ਪੰਜਾਬ ਲੋਕ ਸਭਾ ਚੋਣਾਂ-2024, ਸਰਹੱਦੀ ਸੂਬੇ ਪੰਜਾਬ ਲਈ ਇਸ ਵੇਰ ਨਵੇਂ ਤਜ਼ਰਬੇ ਵਜੋਂ ਵੇਖੀਆਂ ਜਾ ਰਹੀਆਂ ਹਨ। ਪਿਛਲਾ ਲੰਮਾ ਸਮਾਂ ਪੰਜਾਬ ਵਿੱਚ ਲੋਕ ਸਭਾ, ਵਿਧਾਨ ਸਭਾ ਚੋਣਾਂ, ਸਿਆਸੀ ਪਾਰਟੀਆਂ ਦੇ ਆਪਸੀ ਗੱਠਜੋੜ ਦਾ ਰਿਹਾ ਹੈ, ਪਰ ਐਤਕਾਂ ਪੰਜਾਬ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਸਿਆਸੀ ਪਾਰਟੀਆਂ ਆਪੋ-ਆਪਣੀ ਤਾਕਤ ਨਾਲ ਲੋਕ ਸਭਾ ਚੋਣਾਂ ਲੜ ਰਹੀਆਂ ਹਨ ਅਤੇ ਹੈਰਾਨੀਜਨਕ ਤਾਂ ਇਹ ਹੈ ਕਿ ਲਗਭਗ ਸੱਭੋ ਪਾਰਟੀਆਂ 13-0 ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ।
ਪੰਜਾਬ ਵਿੱਚ ਰਾਸ਼ਟਰੀ, ਇਲਾਕਾਈ, ਰਿਵਾਇਤੀ, ਗੈਰ-ਰਿਵਾਇਤੀ, ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੀਆਂ ਜਾਂ ਕਾਗਜ਼ੀ ਪਾਰਟੀਆਂ ਚੋਣ ਮੈਦਾਨ ਵਿੱਚ ਹਨ। ਸਿਆਸੀ ਪਾਰਟੀਆਂ ਦੇ ਰੰਗ-ਬਰੰਗੇ ਬਿਆਨ ਪੜ੍ਹਨ ਨੂੰ ਮਿਲ ਰਹੇ ਹਨ। ਕਿਧਰੇ-ਕਿਧਰੇ "ਲੋਕਾਂ ਦੀ ਗੱਲ" ਕਰਨ ਵਾਲੇ ਬਿਆਨ ਵੀ ਦਿੱਸਦੇ ਹਨ, ਪਰ ਬਹੁਤਾਤ ਉਹਨਾ ਬਿਆਨਾਂ, ਭਾਸ਼ਣਾ ਦੀ ਹੈ, ਜਿਹਨਾ ਵਿੱਚ ਇਹ ਸਿਆਸੀ ਨੇਤਾ ਇੱਕ-ਦੂਜੇ ਨੂੰ ਭੰਡਦੇ ਹਨ, ਇੱਕ-ਦੂਜੇ ਦੇ ਪੋਤੜੇ ਫੋਲਦੇ ਹਨ, ਇੱਕ-ਦੂਜੇ 'ਤੇ ਕਿੱਚੜ ਸੁੱਟਦੇ ਹਨ। ਇੱਕ-ਦੂਜੇ ਦੀ ਬਦਨਾਮੀ ਕਰਦੇ ਹਨ, ਪਰਿਵਾਰਕ ਪਿਛੋਕੜ ਨਿੰਦਦੇ ਹਨ ਅਤੇ ਕਈ ਵੇਰ ਵਿਰੋਧੀ ਧਿਰ ਵਾਲੇ ਇਹੋ ਜਿਹੇ ਪੱਖ ਲੋਕਾਂ ਸਾਹਵੇਂ ਲੈ ਆਉਂਦੇ ਹਨ, ਜਿਹਨਾ ਦਾ ਸੰਬੰਧਤ ਉਮੀਦਵਾਰਾਂ ਨੂੰ ਵੀ ਪਤਾ ਨਹੀਂ ਹੁੰਦਾ।
ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਗੰਭੀਰਤਾ ਨਾਲ ਨਹੀਂ ਕਰ ਰਿਹਾ, ਕੋਈ ਪੰਜਾਬ ਨਾਲ ਹੋਈ ਬੇਇਨਸਾਫੀ ਲੋਕਾਂ ਸਾਹਵੇਂ ਨਹੀਂ ਲਿਆ ਰਿਹਾ। ਕੋਈ ਉਜੜ ਰਹੇ ਪੰਜਾਬ ਨੂੰ ਥਾਂ-ਸਿਰ ਕਿਵੇਂ ਲਿਆਉਣਾ ਹੈ, ਬਾਰੇ ਆਪਣਾ ਰੋਡ ਮੈਪ ਨਹੀਂ ਦੱਸ ਰਿਹਾ। ਸਿਰਫ਼ ਆਪੋ-ਧਾਪੀ ਦਾ ਮਾਹੌਲ ਬਣਿਆ ਹੋਇਆ ਹੈ। ਕਿਧਰੇ-ਕਿਧਰੇ ਕੋਈ ਸੰਜੀਦਾ ਉਮੀਦਵਾਰ, ਜਾਂ ਸਿਆਸੀ ਪਾਰਟੀ ਲੋਕ ਮੁੱਦਿਆਂ ਦੀ ਬਾਤ ਪਾਉਂਦੀ ਹੈ, ਕਿਸਾਨਾਂ , ਮੁਲਾਜ਼ਮਾਂ ਦਾ ਦਰਦ ਬਿਆਨਦੀ ਹੈ, ਪਰ ਨਗਾਰੇ 'ਚ ਤੂਤੀ ਦੀ ਅਵਾਜ਼ ਇੰਨੀ ਧੀਮੀ ਹੈ ਕਿ ਕੁਝ ਹੋਰ ਸੁਣਦਾ ਹੀ ਨਹੀਂ।
ਇੱਕ ਪੱਖ ਜਿਹੜਾ ਪੰਜਾਬ ਦੇ ਲੋਕਾਂ ਲਈ ਉਤਸ਼ਾਹਤ ਕਰਨ ਵਾਲਾ ਹੈ, ਉਹ ਇਹ ਹੈ ਕਿ ਪਿੰਡਾਂ 'ਚ ਕਿਸਾਨ, ਮਜ਼ਦੂਰ, ਚੋਣਾਂ 'ਚ ਖੜੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਲੱਗ ਪਏ ਹਨ। ਉਹਨਾ ਨੂੰ ਘੇਰਦੇ ਹਨ। ਉਹ ਲੋਕ ਜਿਹੜੇ ਪਾਰਟੀਆਂ ਦੇ ਉਮੀਦਵਾਰਾਂ ਦੇ ਇਕੱਠਾਂ 'ਚ ਮੂਕ-ਦਰਸ਼ਕ ਬਣੇ ਦਿਖਦੇ ਸਨ, ਹਰ ਘਰ, ਜਾਂ ਪਿੰਡ ਆਏ ਉਮੀਦਵਾਰ ਨੂੰ ਉਹਨਾ ਵਾਂਗਰ ਹੀ ਲਾਰਾ ਲੱਪਾ ਲਾਕੇ ਕਹਿੰਦੇ ਸਨ, "ਤੁਹਾਡੀ ਹੀ ਵੋਟ ਹੈ" ਉਹ ਹੁਣ ਮੂੰਹ 'ਤੇ ਹੀ ਕਹਿਣ ਲੱਗੇ ਹਨ ਕਿ ਉਹਨਾ ਨੂੰ ਅੰਦੋਲਨਾਂ 'ਚ ਪਈਆਂ ਲਾਠੀਆਂ ਦਾ ਹਿਸਾਬ ਚਾਹੀਦਾ ਹੈ। ਸ਼ਹੀਦ ਹੋਏ ਸਾਥੀਆਂ ਦਾ ਕੀ ਕਸੂਰ ਸੀ, ਉਹ ਪੁੱਛਣ ਲੱਗੇ ਹਨ। ਚੁੱਪ ਦੀ ਗਾਥਾ ਜਿਹੜੀ ਉਹ ਵਰ੍ਹਿਆਂ ਬੱਧੀ ਸੀਨੇ 'ਚ ਲਕੋਈ ਬੈਠੇ ਸਨ, ਉਹ ਇੱਕ ਚੀਖ ਬਣੀ, ਇੱਕ ਦਹਾੜ ਬਣੀ ਦਿਖਾਈ ਦੇ ਰਹੀ ਹੈ।
