ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ....
ਪਾਤਰ ਦੀਆਂ ਇਹ ਸਤਰਾਂ ਉਸਤੇ ਹੀ ਐਨ ਢੁਕਦੀਆਂ ਨੇ . ਉਹ ਮਸ਼ਾਲ ਬਣ ਕੇ ਜਾਗਿਆ ਵੀ ਤੇ ਉਹ ਜੀਵਿਆ ਤਾਂ ਬੇਮਿਸਾਲ ਬਣਕੇ .
ਯੁੱਗ ਪੁਰਸ਼ ਸ਼ਹਿਰ , ਕਵੀ ਸਾਹਿਤਕਾਰ , ਲੇਖਕ, 7ਵੇਂ ਦਹਾਕੇ ਤੋਂ ਪੰਜਾਬੀ ਜਗਤ ਦੇ ਚਮਕਦੇ ਹੀਰੇ ਅਤੇ ਇਕ ਨਫ਼ੀਸ ਅਤੇ ਨੇਕ ਦਿਲ ਇਨਸਾਨ ਸੁਰਜੀਤ ਪਾਤਰ ਦੇ ਫ਼ਾਨੀ ਸਰੀਰ ਨੂੰ ਅਲਵਿਦਾ ਕਹਿਣ ਵਾਲੇ ਹਜ਼ਾਰਾਂ ਲੋਕਾਂ ਵਿਚ ਅੱਜ ਮੈਂ ਵੀ ਸ਼ਾਮਲ ਸੀ. ਮੁਲਕ ਭਰ ਵਿਚੋਂ ਪਾਤਰ ਦੇ ਸਕੇ-ਸਬੰਧੀ , ਦੋਸਤ ਮਿੱਤਰ , ਪ੍ਰੇਮੀ, ਪ੍ਰਸੰਸਕ, ਕਿਸੇ ਨਾ ਕਿਸੇ ਰੂਪ ਵਿਚ ਪਾਤਰ ਦਾ ਨਿੱਘਾ ਸਾਥ ਮਾਣਨ ਵਾਲੇ, ਉਨ੍ਹਾਂ ਦੀ ਸ਼ਾਇਰੀ ਦੇ ਕਾਇਲ ਅਤੇ ਇਸ ਦੌਰ ਦੇ ਨਜ਼ਮ/ ਗ਼ਜ਼ਲ ਗੁਰੂ ਮੰਨਣ ਵਾਲੇ ਅਤੇ ਵੱਖ ਵੱਖ ਵਰਗਾਂ ਦੇ ਹੋਰ ਲੋਕ ਆਪਣੀਆਂ ਸਿੱਲ੍ਹੀਆਂ ਅੱਖਾਂ ਨਾਲ ਆਖ਼ਰੀ ਝਲਕ ਦੇਖਣ ਅਤੇ ਅਲਵਿਦਾ ਕਹਿਣ ਲਈ ਹਾਜ਼ਰ ਸਨ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜਿਸ ਅਪਣੱਤ , ਸ਼ਿੱਦਤ ਅਤੇ ਜਜ਼ਬਾਤੀ ਮਨ ਅਤੇ ਸਿੱਲ੍ਹੀਆਂ ਅੱਖਾਂ ਨਾਲ ਸੁਰਜੀਤ ਪਾਤਰ ਨੂੰ ਆਖ਼ਰੀ ਵਿਦਾਇਗੀ ਦੇਣ ਲਈ ਸ਼ਾਮਲ ਹੋਏ, ਪਾਤਰ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਵਿਛੜੇ ਨੇਤਾ ਪ੍ਰਤੀ ਮਾਣ-ਸਤਿਕਾਰ ਦਿਖਾਇਆ ਉਹ ਕਿਸੇ ਮੁੱਖ ਮੰਤਰੀ ਜਾਂ ਸਿਆਸੀ ਨੇਤਾ ਤੋਂ ਕਿਤੇ ਉੱਪਰ ਅਤੇ ਵੱਖਰਾ ਸੀ.
ਵੈਸੇ ਭਗਵੰਤ ਮਾਨ ਦਾ ਇਸ ਪੱਖੋਂ ਨਵੇਕਲਾ ਰਿਕਾਰਡ ਹੈ .ਉਹ 2004 ਵਿਚ ਫ਼ਲਸਤੀਨੀ ਨੇਤਾ ਯਾਸਰ ਅਰਾਫਾਤ ਦੇ ਜਨਾਜ਼ੇ ਵਿਚ ਵਿਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ Mukaata ਦੇ ਸਥਾਨ ਤੇ ਉਨ੍ਹਾਂ ਨੂੰ ਦਫ਼ਨਾਇਆ ਗਿਆ ਸੀ .ਭਗਵੰਤ ਮਾਨ ਨੇ ਕੁਝ ਵਰ੍ਹੇ ਪਹਿਲਾਂ ਇੱਕ ਦਿਨ ਕੈਨੇਡਾ ਵਾਲੇ ਇਕਬਾਲ ਮਾਹਲ ਨਾਲ ਬੈਠੀਆਂ ਸਾਨੂੰ ਸੁਣਾਈ ਸੀ ਕਿ ਕਿਵੇਂ ਉਨ੍ਹਾਂ ਦੇ ਮਨ ਚਾਹੀਦਾ ਖ਼ਿਆਲ ਆਇਆ ਅਤੇ ਕਿਵੇਂ ਉਹ ਇਸ ਜਨਾਜ਼ੇ ਵਿਚ ਸ਼ਾਮਲ ਹੋਏ . ਸ਼ਾਇਦ ਭਾਰਤ ਵਿਚੋਂ ਉਹ ਇੱਕੋ ਇੱਕ ਬੰਦੇ ਸਨ ਜੋ ਆਪਣੇ ਤੌਰ ਤੇ ਜ਼ਾਤੀ ਰੂਪ ਵਿਚ ਅਰਾਫਾਤ ਦੇ ਜਨਾਜ਼ੇ ਚ ਸ਼ਾਮਲ ਹੋਏ ਸਨ .
ਪਾਤਰ ਦਾ ਅੰਤਿਮ ਸਸਕਾਰ ਭਗਵੰਤ ਸਰਕਾਰ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਤਾਂ ਮੇਰੇ ਲੰਮੇ ਸਮੇਂ ਦੇ ਸਾਥੀ ਸੀਨੀਅਰ ਪੱਤਰਕਾਰ ਦਰਸ਼ਨ ਮੱਕੜ ਪੁੱਛ ਰਹੇ ਸੀ ਕਿ ਇਸ ਤੋਂ ਪਹਿਲਾਂ ਕਿਸੇ ਸਾਹਿਤਕਾਰ ਜਾਂ ਕਵੀ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਹੋਇਆ ਸੀ ਕਿ ਨਹੀਂ ? ਮੇਰਾ ਜਵਾਬ ਸੀ ਯਾਦ ਨਹੀਂ .ਬਾਅਦ ਚ ਗੁਰਭਜਨ ਗਿੱਲ ਨੇ ਦੱਸਿਆ ਕਿ ਪ੍ਰੋ ਮੋਹਨ ਸਿੰਘ ਦਾ ਅੰਤਿਮ ਸਸਕਾਰ ਵੀ ਸਰਕਾਰੀ ਸਨਮਾਨਾਂ ਨਾਲ ਹੋਇਆ ਸੀ । ਸ਼ਾਇਦ ਹੋਰ ਅਦੀਬਾਂ ਦੇ ਨਾਂ ਵੀ ਇਸ ਲਿਸਟ ਵਿੱਚ ਹੋਣ .
ਉਂਝ ਸਿਆਸਤਦਾਨ ਵਿਰਲੇ ਟਾਂਵੇਂ ਹੀ ਦਿਖਾਏ ਦਿੱਤੇ ਕਿਉਂਕਿ ਬਹੁਤੇ ਤਾਂ ਸਿਆਸੀ ਦੰਗਲ 'ਚ ਮਾਰ-ਮਰਾਈ ਤੇ ਲੱਗੇ ਹੋਏ ਹਨ ਤੇ ਕੁਝ ਕੁ ਨਾਮਜ਼ਦਗੀਆਂ 'ਚ ਉਲਝੇ ਹੋਏ ਸਨ .
