ਖ਼ਬਰ ਹੈ ਕਿ ਕੇਂਦਰੀ ਮੰਤਰਾਲਿਆਂ ਦੀ ਢਿੱਲੀ ਕਾਰਗੁਜ਼ਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਦਾਸ਼ਤ ਨਹੀਂ ਕਰਨਗੇ। ਵੀਰਵਾਰ ਨੂੰ ਮੰਤਰੀ ਮੰਡਲ ਦੀ ਬੈਠਕ 'ਤ ਸ਼ਬਦਾਂ 'ਚ ਭਲੇ ਨਹੀਂ, ਪਰ ਇਸ਼ਾਰਿਆਂ-ਇਸ਼ਾਰਿਆਂ 'ਚ ਪ੍ਰਧਾਨ ਮੰਤਰੀ ਵਲੋਂ ਇਹ ਸੰਦੇਸ਼ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਉਨਾਂ ਹੁਣ ਤੱਕ ਦੇ ਤਿੰਨੇ ਬਜ਼ਟਾਂ 'ਚ ਕੀਤੇ ਗਏ ਐਲਾਨਾਂ ਨੂੰ ਅਮਲੀਜਾਮਾਂ ਪਹਿਨਾਉਣ ਵਿੱਚ ਵੱਖ-ਵੱਖ ਵਿਭਾਗਾਂ ਦੇ ਕਦਮ ਅਤੇ ਖਰਚ ਕੀਤੀ ਗਈ ਰਾਸ਼ੀ ਦੀ ਸਮੀਖਿਆ ਕੀਤੀ। ਉਨਾਂ ਚਾਰ ਘੰਟੇ ਚੱਲੀ ਮੀਟਿੰਗ ਵਿੱਚ ਸਪਸ਼ਟ ਕਰ ਦਿੱਤਾ ਕਿ ਐਲਾਨ ਜ਼ਮੀਨ 'ਤੇ ਵੀ ਉਤਰਨੇ ਚਾਹੀਦੇ ਹਨ। ਉਨਾਂ ਜ਼ਮੀਨੀ ਸਤਰ ਤੱਕ ਕੰਮ ਨਾ ਕਰਨ ਵਾਲੇ ਮੰਤਰੀਆਂ ਅਤੇ ਉਨਾਂ ਦੇ ਮੰਤਰਾਲਿਆਂ ਨੂੰ ਘੂਰਿਆ ਵੀ ਅਤੇ 75 ਸਾਲ ਪੂਰੇ ਕਰ ਰਹੇ ਮੰਤਰੀਆਂ ਦੀ ਆਪਣੇ ਮੰਤਰੀ ਮੰਡਲ ਵਿਚੋਂ ਛੁੱਟੀ ਦੇ ਸੰਕੇਤ ਵੀ ਦਿੱਤੇ ਕਿਉਂਕਿ ਇਹ ਮੰਤਰੀ ਹੁਣ ਕੁਝ ਕਰਨ ਜੋਗੇ ਨਹੀਂ ਰਹੇ।
ਸਾਡੇ ਪ੍ਰਧਾਨ ਮੰਤਰੀ ਜੀ ਆ ਛੋਹਲੇ। ਹਵਾ ਦੇ ਤੇਜ਼ ਬੁੱਲੇ ਵਰਗੇ। ਇੱਕ ਬਾਵਰੋਲੇ, ਵਾਂਗਰ ਉਡਦੇ-ਉਡਦੇ, ਉੱਡਣ ਖਟੋਲਿਆਂ ਦੀ ਸੈਰ ਕਰਦੇ ਆ ,ਅੰਤ ਹਵਾ 'ਚ ਹੱਥ ਮਾਰ ਕੇ ਕਿਧਰੋਂ ਤਿਤਲੀ, ਕਿਧਰਿਓਂ ਫੁੱਲ, ਕਿਧਰਿਓਂ ਭੂੰਡ, ਕਿਧਰਿਓਂ ਖੱਧਰ ਲਿਆ ਕੇ ਆਪਣੇ ਮੰਤਰੀਆਂ ਨੂੰ ਹੱਥ 'ਤੇ ਸਰੋਂ ਜਮਾਉਣ ਨੂੰ ਆਖ ਦਿੰਦੇ ਆ। ਸਵੇਰੇ ਉੱਠਦਿਆਂ, ਤੜਕੇ ਹੀ ਫੋਨ ਦੀ ਘੰਟੀ ਵੱਜਦੀ ਆ, ਮੰਤਰੀ ਜੀ ਦੀ, ਮੋਦੀ ਜੀ ਬੋਲਦੇ ਆ, ''ਸੁਣਾਉ ਭਾਈ ਉੱਤਰਾਖੰਡ ਜਿੱਤਿਆ ਕਿ ਨਹੀਂ ? ਯੂ.