ਤਿੱਖੀ ਗਰਮੀ ਤੋਂ ਕਿਵੇਂ ਬਚਾਈਏ ਆਪਣੀ ਚਮੜੀ
ਵਿਜੈ ਗਰਗ
ਜਿਵੇਂ ਕਿ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬਦਲਦੇ ਮੌਸਮ ਦਾ ਪ੍ਰਭਾਵ ਹਮੇਸ਼ਾ ਸਾਡੀ ਚਮੜੀ ਅਤੇ ਵਾਲਾਂ ’ਤੇ ਪੈਂਦਾ þ| ਕੰਮਕਾਜੀ ਮਰਦਾਂ ਅਤੇ ਖ਼ਾਸ ਕਰ ਕੇ ਔਰਤਾਂ ਨੂੰ ਮੌਸਮ ਦਾ ਪ੍ਰਭਾਵ ਜ਼ਿਆਦਾ ਕਬੂਲ ਕਰਨਾ ਪੈਂਦਾ ਹੈ| ਅੱਜ-ਕੱਲ੍ਹ ਸਾਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਲੂ ਅਤੇ ਗਰਮੀ ਦਾ ਸਾਡੀ ਚਮੜੀ ’ਤੇ ਅਸਰ ਪੈਣਾ ਸੁਭਾਵਿਕ ਹੈ| ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੀ ਚਮੜੀ ਨੂੰ ਤੇਜ਼ ਗਰਮੀ ਤੋਂ ਸੁਰੱਖਿਅਤ ਰੱਖੀਏ| ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਆਪਣੇ ਸਰੀਰ ਨੂੰ ਬਚਾਉਣਾ ਹੋਰ ਵੀ ਜ਼ਰੂਰੀ ਹੈ| ਜਿੰਨਾ ਵੀ ਹੋ ਸਕੇ ਸਾਨੂੰ ਤੇਜ਼ ਧੁੱਪ ਤੋਂ ਆਪਣੇ ਸਰੀਰ ਨੂੰ ਬਚਾਉਣਾ ਚਾਹੀਦਾ ਹੈ| ਜਦੋਂ ਵੀ ਦੁਪਹਿਰ ਵੇਲੇ ਦਫ਼ਤਰ ਜਾਂ ਹੋਰ ਕੰਮਕਾਜੀ ਅਦਾਰੇ ਤੋਂ ਬਾਹਰ ਜਾਣਾ ਪਵੇ ਤਾਂ ਢੁੱਕਵੇਂ ਕੱਪੜੇ ਪਹਿਨਣੇ ਬੇਹੱਦ ਜ਼ਰੂਰੀ ਹਨ| ਇਸ ਦੌਰਾਨ ਸਾਨੂੰ ਖ਼ੁਰਾਕ ਦਾ ਵੀ ਧਿਆਨ ਰੱਖਣਾ ਚਾਹੀਦਾ| ਹੋ ਸਕੇ ਤਾਂ ਘਰ ਦਾ ਖਾਣਾ ਹੀ ਖਾਓ ਤੇ ਬਾਹਰੀ ਭੋਜਨ ਤੋਂ ਪਰਹੇਜ਼ ਕੀਤਾ ਜਾਵੇ| ਤੁਹਾਡੇ ਕੋਲ ਪਾਣੀ ਜ਼ਰੂਰ ਹੋਣਾ ਚਾਹੀਦਾ ਹੈ|
ਵਾਲਾਂ ਦੀ ਸੰਭਾਲ ਦੇ ਨਾਲ-ਨਾਲ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਚਮੜੀ ਨੂੰ ਤਿੱਖੀ ਗਰਮੀ ਤੋਂ ਕਿਸ ਪ੍ਰਕਾਰ ਬਚਾਈਏ ਕਿਉਂਕਿ ਅੱਜਕੱਲ੍ਹ ਬਹੁਤ ਗਰਮੀ ਪੈ ਰਹੀ ਹੈ ਅਤੇ ਤਾਪਮਾਨ 42 ਡਿਗਰੀ ਤੋਂ ਉਪਰ ਚੱਲ ਰਿਹਾ ਹੈ| ਦਿਨ ਚੜ੍ਹਦੇ ਸਾਰ ਸੂਰਜ ਦੀ ਤਿੱਖੀ ਧੁੱਪ ਸਹਾਰਨੀ ਬਹੁਤ ਔਖੀ ਹੋ ਗਈ ਹੈ ਅਤੇ ਇਥੋਂ ਤੱਕ ਨੌਬਤ ਆ ਗਈ ਹੈ ਕਿ ਸਾਡੀ ਚਮੜੀ ਝੁਲਸਣ ਲੱਗ ਪਈ ਹੈ| ਅਜਿਹੇ ਵਿਚ ਜ਼ਰੂਰੀ ਹੈ ਕਿ ਅਸੀਂ ਆਪਣੀ ਚਮੜੀ ਦਾ ਕਿਸੇ ਵੀ ਤਰ੍ਹਾਂ ਬਚਾਅ ਕਰੀਏ| ਗਰਮੀ ਵਿਚ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਚੰਗੀ ਖ਼ੁਰਾਕ ਲਵੋ ਅਤੇ ਲੋੜੀਂਦੀ ਮਾਤਰਾ ਵਿਚ ਪਾਣੀ ਜ਼ਰੂਰ ਪੀਵੋ ਅਤੇ ਹੋ ਸਕੇ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰੀ ਰੱਖੋ| ਤੁਹਾਡੀ ਖ਼ੁਰਾਕ ਵਿਟਾਮਿਨ ‘ਸੀ’ ਨਾਲ ਭਰਪੂਰ ਹੋਣੀ ਚਾਹੀਦੀ ਹੈ | ਇਹ ਖ਼ੁਰਾਕ ਤੁਹਾਨੂੰ ਮੌਸਮ ਦੇ ਤਿੱਖੇ ਪ੍ਰਕੋਪ ਤੋਂ ਬਚਾਉਣ ਵਿਚ ਸਹਾਇਕ ਹੋਵੇਗੀ| ਇਸ ਤੋਂ ਇਲਾਵਾ ਲੋੜੀਂਦੀ ਮਾਤਰਾ ਵਿਚ ਪੀਤਾ ਗਿਆ ਪਾਣੀ ਵੀ ਤੁਹਾਡੀ ਚਮੜੀ ਅਤੇ ਸਰੀਰ ਲਈ ਬੇਹੱਦ ਲਾਹੇਵੰਦ ਹੈ| ਇਹ ਤੁਹਾਡੇ ਸਰੀਰ ਵਿਚੋਂ ਹਾਨੀਕਾਰਕ ਤੱਤ ਬਾਹਰ ਕੱਢਣ ਵਿਚ ਮਦਦਗਾਰ ਬਣਦਾ ਹੈ|
ਨਾਰੀਅਲ ਤੇ ਤਰਬੂਜ਼ ਵਰਗੇ ਪਦਾਰਥ ਲਵੋ
ਗਰਮੀ ਤੋਂ ਬਚਾਅ ਲਈ ਤੁਸੀਂ ਨਾਰੀਅਲ ਜੂਸ, ਤਰਬੂਜ਼ ਆਦਿ ਲੈ ਸਕਦੇ ਹੋ| ਇਸ ਤੋਂ ਇਲਾਵਾ ਹਰੇ ਪੱਤੇ ਵਾਲੀਆਂ ਸਬਜ਼ੀਆਂ ਵੀ ਜ਼ਿਆਦਾ ਮਾਤਰਾ ਵਿਚ ਲੈਣੀਆਂ ਚਾਹੀਦੀਆਂ ਹਨ ਜੋ ਤੁਹਾਡੇ ਸਰੀਰ ਨੂੰ ਠੰਢਾ ਰੱਖਣ ਵਿਚ ਮਦਦਗਾਰ ਸਾਬਤ ਹੋ ਸਕਦੀਆਂ ਹਨ| ਇਸ ਤੋਂ ਇਲਾਵਾ ਹਫ਼ਤੇ ਵਿਚ ਇੱਕ ਵਾਰ ਆਪਣੇ ਸਰੀਰ ਦੀ ਮਾਲਸ਼ ਜ਼ਰੂਰ ਕਰੋ| ਇਸ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਉਚਿਤ ਮਾਤਰਾ ਵਿਚ ਹੋਵੇਗਾ ਜੋ ਲਾਭਕਾਰੀ ਹੈ|
ਵਾਲਾਂ ਦੀ ਸੰਭਾਲ ਤੇ ਸੰਤੁਲਿਤ ਖ਼ੁਰਾਕ
ਖ਼ੁਰਾਕ ਵਾਲਾਂ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ| ਜੇ
ਤੁਸੀਂ ਆਪਣੇ ਵਾਲਾਂ ਨੂੰ ਚੰਗੀ ਸਥਿਤੀ ਵਿਚ ਰੱਖਣਾ ਚਾਹੁੰਦੇ ਹੋ
ਤਾਂ ਤੁਹਾਨੂੰ ਅਜਿਹੀ ਖ਼ੁਰਾਕ ਖਾਣੀ ਚਾਹੀਦੀ ਹੈ ਜਿਸ ਵਿਚ ਜ਼ਰੂਰੀ ਪੌਸ਼ਟਿਕ ਤੱਤ ਮੌਜੂਦ ਹੋਣ | ਵਾਲਾਂ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਮਜ਼ਬੂਤ ਬਣਾਈ ਰੱਖਣ ਲਈ ਚੰਗੀ ਖ਼ੁਰਾਕ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ|
ਵਾਲਾਂ ਦਾ ਝੜਨਾ
ਗਰਮੀਆਂ ਵਿਚ ਵਾਲਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਕਿ ਵਾਲਾਂ ਦਾ ਝੜਨਾ, ਰੁਖ਼ਾਪਣ, ਸਫ਼ੈਦ ਹੋਣਾ ਆਦਿ ਸ਼ੁਰੂ ਹੋ ਜਾਂਦੀਆਂ ਹਨ| ਸਹੀ ਖ਼ੁਰਾਕ ਲੈਣ ਨਾਲ ਅਸੀਂ ਆਪਣੇ ਵਾਲਾਂ ਦੀ ਸਿਹਤ ਤੇ ਸਥਿਤੀ ਨੂੰ ਸੁਧਾਰ ਸਕਦੇ ਹਾਂ| ਗਰਮੀਆਂ ਵਿਚ ਵਾਲਾਂ ਨੂੰ ਸੋਹਣਾ ਤੇ ਸਿਹਤਮੰਦ ਵਿਖਾਉਣ ਲਈ ਅੱਗੇ ਕੁਝ ਸੁਝਾਅ ਹਨ ਜਿਨ੍ਹਾਂ ’ਤੇ ਅਮਲ ਕਰਨ ਨਾਲ ਅਸੀਂ ਗਰਮੀ ’ਚ ਵਾਲਾਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਕਰ ਸਕਦੇ ਹਾਂ|ਪ੍ਰੋਟੀਨ ਭਰਪੂਰ ਖ਼ਰਾਕ ਲੈਣੀ ਜ਼ਰੂਰੀ
ਵਾਲਾਂ ਨੂੰ ਸਿਹਤਮੰਦ ਤੇ ਮਜ਼ਬੂਤ ਰੱਖਣ ਲਈ ਪ੍ਰੋਟੀਨ ਭਰਪੂਰ ਖ਼ੁਰਾਕ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਵਾਲ ਕੈਰਾਟਿਨ ਨਾਮਕ ਪ੍ਰੋਟੀਨ ਨਾਲ ਬਣੇ ਹੋਏ ਹਨ| ਇਸ ਕਰਕੇ ਸਾਨੂੰ ਪਨੀਰ, ਪੁੰਗਰੀਆਂ ਦਾਲਾਂ, ਸੋਇਆਬੀਨ ਖ਼ੁਰਾਕ ਵਿਚ ਲੈਣਾ ਚਾਹੀਦਾ ਹੈ| ਸੋਇਆਬੀਨ ਵਿਚ ਐਮਿਨੋ ਐਸਿਡ ਹੁੰਦੇ ਹਨ| ਇਨ੍ਹਾਂ ਤੋਂ ਆਂਡੇ ਦੇ ਬਰਾਬਰ ਪ੍ਰੋਟੀਨ ਮਿਲਦਾ ਹੈ| ਇਸ ਕਰਕੇ ਜੋ ਅੰਡੇ ਨਹੀਂ ਖਾ ਸਕਦੇ, ਉਹ ਸੋਇਆਬੀਨ ਲੈ ਕੇ ਪ੍ਰੋਟੀਨ ਦੀ ਕਮੀ ਪੂਰੀ ਕਰ ਸਕਦੇ ਹਨ|
ਗਰਮੀਆਂ ਵਿਚ ਇਸ ਖ਼ੁਰਾਕ ਦੀ ਕਰੋ ਵਰਤੋਂ
-ਪ੍ਰੋਟੀਨ ਦੇ ਨਾਲ-ਨਾਲ ਖਣਿਜ ਤੇ ਵਿਟਾਮਿਨ ‘ਏ’ ਸਪਲੀਮੈਂਟ ਜਿਵੇਂ ਜ਼ਿੰਕ, ਵਿਟਾਮਿਨ ‘ਬੀ’, ਕੈਲਸ਼ੀਅਮ ਤੇ ਆਇਰਨ ਵੀ ਬਹੁਤ ਜ਼ਰੂਰੀ ਹਨ|
-ਕੈਲਸ਼ੀਅਮ ਦੀ ਕਮੀ ਵੀ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ | 25 ਸਾਲ ਦੀ ਉਮਰ ਤੋਂ ਬਾਅਦ ਘੱਟ ਤੋਂ ਘੱਟ 800 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਜ਼ਰੂਰੀ ਹੁੰਦਾ ਹੈ| ਇਹ ਮਾਤਰਾ ਢਾਈ ਕੱਪ ਦੁੱਧ ਹਰ ਰੋਜ਼ ਪੀ ਕੇ ਪੂਰੀ ਕੀਤੀ ਜਾ ਸਕਦੀ ਹੈ |