ਸੁਰਜੀਤ ਪਾਤਰ 10 ਮਈ ਨੂੰ ਦੇਰ ਰਾਤ ਤੱਕ ਚੰਗੇ ਭਲੇ ਚਲਦੇ ਫਿਰਦੇ , ਲੋਕਾਂ ਨੂੰ ਮਿਲਦੇ ਗਿਲਦੇ ਅਤੇ ਆਪਣੀ ਸ਼ਾਇਰੀ ਅਤੇ ਕਾਬਲੀਅਤ ਦੇ ਰੰਗ-ਬਖੇਰਦੇ ਰਹੇ ਪਰ ਸੁੱਤੇ ਪਏ ਹੀ ਅਚਾਨਕ ਵਿਛੋੜਾ ਦੇ ਗਏ,ਇਹ ਦਰਦ ਅਤੇ ਦੁੱਖ ਸਭ ਦੇ ਚਿਹਰਿਆਂ ਤੋਂ ਅਤੇ ਗੱਲਬਾਤ ਤੋਂ ਦਿਖਾਈ ਦਿੰਦਾ ਸੀ . ਹਰੇਕ ਨੇ ਆਪਣੇ ਆਪਣੇ ਹਿਸਾਬ ਨਾਲ ਅਫ਼ਸੋਸ ਅਤੇ ਪੀੜ ਦਾ ਇਜ਼ਹਾਰ ਕੀਤਾ.
.ਬਹੁਤ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਚ ਪਾਤਰ ਨਾਲ ਮੇਰਾ ਵੀ ਮਿਲਾਪ ਹੁੰਦਾ ਰਿਹਾ, ਕਦੇ ਕਵੀ ਦਰਬਾਰਾਂ ਵਿਚ , ਕਦੇ ਸਾਹਿਤ ਸਮਾਗਮਾਂ ਵਿਚ ਕਦੇ ਵਿਆਹ ਸ਼ਾਦੀਆਂ ਤੇ ਹੋ ਸਮਾਜਿਕ ਇਕੱਠਾਂ ਵਿਚ ਅਤੇ ਕੁਝ ਮੌਕਿਆਂ ਤੇ ਜਰਨਲਿਸਟ ਵਜੋਂ ਰਸਮੀ ਜਾਂ ਗੈਰ-ਰਸਮੀ ਵੀਡੀਓ ਟਾਕ ਦੇ ਰੂਪ ਵਿਚ. 2014 ਦੀਆਂ ਲੋਕ ਸਭਾ ਚੋਣਾਂ ਦੌੜਾਂ PTC News ਲਈ ਇਹ ਜਾਣਨ ਲਈ ਇੰਟਰਵਿਊ ਕੀਤੀ ਸੀ ਕਿ ਚੋਣਾਂ ਦੇ ਸਿਆਸੀ ਮਾਹੌਲ ਬਾਰੇ ਇੱਕ ਨਾਮਵਰ ਸ਼ਾਇਰ ਦੇ ਕੀ ਵਿਚਾਰ ਨੇ .
ਉਨ੍ਹਾਂ ਨਾਲ ਮੈਂ ਆਖ਼ਰੀ ਆਨਲਾਈਨ ਵੀਡੀਓ ਇੰਟਰਵਿਊ ਫਰਵਰੀ 2023 ਵਿਚ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਸਫ਼ਰ ਦੇ ਅਜਿਹੇ ਵਰਕੇ ਵੀ ਫਰੋਲੇ ਸਨ ਜਿਹੜੇ ਪਹਿਲਾਂ ਬੰਦ ਰਹੇ ਸਨ .ਇਸ ਮੌਕੇ ਮੈਂ ਉਨ੍ਹਾਂ ਨੂੰ ਆਪਣੀ ਉਹ ਗੱਲ ਵੀ ਸੁਣਾਈ ਸੀ ਸੱਤਵੇਂ ਦਹਾਕੇ ਵਿਚ ਮੈਂ ਅਤੇ ਮੇਰੇ ਉਸ ਵੇਲੇ ਦੇ ਸਾਥੀ PSU ਨੇਤਾ ਸਵਰਗੀ ਪ੍ਰਿਥੀਪਾਲ ਸਿੰਘ ਰੰਧਾਵਾ ਨੇ ਪਾਤਰ ਦੀ ਪਹਿਲੀ ਨਜ਼ਮ ਕਦੋਂ ਅਤੇ ਕਿੱਥੇ ਸੁਣੀ ਸੀ .