ਪੀ. 'ਚ ਨਗਾਰਾ ਵਜਾਇਆ ਕਿ ਨਹੀਂ ? ਅਸਾਮ 'ਚ ਇਸ ਮਹੀਨੇ ਹੜ ਆਉਣਾ ਸੀ, ਆਇਆ ਕਿ ਨਹੀਂ ? ਪੰਜਾਬ 'ਚ ਕਿਸਾਨਾਂ ਨੇ ਖੁਦਕੁਸ਼ੀਆਂ 'ਚ ਤੇਜ਼ੀ ਲਿਆਉਣੀ ਸੀ, ਤੇਜ਼ੀ ਲਿਆਂਦੀ ਕਿ ਨਹੀਂ ? ਕਿਉਂਕਿ ਆਪਾਂ ਡਾ. ਸਵਾਮੀਨਾਥਨ ਦੀ ਉਹ ਰਿਪੋਰਟ ਜੀਹਦੇ ਤਹਿਤ ਉਨਾਂ ਨੂੰ 50 ਪ੍ਰਤੀਸ਼ਤ ਮੁੱਲ 'ਤੇ ਵਾਧਾ ਮਿਲਣਾ ਸੀ, ਉਹਦੇ 'ਤੇ ਹੁਣੇ ਜਿਹੇ ਲਕੀਰ ਫੇਰੀ ਸੀ। ਕੀ ਫਾਇਦਾ ਹੋਇਆ ਭਾਈ ਜੇ ਹਾਲੇ ਤੱਕ ਤੁਸੀਂ ਪੰਜਾਬ ਦੇ ਆਪਣੇ ਭਾਈਵਾਲਾਂ ਦੇ ਨਮਦੇ ਨਹੀਂ ਕੱਸੇ ? ਕੁਝ ਕਰੋ ਭਾਈ, ਤਾਂ ਹੀ ਉਹ ਮੇਰੇ ਕੋਲ ਦਿੱਲੀ ਵੱਲ ਭੱਜਣਗੇ ਫਰਿਆਦਾਂ ਲੈਕੇ ?''
ਪਰ ਮੰਤਰੀ ਆ ਵਿਚਾਰੇ ਨਾ-ਤਾਕਤੇ ! ਜਿਹੜੇ ਨਾਮ ਦੇ ਹੀ ਮੰਤਰੀ ਆ, ਉਨਾਂ ਦੇ ਥਾਂ ਕੰਮ ਤਾਂ ਪ੍ਰਧਾਨ ਮੰਤਰੀ ਦੇ ਸਕੱਤਰੇਤ ਵਾਲੇ ਕਰਦੇ ਆ ਜਾਂ ਕਰਦੇ ਆ ਮੋਦੀ ਜੀ ਦੇ ਖਾਸ ਬੰਦੇ ! ਵੇਖੋ ਨਾ ਫਿਰ ਵੀ ਭਾਈ ਮੋਦੀ ਜੀ ਮੰਤਰੀਆਂ ਨੂੰ ਐਵੇਂ ਕੰਡਿਆਂ 'ਤੇ ਘਸੀਟਦੇ ਆ। ਆਂਹਦੇ ਆ ਕੰਮ ਕਰੋ, ਕੰਮ ਕਰੋ ! ਕੀ ਕਰਨ ਵਿਚਾਰੇ, ਕਰਮਾਂ ਦੇ ਮਾਰੇ ! ਫਾਈਲਾਂ ਉੱਤੇ ਘੁੱਗੀ ਮਾਰਦੇ ਆ। ਦਫ਼ਤਰੀ ਜਾ ਕੇ ਘੁਰਾੜੇ ਮਾਰਦੇ ਆ। ਸ਼ਾਮੀ ਘਰੀਂ ਮੁੜ ਆਉਂਦੇ ਆ, ਅਤੇ ਇਹ ਆਪਣੇ ਮੋਦੀ ਜੀ ਨਾ ਦਿਨੇ ਸੌਂਦੇ ਆ, ਨਾ ਰਾਤੀਂ, ਬੱਸ ਚੱਲ ਸੋ ਚੱਲ। ਬਿਨਾਂ ਗੱਲੋਂ, ਹੈਰਾਨ ਬਿਨਾਂ ਗੱਲੋਂ ਪ੍ਰੇਸ਼ਾਨ ! ਤਦੇ ਉਨਾਂ ਨੂੰ ਜਾਪਦਾ ਮੰਤਰੀ ਡੱਕਾ ਨਹੀਂ ਤੋੜਦੇ। ਟਟੀਹਰੀ ਵਾਂਗਰ ਅਸਮਾਨ ਤਾਂ ਉਨਾਂ ਨੇ ਥੰਮਿਆ ਹੋਇਐ ! ਰਤਾ ਸੁੱਤਿਆਂ ਪਾਸਾ ਵੱਟ ਲਿਆ ਤਾਂ ਅਸਮਾਨ ਤਾਂ ਹਿੰਦੋਸਤਾਨ 'ਤੇ ਡਿੱਗ ਪਊ ਤਾਂ ਫਿਰ ਉਹ ਆਪਣੇ ਦੇਸੀ, ਵਿਦੇਸ਼ੀ ਆਕਿਆਂ ਨੂੰ ਕੀ ਮੂੰਹ ਦਿਖਾਉਣਗੇ ? ਤਦੇ ਭਾਈ ਉਹ ਮੰਤਰੀਆਂ ਨੂੰ ਆਂਹਦੇ ਆ, ਇਹ ਨਹੀਂ ਕਿਸੇ ਕੰਮ ਦੇ, ਇਹ ਨਹੀਂ ਕਿਸੇ ਕਾਜ ਦੇ, ਇਹ ਤਾਂ ਆ ਦੁਸ਼ਮਣ ਅਨਾਜ਼ ਦੇ, ਜਿਹੜੇ ਲੱਖਾਂ ਰੁਪੱਈਏ ਮਹੀਨੇ ਦੇ ਜੇਬ 'ਚ ਪਾ ਕੇ, ਝੰਡੀ ਵਾਲੀ ਕਾਰ 'ਤੇ ਬੈਠ, ਟੋਹਰ ਨਾਲ ਠੰਡੀਆਂ-ਠਾਰ ਕੋਠੀਆਂ 'ਚ ਜਾ ਠਹਿਰ ਲੈਂਦੇ ਆ।
ਜੰਗਲ ਜੰਗਲ ਪਤਾ ਚਲਾ ਹੈ
ਖ਼ਬਰ ਹੈ ਕਿ ਸਵਿੱਟਜ਼ਰਲੈਂਡ ਦੀ ਬੈਂਕ ਪ੍ਰਣਾਲੀ ਦੀ ਲੁਕੋ ਰੱਖਣ ਵਾਲੀ ਪ੍ਰਣਾਲੀ ਦੇ ਵਿਰੁੱਧ ਚਲ ਰਹੇ ਵਿਸ਼ਵ ਅਭਿਆਨ ਦੇ ਵਿੱਚ ਸਵਿੱਸ ਬੈਂਕਾਂ ਵਿੱਚ ਹਿੰਦੋਸਤਾਨੀਆਂ ਦਾ ਉਨਾਂ ਬੈਂਕਾਂ 'ਚ ਜਮਾਂ ਧੰਨ ਘਟ ਕੇ 8392 ਕਰੋੜ ਰੁਪਏ ਰਹਿ ਗਿਆ ਹੈ। ਸਾਲ 2006 ਦੇ ਅੰਤ ਵਿੱਚ ਇਨਾਂ ਬੈਂਕਾਂ ਦੇ ਰਿਕਾਰਡ ਅਨੁਸਾਰ ਹਿੰਦੋਸਤਾਨੀਆਂ ਦੇ 23000 ਕਰੋੜ ਰੁਪਏ ਜਮਾਂ ਸਨ। ਸਵਿਸ ਬੈਂਕਾਂ ਦੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਹ ਧੰਨ ਚਿੱਟਾ ਹੈ ਜਾਂ ਕਾਲਾ ਇਸ ਦਾ ਕੋਈ ਸੰਕੇਤ ਨਹੀਂ ਮਿਲਦਾ।
ਲਉ ਜੀ, ਕਰ ਲਉ ਘਿਉ ਨੂੰ ਘੜਾ। ਇੱਕਲਾ-ਇੱਕਲਾ ਹਿੰਦੋਸਤਾਨੀ ਤਾਂ ਦੋ ਸਾਲਾਂ ਤੋਂ ਸੁਪਨਾ ਸਜਾਈ ਬੈਠਾ ਆ ਕਿ ਮੋਦੀ-ਸ਼ਾਹ ਸਵਿੱਟਜ਼ਰਲੈਂਡ ਜਾਣਗੇ, ਕਾਲੇ ਧੰਨ ਦੇ ਗੱਡੇ ਭਰ-ਭਰ ਲਿਆਉਣਗੇ, ਆਪਣੀਆਂ ਦੇਸੀ ਬੈਂਕਾਂ 'ਚ ਜਮਾਂ ਕਰਵਾਉਣਗੇ ਤੇ 'ਕੱਲੇ-'ਕੱਲੇ ਹਿੰਦੋਸਤਾਨੀ ਨੂੰ ਵੀਹ-ਵੀਹ ਹਜ਼ਾਰ ਦੇਣਗੇ। ਕਿਸੇ ਨੇ ਕੁਝ, ਕਿਸੇ ਨੇ ਕੁਝ, ਸ਼ੇਖਚਿਲੀ ਵਾਂਗੂ ਸੋਚਿਆ ਹੋਉ ਕਿ ਮੁਫ਼ਤ ਮਿਲੇ 20,000 ਰੁਪਈਆਂ ਨਾਲ ਉਹ ਫਰਿੱਜ ਟੀ.ਵੀ. ਖਰੀਦਣਗੇ, ਮਹਿੰਗਾ ਮੋਬਾਇਲ ਉਨਾਂ ਦੇ ਹੱਥਾਂ 'ਚ ਹੋਉ। ਪਰ ਆਹ ਤਾਂ ਭਾਈ ਕਹਿਰ ਹੀ ਹੋ ਗਿਆ, ਇਸ ਤੋਂ ਪਹਿਲਾਂ ਕਿ ਕਾਲੇ ਧੰਨ ਦੀ ਬਿੱਲੀ ਥੈਲੇ 'ਚੋਂ ਬਾਹਰ ਆਉਂਦੀ ਰੁਪੱਈਆਂ ਦੇ ਮਾਲਕ (ਨੇਤਾ, ਕਲਾਕਾਰ, ਕਾਰਪੋਰੇਟੀਏ) ਇਹ ਧੰਨ ਕਢਵਾਕੇ ਕਿਸੇ ਹੋਰ ਦੀ ਗੋਲਕ 'ਚ ਪਾਉਣ 'ਚ ਕਾਮਯਾਬ ਹੋ ਗਏ ਅਤੇ ਆਪਣੇ ਮੋਦੀ-ਸ਼ਾਹ ਹੁਰੀਂ ਹੱਥ ਮਲਦੇ ਹੀ ਰਹਿ ਗਏ। ਉਂਜ ਭਾਈ ਹੁਣ ਤਾਂ ਜੰਗਲ-ਜੰਗਲ ਪਤਾ ਚਲ ਗਿਆ ਹੈ ਕਿ ਆਪਣੇ ਹਿੰਦੋਸਤਾਨੀ ਤਾਂ ਆਪਣਾ ਮਾਲ ਦੇਸ਼ 'ਚ ਨਹੀਂ, ਵਿਦੇਸ਼ 'ਚ ਰੱਖਦੇ ਆ ਅਤੇ ਆਪਣੀਆਂ ਬੈਂਕਾਂ 'ਚ ਤਾਂ ਭਾਈ ਚੂਰ-ਭੂਰ ਹੀ ਰੱਖਿਆ ਦਿਖਾਉਂਦੇ ਆ। ਅੰਤ ਜਦੋਂ ਚੋਣਾਂ ਆਉਂਦੀਆਂ ਉਹ ਆਪ ਇਨਾਂ ਚੋਣਾਂ 'ਤੇ ਆਪਣੀ ਜੇਬੋਂ ਰਕਮਾਂ ਨਹੀਂ ਕੱਢਦੇ, ਸਗੋਂ ਲੋਕਾਂ ਦੀਆਂ ਜੇਬਾਂ ਕੁਤ ਰਕੇ, ਪਾਰਟੀ ਫੰਡ ਲਈ ਰਕਮ ਇਕੱਠੀ ਕਰਦੇ ਆ, ਜਾਂ ਫਿਰ ਸੂਬੇਦਾਰੀਆਂ, ਜਗੀਰਦਾਰੀਆਂ ਬਖਸ਼ਣ ਦਾ ਲਾਰਾ ਲਾਕੇ, ਮੋਟੀਆਂ ਮੱਛੀਆਂ ਤੋਂ ਪੈਸਾ ਹਥਿਆ ਲੈਂਦੇ ਆ ਜਿਵੇਂ ਹੁਣੇ ਜਿਹੇ ਇੱਕ ਵੱਡੇ ਅਕਾਲੀ ਨੇਤਾ ਨੇ ਇੱਕ ਕਰੋੜ ਰੁਪੱਈਆ ਕਿਸੇ ਕਾਰੋਬਾਰੀਏ ਦੀ ਜੇਬੋਂ ਇਸ ਕਰਕੇ ਕਢਵਾ ਲਿਆ ਕਿ ਉਹਨੂੰ ਉਹ ਰਾਜ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਬਣਵਾ ਦਊ ।