-ਜੇ ਦੁੱਧ ਨਹੀਂ ਪੀ ਸਕਦੇ ਤਾਂ ਕੈਲਸ਼ੀਅਮ ਦੀ ਕਮੀ ਨੂੰ ਤਾਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਆਦਿ ਤੋਂ ਪੂਰਾ ਕਰ ਸਕਦੇ ਹਾਂ|
-ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਪਨੀਰ, ਦਹੀਂ ਜਾਂ ਸੋਇਆ ਦੁੱਧ ਵੀ ਲੈ ਸਕਦੇ ਹੋ|
-ਤਾਜ਼ੇ ਫਲਾਂ ਦਾ ਜੂਸ ਤੇ ਕਾਫ਼ੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ|
-ਭਾਰੀ ਤੇ ਛੇਤੀ ਨਾ ਪਚਣ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ|
-ਰੋਜ਼ ਖ਼ੁਰਾਕ ਵਿਚ ਸਲਾਦ, ਫਲ, ਸਪਰਾਊਟਸ, ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ |
-‘ਹਾਟ ਟੀ’ ਦੀ ਥਾਂ ‘ਕੋਲਡ ਟੀ’ ਜਾਂ ਨਿੰਬੂ ਦਾ ਜੂਸ ਕੱਢ ਕੇ ਪੀਣਾ ਚਾਹੀਦਾ ਹੈ|
ਗਰਮੀਆਂ ਵਿਚ ਤੁਸੀਂ ਸੰਤੁਲਿਤ ਖ਼ੁਰਾਕ ਦੀ ਵਰਤੋਂ ਕਰ ਕੇ ਵੀ ਸਾਰੇ ਜ਼ਰੂਰੀ ਤੱਤ ਪ੍ਰਾਪਤ ਕਰ ਸਕਦੇ ਹੋ ਅਤੇ ਪਸੀਨਾ ਆਉਣ ਨਾਲ ਹੋਈ ਪਾਣੀ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ|
ਸੋ ਸਪੱਸ਼ਟ ਹੈ ਕਿ ਸਾਨੂੰ ਆਪਣੇ ਸਰੀਰ ਨੂੰ ਲੂ ਅਤੇ ਤਿੱਖੀ ਗਰਮੀ ਤੋਂ ਬਚਾਉਣ ਲਈ ਉਪਰ ਲਿਖੀਆਂ ਗੱਲਾਂ ’ਤੇ ਅਮਲ ਕਰਨਾ ਚਾਹੀਦਾ ਹੈ| ਇਸ ਮੌਸਮ ਵਿਚ ਬੱਚਿਆਂ ਅਤੇ ਬਜ਼ੁਰਗਾਂ ਵੱਲ ਖ਼ਾਸ ਤਵੱਜੋਂ ਦੇਣ ਦੀ ਲੋੜ ਹੈ | ਬੱਚੇ ਘਰ ਟਿਕਦੇ ਨਹੀਂ ਅਤੇ ਬਜ਼ੁਰਗਾਂ ਲਈ ਜ਼ਿਆਦਾ ਹਿਲਜੁੱਲ ਕਰਨਾ ਔਖਾ ਹੁੰਦਾ ਹੈ| ਸੋ ਸਾਨੂੰ ਇਨ੍ਹਾਂ ਦੀ ਹਿਫ਼ਾਜ਼ਤ ਕਰਨ ਦੇ ਨਾਲ-ਨਾਲ ਖ਼ੁਦ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ|
ਡਾਇਟਿੰਗ ਦਾ ਉਲਟਾ ਪ੍ਰਭਾਵ
