ਕੁੱਝ ਦਿਨ ਪਹਿਲਾਂ ਦੀ ਗੱਲ ਐ, ਮੈਂ ਤੇ ਮੇਰੇ ਸ਼੍ਰੀ ਮਾਨ ਜੀ ਚਾਹ ਪੀਂਦੇ-ਪੀਂਦੇ ਗੱਲਾਂ ਕਰ ਰਹੇ ਸੀ ।ਚੱਲਦੀਆਂ ਗੱਲਾਂ ਵਿੱਚ ਸਹਿ-ਸੁਭਾਅ ਹੀ ਮੈਂ ਆਪਣੇ ਪੇਕਿਆਂ ਦੀ ਗੱਲ ਕਰਨ ਲੱਗੀ।ਗੱਲ ਕੀ,ਮੈਂ ਅਸਲ ਵਿੱਚ ਕਿਸੇ ਗੱਲ ਪਿੱਛੇ ਮੇਰੇ ਵੀਰ ਦੀ ਹਮਾਇਤ ਕਰ ਰਹੀ ਸੀ ਤਾਂ ਸ਼੍ਰੀ ਮਾਨ ਜੀ ਨੇ ਬੜੇ ਵਿਅੰਗਮਈ ਅੰਦਾਜ ਵਿੱਚ ਮੈਨੂੰ ਕਿਹਾ ਬਈ “ਪੇਕਿਆ ਦਾ ਖਹਿੜਾ ਨੀਂ ਛੱਡਦੀ”।
ਦੇਖਿਆ ਜਾਵੇ ਤਾਂ ਗੱਲ ਛੋਟੀ ਜਿਹੀ ਸੀ।ਕੋਈ ਝਗੜਾ ਨਹੀਂ ਬਸ ਆਪਸ ਵਿੱਚ ਹਾਸਾ ਮਜਾਕ ਹੀ ਸੀ।ਪਰ ਜੇਕਰ ਸੋਚੀਏੇ ਤਾਂ ਇੰਨੀ ਛੋਟੀ ਵੀ ਨਹੀਂ। ਕਿਵੇਂ ਛੱਡ ਸਕਦੀ ਏ ਕੋਈ ਵੀ ਕੁੜੀ ਆਪਣੇ ਪੇਕਿਆਂ ਦਾ ਖਹਿੜਾ।ਪੇਕੇ ਸ਼ਬਦ ਬਹੁਤ ਛੋਟਾ ਏ, ਪਰ ਅਸਲ ਵਿੱਚ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਲਤਨਤ ਏ ਜਿੱਥੋ ਇੱਕ ਧੀ ਦਾ, ਭੈਣ ਦਾ, ਹੱਥ ਕਦੇ ਖਾਲੀ ਨਹੀਂ ਮੁੜਦਾ।ਇਹ ਉਹ ਸਲਤਨਤ ਹੈ ਜਿੱਥੇ ਕੁੜੀ ਜੰਮਦੀ ਏ ਤੇ ਫਿਰ ਧੀ ਬਣਦੀ ਏ ਫਿਰ ਧਿਆਣੀ।ਇੱਕ ਅਜਿਹੀ ਸਲਤਨਤ ਜਿੱਥੇ ਉਸਦੇ ਨਖਰੇ ਝੱਲਣ ਲਈ ਮਾਂ-ਬਾਪ ਰੂਪੀ ਰਾਜਾ-ਰਾਣੀ ਹੀ ਨਹੀਂ ਸਗੋਂ ਭਰਾ ਅਤੇ ਭਰਜਾਈ ਰੂਪੀ ਉਹਨਾਂ ਦੇ ਉੱਤਰਾਧਿਕਾਰੀ ਵੀ ਮੌਜੂਦ ਰਹਿੰਦੇ ਨੇ।ਉਹ ਥਾਂ ਜਿਸ ਦੀ ਫਿਰਨੀ ਤੋਂ ਹੀ ਮੋਹ ਦੇ ਬੁੱਲੇ ਚੱਲਣ ਲੱਗਦੇ ਨੇ। ਉਹ ਥਾਂ ਜਿੱਥੋਂ ਦਾ ਪੱਤਾ-ਪੱਤਾ ਉਸਦਾ ਜਾਣਕਾਰ ਏ।ਗਲੀ –ਮਹੁੱਲੇ ਦੀਆਂ ਸਾਰੀਆਂ ਔਰਤਾਂ ਚਾਚੀਆਂ-ਤਾਂਈਆਂ ਸਾਰੇ ਬਜੁਰਗ ਉਸਦੇ ਸਿਰ ਤੇ ਹੱਥ ਰੱਖਣ ਵਾਲੇ ਤੇ ਸਾਰੇ ਬੱਚੇ ਉਸਦੇ ਆਉਣ ਦੀ ਉਡੀਕ ਕਰਨ ਵਾਲੇ ਹੁੰਦੇ ਨੇ।