05 ਮਈ, 2024 ਨੂੰ ਚੰਡੀਗੜ੍ਹ ਵਿਚ ਸ਼ਿਵ ਕੁਮਾਰ ਦੇ ਗੀਤਾਂ ਦੀ ਐਲਬਮ ਦੇ ਲਾਂਚ ਮੌਕੇ ਜਦੋਂ ਮੇਰੇ ਸਾਥੀ ਮੀਡੀਆ ਕਰਮੀਂ ਨੇ ਚੋਣਾਂ ਬਾਰੇ ਸਵਾਲ ਪੁੱਛ ਲਿਆ ਤਾਂ ਪਾਤਰ ਨੇ ਆਪਣੀ ਇਕ ਪੁਰਾਣੀ ਨਜ਼ਮ ਦੇ ਇਸ ਸ਼ੇਅਰ ਰਾਹੀਂ ਜਵਾਬ ਦਿੱਤਾ ਸੀ ,
"ਡੂੰਘੇ ਵੈਣਾਂ ਦਾ ਕੀ ਮਿਣਨਾ ,
ਵਕਤ ਦੇ ਪਾਵੇ ਗਿਣੀਏ ,
ਜਦ ਤੱਕ ਉਹ ਲਾਸ਼ਾਂ ਗਿਣਦੇ ਨੇ
ਆਪਾਂ ਵੋਟਾਂ ਗਿਣੀਏ
ਚੋਣ ਨਿਸ਼ਾਨ ਸਿਵਾ ਹੈ ਸਾਡਾ
ਇਸ ਨੂੰ ਬੁਝਣ ਨਾ ਦੇਈਏ
ਚੁੱਲ੍ਹਿਆਂ ਵਿਚੋਂ ਕੱਢ ਕੱਢ ਲੱਕੜਾਂ
ਇਸ ਵਿਚ ਦੇਈਏ."
ਉਨ੍ਹਾਂ ਕਿਹਾ ਕਿ "ਸਾਡੀ ਰਾਜਨੀਤੀ ਇੰਨੀ ਗੰਧਲ ਗਈ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਸ਼ਰਮ ਆਉਂਦੀ ਹੈ ਕਿ ਨਹੀਂ ਪਰ ਸਾਨੂੰ ਜ਼ਰੂਰ ਸ਼ਰਮ ਆਉਂਦੀ ਹੈ ਕਿ ਉਹ ਸਾਡੇ Politician ਨੇ "
ਜਦੋਂ ਅਸੀਂ ਇਹ ਵੀਡੀਓ ਆਪਣੇ ਵੈੱਬ ਚੈਨਲ ਤੇ ਅੱਪ ਲੋਡ ਕੀਤੀ ਤਾਂ ਮੈਨੂੰ ਖ਼ਿਆਲ ਆਇਆ ਕਿ 2014 ਵਾਂਗ ਇਸ ਵਾਰ ਵੀ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਮਾਹੌਲ ਬਾਰੇ ਉਨ੍ਹਾਂ ਨਾਲ ਵੀਡੀਓ ਟਾਕ ਕੀਤੀ ਜਾਵੇ . ਮੈਂ ਇਹ ਵੀ ਸੋਚਿਆ ਕਿ ਸ਼ਮਸ਼ੇਰ ਸੰਧੂ ਵਰਗੇ ਅਦੀਬ ਨੂੰ ਵੀ ਨਾਲ ਬਿਠਾ ਕੇ ਕਰਨ.ਮੈਂ ਇਸ ਗੱਲੋਂ ਖ਼ੁਸ਼ਨਸੀਬ ਕੀ ਬਹੁਤ ਹੀ ਨਿੱਘ ਅਤੇ ਅਪਣੱਤ ਜਿਹੀ ਵਾਲਾ ਰਿਸ਼ਤਾ ਸੀ ਪਾਤਰ ਨਾਲ. ਜਦੋਂ ਮਿਲਦੇ ਜੱਫੀ ਪਾ ਕੇ ਮਿਲਦੇ .ਉਹ ਮੇਰੇ ਸਮੇਤ ਲਗਪਗ ਹਰ ਕਿਸੇ ਨੂੰ ਕਦੇ ਵੀ ਗੱਲਬਾਤ ਕਰਨ ਤੋਂ ਅਤੇ ਕਦੇ ਮੀਡੀਆ ਟਾਕ ਤੋਂ ਜਵਾਬ ਹੀ ਸਨ ਤੇ ਨਾ ਹੀ ਸ਼ਾਇਰੀ ਸੁਣਾਉਣ ਤੋਂ ਟਾਲਦੇ ਸੀ.