ਅਸੀਂ ਅਕਸਰ ਦੇਖਦੇ ਹਾਂ ਕਿ ਔਰਤਾਂ ਮੋਟਾਪੇ ਨੂੰ ਘਟਾਉਣ ਲਈ ਡਾਈਟਿੰਗ ਕਰਦੀਆਂ ਹਨ| ਡਾਈਟਿੰਗ ਕਰਨ ਨਾਲ ਸਰੀਰ ਵਿਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਤੇ ਵਾਲ ਰੁਖ਼ੇ ਅਤੇ ਬੇਜਾਨ ਹੋ ਜਾਂਦੇ ਹਨ| ਇਸ ਨਾਲ ਆਇਰਨ ਦੀ ਵੀ ਕਮੀ ਹੋ ਜਾਂਦੀ ਹੈ| ਇਸ ਨਾਲ ਹੀਮੋਗਲੋਬਿਨ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ| ਤੁਸੀਂ ਜਿਹੜੀ ਵੀ ਖ਼ੁਰਾਕ ਖਾਓ, ਧਿਆਨ ਰੱਖੋ ਕਿ ਇਸ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੋਣ| ਖ਼ੁਰਾਕ ਨੂੰ ਲਗਾਤਾਰ ਨਜ਼ਰ-ਅੰਦਾਜ਼ ਕਰਨ ਨਾਲ ਤੁਹਾਡੇ ਵਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ| ਔਰਤਾਂ ਵਾਲਾਂ ਨੂੰ ਸੋਹਣੇ, ਲੰਮੇ ਤੇ ਕਾਲੇ ਦਿਖਾਉਣ ਲਈ ਬਹੁਤ ਕੁਝ ਕਰਦੀਆਂ ਹਨ| ਵਾਲਾਂ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਤੇ ਕੰਡੀਸ਼ਨਰ ਲਾਉਂਦੀਆਂ ਹਨ| ਵਾਲਾਂ ਨੂੰ ਰੰਗਣ ਲਈ ਕਈ ਤਰ੍ਹਾਂ ਦੇ ਕਾਸਮੈਟਿਕਸ ਵਰਤੀਆਂ ਹਨ ਪਰ ਖ਼ੁਰਾਕ ਨੂੰ ਅੱਖੋਂ-ਪਰੋਖੇ ਕਰਦੀਆਂ ਹਨ, ਜਿਸ ਕਰਕੇ ਵਾਲਾਂ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ
ਤੇਜ਼ ਧੁੱਪ ਤੋਂ ਕਰੋ ਬਚਾਅ
ਗਰਮੀਆਂ ’ਚ ਸਾਨੂੰ ਸੂਰਜ ਦੀਆਂ ਯੂਵੀ (ਅਲਟਰਾ ਵਾਇਲਟ)ਕਿਰਨਾਂ ਤੋਂ ਚਮੜੀ ਨੂੰ ਜ਼ਰੂਰ ਬਚਾਅ ਕੇ ਰੱਖਣਾ ਚਾਹੀਦਾ þ| ਸਾਨੂੰ ਤੇਜ਼ ਧੁੱਪ ਤੋਂ ਬਚਾਅ ਲਈ ਬਹੁਤ ਵਧੀਆ ਸਨਸਕਰੀਨ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਨਾਲ ਸਾਡੀ ਚਮੜੀ ਦੀ ਰੱਖਿਆ ਹੁੰਦੀ ਹੈ | ਧੁੱਪ ’ਚ ਨਿਕਲਣ ਤੋਂ ਪਹਿਲਾਂ ਚਮੜੀ ’ਤੇ ਚੰਗੀ ਤਰ੍ਹਾਂ ਸਨਸਕਰੀਨ ਲਗਾਉਣਾ ਚਾਹੀਦਾ ਹੈ| ਇਸ ਨਾਲ ਚਮੜੀ ਸੂਰਜ ਦੀ ਤਿੱਖੀ ਧੁੱਪ ਤੇ ਹਾਨੀਕਾਰਕ ਕਿਰਨਾਂ ਤੋਂ ਬਚੀ ਰਹਿੰਦੀ ਹੈ ਤੇ ਨਿਖ਼ਾਰ ਕਾਇਮ ਰਹਿੰਦਾ ਹੈ|
-
ਵਿਜੈ ਗਰਗ , ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.