ਠੀਕ ਐ, ਸਮੇਂ ਦੇ ਨਾਲ ਜਾਂ ਹਾਲਾਤਾ ਅਨੁਸਾਰ ਕਿਸੇ ਦੀ ਕਹਾਣੀ ਇਸ ਤੋਂ ਥੋੜੀ ਵੱਖਰੀ ਵੀ ਹੋ ਸਕਦੀ ਹੈ। ਪਰ ਫਿਰ ਵੀ ਪੇਕੇ ਤਾਂ ਹਰ ਔਰਤ ਲਈ ਸਵਰਗ ਈ ਰਹਿੰਦੇ ਨੇ ।ਮੇਰਾ ਨਿੱਜੀ ਤਜਰਬਾ ਏ,ਜੇ ਇੱਕ ਧੀ ਹੀ ਆਪਣੇ ਪਿਉ ਦੀ ਥਾਂ ਆਪਣੇ ਭਰਾ ਨੂੰ ਵੀ ਨਾਲ ਖੜਾ ਲੋਚੇ ਤਾਂ ਪੇਕੇ ਕਦੇ ਖਤਮ ਨਹੀਂ ਹੁੰਦੇ ।ਘਰ ਵੜਦੇ ਹੀ ਆਪਣੇ ਮਾਂ ਦੇ ਨਾਲ ਆਪਣੀ ਭਰਜਾਈ ਨੂੰ ਵੀ ਭਾਲੇ ਤਾਂ ਘਰ ਵਿੱਚ ਉਹਦਾ ਹੱਕ ਤੇ ਪੇਕਿਆ ਦਾ ਦਰਵਾਜਾ ਕਦੇ ਵੀ ਬੰਦ ਨਹੀਂ ਹੁੰਦਾ। ਬੜਾ ਸੁਆਦ ਆਉਦਾਂ ਏ ਜਦੋਂ ਤੁਹਾਡਾ ਨਿੱਕ ਭਰਾ ਵੀ ਤੁਹਾਨੂੰ ਅਪਣੀ ਧੀ ਸਮਝੇ ਅਤੇ ਅਗਾਂਹ ਉਹਦਾ ਖੂਨ ਆਪਣੀ ਭੂਆ ਤੋਂ ਆਪਣੀ ਜਾਨ ਵਾਰੇ। ਸੋਨੇ ਤੇ ਸੁਹਾਗਾ ਉਦੋ ਹੋ ਜਾਂਦਾ ਜਦੋਂ ਭਰਜਾਈ ਤੁਹਾਡੇ ਕੋਲ ਭਰਾ ਦੀਆਂ ਸ਼ਿਕਾਇਤਾਂ ਲਗਾਏ ਜਿਵੇਂ ਮਾਂ ਲਗਾਉਂਦੀ ਹੁੰਦੀ ਸੀ ਪਿਉ ਦੀਆਂ। ਕਿਵੇਂ ਹੋ ਸਕਦਾ ਹੈ ਕਿ ਇਹੋ ਜਿਹੇ ਮੋਹ ਭਰੇ ਰਿਸ਼ਤਿਆਂ ਦੇ ਹੁੰਦੇ ਹੋਏ ਧੀ ਵਿੱਚੋਂ ਪੇਕਾ ਖਤਮ ਹੋ ਜਾਵੇ ਜਾਂ ਧੀ ਪੇਕਾ ਛੱਡ ਦੇਵੇ ।
ਪੇਕਾ ਖਤਮ ਉਦੋਂ ਜਦੋਂ ਕੁੱਝ ਧੀਆਂ ਭਰਾ-ਭਰਜਾਈ ਦੀ ਗੈਰ ਹਾਜਰੀ ਵਿੱਚ ਹੀ ਪੇਕੇ ਘਰ ਆਉਣਾ ਲੋਚ ਦੀਆਂ ਹੋਣ, ਪੇਕਾ ਖਤਮ ਉਦੋਂ ਜਦੋਂ ਆਵਦੀ ਸਰਦਾਈ ਕਾਇਮ ਰੱਖਣ ਲਈ ਭਰਾ ਭਰਜਾਈ ਨੂੰ ਉਨਾਂ ਦੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਜਾਵੇ।ਤੇ ਪੇਕਾ ਖਤਮ ਉਦੋਂ ਜਦੋਂ ਪੇਕੇ ਘਰੋਂ ਜਾਣ ਤੋਂ ਬਾਅਦ ਵੀ ਪੇਕਾ ਘਰ ਧੀ ਦੇ ਅਨੁਸਾਰ ਤੇ ਧੀ ਇਸ਼ਾਰਿਆਂ ਤੇ ਚੱਲੇ। ਮੇਰਾ ਨਿੱਜੀ ਵਿਚਾਰ ਏ ਕਿ ਅਜਿਹੇ ਹਾਲਾਤ ਵਿੱਚ ਕੁੜੀ ਦਾ ਪੇਕਾ ਘਰ ਸਿਰਫ ਉਨਾਂ ਚਿਰ ਰਹਿੰਦੇ ਏ ਜਿੰਨਾਂ ਚਿਰ ਉਸਦੇ ਮਾਂ-ਬਾਪ ਜਿਉਂਦੇ ਰਹਿਣਾ ਕਿੳਕਿ ਜੋ ਜਿਆਦਤੀਆਂ ਇੱਕ ਭਰਾ ਜਾਂ ਭਰਜਾਈ ਨਾਲ ਧੀ ਦੇ ਕਹਿਣ ਤੇ ਜਾਂ ਫਿਰ ਉਹਦੇ ਨਾਮ ਤੇ ਉਨਾਂ ਨਾਲ ਹੋਈਆਂ ਉਹ ਸ਼ਾਇਦ ਅੱਲਾਂ ਜਖਮ ਬਣ ਜਾਂਦੀਆਂ ਨੇ।ਤੇ ਸ਼ਾਇਦ ਹੀ ਕੋਈ ਕਰਮਾਂ ਮਾਰੀ ਧੀ ਹੋਵੇ ਜੋ ਅਜਿਹਾ ਚਾਹੁੰਦੀ ਹੋਵੇ।
ਹਾਂ ਹੁਣ ਜਿੱਥੋਂ ਗੱਲ ਸ਼ੁਰੂਹੋਈ ਸੀ ਵੀ “ਪੇਕੇ ਨੀ ਛੱਡਦੀਆਂ”।ਤਾਂ ਜੋ ਮੈਂ ਆਂਪਣੇ ਸ਼੍ਰੀ ਮਾਨ ਜੀ ਨੂੰ ਜਵਾਬ ਦਿੱਤਾ ਉਹੀ ਜਵਾਬ ਸਭ ਲਈ ਵੀ ਜਦੋਂ ਜੰਮਣ ਤੋਂ ਪਾਲਣ ਤੱਕ ਪੇਕਿਆਂ ਨੇ ਕੀਤਾ,ਵਿਆਹੁਣ ਤੋਂ ਲੈ ਕੇ ਸਭ ਦਿਨ ਤਿਉਹਾਰ ਪੇਕਿਆਂ ਨੇ ਕੀਤਾ ਤੇ ਫਿਰ ਅਖੀਰ ਮਰਨ ਤੋਂ ਬਾਅਦ ਨਹਾਉਣ ਵੇਲੇ ਵੀ ਕਫਨ ਦੀ ਉਡੀਕ ਪੇਕਿਆਂ ਵਾਲੇ ਪਾਸੇ ਤੋਂ ਹੀ ਕੀਤੀ ਜਾਂਦੀ ਹੈ ਤਾਂ ਫਿਰ ਪੇਕਿਆਂ ਨੂੰ ਕਿਵੇਂ ਛੱਡ ਦੇਣ ਕੁੜੀਆਂ।ਬੱਸ ਅੱਜ ਦੀ ਪੀੜੀ ਲਈ ਸੋਚਣ ਅਤੇ ਸਮਝਣ ਵਾਲੀ ਗੱਲ ਇਹ ਕਿ ਆਪਣੇ ਪੇਕਿਆਂ ਨੂੰ ਸੰਭਾਲਣਾ ਅਤੇ ਬਰਕਰਾਰ ਰੱਖਣਾ ਹੈ। ਭੈਣਾ ਆਪਣੇ ਭਰਾ ਭਰਜਾਈ ਵਿੱਚ ਮਾਪੇ ਦੇਖਣ ਅਤੇ ਭਰਾ ਭਰਜਾਈ ਆਪਣੀ ਭੈਣ ਵਿੱਚ ਆਪਣੀ ਧੀ ਦੇਖਣ ਤਾਂ ਇਸ ਮੋਹ ਭਰੇ ਰਿਸ਼ਤੇ ਦਾ ਕਦੀ ਅੰਤ ਨਹੀਂ ਹੋਵੇਗਾ। ਕਿਉਕਿ ਧੀ ਦਾ ਪੇਕਿਆਂ ਦੀ ਜਾਇਦਾਦ ਵਿੱਚ ਅਸਲ ਹਿੱਸਾ ਅਥਾਹ ਮੋਹ ਤੇ ਕਫਨ ਵੀ ਹੁੰਦਾ ਏ,ਬਾਕੀ ਸਭ ਪਰਮਾਤਮਾ ਹਰ ਭਰਾ ਅਤੇ ਉਸਦੇ ਪਰਿਵਾਰ ਨੂੰ ਸੁਵੰਡਣਾ ਕਰੇ।
ਆਮੀਨ
-
ਡਿੰਪਲ ਵਰਮਾ, ਹੈੱਡਮਿਸਟ੍ਰੈਸ ਸਹਸ ਕਰਮਗੜ ਸ਼੍ਰੀ ਮੁਕਤਸਰ ਸਾਹਿਬ
dimple_86j@yahoo.com
9023600302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.