ਦੇਸ਼ ਦੇ ਵੱਡੇ ਹਾਕਮਾਂ ਨੇ ਪੰਜਾਬ ਨੂੰ ਅਣਦਿਖਵੇਂ ਢੰਗ ਨਾਲ ਆਪਣੇ ਸ਼ਿਕੰਜੇ ਕੱਸਣ ਦਾ ਦੌਰ ਚਲਾਇਆ ਹੈ। ਕੇਂਦਰੀ ਗ੍ਰਾਂਟਾਂ ਰੋਕਕੇ ਪੰਜਾਬ ਦੇ ਵਿਕਾਸ ਦਾ ਰੰਗ ਫਿੱਕਾ ਪਾਉਣ ਦਾ ਯਤਨ ਹੋਇਆ ਹੈ। ਵੱਡੀ ਪੱਧਰ 'ਤੇ ਦਲ ਬਦਲ ਨੇ ਜਿਵੇਂ ਪੰਜਾਬੀਆਂ ਦੀ ਅਣਖ ਨੂੰ ਖੋਰਾ ਲਾ ਦਿੱਤਾ ਹੈ। ਜਿਵੇਂ ਪੰਜਾਬ ਨੂੰ ਕਦੇ ਕੁੜੀਮਾਰਾਂ ਵਜੋਂ ਬਦਨਾਮ ਕੀਤਾ ਗਿਆ। ਨਸ਼ੱਈਆਂ ਵਜੋਂ ਉਹਨਾ ਦੀ ਦਿੱਖ ਵਿਗਾੜਨ ਦਾ ਕੋਝਾ ਯਤਨ ਹੋਇਆ। ਕਿਸਾਨ ਅੰਦੋਲਨ ਨੂੰ "ਖਾਲਿਸਤਾਨੀ" ਅੰਦੋਲਨ ਗਰਦਾਨਣ ਦੀ ਕੋਸ਼ਿਸ਼ ਹੋਈ, ਉਵੇਂ ਹੀ ਤਾਕਤ ਹਥਿਆਉਣ ਦੀ ਖਾਤਰ, ਪੰਜਾਬ ਨੂੰ ਕਾਬੂ ਕਰਨ ਦੀ ਖਾਤਰ ਨੇਤਾਵਾਂ ਨੂੰ ਹਰ ਹੀਲਾ ਵਸੀਲਾ ਵਰਤਕੇ ਦਲ-ਬਦਲ ਦੇ ਰਾਹ ਪਾ ਦਿੱਤਾ ਗਿਆ।
ਸਾਬਕਾ ਮੁੱਖ ਮੰਤਰੀ, ਪਾਰਟੀ ਦੇ ਪ੍ਰਧਾਨ, ਸਾਬਕਾ ਐਮ.ਪੀ., ਸਾਬਕਾ ਵਿਧਾਇਕ, ਪਾਰਟੀ ਕਾਰਕੁਨ ਇਸੇ ਰਾਹ ਤੋਰ ਦਿੱਤੇ ਗਏ। ਸਿਰਫ਼ ਕੇਂਦਰੀ ਹਾਕਮਾਂ ਨੇ ਹੀ ਨਹੀਂ, ਸਗੋਂ ਸੂਬੇ ਦੇ ਹਾਕਮਾਂ ਅਤੇ ਦੂਜੀਆਂ ਸਿਆਸੀ ਧਿਰਾਂ ਨੇ ਵੀ ਇਹੋ ਖੇਡ ਖੇਡੀ। ਅੱਜ ਜੇਕਰ ਕੋਈ ਅਕਾਲੀ ਸੀ, ਕੱਲ ਭਾਜਪਾਈ ਜਾ ਬਣਿਆ। ਅੱਜ ਜੇਕਰ ਕੋਈ ਕਾਂਗਰਸੀ ਸੀ ਉਹ "ਆਪ" ਨਾਲ ਜਾ ਰਲਿਆ। ਅੱਜ ਕੋਈ "ਆਪ" 'ਚ ਸੀ, ਉਹ ਭਾਜਪਾ ਦੇ ਦਰ ਜਾ ਬੈਠਾ। ਲੋਕ ਸਭਾ ਉਮੀਦਵਾਰ ਦੀ ਖੇਡ ਵਿੱਚ ਐਡੀ ਵੱਡੀ ਦਲ-ਬਦਲੀ ਖੇਡ, ਜੋ ਪੰਜਾਬ 'ਚ ਖੇਡੀ ਗਈ, ਮੁਲਕ ਦੇ ਕਿਸੇ ਹੋਰ ਹਿੱਸੇ 'ਚ ਨਹੀਂ ਖੇਡੀ ਗਈ। ਦਲ-ਬਦਲੂਆਂ ਨੇ ਨੈਤਿਕਤਾ ਨੂੰ ਪੱਲਿਓਂ ਛੱਡ ਦਿੱਤਾ। ਅਸੂਲਾਂ ਨੂੰ ਤਿਲਾਂਜਲੀ ਦੇ ਦਿੱਤੀ। ਸਿਰਫ਼ ਆਪਣੀ ਕੁਰਸੀ ਨੂੰ ਹੀ ਅਹਿਮੀਅਤ ਦੇ ਦਿੱਤੀ।
