ਹਰ ਇਨਸਾਨ ਨੂੰ ਜ਼ਿੰਦਗੀ ਲਈ ਆਮਦਨ ਦੀ ਲੋੜ ਪੈਂਦੀ ਹੈ। ਹਰੇਕ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਲਈ ਕਿਸੇ ਨਾ ਕਿਸੇ ਕਿੱਤੇ ਨੂੰ ਅਪਣਾਵੇ। ਪੜ੍ਹਾਈ ਕਰਦਿਆਂ ਜਾਂ ਕਿਸੇ ਕਿੱਤੇ ਦੀ ਸਿਖਲਾਈ ਲੈਂਦਿਆਂ ਉਸ ਵਿੱਚ ਚੰਗੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਖਾਹਸ਼ ਅਕਸਰ ਹੀ ਹੁੰਦੀ ਹੈ। ਜਦੋਂ ਉਸਦੀ ਸਖ਼ਤ ਮਿਹਨਤ ਨੂੰ ਬੂਰ ਪੈਂਦਾ ਹੈ ਅਤੇ ਤਕਦੀਰ ਉਸ ਦਾ ਸਾਥ ਦਿੰਦੀ ਹੈ ਤਾਂ ਉਹ ਚੰਗੀ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸ਼ੁਰੂਆਤੀ ਸਾਲਾਂ ਵਿੱਚ ਉਹ ਪੂਰਨ ਤੌਰ ਤੇ ਉਤਸ਼ਾਹਿਤ ਹੋ ਕੇ ਆਪਣਾ ਸਾਰਾ ਕੰਮ ਕਰਦਾ ਹੈ ਅਤੇ ਆਪਣੇ ਵਿਭਾਗ ਜਾਂ ਸੰਸਥਾ ਦੇ ਮੁਖੀ ਦਾ ਹਰ ਦਿੱਤਾ ਕੰਮ ਖੁਸ਼ੀ ਖੁਸ਼ੀ ਕਰਦਾ ਹੈ ਪਰ ਕੁਝ ਮਹੀਨਿਆਂ ਜਾਂ ਸਾਲਾਂ ਬਾਅਦ ਹੀ ਉਹ ਮਿਹਨਤੀ ਇਨਸਾਨ ਆਪਣੇ ਕੰਮ ਪ੍ਰਤੀ ਅਵੇਸਲਾ ਪੈ ਜਾਂਦਾ ਹੈ।
ਜਿਸ ਕਰਕੇ ਉਹ ਕੋਈ ਵੀ ਦਿੱਤੇ ਛੋਟੇ ਵੱਡੇ ਕੰਮ ਨੂੰ ਬੋਝ ਮੰਨਣ ਲੱਗ ਪੈਂਦਾ ਹੈ, ਜਿਸ ਨਾਲ ਉਸਦੀ ਜ਼ਿੰਦਗੀ ਵਿੱਚ ਤਣਾਅ, ਚਿੜਚਿੜਾਪਨ, ਕੰਮ ਨਾ ਕਰਨ ਲਈ ਬਹਾਨੇ ਬਣਾਉਣਾ, ਅਫ਼ਸਰ ਨਾਲ ਬਹਿਸ ਕਰਨਾ ਆਦਿ ਆਦਤਾਂ ਸ਼ਾਮਲ ਹੋ ਜਾਂਦੀਆਂ ਹਨ । ਕਈਆਂ ਵਿੱਚ ਤਾਂ ਇਹ ਅਵੇਸਲਾਪਣ ਨੌਕਰੀ ਦੀ ਸ਼ੁਰੂਆਤ ਤੋਂ ਹੀ ਹੁੰਦਾ ਹੈ, ਜੋ ਵਕਤ ਨਾਲ ਵੱਧਦਾ ਹੀ ਜਾਂਦਾ ਹੈ। ਅਸਲ ਵਿੱਚ ਅਜਿਹੇ ਇਨਸਾਨ ਅਕਸਰ ਸਰਕਾਰੀ ਨੌਕਰੀ ਮਿਲ ਜਾਣ ਤੇ ਖੁਦ ਨੂੰ ਸੁਰੱਖਿਅਤ ਮੰਨਦਿਆਂ ਅਜਿਹਾ ਰਵੱਈਆ ਅਪਣਾ ਕੇ ਫੋਕਾ ਮਾਣ ਮਹਿਸੂਸ ਕਰਨ ਲੱਗ ਪੈਂਦੇ ਹਨ। ਪਰ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਇਹਨਾਂ ਦੀ ਇਹੀ ਕੰਮ ਨਾ ਕਰਨ ਆਦਤ ਇਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਸ਼ੁਮਾਰ ਹੋ ਜਾਂਦੀ ਹੈ ਅਤੇ ਇਹ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋਣ ਲਗਦੇ ਹਨ। ਇਸ ਵਿਹਾਰ ਦੇ ਉਲਟ ਗੱਲ ਕਰੀਏ ਤਾਂ ਕਿਸੇ ਵੀ ਕੰਮ ਵਿੱਚ ਆਪਣੀ ਪਹਿਚਾਣ ਬਣਾਈ ਰੱਖਣ ਲਈ ਇਨਸਾਨ ਨੂੰ ਲਗਾਤਾਰ ਅਣਥੱਕ ਮਿਹਨਤ ਕਰਨੀ ਪੈਂਦੀ ਹੈ। ਜੋ ਇਨਸਾਨ ਆਪਣੀ ਮਿਹਨਤ ਸਦਕਾ ਆਪਣੀ ਪਹਿਚਾਣ ਬਣਾਉਂਦਾ ਤੇ ਕਾਇਮ ਰੱਖਦਾ ਹੈ, ਉਸ ਵਿੱਚ ਆਪਣੇ ਕੰਮ ਪ੍ਰਤੀ ਲਗਨ ਤੇ ਇਮਾਨਦਾਰੀ ਦੀ ਭਾਵਨਾ ਦੂਜਿਆਂ ਦੇ ਮੁਕਾਬਲੇ ਵਧੇਰੇ ਦੇਖੀ ਜਾਂਦੀ ਹੈ।
ਮਿਹਨਤ ਨਾਲ ਬਣਾਈ ਪਹਿਚਾਣ ਉਮਰ ਦੀ ਮੁਹਤਾਜ ਨਈਂ ਹੁੰਦੀ ਕਿਉਂ ਜੋ ਇਨਸਾਨ ਉਮਰ 'ਚ ਭਾਂਵੇਂ ਨਾ ਸਹੀ ਪਰ ਅਕਲ 'ਚ ਵੱਡਾ ਹੋਵੇ ਤਾਂ ਵੱਧ ਸੋਂਹਦਾ ਹੈ। ਅਜਿਹਾ ਇਨਸਾਨ ਆਪਣੀ ਮਿਹਨਤ, ਲਗਨ, ਸਬਰ ਤੇ ਇਮਾਨਦਾਰੀ ਦੀ ਭਾਵਨਾ ਸਦਕਾ ਨੌਕਰੀ ਕਰਦਿਆਂ ਹੀ ਨਹੀਂ ਸਗੋਂ ਰਿਟਾਇਰਮੈਂਟ ਤੋਂ ਬਾਅਦ ਵੀ ਕੰਮਾਂ ਵਿੱਚ ਰੁੱਝਿਆ ਤੰਦਰੁਸਤ, ਖੁਸ਼ਹਾਲ ਤੇ ਚੈਨ ਭਰੀ ਜ਼ਿੰਦਗੀ ਜਿਉਂਦਾ ਹੈ। ਉਸਦੀ ਆਪਣੇ ਕਿਸੇ ਸਹਿ-ਕਰਮੀ ਦੀ ਨਿੱਜੀ ਜਾਂ ਕੰਮਕਾਜੀ ਜ਼ਿੰਦਗੀ 'ਚ ਕੋਈ ਬਹੁਤੀ ਦਿਲਚਸਪੀ ਨਈਂ ਹੁੰਦੀ। ਇਸਦੇ ਉਲਟ ਕੰਮ ਤੋਂ ਅਵੇਸਲੇ ਉਸਦੇ ਕੁਝ ਸਹਿ-ਕਰਮੀ ਆਪਣੀ ਬੇ-ਮਾਇਨੀ ਕਲਪਨਾਤਮਿਕ ਸੋਚ ਵਿੱਚ ਨੀਂਵਾਂ ਤੋਲਦਿਆਂ ਉਸਨੂੰ ਨੀਚਾਂ ਦਿਖਾਉਣ ਲਈ ਝੂਠੀਆਂ ਘੜਤਾਂ ਘੜਨ ਵਿੱਚ ਆਪਣੀ ਹੀ ਊਰਜਾ ਤੇ ਵਕਤ ਬਰਬਾਦ ਕਰਦੇ ਰਹਿੰਦੇ ਹਨ। ਇਹਨਾਂ ਵਿੱਚੋਂ ਬਹੁਤੇ ਲੋਕ ਮੌਕਾ ਪ੍ਰਸਤ, ਆਪਣੇ ਦੁੱਖ ਤੋਂ ਘੱਟ ਪਰ ਦੂਜੇ ਦੀ ਖੁਸ਼ੀ ਤੋਂ ਵੱਧ ਦੁਖੀ ਹੋਣ ਵਾਲੇ ਕਿਸੇ ਘੜੇ ਦੇ ਢੱਕਣ ਨਹੀਂ ਹੁੰਦੇ। ਜੇਕਰ ਸਾਰੇ ਕਰਮਚਾਰੀ ਆਪਣੀ ਊਰਜਾ ਆਪੋ-ਆਪਣੇ ਕੰਮ ਤੇ ਲਗਾਉਂਦਿਆਂ ਮਿਲਕੇ ਕੰਮ ਕਰਨ ਤਾਂ ਸਹਿਜੇ ਹੀ ਹਰ ਵਿਭਾਗ ਜਾਂ ਸੰਸਥਾ ਦਾ ਮਾਹੌਲ ਸੁਖਾਂਵਾਂ ਤੇ ਵਿਕਾਸ ਦੀ ਦਰ ਵਧ ਸਕਦੀ ਹੈ। ਮੈਂ ਵੀ ਅੱਜ ਵਾਅਦਾ ਕਰਦਾ ਹਾਂ ਕਿ ਹੁਣ ਮਿਹਨਤ ਨੂੰ ਤਰਜੀਹ ਦਿਆਂਗਾ।
-
ਪ੍ਰਿੰਸੀਪਲ ਰੰਧਾਵਾ ਸਿੰਘ, ਲੇਖਕ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.