਿਸ਼ਿਆਂ ਰਾਹੀਂ ਅਲੱਗ-ਅਲੱਗ ਹੋ ਜਾਂਦੇ ਹਨ। ਇਸ ਸਮੇਂ ਵਿਸ਼ਿਆਂ ਜਾਂ ਸਟ੍ਰੀਮ ਦੀ ਚੋਣ ਵੱਡੀ ਚੁਣੌਤੀ ਬਣ ਜਾਂਦੀ ਹੈ। ਵਿਸ਼ਿਆਂ ਦੀ ਚੋਣ ਨੂੰ ਬਹੁਤ ਸਾਰੇ ਤੱਤ ਪ੍ਰਭਾਵਿਤ ਕਰਦੇ ਹਨ। ਕੋਈ ਵੀ ਵਿਦਿਆਰਥੀ ਜਦੋਂ ਦਸਵੀਂ ਪਾਸ ਕਰਦਾ ਹੈ ਤਾਂ ਉਸ ਵਕਤ ਉਨ੍ਹਾਂ ਨੂੰ ਸਮਝ ਨਹੀਂ ਹੁੰਦੀ ਕਿ ਕਿਹੜਾ ਵਿਸ਼ਾ ਚੁਣਨਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਸ ਨੂੰ ਕਿਸੇ ਵੀ ਵਿਸ਼ੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਦਸਵੀਂ ਤਕ ਉਹ ਸਾਰੇ ਵਿਸ਼ੇ ਜਿਵੇਂ ਹਿੰਦੀ, ਗਣਿਤ, ਪੰਜਾਬੀ, ਸਾਇੰਸ, ਸਮਾਜਿਕ ਆਦਿ ਪੜ੍ਹ ਰਿਹਾ ਹੁੰਦਾ ਹੈ। ਇਸ ਮਗਰੋਂ ਉਸ ਨੂੰ ਕੁਝ ਖ਼ਾਸ ਵਿਸ਼ੇ ਚੁਣਨੇ ਹੁੰਦੇ ਹਨ।
ਇੰਡਰਮੀਡੀਏਟ ਕੋਰਸ
ਇਹ ਦੋ ਸਾਲਾਂ ਕੋਰਸ ਹੁੰਦਾ ਹੈ। ਇਸ ਨੂੰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਕਿਹਾ ਜਾਂਦਾ ਹੈ। ਇਸ ਦੌਰਾਨ ਵਿਦਿਆਰਥੀ ਆਰਟਸ, ਕਾਮਰਸ, ਸਾਇੰਸ, ਵੋਕੇਸ਼ਨਲ ਸਟ੍ਰੀਮ ਦੀ ਚੋਣ ਕਰਦੇ ਹਨ। ਸਟ੍ਰੀਮ ਦੌਰਾਨ ਵਿਸ਼ਿਆਂ ਦੀ ਚੋਣ ਵੱਖ-ਵੱਖ ਹੋ ਜਾਂਦੀ ਹੈ।
ਆਰਟਸ
ਇਸ ’ਚ 12ਵੀਂ ਪਾਸ ਕਰਨ ਮਗਰੋਂ ਵਿਦਿਆਰਥੀ ਬੀਏ ’ਚ ਦਾਖ਼ਲਾ ਲੈ ਸਕਦੇ ਹਨ। ਬਾਰ੍ਹਵੀਂ ਆਰਟਸ ਸਟ੍ਰੀਮ ਵਿਚ ਇਤਿਹਾਸ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਇੰਟਰ ਆਰਟਸ ਲਈ ਗਣਿਤ, ਸਰੀਰਕ ਸਿੱਖਿਆ, ਇਲੈਕਟਿਵ ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਵਿਸ਼ਿਆਂ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਸਟ੍ਰੀਮ ਰਾਹੀਂ ਉਚੇਰੀ ਪੜ੍ਹਾਈ ਦੌਰਾਨ ਬੀਐੱਡ, ਲਾਅ ਆਦਿ ਕਰ ਕੇ ਵਧੀਆ ਭਵਿੱਖ ਦੀ ਚੋਣ ਕੀਤੀ ਜਾ ਸਕਦੀ ਹੈ।
ਕਾਮਰਸ