ਸੋ ਮੈਂ 10 ਮੈਂ ਤੱਕ ਇਕ ਦੋ ਵਾਰ ਪਾਤਰ ਹੁਰਾਂ ਦਾ ਫ਼ੋਨ ਲਾਉਣ ਦਾ ਵੀ ਯਤਨ ਕੀਤਾ ਪਰ ਗੱਲ ਨਹੀਂ ਹੋ ਸਕੀ ਤੇ ਤਿੰਨ ਦਿਨ ਪਹਿਲਾਂ ਇਹ ਭਾਣਾ ਵਾਪਰ ਗਿਆ .
ਰਾਜਨੀਤੀ ਬਾਰੇ , ਹਾਕਮਾਂ ਅਤੇ ਸਰਕਾਰਾਂ ਅਤੇ ਇਨ੍ਹਾਂ ਦੇ ਲੋਕਾਂ ਨਾਲ ਜਬਰ-ਧੱਕੇ ਬਾਰੇ, ਮਾਂ ਬੋਲੀ ਅਤੇ ਸਭਿਆਚਾਰ ਤੇ ਹੁੰਦੇ ਹਮਲਿਆਂ ਬਾਰੇ ਪਾਤਰ ਦੀ ਕਲਮ ਹਮੇਸ਼ਾ ਹੀ ਲੋਕਾਂ- ਹੱਕ ਦੀ ਆਵਾਜ਼ ਬਣਦੀ ਰਹੀ ਹੈ ਭਾਵੇਂ ਇਹ ਚੁੱਭਵੇਂ ਵਿਅੰਗ ਦੇ ਰੂਪ ਚ ਹੋਵੇ ਜਾਂ ਫਿਰ ਸੰਜੀਦਾ ਟੋਨ ਵਿਚ .
ਖ਼ੈਰ, ਸੁਰਜੀਤ ਪਾਤਰ ਇਕ ਲੋਕ ਕਵੀ ਸੀ , ਆਪਣੀ ਰਚਨਾ , ਲੇਖਣੀ, ਸ਼ਾਇਰੀ ਅਤੇ ਸੁਰੀਲੀ ਆਵਾਜ਼ ਦੇ ਜ਼ਰੀਏ ਜੋ ਖ਼ਜ਼ਾਨਾ ਉਹ ਪੰਜਾਬੀ ਜਗਤ ਅਤੇ ਬਾਕੀ ਦੁਨੀਆ ਨੂੰ ਦੇ ਗਏ ਨੇ ਇਸ ਦਾ ਕੋਈ ਸਾਨੀ ਨਹੀਂ ਅਤੇ ਇਸ ਨਾਲ ਉਹ ਹਮੇਸ਼ਾ ਅਮਰ ਰਹਿਣਗੇ .
13 ਮਈ, 2024
-
ਬਲਜੀਤ ਬੱਲੀ, Editor-in-Chief , Babushahi Network, TNM
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.