ਇਸ ਸਭ ਕੁਝ ਦੇ ਵਿਚਕਾਰ ਪੰਜਾਬ ਦੇ ਵੋਟਰ ਸ਼ਸ਼ੋਪੰਜ ਵਿੱਚ ਪੈ ਗਏ। ਉਹ ਜਿਹੜੇ ਪਿੰਡਾਂ 'ਚ ਕਾਂਗਰਸੀ ਸਨ, ਭਾਜਪਾ ਨੂੰ ਗਾਲਾਂ ਕੱਢਦੇ ਸਨ, ਆਪਣੇ ਕਾਂਗਰਸੀ ਆਕਾ ਦੇ ਦਲ ਬਦਲਣ ਨਾਲ ਭਾਜਪਾਈ ਕਿਵੇਂ ਬਨਣ, ਜਿਹਨਾ ਨੂੰ ਉਹ ਗਾਲਾਂ ਕੱਢਿਆ ਕਰਦੇ ਸਨ? ਉਹ ਪੇਂਡੂ ਅਕਾਲੀ, ਜਿਹੜੇ ਆਪ ਵਾਲਿਆਂ ਨੂੰ ਸ਼ਰੇ ਬਜ਼ਾਰ ਨਿੰਦਦੇ ਸਨ, ਆਪਣੇ ਆਕਾ ਵਲੋਂ ਆਪ ਵਾਲਿਆਂ ਦਾ ਲੜ ਫੜੇ ਜਾਣ 'ਤੇ ਕਿਹੋ ਜਿਹਾ ਮਹਿਸੂਸ ਕਰਦੇ ਹਨ, ਇਹ ਤਾਂ ਉਹ ਹੀ ਜਾਣ ਸਕਦੇ ਹਨ। ਨੇਤਾ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਪਰ ਇੱਕ ਗੱਲ ਸਾਫ ਹੋਈ ਦਿਸਦੀ ਹੈ ਕਿ ਆਮ ਲੋਕਾਂ ਦਾ "ਨੇਤਾਵਾਂ " ਉਤੇ ਵਿਸ਼ਵਾਸ ਡਗਮਗਾ ਗਿਆ ਹੈ। ਉਹਨਾ ਵਿੱਚ ਮਾਯੂਸੀ ਦਿੱਖ ਰਹੀ ਹੈ। ਖ਼ਾਸ ਕਰਕੇ ਪਿੰਡਾਂ 'ਚ ਇਹੋ ਜਿਹੇ ਦਲ-ਬਦਲੂਆਂ ਦੇ ਇਕੱਠਾਂ 'ਚ ਭੀੜ ਘੱਟ ਗਈ ਹੈ। ਇਹ ਅਸਲ ਅਰਥਾਂ 'ਚ ਲੋਕਤੰਤਰੀ ਕਦਰਾਂ ਕੀਮਤਾਂ ਦਾ ਇੱਕ ਕਿਸਮ ਦਾ ਘਾਣ ਹੋਇਆ ਹੈ, ਜਿਸਨੂੰ ਪੰਜਾਬ ਦੇ ਲੋਕਾਂ ਨੇ ਮਨੋਂ ਜੀਅ ਆਇਆਂ ਨਹੀਂ ਆਖਿਆ।
ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਇੱਕ ਧਿਰ ਭਾਜਪਾ ਉਤਸ਼ਾਹਤ ਹੋਕੇ 1 3 ਸੀਟਾਂ ਉਤੇ ਚੋਣ ਲੜ ਰਹੀ ਹੈ। ਦੂਜੀ ਧਿਰ ਅਕਾਲੀ ਦਲ (ਬਾਦਲ) ਵਾਲੇ ਵੱਖਰੇ ਸਾਰੀਆਂ ਸੀਟਾਂ ਲੜ ਰਹੇ ਹਨ। ਅਕਾਲੀ ਦਲ (ਮਾਨ) ਤੋਂ ਇਲਾਕਾ ਪੰਥਕ ਦਲ ਵੀ ਆਪਣੇ ਉਮੀਦਵਾਰ ਖੜੇ ਕਰ ਰਿਹਾ ਹੈ। ਕਾਂਗਰਸ ਵੀ ਸਾਰੀਆਂ ਸੀਟਾਂ ਤੇ ਜ਼ੋਰ ਅਜ਼ਮਾਈ ਕਰ ਰਹੀ ਹੈ। "ਆਪ" ਨੇ ਸਾਰੀਆਂ ਸੀਟਾਂ 'ਤੇ ਸਿਰ ਧੜ ਦੀ ਬਾਜੀ ਲਾਈ ਹੋਈ ਹੈ। ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਖੱਬੀਆਂ ਧਿਰਾਂ, ਕਮਿਊਨਿਸਟ ਪਾਰਟੀਆਂ ਆਪਣੇ ਉਮੀਦਵਾਰ ਖੜੇ ਕਰ ਚੁੱਕੀਆਂ ਹਨ। ਗੱਲ ਕੀ ਪੰਜਾਬ 'ਚ ਐਂਤਕੀ ਪਹਿਲੀ ਵੇਰ ਚਾਰ ਕੋਨੀ, ਜਾਂ ਪੰਜ ਕੋਨੀ, ਟੱਕਰ ਵੇਖਣ ਨੂੰ ਮਿਲੇਗੀ। ਪਰ ਇੱਕ ਗੱਲ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਕਹਿੰਦੀਆਂ ਕਹਾਉਂਦੀਆਂ ਸਿਆਸੀ ਪਾਰਟੀਆਂ ਜਿਹੜੀ ਔਰਤਾਂ ਨੂੰ ਸਿਆਸਤ ਵਿੱਚ ਬਰਾਬਰ ਦਾ ਭਾਈਵਾਲ ਹੋਣ ਦਾ ਦਾਅਵਾ ਕਰਦੀਆਂ ਹਨ, ਉਹਨਾ ਨੂੰ ਟਿਕਟਾਂ 'ਚ ਵਾਜਬ ਨੁਮਾਇੰਦਗੀ ਨਹੀਂ ਮਿਲੀ।ਕਾਂਗਰਸ ਨੇ ਦੋ ਔਰਤਾਂ, ਹੁਸ਼ਿਆਰਪੁਰ ਤੋਂ ਯਾਮਨੀ ਗੂਮਰ, ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ, ਭਾਜਪਾ ਨੇ ਤਿੰਨ ਔਰਤਾਂ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ, ਪਟਿਆਲਾ ਤੋਂ ਪਰਨੀਤ ਕੌਰ ਨੂੰ ਲੋਕ ਸਭਾ ਚੋਣਾਂ 'ਚ ਉਮੀਦਵਾਰ ਬਣਾਇਆ ਅਤੇ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਲੋਕ ਸਭਾ ਚੋਣਾਂ 'ਚ ਉਮੀਦਵਾਰ ਨਹੀਂ ਬਣਾਇਆ।
ਇਸ ਤੋਂ ਵੀ ਵੱਡੀ ਗੱਲ ਵੇਖਣ ਵਾਲੀ ਇਹ ਹੈ ਕਿ ਪਾਰਟੀਆਂ ਦੇ ਬਹੁਤੇ ਉਮੀਦਵਾਰਾਂ ਵਿੱਚ ਸਧਾਰਨ ਉਮੀਦਵਾਰਾਂ ਦੀ ਕਮੀ ਹੈ। ਬਹੁਤੇ ਵੱਡੀਆਂ ਢੁੱਠਾਂ ਵਾਲੇ, ਅਮੀਰ ਕਰੋੜਪਤੀ ਹੀ ਉਮੀਦਵਾਰ ਹਨ। ਇੱਕ ਰਿਪੋਰਟ ਵੇਖੋ। ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ 30.45 ਕਰੋੜ, ਪਟਿਆਲਾ ਤੋਂ ਐਨ.ਕੇ. ਸ਼ਰਮਾ 31.91 ਕਰੋੜ, ਲੁਧਿਆਣਾ ਤੋਂ ਰਵਨੀਤ ਬਿੱਟੂ 5.87 ਕਰੋੜ, ਗੁਰਦਾਸਪੁਰ ਤੋਂ ਸੁਖਵਿੰਦਰ ਸਿੰਘ ਰੰਧਾਵਾ 7.12 ਕਰੋੜ, ਪਟਿਆਲਾ ਤੋਂ ਧਰਮਵੀਰ ਗਾਂਧੀ 8.50 ਕਰੋੜ, ਫਰੀਦਕੋਟ ਤੋਂ ਹੰਸ ਰਾਜ ਹੰਸ 16.33 