ਕਾਮਰਸ ਸਟ੍ਰੀਮ ਦਾ ਮਹੱਤਵ ਅਜੋਕੇ ਸਮੇਂ ’ਚ ਬਹੁਤ ਹੈ। ਇਸ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਅਕਾਊਂਟਸ, ਪ੍ਰਬੰਧਨ, ਅਰਥ ਸ਼ਾਸਤਰ, ਕੰਪਿਊਟਰ, ਆਪਰੇਸ਼ਨ ਰਿਸਰਚ ਆਦਿ ਵਿਸ਼ੇ ਪੜ੍ਹਦੇ ਹਨ। ਬਾਰ੍ਹਵੀਂ ਤੋਂ ਬਾਅਦ ਬੀਕਾਮ ਕੀਤੀ ਜਾ ਸਕਦੀ ਹੈ। ਇਸ ਨਾਲ ਸੀਏ, ਐੱਮਬੀਏ ਆਦਿ ਕਰ ਕੇ ਬੈਂਕਿੰਗ, ਵਿੱਤ, ਵਪਾਰ ’ਚ ਰੁਜ਼ਗਾਰ ਦੇ ਅਨੇਕਾਂ ਮੌਕੇ ਪ੍ਰਾਪਤ ਹੁੰਦੇ ਹਨ। ਵੱਧ ਰਹੇ ਬਾਜ਼ਾਰ ’ਚ ਕਾਮਰਸ ਦੀ ਬਹੁਤ ਮੰਗ ਹੈ।
ਸਾਇੰਸ
ਤਕਨੀਕੀ ਯੁੱਗ ’ਚ ਸਾਇੰਸ ਸਟ੍ਰੀਮ ਦਾ ਵੀ ਬਹੁਤ ਮਹੱਤਵ ਹੈ। ਇਸ ਸਟ੍ਰੀਮ ਦੀ ਪੜ੍ਹਾਈ ਕਰਨ ਵਾਲਿਆਂ ਲਈ ਹਰ ਖੇਤਰ ’ਚ ਚੰਗੇ ਮੌਕੇ ਹੁੰਦੇ ਹਨ। ਸਾਇੰਸ ਵਿਸ਼ੇ ’ਚ ਮੈਡੀਕਲ ਤੇ ਨਾਨ-ਮੈਡੀਕਲ ਆਉਂਦੇ ਹਨ। ਮੈਡੀਕਲ ਲਈ ਬਾਇਓਲੋਜੀ ਤੇ ਨਾਨ-ਮੈਡੀਕਲ ਲਈ ਗਣਿਤ ਵਿਸ਼ਾ ਲੈਣਾ ਪੈਂਦਾ ਹੈ। ਬਾਕੀ ਵਿਸ਼ੇ ਸਮਾਨ ਰਹਿੰਦੇ ਹਨ। 12ਵੀਂ ਪਾਸ ਕਰਨ ਮਗਰੋਂ ਸਿਹਤ ਸੇਵਾਵਾਂ ਨਾਲ ਜੁੜੇ ਅਨੇਕਾਂ ਕੋਰਸ, ਰੇਡਿਓਗ੍ਰਾਫੀ, ਫਿਜ਼ੀਓਥੈਰੇਪੀ, ਫਾਰਮੇਸੀ, ਐੱਮਬੀਬੀਐੱਸ, ਬੀਐਮਐੱਸ ਆਦਿ ਕੋਰਸ ਕੀਤੇ ਜਾ ਸਕਦੇ ਹਨ। ਜਿਹੜੇ ਵਿਦਿਆਰਥੀ ਡਾਕਟਰ ਬਣਨਾ ਚਾਹੁੰਦੇ ਹਨ, ਉਹ ਮੈਡੀਕਲ ਵਿਸ਼ਾ ਚੁਣਦੇ ਹਨ ਤੇ ਜੋ ਵਿਦਿਆਰਥੀ ਇੰਜੀਨੀਅਰ ਬਣਨਾ ਚਾਹੁੰਦੇ ਹਨ, ਉਹ ਨਾਨ-ਮੈਡੀਕਲ। ਕਰੀਅਰ ਦੀ ਚੋਣ ਕਰਨਾ ਵਿਦਿਆਰਥੀ ਜੀਵਨ ਦਾ ਅਹਿਮ ਫ਼ੈਸਲਾ ਹੁੰਦਾ ਹੈ। ਇਸ ਲਈ ਵਿਦਿਆਰਥੀ ਨੂੰ ਸਟ੍ਰੀਮ ਦੀ ਚੋਣ ਆਪਣੀ ਰੁਚੀ ਤੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਕਰਨੀ ਚਾਹੀਦੀ ਹੈ।
ਵੋਕੇਸ਼ਨਲ
ਨਵੀਂ ਸਿੱਖਿਆ ਨੀਤੀ ਵੋਕੇਸ਼ਨਲ ਵੱਲ ਕੇਂਦਰਿਤ ਹੈ ਕਿਉਂਕਿ ਇਹ ਕਿੱਤਾਮੁਖੀ ਪੜ੍ਹਾਈ ਪ੍ਰਦਾਨ ਕਰਦੀ ਹੈ। ਇਸ ’ਚ ਵੱਖ-ਵੱਖ ਟਰੇਡ ਹੁੰਦੇ ਹਨ, ਜਿਹੜੇ ਵਿਦਿਆਰਥੀ ਨੂੰ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਦੇ ਹਨ, ਜਿਸ ਵਿਚ ਆਟੋ, ਆਈਟੀ, ਕੰਪਿਊਟਰ, ਮਕੈਨੀਕਲ, ਇਲੈਕਟ੍ਰਾਨਿਕ ਆਦਿ ਅਨੇਕਾਂ ਵਿਸ਼ਿਆਂ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ। ਇਸ ’ਚ ਪੜ੍ਹਾਈ ਕਰ ਕੇ ਵਿਦਿਆਰਥੀ ਆਪਣੇ ਹੱਥੀਂ ਰੁਜ਼ਗਾਰ ਕਰਨ ਦੇ ਯੋਗ ਹੋ ਜਾਂਦੇ ਹਨ ਤੇ ਨਾਲ ਹੀ ਸਰਕਾਰੀ ਖੇਤਰ ’ਚ ਵੀ ਅਨੇਕਾਂ ਮੌਕੇ ਮਿਲਦੇ ਹਨ।
ਵੱਖ-ਵੱਖ ਸਰਟੀਫਿਕੇਟ ਤੇ ਡਿਪਲੋਮਾ ਕੋਰਸ
ਇਸ ’ਚ ਸਿੱਧੇ ਤੌਰ ’ਤੇ ਦਸਵੀਂ ਤੋਂ ਬਾਅਦ ਦਾਖ਼ਲਾ ਲਿਆ ਜਾ ਸਕਦਾ ਹੈ। ਅਨੇਕਾਂ ਤਕਨੀਕੀ ਤੇ ਇੰਜੀਨੀਅਰਿੰਗ ਦੇ ਕੋਰਸ ਕੀਤੇ ਜਾ ਸਕਦੇ ਹਨ। ਲਗਭਗ ਪੰਜਾਬ ਦੀਆਂ ਸਾਰੀਆਂ ਹੀ ਸਰਕਾਰੀ ਆਈਟੀਆਈਜ਼ ’ਚ ਘੱਟ ਫ਼ੀਸ ’ਤੇ ਬਹੁਤ ਸਾਰੇ ਕੋਰਸ ਮੁਹੱਈਆ ਹਨ, ਜਿੱਥੇ ਪ੍ਰਯੋਗੀ ਗਿਆਨ ਰਾਹੀਂ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿਚ ਫਿਟਰ, ਪਲੰਬਰ, ਵੈਲਡਰ, ਇਲੈਕਟ੍ਰੀਕਲ, ਮਕੈਨੀਕਲ, ਆਟੋ ਮੋਬਾਈਲ ਆਦਿ ਕੋਰਸ ਕੀਤੇ ਜਾ ਸਕਦੇ ਹਨ। ਆਮ ਤੌਰ ’ਤੇ ਇਹ ਸਾਰੇ ਕੋਰਸ ਵੀ ਕਿੱਤਾਮੁਖੀ ਹੁੰਦੇ ਹਨ ਯਾਨੀ ਸਿਾਰੇ ਕੋਰਸਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੁੰਦਾ ਹੈ ਕਿ ਇਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਸਬੰਧਿਤ ਕੰਮ ਕਰਨ ਦੇ ਕਾਬਿਲ ਹੋ ਜਾਂਦੇ ਹਨ। ਜਦੋਂ ਵਿਦਿਆਰਥੀਆਂ ਦੀ ਵਿਸ਼ੇ ’ਤੇ ਮੁਹਾਰਤ ਹਾਸਿਲ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਅਦਾਰਿਆਂ ਵੱਲੋਂ ਨੌਕਰੀ ਲਈ ਨਿਯੁਕਤ ਕੀਤਾ ਜਾਂਦਾ ਹੈ। ਇਹ ਕੋਰਸ ਤਿੰਨ ਤੋਂ ਛੇ ਮਹੀਨੇ ਦੀ ਮਿਆਦ ਦੇ ਹੁੰਦੇ ਹਨ। ਕਿਸੇ ਕੋਰਸ ਦੀ ਮਿਆਦ ਇਕ ਸਾਲ ਤਕ ਵੀ ਹੁੰਦੀ ਹੈ ਪਰ ਕਿਸੇ ਕੋਰਸ ਦੀ ਮਿਆਦ ਸਾਲ ਤੋਂ ਜ਼ਿਆਦਾ ਨਹੀਂ ਹੁੰਦੀ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.