ਲਾਲ ਬੱਤੀ
ਖ਼ਬਰ ਹੈ ਕਿ ਕਾਂਗਰਸ ਹਾਈਕਮਾਂਡ ਵਲੋਂ ਬਣਾਈ ਚੋਣ ਮਨੋਰਥ ਕਮੇਟੀ ਦੀ ਚੇਅਰਪਰਸਨ ਰਜਿੰਦਰ ਕੌਰ ਭੱਠਲ ਅਤੇ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਬਾਦਲ 'ਲਾਲ ਬੱਤੀ' ਦੇ ਮਾਮਲੇ 'ਤੇ ਆਪਸ ਵਿੱਚ ਉਲਝ ਪਏ। ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਵੀ ਆਈ ਪੀ ਕਲਚਰ 100 ਫੀਸਦੀ ਖ਼ਤਮ ਕਰੇਗੀ ਤੇ ਸੱਤਾ ਵਿੱਚ ਆਉਣ 'ਤੇ ਮਨਪ੍ਰੀਤ ਲਾਲ ਬੱਤੀ ਲਾਉਣ ਤੋਂ ਗੁਰੇਜ਼ ਕਰਨਗੇ ਜਦਕਿ ਇਸ ਸਵਾਲ 'ਤੇ ਭੜਕੀ ਹੋਈ ਬੀਬੀ ਭੱਠਲ ਨੇ ਕਿਹਾ ਕਿ ਲਾਲ ਬੱਤੀ ਲਾਉਣ ਜਾਂ ਨਾ ਲਾਉਣ ਦਾ ਫੈਸਲਾ ਹਾਈਕਮਾਂਡ ਕਰੇਗੀ।
ਲਾਲ ਬੱਤੀ ਦਾ ਤਾਂ ਸਾਰਾ ਜੱਭ ਆ। ਲਾਲ ਬੱਤੀ ਨੇਤਾ ਦੀ ਗੱਡੀ 'ਤੇ ਚਮਕੂ ਤਾਂ ਪੁਲਸ ਗੁਰਨ-ਗੁਰਨ ਕਰਦੀ ਮਗਰ ਭਜਦੀ ਫਿਰੂ। ਲੋਕੀਂ ਭਾਈ ਬੰਦੇ ਜਾਂ ਨੇਤਾ ਨੂੰ ਸਲਾਮਾਂ ਨਹੀਂ ਕਰਦੇ, ਲਾਲ ਬੱਤੀ ਨੂੰ ਕਰਦੇ ਆ, ਜੀਹਦੇ ਮੂੰਹੋਂ ਨਿਕਲਿਆ ਹਰ ਸ਼ਬਦ ਸਰਕਾਰੀ ਹੁਕਮ ਬਣ ਜਾਂਦਾ ਆ। ਕੁਰਸੀ ਅਤੇ ਲਾਲ ਬੱਤੀ ਦੀ ਤਾਂ ਸਾਰੀ ਕਿਰਪਾ ਆ, ਜੀਹਦੇ ਨਾਲ ਕਾਲਾ ਧਨ ਚਿੱਟਾ ਹੋ ਜਾਂਦਾ, ਵਿਗੜਿਆ ਲੱਠ ਮਾਰ ਬੰਦਾ ਵੀ ਸ਼ਰੀਫ਼ਾਂ 'ਚ ਸਾਮਲ ਹੋ ਜਾਂਦਾ, ਜਾਂ ਚੰਗਾ ਭਲਾ ਹੌਲੇ ਬੋਲ ਬੋਲਣ ਵਾਲਾ ਅਵੈੜਾ ਹੋ ਜਾਂਦਾ ਆ। ਲਾਲ ਬੱਤੀ ਵਾਲੀ ਗੱਡੀ 'ਚ ਬੈਠਕੇ ਨੇਤਾ ਨੂੰ ਪੰਜ ਸਾਲਾਂ ਵਿਚੋਂ 4 ਸਾਲ 6 ਮਹੀਨੇ ਬੰਦੇ ਬੰਦੇ ਨਹੀਂ ਕੀੜੇ ਮਕੌੜੇ ਦਿਸਦੇ ਆ ਅਤੇ ਛੇ ਮਹੀਨੇ ਕੁਝ-ਕੁਝ ਬੰਦੇ !
ਨੇਤਾ ਨੂੰ ਚੋਣਾਂ ਜਿੱਤ ਕੇ ਲਾਲ ਬੱਤੀ ਨਾ ਮਿਲੂ ਤਾਂ ਭਾਈ ਉਹਦਾ ਤਾਂ ਸਾਹ-ਸੁਤ ਹੀ ਸੂਤਿਆ ਜਾਊ । ਗਰਮੀ 'ਚ, ਹੁਮਸ ਨਾਲ। ਵੇਖੋ ਨਾ ਸੜਕਾਂ ਉੱਤੇ ਭੀੜ 'ਚੋਂ ਲਾਲ ਬੱਤੀ ਹੂਟਰ ਮਾਰਕੇ ਵੀ ਇੰਜ ਲੰਘਦੀ ਆ, ਜਿਵੇਂ ਇਸ 'ਚ ਬੈਠਾ ਨੇਤਾ ਆਪਣੇ ਆਖੀਰ ਸਾਹ ਲੈ ਰਿਹਾ ਹੋਵੇ ਅਤੇ ਲਾਲ ਬੱਤੀ ਉਹਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਉਣ ਜਾ ਰਹੀ ਹੋਵੇ।
ਆਪ, ਆਪ ਕਿ ਆਪ
ਖ਼ਬਰ ਹੈ ਕਿ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਿਥੇ ਪੰਜਾਬ ਤੇ ਸਿੱਖ ਵਿਰੋਧੀ ਹੈ, ਉੱਥੇ ਹੀ ਸਾਜ਼ਿਸ਼ੀ ਏਜੰਡੇ ਤਹਿਤ ਪੰਜਾਬ ਦੇ ਸ਼ਾਂਤੀਪੂਰਨ ਅਤੇ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਲਈ ਵੀ ਪੂਰਾ ਜ਼ੋਰ ਲਾ ਰਹੀ ਹੈ। ਆਪ ਨੂੰ ਵਿਦੇਸ਼ਾਂ ਤੋਂ ਵੀ ਫੰਡ ਆਉਂਦੇ ਹਨ। ਉਨਾਂ ਕਿਹਾ ਕਿ ਆਪ ਵਾਲਿਆਂ ਵਲੋਂ ਪੰਜਾਬ 'ਚ ਮੁੱਖ ਪਾਰਲੀਮਾਨੀ ਸਕੱਤਰਾਂ ਦੀ ਨਿਯੁਕਤੀ 'ਤੇ ਕਿੰਤੂ-ਪ੍ਰੰਤੂ ਕਰਕੇ ਸਿੱਧ ਕਰ ਦਿੱਤਾ ਹੈ ਕਿ ਇਨਾਂ ਲੋਕਾਂ ਨੂੰ ਸਰਕਾਰੀ ਕੰਮਾਂ ਦੀ ਸਮਝ ਨਹੀਂ। ਉਨਾਂ ਕਾਂਗਰਸ ਵਾਲਿਆਂ ਨੂੰ ਵੀ ਲੰਮੇ ਹੱਥੀਂ ਲਿਆ ਤੇ ਆਖਿਆ ਕਿ ਕੈਪਟਨ ਅਮਰਿੰਦਰ ਦੇ ਪਾਰਟੀ ਵਾਲੇ ਹੀ ਉਸਨੂੰ ''ਕੈਪਟਨ'' ਨਹੀਂ ਮੰਨਦੇ।
ਕੋਈ ਵਿਦੇਸ਼ਾਂ ਤੋਂ ਫੰਡ ਮੰਗਵਾਉਣ ਦਾ ਮਾਹਰ ਹੈ ਅਤੇ ਕੋਈ ਕਾਲੀ ਕਮਾਈ ਕਰਕੇ ਵਿਦੇਸ਼ਾਂ 'ਚ ਫੰਡ ਭੇਜਣ ਦਾ ਮਾਹਰ ਆ। ਇਹ ਤਾਂ ਭਾਈ ਮਦਾਰੀ ਦੇ ਹੱਥਾਂ ਦੀ ਖੇਡ ਆ। ਡੁਗਡੁਗੀ ਵਜਾਕੇ ਪੰਜਾਬ 'ਚ ਨੇਤਾ ਲੋਕ ਮਦਾਰੀ ਦੀ ਖੇਡ, ਖੇਡ ਰਹੇ ਆ। ਕਿਹੜਾ ਲੋਕਾਂ ਦੇ ਅੱਖੀ ਘੱਟਾ ਪਾਕੇ ਕੁਰਸੀ ਹਥਿਆਊ ਇਹ ਤਾਂ ਮਦਾਰੀ ਦੇ ਖੇਡ ਦੀ ਕਰਾਮਾਤ 'ਤੇ ਨਿਰਭਰ ਆ। ਉਂਜ ਅਕਾਲੀਓ, ਦੱਸ ਸਾਲ ਹੋਗੇ ਕੁਰਸੀ 'ਤੇ ਬੈਠਿਆਂ, ਰਤਾ ਦੂਜਿਆਂ ਨੂੰ ਮੌਕਾ ਦੇ ਦਿਉ, ਉਹ ਵੀ ਚੱਖ ਲੈਣ ਕੁਰਸੀ ਦਾ ਸੁਆਦ। ਲਾ ਲੈਣ ਠੌਂਕੇ, ਨੱਪ ਲੈਣ ਕੀਲੀ। ਉਂਜ ਕੁਰਸੀ 'ਤੇ ਅਕਾਲੀਓ ''ਆਪ'' ਬੈਠੋ, ਜਾਂ ਕੈਪਟਨ ਜੀ ''ਆਪ'' ਬੈਠੋ ਜਾਂ ''ਆਪ'' ਜੀ ਆਪ ਬੈਠੋ , ਰੋਟੀ ਦੇ ਟੁੱਕ ਲਈ ''ਆਪਾਂ'' ਤਾਂ ਆਪ ਹੀ ਭੱਠ ਹੀ ਝੋਕਣਾ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਪਿਛਲੇ 21 ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਜਨ-ਧਨ ਯੋਜਨਾ ਵਿੱਚ ਹਰੇਕ ਖਾਤੇ ਜਮਾਂ ਧੰਨ ਵਿੱਚ 118 ਪ੍ਰਤੀਸ਼ਤ ਦਾ ਵਾਧਾ ਹੋਇਆ। ਮਈ 2016 ਵਿੱਚ ਇਨਾਂ ਖਾਤਿਆਂ ਵਿੱਚ 38,048 ਕਰੋੜ ਰੁਪਏ ਜਮਾਂ ਸਨ।
• ਭਾਰਤ ਦੇ ਹਰੇਕ ਸਾਂਸਦ ਉੱਤੇ ਪ੍ਰਤੀ ਮਹੀਨੇ 2 ਲੱਖ 17 ਹਜ਼ਾਰ ਰੁਪਏ ਖਰਚ ਹੁੰਦੇ ਹਨ, ਜਦਕਿ ਉਨਾਂ ਦੀ ਤਨਖਾਹ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।
ਇੱਕ ਵਿਚਾਰ
ਕੰਧਾਂ ਨੂੰ ਪਿੱਟਣ ਵਿੱਚ ਸਮਾਂ ਬਰਬਾਦ ਨਾ ਕਰੋ, ਇਨਾਂ ਨੂੰ ਇੱਕ ਦਰਵਾਜ਼ੇ 'ਚ ਬਦਲਣ ਦੀ ਕੋਸ਼ਿਸ਼ ਕਰੋ- ਕੋਕੋ ਚੈਨਲ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.