ਕਰੋੜ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆਂ 1.17 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਇਹ ਕੁਝ ਨੇਤਾਵਾਂ ਦੀ ਜਾਇਦਾਦ ਦੇ ਅੰਕੜੇ ਹਨ, ਜਿਹੜੇ ਉਹਨਾ ਨੇ ਲੋਕ ਸਭਾ ਦੀਆਂ ਚੋਣਾਂ ਵੇਲੇ ਆਪਣੇ ਨਾਮਜ਼ਦਗੀ ਪੱਤਰ ਭਰਨ ਵੇਲੇ, ਵੇਰਵੇ ਵਜੋਂ ਦਿੱਤੇ ਹਨ। ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਨੇਤਾਵਾਂ ਦੀ ਜ਼ਾਇਦਾਦ ਪਿਛਲੀ ਚੋਣਾਂ ਤੋਂ ਹੁਣ ਤੱਕ ਬੇਇੰਤਹਾ ਵਧੀ ਹੈ। ਸਾਫ ਹੈ ਕਿ ਪੰਜਾਬ ਗਰੀਬ ਹੋ ਰਿਹਾ ਹੈ ਅਤੇ ਇਸਦੇ ਨੇਤਾ ਅਮੀਰ ਹੋ ਰਹੇ ਹਨ।
ਪੰਜਾਬ ਵਿੱਚ ਬਾਹਰੀ ਤੌਰ 'ਤੇ ਤਾਂ ਦਿਖਦਾ ਹੈ ਕਿ ਪਾਰਟੀਆਂ ਦੇ ਉਮੀਦਵਾਰਾਂ ਦੇ ਆਪਸੀ ਗਹਿਗੱਚ ਮੁਕਾਬਲੇ ਹੋਣਗੇ। ਪਰ ਕੁਝ ਅਣਦਿਖਦਾ ਪੱਖ ਇਹ ਵੀ ਹੈ ਕਿ ਸਾਬਕਾ ਭਾਈਵਾਲਾਂ ਦੇ ਅੰਦਰੋਗਤੀ ਸਮਝੌਤੇ ਵੀ ਹੋਣਗੇ ਜਾਂ ਪਹਿਲਾਂ ਹੀ ਉਮੀਦਵਾਰ ਖੜੇ ਕਰਨ ਵੇਲੇ, ਜਿੱਤਣ ਵਾਲੇ ਉਮੀਦਵਾਰ ਦੇ ਮੁਕਾਬਲੇ ਸਾਬਕਾ ਭਾਈਵਾਲਾਂ ਵਲੋਂ ਕਮਜ਼ੋਰ ਉਮੀਦਵਾਰ ਖੜੇ ਕੀਤੇ ਹਨ ਅਤੇ ਇਸਦੀ ਚਰਚਾ ਵੀ ਆਮ ਹੈ ਅਤੇ ਅੱਗੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਕੌਣ ਕਿੰਨੀਆਂ ਸੀਟਾਂ ਲੜੇਗਾ ਇਸਦੀ ਚਰਚਾ ਹੁਣੇ ਹੈ।
ਕਾਂਗਰਸ, 'ਆਪ' ਦੇ ਇੰਡੀਆ ਗੱਠਜੋੜ 'ਚ ਭਾਈਵਾਲੀ ਤੇ ਪੰਜਾਬ 'ਚ ਕਾਂਗਰਸ , "ਆਪ" ਵਲੋਂ ਆਪੋ-ਆਪਣੀ ਤਫਲੀ ਵਜਾਉਣਾ ਬਹੁਤੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ । ਜਦੋਂ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰ ਦੇਣਗੇ, ਕੁਝ ਸਥਿਤੀ ਉਸ ਵੇਲੇ ਅਤੇ ਕੁਝ ਚੋਣਾਂ ਤੋਂ ਕੁਝ ਦਿਨ ਪਹਿਲਾ ਸਾਫ਼ ਹੋਏਗੀ ਕਿ ਕੌਣ ਕਿਹੜੀ ਧਿਰ ਨਾਲ ਖੜਦਾ ਹੈ। ਪਰ ਇਸ ਭੰਬਲ ਭੂਸੇ ਵਾਲੀ ਸਥਿਤੀ ਵਿੱਚ ਜਦੋਂ ਕਿ ਭਾਜਪਾ ਦੇ ਉਮੀਦਵਾਰਾਂ ਦਾ ਪਿੰਡਾਂ ‘ਚ ਖਾਸ ਕਰਕੇ ਕਿਸਾਨਾਂ ਵਲੋਂ ਵਿਰੋਧ ਹੋ ਰਿਹਾ ਹੈ, ਕਿਸਾਨ ਕਿਧਰ ਭੁਗਤਣਗੇ, ਇਹ ਆਉਣ ਵਾਲੇ ਸਮੇਂ ‘ਚ ਤਹਿ ਹੋਏਗਾ । ਪਰ ਇਕ ਗੱਲ ਸਾਫ ਦਿਖਣ ਲੱਗੀ ਹੈ ਕਿ ਲੋਕਾਂ ਦਾ ਵੋਟਾਂ ਪਾਉਣ ਵੱਲ ਰੁਝਾਣ ਘਟੇਗਾ ।
ਇੱਕ ਹੋਰ ਪੱਖ ਇਹ ਵੀ ਹੈ ਕਿ ਸਿਆਸੀ ਪਾਰਟੀਆਂ ਵਿੱਚ ਬਾਹਰਲੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਦੀ ਆਮਦ ਨਾਲ ਪਾਰਟੀਆਂ ਦੇ ਕਾਡਰ ਵਿਚ ਨਿਰਾਸ਼ਤਾ ਵੇਖਣ ਨੂੰ ਮਿਲ ਰਹੀ ਹੈ । ਇਹ ਨਿਰਾਸ਼ ਕਾਡਰ ਦੀ ਚੁੱਪੀ ਵੋਟਾਂ ਨੂੰ ਪ੍ਰਭਾਵਤ ਕਰੇਗੀ, ਕਿਉਂਕਿ ਕਿਸੇ ਨਵੇਂ ਨੇਤਾ ਦੀ ਆਮਦ ਪਾਰਟੀ ਵਿੱਚ ਨਵੀਆਂ ਸਮੀਕਰਨਾਂ ਨਵੇਂ ਧੜੇ ਪੈਦਾ ਕਰਦੀ ਹੈ । ਉਂਜ ਵੀ ਜਿਹੜੇ ਲੋਕ ਵਰ੍ਹਿਆਂ ਤੋਂ ਕਿਸੇ ਇਕ ਧਿਰ ਨਾਲ ਖੜਕੇ ਦੂਜੀ ਧਿਰ ਦਾ ਤਿੱਖਾ ਵਿਰੋਧ ਕਰਦੇ ਰਹੇ ਹੋਣ, ਉਹ ਮਾਨਸਿਕ ਤੌਰ ‘ਤੇ ਨਵੀਂ ਧਿਰ ਨਾਲ ਕਿਵੇਂ ਇੱਕ-ਮਿਕ ਹੋ ਸਕਦੇ ਹਨ ?
ਪੰਜਾਬ ‘ਚ ਇਹਨਾਂ ਚੋਣਾਂ ‘ਚ ਇਕ ਨਵਾਂ ਪੱਖ ਸਾਹਮਣੇ ਆ ਰਿਹਾ ਹੈ, ਉਹ ਇਹ ਹੈ ਕਿ ਸੂਬੇ ਦੇ ਵੱਡੇ ਕਾਰੋਬਾਰੀ ਸਿਆਸੀ ਪਾਰਟੀਆਂ ਦੀ ਧਿਰ ਬਣਕੇ ਉਹਨਾਂ ਦੇ ਜਲਸਿਆਂ ,ਬੈਠਕਾਂ ‘ਚ ਹਾਜ਼ਰੀ ਭਰ ਰਹੇ ਹਨ । ਉਹ ਆਪਣੇ ਬਾਹੂ-ਬਲ ਨਾਲ ਵੱਡੀ ਭੂਮਿਕਾ ਨਿਭਾਉਂਦੇ ਦਿਖ ਰਹੇ ਹਨ । ਕੇਂਦਰੀ ਹਾਕਮਾਂ ਨਾਲ ਜੁੜੇ ਕਾਰੋਬਾਰੀ ਭਾਜਪਾ ਦੇ ਹੱਕ ‘ਚ ਭੁਗਤ ਰਹੇ ਹਨ ਅਤੇ ਉਹਨਾਂ ਨੂੰ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ ਜਦੋਂ ਕਿ ਸੂਬੇ ਦੀ ਹਾਕਮ ਪਾਰਟੀ “ਆਪ” ਨਾਲ ਵੀ ਕਾਰੋਬਾਰੀ ਖੜੇ ਹਨ, ਜਿਹੜੇ ਉਮੀਦਵਾਰਾਂ ਤੋਂ ਆਪੋ-ਆਪਣੀਆਂ ਸਮੱਸਿਆਵਾਂ ਦੇ ਹੱਕ ਲਈ ਵਾਇਦੇ ਲੈ ਰਹੇ ਹਨ । ਉਂਜ ਵੀ ਚੋਣਾਂ ਵਿੱਚ ਧੰਨ ਦੀ ਵਰਤੋਂ ਵੱਡੇ ਪੱਧਰ ‘ਤੇ ਹੁੰਦੀ ਹੈ, ਜਿਸ ਵਿੱਚ ਉਮੀਦਵਾਰ ਵਲੋਂ ਚੋਣ ਪ੍ਰਚਾਰ, ਬੈਠਕਾਂ ਆਦਿ ਦਾ ਖ਼ਰਚਾ ਸ਼ਾਮਲ ਹੁੰਦਾ ਹੈ, ਅਤੇ ਕਾਰੋਬਾਰੀਆਂ ਅਤੇ ਧੰਨ ਕੁਬੇਰਾਂ ਦੀ ਮਦਦ ਉਤੇ ਬਿਨਾਂ ਵੱਡੀ ਗਿਣਤੀ ਉਮੀਦਵਾਰ ਟੇਕ ਰੱਖਦੇ ਹਨ ।ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵੇਰ ਲੋਕ ਸਭਾ ਉਮੀਦਵਾਰ ਵਲੋਂ ਚੋਣਾਂ 'ਚ ਖ਼ਰਚੇ ਦੀ ਹੱਦ ਵਧਾ ਕੇ 95 ਲੱਖ ਕਰ ਦਿੱਤੀ ਗਈ ਹੈ, ਜਿਸਨੂੰ ਸਧਾਰਨ ਉਮੀਦਵਾਰ ਬਾਹਰੀ ਸਹਾਇਤਾ ਤੋਂ ਬਿਨ੍ਹਾਂ ਇਕੱਲਿਆਂ ਪੂਰਿਆਂ ਨਹੀਂ ਕਰ ਸਕਦਾ।
ਆਮਤੌਰ ‘ਤੇ ਪੰਜਾਬ ਦੇ ਲੋਕ “ਦਿੱਲੀ ਹਾਕਮਾਂ” ਨਾਲ ਭੇੜ ‘ਚ ਰਹਿੰਦੇ ਹਨ ਅਤੇ ਪਿਛਲਿਆਂ ਗੇੜਾਂ ‘ਚ ਜਦੋਂ ਮੋਦੀ ਦੀ ਲਹਿਰ ਦਿਖਦੀ ਸੀ ਜਾਂ ਕਾਂਗਰਸ ਦੇ ਹੱਕ ‘ਚ ਵੱਡੀ ਗਿਣਤੀ ‘ਚ ਲੋਕ ਕਿਸੇ ਸਮੇਂ ਭੁਗਤੇ ਸਨ, ਪੰਜਾਬ ਦੇ ਲੋਕਾਂ ਨੇ ਆਪਣੇ ਢੰਗ ਨਾਲ ਵੋਟ ਪਾਈ ਸੀ । ਇਸ ਵਾਰ ਵੀ ਰੁਝਾਣ ਉਸ ਤੋਂ ਵੱਖਰਾ ਹੋਣ ਦੀ ਸੰਭਾਵਨਾ ਨਹੀਂ ਦਿਖਦੀ, ਪਰ ਇਕ ਗੱਲ ਪੱਕੀ ਹੈ, ਉਹ ਇਹ ਕਿ ਪੰਜਾਬੀਆਂ ਨੇ ਦਲ-ਬਦਲੂ ਸਿਆਸਤ ਨੂੰ ਪਸੰਦ ਨਹੀਂ ਕੀਤਾ, ਉਹ ਦਲ-ਬਦਲੂਆਂ ਨੂੰ ਸਬਕ ਸਿਖਾਉਣਾ ਮਿਥੀ ਬੈਠੇ ਹਨ ।
-
-
-
ਗੁਰਮੀਤ ਸਿੰਘ ਪਲਾਹੀ, Writer
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.